“ਸੇਮ ਵਾਲੇ ਖੇਤਾਂ ਵਿੱਚ ਪਾਣੀ ਤਾਂ ਇੱਕ ਤਰ੍ਹਾਂ ਉੱਪਰ ਹੀ ਪਿਆ ਹੁੰਦਾ ਸੀ। ਮੱਝਾਂ ਚਾਰਨ ਵਾਲੇ ਡੰਡਿਆਂ ਨੂੰ ...”
(20 ਨਵੰਬਰ 2024)
ਜਦੋਂ ਮੈਂ ਪ੍ਰਾਇਮਰੀ ਪਾਸ ਕੀਤੀ ਤਾਂ ਉਸ ਵੇਲੇ ਪੱਕੀ ਤੋਂ ਪੰਜਵੀਂ ਤਕ ਸਾਰੇ ਪਾਸ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਪੰਜਵੀਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਸਾਡਾ ਇਮਤਿਹਾਨ ਕੇਂਦਰ ਮੇਰੇ ਪਿੰਡ ਉੜਾਪੜ ਤੋਂ ਕੁਝ ਦੂਰ ਸਰਕਾਰੀ ਹਾਈ ਸਕੂਲ ਮੀਲਪੁਰ ਲੱਖਾ ਬਣਿਆ ਹੋਇਆ। ਮੀਲਪੁਰ ਲੱਖਾ ਦੇ ਬਾਹਰਵਾਰ ਦੋ ਸੂਏ (ਨਹਿਰਾਂ) ਇੱਕੋ ਪੁਲ ਦੇ ਹੇਠਾਂ ਆ ਕੇ ਡਿਗਦੇ ਹਨ, ਜਿਸ ਨੂੰ ਝਰਨਾ ਕਹਿੰਦੇ ਹਨ। ਝਰਨਾ ਦੇਖਣ ਦੇ ਚਾ ਕਰਕੇ ਮੀਲਪੁਰ ਲੱਖਾ ਦੀ ਵਾਟ ਲੰਮੀ ਨਾ ਲਗਦੀ।
ਪੰਜਵੀਂ ਤਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੈਂ ਆਪਣੇ ਤਾਏ ਦੇ ਮੁੰਡੇ ਜਸਵੀਰ ਨਾਲ ਮੱਝਾਂ ਚਾਰਨ ਜਾਂਦਾ ਰਿਹਾ ਸਾਂ। ਉਸਨੇ ਮੈਨੂੰ ਪਸ਼ੂ ਹੱਕਣੇ ਵੀ ਸਿਖਾਏ ਤੇ ਮੋੜਨੇ ਵੀ। ਪਾਣੀ ਵਿੱਚ ਤੈਰਨਾ ਵੀ ਉਹਨੇ ਹੀ ਸਿਖਾਇਆ। ਪਹਿਲਾਂ ਉਸਨੇ ਮੈਨੂੰ ਨਾਲ ਲੈ ਕੇ ਖੂਹ ਵਿੱਚ ਛਾਲ ਮਾਰ ਦੇਣੀ, ਫਿਰ ਦੋ ਚਾਰ ਵਾਰ ਹੱਥ ਪੈਰ ਮਾਰਨ ਤੋਂ ਬਾਅਦ ਖੂਹ ਦੀ ਮਾਲ (ਟਿੰਡਾ) ਫੜ ਕੇ ਖੂਹ ਤੋਂ ਬਾਹਰ ਨਿਕਲਣ ਦਾ ਗੁਰ ਦੱਸ ਦਿੱਤਾ। ਥੋੜ੍ਹਾ ਤਾਰੂ ਹੋਇਆ ਤਾਂ ਛੱਪੜ ਵਿੱਚ ਮੱਝਾਂ ਵਾੜ ਕੇ ਮਗਰ ਮਗਰ ਤੈਰਦੇ ਰਹਿਣਾ। ਡੂੰਘੇ ਪਾਣੀ ਵਿੱਚ ਧਰਤੀ ਤੇ ਪੈਰ ਨਾ ਲੱਗਣੇ ਤਾਂ ਛਾਲ ਮਾਰ ਕੇ ਮੱਝ ਉੱਤੇ ਚੜ੍ਹ ਜਾਣਾ। ਤਾਏ ਦਾ ਮੁੰਡਾ ਜਸਵੀਰ ਮੈਨੂੰ ਤੈਰਨਾ ਐਵੇਂ ਨਹੀਂ ਸੀ ਸਿਖਾਉਂਦਾ, ਬਦਲੇ ਵਿੱਚ ਉਹਦੀਆਂ ਦੂਰ ਗਈਆਂ ਮੱਝਾਂ ਦੀ ਮੋੜੀ ਮੈਨੂੰ ਕਰਨੀ ਪੈਂਦੀ ਸੀ। ਸਾਡੇ ਆਲੇ ਦੁਆਲੇ ਦੇ ਅੱਠ-ਦਸ ਪਿੰਡਾਂ ਵਿੱਚ ਸੇਮ ਪੈ ਗਈ। ਇਸ ਕਰਕੇ ਕੋਈ ਫਸਲ ਤਾਂ ਹੁੰਦੀ ਨਹੀਂ ਸੀ। ਜ਼ਮੀਨ ’ਤੇ ਬਹੁਤੇ ਥਾਈਂ ਪਾਣੀ ਖੜ੍ਹਾ ਹੁੰਦਾ ਸੀ। ਧਰਤੀ ’ਤੇ ਖੜ੍ਹੇ ਪਾਣੀ ਵਿੱਚ ਪਹਾੜੀ ਘਾਹ ਜਾਂ ਬੂੰਈ ’ਤੇ ਮੱਝਾਂ ਛੱਡ ਦੇਣੀਆਂ। ਖੇਤਾਂ ਵਿੱਚ ਵਿਰਲੇ ਵਿਰਲੇ ਥਾਈਂ ਕੱਲਰ ਹੁੰਦਾ।
ਉਹਨਾਂ ਦਿਨਾਂ ਵਿੱਚ ਨਹਾਉਣ ਲਈ ਸਾਬਣ ਘੱਟ ਵੱਧ ਹੀ ਵਰਤਿਆ ਜਾਂਦਾ ਸੀ। ਅਸੀਂ ਪਿੰਡੇ ਨੂੰ ਕੱਲਰ ਮਲ਼ ਕੇ ਖੂਹਾਂ ਜਾਂ ਛੱਪੜਾਂ ਵਿੱਚ ਨਹਾ ਲੈਣਾ। ਉਦੋਂ ਸਾਡੇ ਪਿੰਡ ਦੇ ਖੇਤਾਂ ਵਿੱਚ ਖੂਹ ਦਾ ਪਾਣੀ ਬੱਸ ਅੱਠ-ਦਸ ਫੁੱਟ ਦੀ ਡੁੰਘਾਈ ’ਤੇ ਹੁੰਦਾ ਸੀ। ਪਸ਼ੂ ਚਾਰ ਕੇ ਵਾਪਸ ਆਉਣ ਵੇਲੇ ਸਾਫੇ ਦੇ ਲੜ ਨਾਲ ਕੱਲਰ ਬੰਨ੍ਹ ਕੇ ਘਰ ਲੈ ਆਉਣਾ। ਮੇਰੀ ਬੇਬੇ ਘਰ ਦੇ ਖੇਸ ਗਰਮ ਪਾਣੀ ਵਿੱਚ ਕਲਰ ਪਾ ਕੇ ਚਿੱਟੇ ਕੱਢ ਦਿੰਦੀ ਸੀ। ਸਿਰ ਨਹਾਉਣ ਲਈ ਸਾਰੇ ਟੱਬਰ ਵਾਸਤੇ ਖਾਕੀ ਜਿਹੇ ਸਾਬਣ ਦੀ ਇੱਕੋ ਮੋਟੀ ਸਾਰੀ ਟਿੱਕੀ ਹੋਇਆ ਕਰਦੀ ਸੀ। ਨਲਕੇ ਵੀ ਟਾਵੇਂ ਟਾਵੇਂ ਘਰ ਹੀ ਹੋਇਆ ਕਰਦੇ ਸਨ। ਤੀਲਾਂ ਵਾਲੀ ਡੱਬੀ ਵੀ ਕਿਸੇ ਵਿਰਲੇ ਘਰ ਹੀ ਹੁੰਦੀ। ਜ਼ਿਆਦਾਤਰ ਲੋਕ ਗੁਆਂਢੀਆਂ ਦੇ ਘਰੋਂ ਅੱਗ ਵਾਲੀ ਪਾਥੀ ਮੰਗ ਕੇ ਆਪਣਾ ਚੁੱਲ੍ਹਾ ਜਾਂ ਭੱਠੀ ਤਪਾ ਲੈਂਦੇ। ਸਾਡੀ ਬੇਬੇ ਨੇ ਕਈ ਵਾਰ ਚੁੱਲ੍ਹੇ ਦੀ ਸਵਾਹ ਹੇਠ ਅੱਗ ਵਾਲੀ ਅੱਧੀ ਪਾਥੀ ਦੱਬ ਦੇਣੀ। ਫਿਰ ਸਵੇਰੇ ਉਹ ਭੂਕਣੇ ਦੀਆਂ ਫੂਕਾਂ ਨਾਲ ਉਸੇ ਪਾਥੀ ਨਾਲ ਮੁੜ ਅੱਗ ਬਾਲ ਲੈਂਦੀ ਸੀ।
ਮੇਰੇ ਪਿੰਡ ਵਿੱਚ ਪ੍ਰਾਇਮਰੀ ਤਕ ਸਕੂਲ ਸੀ। ਛੇਵੀਂ ਕਲਾਸ ਵਿੱਚ ਨਾਲ ਲੱਗਦੇ ਪਿੰਡ ਚੱਕਦਾਨਾ ਦੇ ਵੱਡੇ ਸਕੂਲ ਵਿੱਚ ਪੜ੍ਹਨ ਜਾਣਾ ਸੀ। ਬੜਾ ਚਾਅ ਸੀ ਮਨ ਵਿੱਚ ਖਾਲਸਾ ਹਾਈ ਸਕੂਲ ਜਾਣ ਦਾ। ਪੰਜਵੀਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਇਹਨਾਂ ਛੁੱਟੀਆਂ ਵਿੱਚ ਮੈਂ ਤਾਏ ਦੇ ਮੁੰਡੇ ਜਸਬੀਰ ਨੂੰ ਏਬੀਸੀ ਸਿਖਾਉਣ ਲਈ ਕਿਹਾ। ਉਹ ਉਸ ਦੀਆਂ ਮੱਝਾਂ ਦੀਆਂ ਮੋੜੀਆਂ ਕਰਨ ਦੇ ਬਦਲੇ ਮੈਨੂੰ ਅੰਗਰੇਜ਼ੀ ਦੀ ਏ ਬੀ ਸੀ ਸਿਖਾਉਣ ਲਈ ਮੰਨ ਗਿਆ। ਜਸਬੀਰ ਮੈਥੋਂ ਦੋ ਕਲਾਸਾਂ ਮੋਹਰੇ ਪੜ੍ਹਦਾ ਸੀ।
ਸੇਮ ਵਾਲੇ ਖੇਤਾਂ ਵਿੱਚ ਪਾਣੀ ਤਾਂ ਇੱਕ ਤਰ੍ਹਾਂ ਉੱਪਰ ਹੀ ਪਿਆ ਹੁੰਦਾ ਸੀ। ਮੱਝਾਂ ਚਾਰਨ ਵਾਲੇ ਡੰਡਿਆਂ ਨੂੰ ਮੋਹਰੇ ਤੋਂ ਤਿੱਖੇ ਕਰਕੇ ਖੂਹੀ ਪੁੱਟ ਲੈਣੀ। ਖੂਹੀ ਵਿੱਚੋਂ ਨਿਕਲਣ ਵਾਲੇ ਚਿੱਕੜ ਨੂੰ ਆਲੇ ਦੁਆਲੇ ਵਿਛਾ ਕੇ ਜਸਵੀਰ ਵੀਰੇ ਨੂੰ ਏਬੀਸੀ ਸਿਖਾਉਣ ਲਈ ਕਹਿਣਾ। ਬਹੁਤ ਵਾਰ ਛੱਪੜ ਵਿੱਚੋਂ ਚਿੱਕੜ ਕੱਢ ਕੇ ਕੰਢੇ ’ਤੇ ਵਿਛਾ ਲੈਣਾ ਅਤੇ ਫਿਰ ਉਸ ਉੱਪਰ ਏ ਬੀ ਸੀ ਲਿਖਣੀ ਸਿੱਖਦੇ ਰਹਿਣਾ। ਜਸਬੀਰ ਵੀਰੇ ਨੇ ਮੈਨੂੰ ਏ ਤੋਂ ਜ਼ੈੱਡ ਤਕ ਲਿਖਣਾ ਤਾਂ ਸਿਖਾਇਆ ਹੀ, ਨਾਲ ਮੈਂ ਅੰਗਰੇਜ਼ੀ ਵਿੱਚ ਆਪਣਾ ਨਾਂ ਲਿਖਣਾ ਵੀ ਸਿੱਖ ਲਿਆ।
ਛੁੱਟੀਆਂ ਖਤਮ ਹੋਣ ਤਕ ਮੈਂ ਅੰਗਰੇਜ਼ੀ ਦੇ ਦੋ ਅੱਖਰ ਜੋੜ ਕੇ ਸ਼ਬਦ ਬੋਲਣ ਲੱਗ ਪਿਆ ਸੀ। ਹਾਈ ਸਕੂਲ ਵਿੱਚ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਪੀਰੀਅਡ ਵਿੱਚ ਮਾਸਟਰ ਜੀ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਹੱਥ ਖੜ੍ਹਾ ਕਰਕੇ ਆਈਟੀ ਇੱਟ ਅਤੇ ਆਈਐੱਸ ਇਜ਼ ਦੱਸ ਦੇਣਾ। ਸੋਸ਼ਲ ਸਟਡੀ ਵਾਲੇ ਮਾਸਟਰ ਅਵਤਾਰ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਨ੍ਹੀਂ ਦਿਨੀਂ ਸਕੂਲਾਂ ਵਿੱਚ ਅੰਗਰੇਜ਼ੀ ਦੀ ਅਸਾਮੀ ਨਹੀਂ ਸੀ ਹੋਇਆ ਕਰਦੀ। ਮਾਸਟਰ ਅਵਤਾਰ ਸਿੰਘ ਮੇਰੇ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪ ਕਸੀਦੇ ਬੈਠੇ ਰਹਿਣਾ ਅਤੇ ਮੈਨੂੰ ਕਲਾਸ ਵਿੱਚ ਅੰਗਰੇਜ਼ੀ ਦੀ ਏਬੀਸੀ ਅਤੇ ਆਈਟੀ ਇੱਟ ਪੜ੍ਹਾਉਣ ਲਾ ਦੇਣਾ।
ਕਲਾਸ ਇੰਚਾਰਜ ਮਾਸਟਰ ਸੋਹਣ ਸਿੰਘ ਨੇ ਮੈਨੂੰ ਆਪਣੀ ਜਮਾਤ ਦਾ ਮੈਨੀਟਰ ਬਣਾ ਦਿੱਤਾ ਸੀ। ਮੇਰੀ ਡਿਊਟੀ ਸਵੇਰੇ ਸਕੂਲ ਸ਼ੁਰੂ ਹੋਣ ਦੀ ਘੰਟੀ ਵੱਜਣ ਤੋਂ ਪਹਿਲਾਂ ਬੱਚਿਆਂ ਤੋਂ ਕਲਾਸ ਰੂਮ ਵਿੱਚ ਪਾਣੀ ਛਿੜਕਾ ਕੇ ਟਾਟ ਵਿਛਾਉਣ ਦੀ ਲਾ ਦਿੱਤੀ। ਪਹਿਲੇ ਤਿਮਾਹੀ ਦੀ ਪ੍ਰੀਖਿਆ ਵਿੱਚ ਮੈਂ ਕਈਆਂ ਤੋਂ ਪਿੱਛੇ ਰਹਿ ਗਿਆ ਤਾਂ ਮਾਸਟਰਾਂ ਨੇ ਮੈਥੋਂ ਮੋਨੀਟਰੀ ਛਡਵਾ ਲਈ।
ਹੁਣ ਜਦੋਂ ਮੇਰੇ ਬੇਟੇ ਨੇ ਮੇਰੀ ਡੇਢ ਸਾਲ ਦੀ ਪੋਤਰੀ ਨੂੰ ਅੰਗਰੇਜ਼ੀ, ਉੱਠਣ ਬੈਠਣ ਅਤੇ ਖਾਣ ਪੀਣ ਦੇ ਢੰਗ ਤਰੀਕੇ ਸਿੱਖਣ ਲਈ ਮੌਟੈਂਸਰੀ ਵਿੱਚ ਦਾਖਲਾ ਦਿਵਾਇਆ ਤਾਂ ਮੈਂ ਆਪਣੇ ਆਪ ਨੂੰ ਪਿੰਡ ਵਾਲੇ ਖੇਤਾਂ ਦੀ ਪਿੱਪਲੀ ਹੇਠ ਪੁੱਟੀ ਕੱਚੀ ਖੂਹੀ ਦੁਆਲੇ ਆਪਣੀਆਂ ਉਂਗਲਾਂ ਨਾਲ ਏ ਬੀ ਸੀ ਲਿਖਦਾ ਦੇਖ ਰਿਹਾ ਸਾਂ। ਉਸ ਦਿਨ ਤਾਂ ਮੈਨੂੰ ਆਪਣੀ ਸਾਰੀ ਦੀ ਸਾਰੀ ਪੜ੍ਹਾਈ ਖੂਹ ਵਿੱਚ ਪੈਂਦੀ ਲੱਗੀ ਜਿਸ ਦਿਨ ਮੇਰੀ ਪੋਤਰੀ ਨੇ ਮੈਨੂੰ ਇਹ ਕਹਿ ਦਿੱਤਾ, “ਦਾਦੂ, ਮੇਰਾ ਨਾਂ ਅੰਗਰੇਜ਼ੀ ਵਿੱਚ ਅੰਬਰੀਨ ਨਹੀਂ, ਐਂਬਰੀਨ ਹੈ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5459)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)