KamaljitSBanwait7“ਆਰਥਿਕਤਾ ਦੀ ਗੱਲ ਕਰੀਏ ਤਦ 2019 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇਜ਼ੀ ਨਾਲ ਸੁਧਰਨ ...”
(30 ਅਪਰੈਲ 2025)


ਕਸ਼ਮੀਰ ਪਿਛਲੇ
35 ਸਾਲਾਂ ਤੋਂ ਅੱਤਵਾਦ ਅਤੇ ਬੰਦੂਕਾਂ ਦੇ ਸਾਏ ਹੇਠ ਜੀਅ ਰਿਹਾ ਹੈ। ਹੁਣ ਤਕ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਲੱਖਾਂ ਹਿੰਦੂ ਕਸ਼ਮੀਰ ਛੱਡ ਕੇ ਚਲੇ ਗਏ ਹਨ। ਸਾਢੇ ਤਿੰਨ ਸਾਲਾਂ ਬਾਅਦ ਕਸ਼ਮੀਰ ਦੁਬਾਰਾ ਤੋਂ ਖੜ੍ਹਾ ਹੋਣ ਲੱਗਾ ਸੀ। ਪੰਜ ਸਾਲਾਂ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ ਹੋਈ ਸੀ। ਸੂਬੇ ਨੂੰ 84 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲ ਚੁੱਕੇ ਸਨ। ਕਸ਼ਮੀਰੀਆਂ ਨੇ ਸੈਲਾਨੀਆਂ ਤੋਂ ਪਿਛਲੇ ਸਾਲ ਦੌਰਾਨ 18 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੱਤਵਾਦੀਆਂ ਨੂੰ ਸ਼ਾਇਦ ਇਹ ਭਾਅ ਨਹੀਂ ਸੀ ਰਿਹਾ, ਜਾਂ ਉਹ ਇਸ ਨੂੰ ਆਪਣੀ ਹਾਰ ਮੰਨਣ ਲੱਗ ਪਏ ਸਨ। ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ਤੋਂ ਇਹ ਅੰਕੜੇ ਸਾਹਮਣੇ ਆਏ ਹਨ।

ਪਿਛਲੇ ਕਈ ਦਹਾਕਿਆਂ ਦੌਰਾਨ ਕਸ਼ਮੀਰ ਖੇਤਰ ਦੀ ਡੈਮੋਗਰਾਫੀ ਬਦਲ ਗਈ ਹੈ। ਅਸਥਿਰਤਾ ਅਤੇ ਹਿੰਸਾ ਦੇ ਮਾਹੌਲ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵਿਕਾਸ ਉੱਤੇ ਪਿਆ ਹੈ। ਇੱਥੋਂ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀ, ਸੈਲਾਨੀ ਅਤੇ ਹਸਤ ਕਲਾ ਹੈ। ਜਿਹੜਾ ਪੈਸਾ ਆਰਥਿਕਤਾ ਨੂੰ ਮਜ਼ਬੂਤ ਕਰਨ ਉੱਤੇ ਲੱਗਣਾ ਸੀ, ਉਸ ਦਾ ਵੱਡਾ ਹਿੱਸਾ ਸੁਰੱਖਿਆ ਅਤੇ ਅਮਨ ਕਾਨੂੰਨ ਬਣਾਈ ਰੱਖਣ ਵਿੱਚ ਲਗਦਾ ਰਿਹਾ ਹੈ। ਸਾਲ 1989 ਤੋਂ ਹੁਣ ਤਕ ਇਸ ਖੇਤਰ ਦੀ ਸੁਰੱਖਿਆ ਉੱਤੇ ਇੱਕ ਲੱਖ ਕਰੋੜ ਰੁਪਏ ਤੋਂ ਉੱਪਰ ਖਰਚ ਹੋ ਚੁੱਕੇ ਹਨ। ਛੇ ਸਾਲ ਪਹਿਲਾਂ ਭਾਵ 2019 ਵਿੱਚ ਧਾਰਾ 370 ਹਟਣ ਤੋਂ ਬਾਅਦ ਹਾਲਾਤ ਸੁਧਰਨ ਦੇ ਸੰਕੇਤ ਮਿਲਣ ਲੱਗੇ ਸਨ ਪਰ ਪਹਿਲਗਾਮ ਹਮਲੇ ਨਹੀਂ ਨਵੇਂ ਸਿਰੇ ਤੋਂ ਪਹਿਲਾਂ ਨਾਲੋਂ ਵੀ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ।

ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ 500 ਤੋਂ ਵੱਧ ਸਕੂਲਾਂ ਦੀ ਹਾਲਤ ਸੁਧਾਰੀ ਗਈ ਹੈ। ਇਸਦੇ ਨਾਲ ਹੀ 200 ਸਿਹਤ ਕੇਂਦਰਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਮਿਲਣ ਲੱਗੀਆਂ ਸਨ। 1000 ਕਿਲੋਮੀਟਰ ਸੜਕਾਂ ਦੀ ਹਾਲਤ ਸੁਧਰੀ ਸੀ ਅਤੇ ਸਭ ਤੋਂ ਵੱਡੀ ਗੱਲ, ਪਿਛਲੇ ਪੰਜ ਸਾਲਾਂ ਦੌਰਾਨ ਅੱਤਵਾਦੀਆਂ ਦੇ ਹਮਲਿਆਂ ਵਿੱਚ 60 ਫੀਸਦ ਦੀ ਕਮੀ ਆਈ ਸੀ। ਸਾਲ 2019 ਦੀ ਗੱਲ ਕਰੀਏ ਤਾਂ 80 ਫੀਸਦ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਬੱਲਵ ਜਗਦੇ ਸਨ ਜਦੋਂ ਕਿ ਪਿਛਲੇ ਸਾਲ 100 ਫੀਸਦ ਘਰ ਬਿਜਲੀ ਨਾਲ ਜਗਮਗ ਹੋਣ ਲੱਗੇ ਹਨ। ਇਸ ਵੇਲੇ 90 ਫੀਸਦ ਲੋਕ ਇੰਟਰਨੈੱਟ ਸੇਵਾਵਾਂ ਦਾ ਲਾਭ ਲੈ ਰਹੇ ਹਨ, ਜਦੋਂ ਕਿ ਪੰਜ ਸਾਲ ਪਹਿਲਾਂ ਸਿਰਫ 60 ਫੀਸਦ ਲੋਕਾਂ ਨੂੰ ਇਹ ਸਹੂਲਤ ਪੁੱਜੀ ਸੀ। ਸਭ ਤੋਂ ਵੱਡੀ ਗੱਲ ਇਹ ਕਿ 2021 ਨੂੰ ਜੰਮੂ ਕਸ਼ਮੀਰ ਵਿੱਚ ਬੇਰੁਜ਼ਗਾਰੀ ਦੀ ਦਰ 10.6 ਫੀਸਦ ਸੀ ਜਿਹੜੀ ਹੁਣ ਘਟ ਕੇ 6.1 ਫੀਸਦ ਰਹਿ ਗਈ ਸੀ।

ਇੱਕ ਹੋਰ ਅਹਿਮ ਪੱਖ ਇਹ ਕਿ ਅੱਤਵਾਦ ਕਾਰਨ ਪਿੰਡਾਂ ਦੇ 35 ਫੀਸਦ ਬੱਚੇ ਸਕੂਲ ਛੱਡ ਗਏ ਸਨ। ਇਨ੍ਹਾਂ ਵਿੱਚੋਂ 52 ਫੀਸਦ ਉਹ ਬੱਚੇ ਸਨ ਜਿਨ੍ਹਾਂ ਦੇ ਮਾਂ ਜਾਂ ਬਾਪ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ। ਸਾਲ 2015 ਵਿੱਚ 3000 ਸਕੂਲ ਬੰਦ ਕਰਨੇ ਪੈ ਗਏ ਸਨ। ਹੋਰ ਤਾਂ ਹੋਰ ਜਿਹੜੇ ਤਿੰਨ ਤੋਂ 4 ਲੱਖ ਕਸ਼ਮੀਰੀ ਪੰਡਿਤ ਕਸ਼ਮੀਰ ਛੱਡਣ ਲਈ ਮਜਬੂਰ ਹੋਏ ਸਨ ਇਨ੍ਹਾਂ ਵਿੱਚੋਂ ਕੇਵਲ ਇੱਕ ਤੋਂ ਦੋ ਫੀਸਦ ਵਾਪਸ ਆਏ ਸਨ। ਸਾਲ 1989 ਤੋਂ 2019 ਤਕ 40 ਹਜ਼ਾਰ ਤੋਂ ਜ਼ਿਆਦਾ ਮੌਤਾਂ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਹੋਈਆਂ ਜਿਨ੍ਹਾਂ ਵਿੱਚ ਫੌਜੀ ਅਤੇ ਆਮ ਨਾਗਰਿਕ ਸ਼ਾਮਲ ਸਨ।

ਅੱਤਵਾਦ ਨੇ ਕਸ਼ਮੀਰ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਲੀਹ ਤੋਂ ਹੀ ਨਹੀਂ ਲਾਹੀ ਸਗੋਂ ਲੋਕਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਦੀ ਲੰਘਣਾ ਪਿਆ। ਰਿਪੋਰਟ ਅਨੁਸਾਰ 26 ਫੀਸਦ ਲੋਕ ਡਰ ਵਿੱਚ ਰਹਿਣ ਲੱਗੇ ਹਨ ਅਤੇ ਹੋਰ 19 ਫੀਸਦ ਸਦਮੇ ਵਿੱਚ ਚਲੇ ਗਏ। ਕੇਵਲ 14 ਫੀਸਦ ਅਬਾਦੀ ਹੀ ਆਮ ਦੀ ਜ਼ਿੰਦਗੀ ਜੀਅ ਰਹੀ ਹੈ। ਸਾਲ 2017 ਨੂੰ ਮਾਨਸਿਕ ਰੋਗੀਆਂ ਦੀ ਗਿਣਤੀ 1 ਲੱਖ ਤੋਂ ਉੱਪਰ ਟੱਪ ਗਈ ਸੀ। ਦੂਜੇ ਬੰਨੇ ਡਾਕਟਰ ਮੰਨਦੇ ਹਨ ਕਿ ਕੇਵਲ 10 ਫੀਸਦ ਲੋਕ ਹੀ ਹਸਪਤਾਲਾਂ ਵਿੱਚ ਇਲਾਜ ਲਈ ਆਉਂਦੇ ਹਨ।

ਆਰਥਿਕਤਾ ਦੀ ਗੱਲ ਕਰੀਏ ਤਦ 2019 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇਜ਼ੀ ਨਾਲ ਸੁਧਰਨ ਲੱਗੇ ਸਨ। ਕੁੱਲ ਘਰੇਲੂ ਉਤਪਾਦ 8.5 ਫੀਸਦ ਵਧਿਆ ਸੀ। ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ 15 ਤੋਂ ਘਟ ਕੇ 8 ਫੀਸਦ ਰਹਿ ਗਈ ਸੀ। ਸਾਲ 2024 ਵਿੱਚ ਸੈਲਾਨੀਆਂ ਤੋਂ ਆਮਦਨ ਅਤੇ ਨਿਵੇਸ਼ ਸਿਖਰਾਂ ਵੱਲ ਨੂੰ ਵਧਿਆ ਸੀ। ਇਹ ਵੀ ਪਤਾ ਲੱਗਾ ਹੈ ਕਿ 1995 ਤੋਂ ਬਾਅਦ 10 ਸਾਲਾਂ ਦੌਰਾਨ ਡਰਾਈ ਫਰੂਟ ਦੀ ਬਰਾਮਦਗੀ 67.14 ਫੀਸ ਤਕ ਡਿਗ ਗਈ ਸੀ ਅਤੇ 2007 ਤੋਂ ਬਾਅਦ ਕੱਪੜੇ ਦਾ ਕਾਰੋਬਾਰ 80 ਫੀਸਦ ਤਕ ਹੇਠਾਂ ਆ ਗਿਆ ਸੀ। ਪੰਜ ਲੱਖ ਲੋਕਾਂ ਦੀ ਨੌਕਰੀ ਜਾਂਦੀ ਰਹੀ ਸੀ।

ਸਦਕੇ ਜਾਈਏ ਉਨ੍ਹਾਂ ਸੈਲਾਨੀਆਂ ਦੇ ਜਿਹੜੇ ਹਾਲੇ ਵੀ ਕਸ਼ਮੀਰ ਨੂੰ ਛੱਡ ਨਹੀਂ ਰਹੇ ਹਨ। ਜੇ ਪਾਕਿਸਤਾਨ ਆਪਣੇ ਮਕਸਦ ਵਿੱਚ ਸਫਲ ਹੋ ਗਿਆ ਤਾਂ ਫਿਰ ਤਾਂ ਉਸ ਦਾ ਹੋਰ ਵੀ ਹੌਸਲਾ ਵਧ ਜਾਵੇਗਾ। ਪਿਛਲੇ 35 ਸਾਲਾਂ ਦੀ ਤੁਲਨਾ ਕਸ਼ਮੀਰ ਵਿੱਚ 500 ਗੁਣਾ ਜ਼ਿਆਦਾ ਦੇਸੀ ਅਤੇ ਵਿਦੇਸ਼ੀ ਸੈਲਾਨੀ ਆਏ ਹਨ। ਪਾਕਿਸਤਾਨ ਇਹ ਸੋਚਣ ਲੱਗਾ ਕਿ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰੀਆਂ ਨੂੰ ਗੁਮਰਾਹ ਕੀਤਾ ਗਿਆ ਹੈ। ਹਾਲਾਂਕਿ ਉਸਦੇ ਉਲਟ ਉੱਥੇ ਹਿੰਸਾ ਦੀਆਂ ਘਟਨਾਵਾਂ ਘਟੀਆਂ। ਨਿਵੇਸ਼ ਵਧਣ ਲੱਗਾ।

ਇੱਕ ਹੋਰ ਰਿਪੋਰਟ ਦੇ ਮੁਤਾਬਿਕ ਊਧਮਪੁਰ, ਸ਼੍ਰੀਨਗਰ, ਬਾਰਾਮੂਲਾ ਰੇਲ ਲਿੰਕ ਕਈ ਪੱਖਾਂ ਤੋਂ ਅਨੋਖੀ ਪਹਿਲ ਹੈ। ਰਾਤ ਨੂੰ ਦਿੱਲੀ ਤੋਂ ਚੱਲ ਕੇ ਸਵੇਰੇ ਸ਼੍ਰੀਨਗਰ ਪਹੁੰਚਣ ਦੀ ਸਹੂਲਤ ਗੁਆਂਢੀਆਂ ਨੂੰ ਭਾਅ ਨਹੀਂ ਰਹੀ ਸੀ। ਕਸ਼ਮੀਰ ਤੋਂ ਮੁਲਕ ਭਰ ਵਿੱਚ ਸੇਬਾਂ ਦੇ ਟਰੱਕ ਭਰ ਭਰ ਕੇ ਜਾਣ ਲੱਗੇ ਸਨ। ਦਿੱਲੀ ਅਤੇ ਕਸ਼ਮੀਰ ਨੂੰ ਇੱਕ ਤੋਂ ਵੱਧ ਰਸਤਿਆਂ ਰਾਹੀਂ ਜੋੜਿਆ ਗਿਆ। ਪਿਛਲੇ ਸਾਲ ਜੰਮੂ ਕਸ਼ਮੀਰ ਹੋਈਆਂ ਚੋਣਾਂ ਵਿੱਚ ਮੁੱਖ ਮੰਤਰੀ ਅਮਰ ਅਬਦੁੱਲਾ ਦੀ ਅਗਵਾਈ ਹੇਠ ਲੋਕਤੰਤਰਿਕ ਸਰਕਾਰ ਚੁਣੀ ਗਈ ਸੀ। ਇਸਦੇ ਉਲਟ ਪੀ ਓ ਕੇ ਦੇ ਹਾਲਾਤ ਵੱਖਰੇ ਤੌਰ ’ਤੇ ਨਾਂਹ ਪੱਖੀ ਹਨ। ਭਾਰਤ ਛੇਤੀ ਹੀ ਦੁਨੀਆਂ ਦੀ ਵੱਡੀ ਆਰਥਿਕ ਤਾਕਤ ਬਣਨ ਜਾ ਰਿਹਾ ਹੈ।

ਕਸ਼ਮੀਰ ਮਸਲੇ ਨੂੰ ਕਿਵੇਂ ਨਜਿੱਠਿਆ ਜਾਵੇ, ਇਸ ਉੱਤੇ ਆਪੋ ਆਪਣੇ ਵਿਚਾਰ ਹੋ ਸਕਦੇ ਹਨ। ਲੋੜ ਆਪਸ ਵਿੱਚ ਭਿੜਨ ਦੀ ਨਹੀਂ ਸਗੋਂ ਰਲ ਕੇ ਵਪਾਰ ਦੇ ਖੇਤਰ ਵਿੱਚ ਉਡਾਰੀਆਂ ਭਰਨ ਦੀ ਹੈ। ਪਹਿਲਗਾਮ ਵਿੱਚ ਹੋਵੇ ਅੱਤਵਾਦੀ ਹਮਲੇ ਦੀ ਘਟਨਾ ਤੋਂ ਪਤਾ ਲਗਦਾ ਹੈ ਕਿ ਗੁਆਂਢੀ ਦੇਸ਼ ਭਾਰਤ ਦੀ ਤਰੱਕੀ ਅਤੇ ਕਸ਼ਮੀਰ ਵਿੱਚ ਲੋਕਤੰਤਰਿਕ ਸਰਕਾਰ ਚਲਦੀ ਦੇਖਕੇ ਹਤਾਸ਼ ਹੈ। ਮਸਲੇ ਦਾ ਇੱਕੋ ਇੱਕ ਹੱਲ ਤਾਂ ਇਹ ਹੈ ਕਿ ਦੋਵੇਂ ਧਿਰਾਂ ਬੈਠ ਕੇ ਸਥਾਈ ਪੱਕੇ ਤੌਰ ’ਤੇ ਨਿਪਟਾਰਾ ਕਰਨ। ਹੋਰ ਗੁਆਂਢੀ ਮੁਲਕਾਂ ਨੂੰ ਇਹੋ ਵਾਰਾ ਖਾਂਦਾ ਹੈ ਹੈ ਕਿ ਭਾਰਤ ਪਾਕਿਸਤਾਨ ਆਪਸ ਵਿੱਚ ਉਲਝਦੇ ਰਹਿਣ। ਇਸ ਕਰਕੇ ਭਾਵਨਾਵਾਂ ਵਿੱਚ ਵਹਿਣ ਨਾਲੋਂ ਮਸਲੇ ਦਾ ਤਰਕਸੰਗਤ ਹਲ ਲੱਭਣਾ ਬਿਹਤਰ ਹੋਵੇਗਾ। ਦੋਹਾਂ ਦੇਸ਼ਾਂ ਦੇ ਨਿਸ਼ਾਨੇ ਉੱਤੇ ਆਮ ਲੋਕ ਨਹੀਂ ਹੋਣੇ ਚਾਹੀਦੇ ਹਨ।

ਹੁਣ ਜਦੋਂ ਕਸ਼ਮੀਰ ਮਸਾਂ ਆਪਣੇ ਮੁੜ ਪੈਰਾਂ ’ਤੇ ਖੜ੍ਹਾ ਹੋਣ ਲੱਗਾ ਸੀ, ਕਸ਼ਮੀਰੀ ਲੋਕ ਬੇਫ਼ਿਕਰੀ ਨਾਲ ਜ਼ਿੰਦਗੀ ਜਿਊਣ ਲੱਗੇ ਸਨ ਤਾਂ ਉਹਨਾਂ ਉੱਤੇ ਮੁੜ ਕਹਿਰ ਵਰਤ ਗਿਆ ਹੈ। ਉਹ ਸਿਰਫ ਆਪਣੇ ਕਾਰੋਬਾਰ ਨੂੰ ਲੈ ਕੇ ਹੀ ਫ਼ਿਕਰਮੰਦ ਨਹੀਂ ਸਗੋਂ ਮਨੁੱਖਤਾ ਦੇ ਕਰੂਪ ਚਿਹਰੇ ਨੂੰ ਲੈ ਕੇ ਉਹਨਾਂ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਇਸ ਔਖੀ ਘੜੀ ਵਿੱਚ ਕਸ਼ਮੀਰੀਆਂ ਨੇ ਸੈਲਾਨੀਆਂ ਨੂੰ ਜਿਵੇਂ ਆਪਣੀ ਹਿੱਕ ਨਾਲ ਲਾਇਆ ਹੈ, ਉਹ ਆਪਣੇ ਆਪ ਵਿੱਚ ਮਨੁੱਖਤਾ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਸੈਲਾਨੀਆਂ ਨੂੰ ਬਚਾਉਣ ਵਾਲੇ ਦੋ ਕਸ਼ਮੀਰੀਆਂ ਦੀ ਆਪਣੀ ਜਾਨ ਵੀ ਚਲੀ ਗਈ ਅਤੇ ਕਈਆਂ ਨੇ ਖ਼ਤਰਾ ਮੁੱਲ ਲੈ ਕੇ ਆਪਣੇ ਘਰੇ ਸ਼ਰਨ ਦੇ ਦਿੱਤੀ। ਮੁਲਕ ਦੀ ਦੋ ਫੀਸਦ ਵਸੋਂ ਵਾਲੇ ਸਿੱਖਾਂ ਨੇ ਗੁਰਦੁਆਰਿਆਂ ਦੇ ਦਰਵਾਜ਼ੇ ਅਤੇ ਲੰਗਰ ਖੋਲ੍ਹ ਦਿੱਤੇ ਹਨ। ਮਨੁੱਖਤਾ ਦੀ ਤਸਵੀਰ ਦਾ ਇਹ ਦੂਜਾ ਖੂਬਸੂਰਤ ਚਿਹਰਾ ਹੈ।

*     *     *     *     *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author