KamaljitSBanwait7“ਪਿਛਲੇ ਦੋ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਸਪੋਰਟਰਾਂ ਨੂੰ ਵੋਟਰਾਂ ਵਿੱਚ ...”
(7 ਫਰਵਰੀ 2026)


ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ
6 ਫਰਵਰੀ ਦੀ ਮੀਟਿੰਗ ਬਿਨਾਂ ਏਜੰਡੇ ਤੋਂ ਕੀਤੀ।

ਇੱਕ ਮਤਾ ਪਾਸ ਕੀਤਾ ਕਿ ਲਾਪਤਾ 328 ਸਰੂਪਾਂ ਦੀ ਜਾਂਚ ਲਈ ਗਠਿਤ ਸਿੱਟ ਵਿੱਚ ਗੁਰਸਿੱਖ ਪੁਲਿਸ ਅਫਸਰ ਸ਼ਾਮਲ ਕੀਤੇ ਜਾਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ ਏ ਸਤਿੰਦਰ ਸਿੰਘ ਕੋਹਲੀ ਦਾ ਦੁਬਾਰਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਸੁਖਬੀਰ ਨੂੰ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੇ ਹਾਲੇ ਸ਼ਗਨ ਵੀ ਪੂਰੇ ਨਹੀਂ ਹੋਏ ਕਿ ਸੁਖਬੀਰ ਬਾਦਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਡਰ ਸਤਾਉਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਨਾਲ ਲੈ ਕੇ ਸੁਖਬੀਰ ਬਾਦਲ ਨੇ ਲੰਘੇ ਕੱਲ੍ਹ ਪਾਰਟੀ ਦੇ ਵਰਕਰਾਂ ਨੂੰ ਤੰਗ ਕਰਨ ਦੀ ਥਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਉਸ ਸਮੇਂ ਪੇਸ਼ਕਸ਼ ਕੀਤੀ ਜਦੋਂ ਉਹਨਾਂ ਨੂੰ ਭਿਣਕ ਪੈ ਗਈ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮੁੱਖ ਮੁਲਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਦੁਬਾਰਾ ਪੁਲਿਸ ਰਿਮਾਂਡ ’ਤੇ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੁਲਿਸ ਨੂੰ ਕੋਹਲੀ ਦੇ ਘਰੋਂ ਸੁਖਬੀਰ ਬਾਦਲ ਦੇ ਕਾਰੋਬਾਰ ਨਾਲ ਸੰਬੰਧਿਤ ਕੁਝ ਦਸਤਾਵੇਜ਼ ਹੱਥ ਲੱਗੇ ਸਨ। ਸੁਖਬੀਰ ਬਾਦਲ ਅੰਦਰੋਂ ਇਹ ਚਾਹੁੰਦੇ ਹੋਣਗੇ ਕਿ ਪੁਲਿਸ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਥਾਂ ਉਹਨਾਂ ਦੀ ਸਿਆਸੀ ਗ੍ਰਿਫਤਾਰੀ ਹੋ ਜਾਵੇ ਤਾਂ ਰਾਜਨੀਤਿਕ ਤੌਰ ’ਤੇ ਕੱਦ ਹੇਠਾਂ ਡਿਗਣ ਦੀ ਥਾਂ ਹੋਰ ਉੱਚਾ ਹੋ ਜਾਵੇਗਾ। ਜਤਿੰਦਰ ਸਿੰਘ ਕੋਹਲੀ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ ਏ ਰਹੇ ਹਨ, ਸੁਖਬੀਰ ਸਿੰਘ ਬਾਦਲ ਦਾ ਕਥਿਤ ਤੌਰ ’ਤੇ ਕਾਰੋਬਾਰ ਵੀ ਦੇਖਦੇ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ। ਅਕਾਲੀ ਦਲ ਨਾਲ ਜੁੜੇ ਸੂਤਰ ਦਾਅਵਾ ਕਰਦੇ ਹਨ ਕਿ ਮੀਟਿੰਗ ਲਈ ਕੋਈ ਏਜੰਡਾ ਨਹੀਂ ਸੀ ਭੇਜਿਆ ਗਿਆ। ਇੱਥੋਂ ਤਕ ਕਿ ਮੌਕੇ ’ਤੇ ਵੀ ਕੋਈ ਏਜੰਡਾ ਨਹੀਂ ਦਿੱਤਾ ਗਿਆ ਸੀ। ਇੱਕ ਗਿਣੀ ਮਿਥੀ ਰਣਨੀਤੀ ਤਹਿਤ ਕੋਰ ਕਮੇਟੀ ਸਿਆਸੀ ਬਦਲਾਖ਼ੋਰੀ ਦੇ ਚਲਦਿਆਂ ਪੁਲਿਸ ਮੁਖੀ ਗੌਰਵ ਯਾਦਵ ਨੂੰ ਮਿਲਣ ਲਈ ਤੁਰ ਪਈ। ਇੰਨਾ ਜ਼ਰੂਰ ਪਤਾ ਲੱਗਾ ਮੀਟਿੰਗ ਵਿੱਚ ਇੱਕ ਮਤੇ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਸਿੱਟ ਵਿੱਚ ਗੁਰਸਿੱਖ ਪੁਲਿਸ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਦਾ ਮਤਾ ਪਾਸ ਕੀਤਾ ਗਿਆ। ਬਿਕਰਮ ਸਿੰਘ ਮਜੀਠੀਆ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਫਤਰ ਦੇ ਬਾਹਰ ਖੜ੍ਹੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪੰਥ ਏਕੇ ਲਈ ਕੰਮ ਕਰਨਗੇ। ਮਜੀਠੀਆ ਦੇ ਇਸ ਬਿਆਨ ਦੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਚਿਰ ਬਾਅਦ ਹੀ ਉਦੋਂ ਫੂਕ ਕੱਢ ਦਿੱਤੀ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਦੋ ਦਸੰਬਰ ਦਾ ਹੁਕਮਨਾਮਾ ਇੰਨਬਿੰਨ ਲਾਗੂ ਹੋਏ ਬਿਨਾਂ ਅਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲਾਂਭੇ ਹੋਏ ਤੋਂ ਬਗ਼ੈਰ ਏਕਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ। ਉਹਨਾਂ ਨੇ ਉਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 190 ਸਰੂਪ ਹੋਰ ਲਾਪਤਾ ਹੋਣ ਬਾਰੇ ਨਵਾਂ ਖੁਲਾਸਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਦੋਂ ਗਿਆਨੀ ਰਘਵੀਰ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਉਸ ਵੇਲੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਛਾਪੇ ਗਏ 190 ਸਰੂਪਾਂ ਦੀ ਸਿਆਹੀ ਅੰਗਾਂ ਦੇ ਆਰ ਪਾਰ ਹੋ ਗਈ ਹੈ। ਇਸਦਾ ਮਤਲਬ ਇਹ ਹੈ ਕਿ ਜਾਂ ਤਾਂ ਪ੍ਰਕਾਸ਼ਨਾ ਵੇਲੇ ਕੁਤਾਹੀ ਵਰਤੀ ਗਈ ਜਾਂ ਫਿਰ ਕਾਗਜ਼ ਮਾੜਾ ਖ਼ਰੀਦਿਆ ਗਿਆ ਹੋਣਾ ਹੈ।

ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਮੁੱਚੀ ਲੀਡਰਸ਼ਿੱਪ ਜਦੋਂ ਪੁਲਿਸ ਮੁਖੀ ਦੇ ਚੰਡੀਗੜ੍ਹ ਦੇ ਸੈਕਟਰ ਨੌਂ ਸਥਿਤ ਦਫਤਰ ਵਿੱਚ ਮਿਲਣ ਲਈ ਗਈ ਤਾਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਇਕੱਲੇ ਅੰਦਰ ਗਏ। ਉਸ ਤੋਂ ਬਾਅਦ ਪੰਜ ਹੋਰ ਉੱਪਰਲੇ ਅੰਦਰ ਬੁਲਾ ਲਏ ਗਏ। ਬਾਅਦ ਵਿੱਚ ਅਕਾਲੀ ਲੀਡਰਾਂ ਨੇ ਡੀਜੀਪੀ ਦੇ ਦਫਤਰ ’ਤੇ ਜਿਵੇਂ ਧਾਵਾ ਬੋਲਿਆ, ਉਸਦੀਆਂ ਤਸਵੀਰਾਂ ਅੱਜ ਦੀਆਂ ਅਖ਼ਬਾਰਾਂ ਵਿੱਚ ਬੋਲਦੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਕਾਂ ਤੇ ਸੂਬਾ ਪੁਲਿਸ ਉਹਨਾਂ ਦੇ ਚਾਰਟਿਡ ਅਕਾਊਂਟੈਂਟਾਂ ਜਾਂ ਹੋਰ ਮੁਲਾਜ਼ਮਾਂ ਨੂੰ ਤੰਗ ਕਰਨਾ ਬੰਦ ਕਰੇ। ਉਹਨਾਂ ਨੇ ਇਹ ਵੀ ਕਿਹਾ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਅਕਾਲੀ ਵਰਕਰਾਂ ’ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਇਸ ਕਰਕੇ ਹੁਣ ਉਹ ਖੁਦ ਗ੍ਰਿਫਤਾਰੀ ਦੇਣ ਆਏ ਹਨ, ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੇ ਡੀਜੀਪੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਨੇ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਉਹ ਜਾਂਚ ਦੀ ਬਜਾਏ ਅਕਾਲੀ ਆਗੂਆਂ ਦੀ ਰੇਕੀ ਕਰਨ ਦਾ ਕੰਮ ਕਰ ਰਹੀ ਹੈ।

ਇਸ ਗੱਲ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖ਼ੋਰੀ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਹੱਥ ਪਾਉਣ ਦੀ ਚਾਲ ਚੱਲ ਰਹੀ ਹੋਵੇ। ਸਰਕਾਰੀ ਬਦਲਾਖ਼ੋਰੀ ਕੋਈ ਨਵਾਂ ਵਰਤਾਰਾ ਨਹੀਂ ਹੈ। ਆਮ ਆਦਮੀ ਪਾਰਟੀ ਨੇ ਤਾਂ ਰਾਜਨੀਤੀ ਵਿੱਚ ਪਿੱਛੇ ਜਿਹੇ ਪੈਰ ਧਰਿਆ ਹੈ, ਉਸ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਇੱਕ ਦੂਜੇ ਉੱਤੇ ਸਿਆਸੀ ਬਦਲਾਖ਼ੋਰੀ ਦੇ ਇਲਜ਼ਾਮ ਹੀ ਨਹੀਂ ਲਾਉਂਦੇ ਰਹੇ ਸਗੋਂ ਬੰਦੂਕਾਂ ਨਾਲ ਇੱਕ ਦੂਜੇ ਦੇ ਸੀਨੇ ਵੀ ਵਿੰਨ੍ਹੇ ਜਾਂਦੇ ਰਹੇ ਹਨ। ਅਦਾਲਤਾਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਅਜਿਹੀਆਂ ਸੈਂਕੜੇ ਸ਼ਿਕਾਇਤਾਂ ਦੀਆਂ ਫਾਈਲਾਂ ਸੁਣਵਾਈ ਲਈ ਆਉਂਦੀਆਂ ਰਹੀਆਂ ਹਨ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਬਾਹਰ ਆ ਕੇ ਉਹੀ ਪੁਰਾਣਾ ਰਾਗ ਅਲਾਪਿਆ ਕਿ ਸਰਕਾਰ ਅਕਾਲੀ ਦਲ ਦੀ ਵਧ ਰਹੀ ਲੋਕਪ੍ਰੀਅਤਾ ਤੋਂ ਬੁਖਲਾਹਟ ਵਿੱਚ ਹੈ। ਸਰਕਾਰ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ। ਇਸੇ ਤਹਿਤ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਵਿਸ਼ੇਸ਼ ਜਾਂਚ ਟੀਮਾਂ ਆਪ ਸਰਕਾਰ ਦੀ ਪ੍ਰਾਈਵੇਟ ਆਰਮੀ ਵਾਂਗ ਵਿਚਰ ਰਹੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਕਾਲੀ ਦਲ ਇਨ੍ਹਾਂ ਹੱਥ ਕੰਡਿਆਂ ਤੋਂ ਡਰਨ ਵਾਲਾ ਨਹੀਂ ਅਤੇ ਲੋਕਾਂ ਕੋਲ ਜਾ ਕੇ ਸਰਕਾਰ ਨੂੰ ਬੇਨਕਾਬ ਕੀਤਾ ਜਾਵੇਗਾ।

ਸੁਖਬੀਰ ਬਾਦਲ ਸਟੇਜਾਂ ਤੋਂ ਬੋਲਦਿਆਂ ਅਕਸਰ ਕਹਿੰਦੇ ਹਨ ਕਿ ਉਹਨਾਂ ਦੇ ਬਾਪ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਸੀ। ਮਰਹੂਮ ਬਾਦਲ ਦੇ ਜੇਲ੍ਹ ਦੇ ਸਮੇਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਨਾਂਹ ਪੱਖੀ ਚਰਚਾ ਚਲਦੀ ਹੈ ਪਰ ਸੁਖਬੀਰ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਬਾਪ ਨੇ ਪੰਥਕ ਮਸਲਿਆਂ ਨੂੰ ਲੈ ਕੇ ਸਿਆਸੀ ਜੇਲ੍ਹ ਕੱਟੀ ਸੀ ਜਦੋਂ ਕਿ ਉਸ ਉੱਤੇ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਪਾਠਕਾਂ ਦੇ ਚੇਤਿਆਂ ਵਿੱਚੋਂ ਸ਼ਾਇਦ ਇਹ ਹਾਲੇ ਨਾ ਵਿਸਰਿਆ ਹੋਵੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹੀ ਪਿਉ ਪੁੱਤ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ‌। ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ - ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਦੋਨੋਂ ਕੇਸ ਸਰਕਾਰਾਂ ਬਦਲਣ ’ਤੇ ਆਪਣੇ ਭਾਰ ਧੜੱਮ ਕਰਕੇ ਡਿਗ ਪੈਂਦੇ ਰਹਿੰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਅਕਸਰ ਬਾਦਲ ਪਿਉ ਪੁੱਤਰ ਦੀ ਜੇਲ੍ਹ ਯਾਤਰਾ ਨਾਲ ਜੁੜੀ ਇੱਕ ਕਹਾਣੀ ਸੁਣਾਉਂਦੇ ਹਨ ਕਿ ਜਦੋਂ ਸੁਖਬੀਰ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਤਾਂ ਉਹ ਉਸਦੇ ਲਈ ਪੀਜ਼ਾ ਅਤੇ ਕੋਕ ਭੇਜਦੇ ਰਹੇ ਸਨ। ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਸੁਖਬੀਰ ਨੂੰ ਪੀਜ਼ਾ ਅਤੇ ਕੋਕ ਦੋਵੇਂ ਸਭ ਤੋਂ ਵੱਧ ਪਸੰਦ ਹਨ। ਉਸ ਵੇਲੇ ਦੀ ਇੱਕ ਹੋਰ ਘਟਨਾ ਵੀ ਯਾਦ ਆ ਰਹੀ ਹੈ ਕਿ ਪੰਥ ਦੇ ਨਿਧੜਕ ਨੇਤਾ ਅਤੇ 25 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਗੁਰਚਰਨ ਸਿੰਘ ਟੌਹੜਾ ਨੇ ਮਹਾਰਾਜੇ ਦੇ ਮਹਿਲ ਦੀ ਇੱਟ ਨਾਲ ਇੱਟ ਖੜਕਾਉਣ ਦਾ ਐਲਾਨ ਕਰ ਦਿੱਤਾ ਸੀ ਪਰ ਸੰਘਰਸ਼ ਧਰਨੇ ਤੋਂ ਅੱਗੇ ਨਹੀਂ ਸੀ ਵੱਧ ਸਕਿਆ।

ਹੁਣ ਵੀ ਸ਼ਾਇਦ ਸੁਖਬੀਰ ਸਿੰਘ ਬਾਦਲ ਇਹ ਭਰਮ ਪਾਲ ਰਹੇ ਹੋਣ ਜਾਂ ਉਹਨਾਂ ਨੂੰ ਉਮੀਦ ਹੋਵੇ ਕਿ ਗ੍ਰਿਫਤਾਰ ਕਰਨ ਦੀ ਸੂਰਤ ਵਿੱਚ ਅਕਾਲੀ ਦਲ ਸੜਕਾਂ ’ਤੇ ਆ ਜਾਵੇਗਾ। ਅਜਿਹਾ ਹੋਣ ਦੀ ਸੰਭਾਵਨਾ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਇਕੱਠ ਤਾਂ ਹੁੰਦਾ ਹੈ ਪਰ ਪਾਰਟੀ ਨੂੰ ਵੋਟ ਨਹੀਂ ਪੈਂਦੀ। ਪਿਛਲੇ ਦੋ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਸਪੋਰਟਰਾਂ ਨੂੰ ਵੋਟਰਾਂ ਵਿੱਚ ਬਦਲਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਫਿਰ ਤਾਜ਼ਾ ਮਾਮਲਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਲੋਕ ਤਾਂ ਹਾਲੇ 2015 ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਲਟਕਦੇ ਇਨਸਾਫ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਗਲ ਨਾਲ ਲਾਉਣ ਲਈ ਤਿਆਰ ਨਹੀਂ ਹੋ ਰਹੇ ਹਨ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author