“ਇਹ ਉਹ ਤਿੰਨ ਮਾਮਲੇ ਹਨ ਜਿਹੜੇ ਇੰਨ੍ਹੀਂ ਦਿਨੀਂ ਚਰਚਾ ਵਿੱਚ ਹਨ ...”
(12 ਜੁਲਾਈ 2026)
ਗੱਲ ਹੈਰਾਨ ਹੋਣ ਵਾਲੀ ਹੈ। ਸ਼ਾਇਦ ਦਿਲ ਨੂੰ ਪਹਿਲੀ ਸੱਟੇ ਸ਼ਾਇਦ ਜਚੇ ਵੀ ਨਾ, ਪਰ ਹੈ ਪੱਕੀ। ਨਵ ਨਿਯੁਕਤ ਆਈਏਐੱਸ ਅਫਸਰਾਂ ਲਈ ਮੰਸੂਰੀ ਵਿੱਚ ਚੱਲ ਰਹੀ ਸਰਕਾਰੀ ਇੰਸਟੀਚਿਊਟ ਦੇ ਇੱਕ ਸਾਬਕਾ ਡਾਇਰੈਕਟਰ ਨੇ ਕਿਹਾ ਸੀ ਕਿ ਪੰਜਾਬ ਦੇ ਅਧਿਕਾਰੀ ਮੁਲਕ ਭਰ ਵਿੱਚੋਂ ਸਭ ਤੋਂ ਵੱਧ ਭ੍ਰਿਸ਼ਟ ਹਨ। ਜਦੋਂ ਆਪਣੇ ਆਲੇ ਦੁਆਲੇ ਝਾਤੀ ਮਾਰਦੇ ਹਾਂ ਤਾਂ ਉਸ ਡਾਇਰੈਕਟਰ ਦੇ ਬੋਲ ਸੱਚੇ ਲੱਗਣ ਲਗਦੇ ਹਨ। ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਦਾ ਨਾਂ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਅਪਰਾਧੀਆਂ ਦੀਆਂ ਸੂਚੀਆਂ ਵਿੱਚ ਦਰਜ ਹੈ। ਐੱਫਬੀਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਥਾਣਾ ਟਾਂਡਾ ਦੇ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦੀ 4 ਲੱਖ ਅਮਰੀਕਣ ਡਾਲਰ ਦੀ ਵਸੂਲੀ ਦੀ ਦਹਿਸ਼ਤ ਅਮਰੀਕਾ-ਕੈਨੇਡਾ ਤਕ ਹੈ। ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਕਾਤਲ ਬਰਨਾਲਾ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਰਾਤਾਂ ਹੋਟਲਾਂ ਜਾਂ ਆਪਣੇ ਘਰ ਵਿੱਚ ਕੱਟਦਾ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਜੱਜ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਖਬਰਾਂ ਵਿੱਚ ਆਉਂਦਾ ਹੈ।
ਅਮਰੀਕਾ ਨੇ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਸਹਿਯੋਗੀ ਗੋਲਡੀ ਬਰਾੜ ਉੱਤੇ ਕਨੇਡਾ ਵਿੱਚ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਕਰਨ ਦੇ ਦੋਸ਼ ਆਇਦ ਕੀਤੇ ਹਨ। ਕੈਨੇਡਾ ਦੇ ਨਾਗਰਿਕ ਨਿੱਜਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਐੱਫਬੀਆਈ ਨੇ ਸਪਸ਼ਟ ਕੀਤਾ ਹੈ ਕਿ ਉਹ ਇੰਟਰਪੋਲ ਰਾਹੀਂ ਭਾਰਤ ਰਹਿੰਦੇ ਜਾਂ ਉੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਨੂੰ ਅਮਰੀਕਾ ਲੈ ਕੇ ਆਉਣਗੇ। ਐੱਫ ਵੀ ਆਈ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਕੈਨੇਡਾ ਅਤੇ ਯੂਰਪ ਦੀਆਂ ਸੀਬੀਆਈ ਜਿਹੀਆਂ ਸਰਕਾਰੀ ਏਜੰਸੀਆਂ ਤੋਂ ਅੰਕੜੇ ਲਏ ਗਏ ਹਨ। ਐੱਫਬੀਆਈ ਨੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ 50 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਐਲਾਨਿਆ ਹੈ। ਕੈਲੇਫੋਰਨੀਆ ਦੀ ਅਦਾਲਤ ਨੇ ਪਹਿਲੀ ਜੁਲਾਈ ਨੂੰ ਬਰਾੜ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।
ਅਮਰੀਕਾ ਦੀ ਫੈਡਰਲ ਜਾਂਚ ਏਜੰਸੀ ਵੱਲੋਂ ਹੀ ਭਾਰਤ ਨਾਲ ਜੁੜੇ ਸੰਗਠਤ, ਆਪਰਾਧਿਕ ਸਮੂਹਾਂ ਖਿਲਾਫ ਅਪਰੇਸ਼ਨ ‘ਹਾਰਡ ਬਾਲ’ ਤਹਿਤ ਅਰੰਭੀ ਗਈ ਕਾਰਵਾਈ ਵਿੱਚ ਟਾਂਡਾ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਉੱਥੇ 4 ਲੱਖ ਡਾਲਰ ਦੀ ਜਬਰੀ ਵਸੂਲੀ ਦੇ ਦੋਸ਼ ਲਾਏ ਹਨ। ਐੱਫਬੀਆਈ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਨਾਗਰਾ ਨੇ ਅਮਰੀਕਾ ਦੇ ਲਾਸ ਏਂਜਲਸ ਦੇ ਇੱਕ ਪਰਿਵਾਰ ਨੂੰ ਝੂਠੇ ਕਤਲ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਫਿਰੌਤੀ ਮੰਗੀ ਸੀ। ਇਲਜ਼ਾਮਾਂ ਅਨੁਸਾਰ ਉਹ ਜੱਗੂ ਭਗਵਾਨਪੁਰੀਏ ਨਾਲ ਜੁੜੇ ਗਰੋਹ ਦੇ ਸੰਪਰਕ ਵਿੱਚ ਸੀ। ਚਾਰਜ ਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਭਗਵਾਨਪੁਰੀਆ ਨੇ ਪੁਲਿਸ ਅਧਿਕਾਰੀਆਂ ਨਾਲ ਭਾਈਵਾਲੀ ਕੀਤੀ ਅਤੇ ਉਨ੍ਹਾਂ ਨੂੰ ਜਬਰੀ ਵਸੂਲੀ ਵਿੱਚ ਸ਼ਾਮਲ ਕੀਤਾ। ਨਾਗਰਾ ਅਮਰੀਕਾ ਵਿੱਚ ਪਰੌਪਰਟੀ ਖਰੀਦਣੀ ਚਾਹੁੰਦਾ ਸੀ। ਸੋਸ਼ਲ ਮੀਡੀਆ ਉੱਤੇ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਲਾਈਨ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਸੀ ਅਤੇ ਉਸ ਖਿਲਾਫ ਜਾਂਚ ਬਿਠਾ ਦਿੱਤੀ ਸੀ। ਫੈਡਰਲ ਅਧਿਕਾਰੀਆਂ ਅਨੁਸਾਰ ਭਗਵਾਨਪੁਰੀਆ ਗਰੋਹ ਦੇ ਮੈਂਬਰ ਗੁਰਲਾਲ ਸਿੰਘ ਨੇ, ਜੋ ਗੈਰ ਕਾਨੂੰਨੀ ਤਰੀਕੇ ਨਾਲ ਕੈਲੇਫੋਰਨੀਆ ਵਿੱਚ ਰਹਿ ਰਿਹਾ ਹੈ, ਨਾਗਰਾ ਨੂੰ ਸ਼ਿਕਾਰ ਕੀਤੇ ਜਾਣ ਬੜੇ ਵਿਅਕਤੀ ਦੇ ਵੇਰਵੇ ਸਾਂਝੇ ਕੀਤੇ ਸਨ। ਚਾਲੂ ਸਾਲ ਦੌਰਾਨ 15 ਫਰਵਰੀ ਨੂੰ ਟਾਂਡਾ ਦੇ ਪਿੰਡ ਮਿਆਣੀ ਵਿਖੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਤਿਕਾਰ ਹਾਰਡਵੇਅਰ ਨਾਂ ਦੀ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਦੌਰਾਨ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ। ਉਸਦੇ ਬਿਆਨਾਂ ਦੇ ਅਧਾਰ ’ਤੇ ਟਾਂਡਾ ਥਾਣੇ ਵਿੱਚ ਐੱਫਆਈਆਰ ਦਰਜ ਗਈ। ਨਾਗਰਾ ਉੱਤੇ ਦੋਸ਼ ਹੈ ਕਿ ਉਸਨੇ ਨਿਸ਼ਾਨਾ ਬਣਾਏ ਜਾਣ ਵਾਲੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਕਤਲ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕੀਤੀ ਸੀ।
ਸਿਤਮ ਦੀ ਗੱਲ ਇਹ ਕਿ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰਨ ਵਾਲਾ ਡੀਐੱਸਪੀ ਜਸਪਾਲ ਸਿੰਘ ਅਦਾਲਤ ਦੇ ਫੈਸਲੇ ਮੁਤਾਬਿਕ ਜੇਲ੍ਹ ਵਿੱਚ ਬੰਦ ਹੈ ਪਰ ਉਹ ਰਾਤਾਂ ਹੋਟਲਾਂ ਜਾਂ ਆਪਣੇ ਘਰ ਵਿੱਚ ਗੁਜ਼ਾਰਦਾ ਹੈ। ਨਾਭਾ ਓਪਨ ਖੇਤੀਬਾੜੀ ਜੇਲ੍ਹ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ ਕਾਤਲ ਡੀਐੱਸਪੀ ਜਸਪਾਲ ਸਿੰਘ ਦਾ ਥਾਂ ਪਤਾ ਲਾਉਣ ਲਈ ਕਿਹਾ ਗਿਆ ਹੈ। ਹੁਸ਼ਿਆਰਪੁਰ ਦੇ ਸਦਰ ਥਾਣਾ ਦੇ ਏ ਐੱਸ ਆਈ ਸੁਰਿੰਦਰ ਪਾਲ ਸਿੰਘ ਨੂੰ ਜਸਪਾਲ ਸਿੰਘ ਦਾ ਪਤਾ ਲਾਉਣ ਲਈ ਕਿਹਾ ਗਿਆ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਜਸਪਾਲ ਸਿੰਘ ਨੂੰ ਮਈ 2023 ਵਿੱਚ ਨਾਭਾ ਓਪਨ ਖੇਤੀਬਾੜੀ ਜੇਲ੍ਹ ਵਿੱਚੋਂ ਇੱਕ ਲੱਖ ਰੁਪਏ ਅਤੇ ਨਿੱਜੀ ਬਾਂਡ ਭਰਵਾਕੇ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਸੀ। ਸਾਲ 2022 ਵਿੱਚ ਪੰਜਾਬ ਸਰਕਾਰ ਵੱਲੋਂ ਜਸਪਾਲ ਸਿੰਘ ਦੀ ਸਜ਼ਾ ਮੁਆਫੀ ਲਈ ਪ੍ਰਸਤਾਵ ਭੇਜਿਆ ਗਿਆ ਸੀ। ਸੀਨੀਅਰ ਜੇਲ੍ਹ ਅਧਿਕਾਰੀ ਕਹਿੰਦੇ ਹਨ ਕਿ ਉਸ ਪ੍ਰਸਤਾਵ ’ਤੇ ਹਾਲੇ ਤਕ ਰਾਜਪਾਲ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਇਸਦੇ ਚਲਦਿਆਂ ਪਟਿਆਲਾ ਚੀਫ ਜੁਡੀਸ਼ੀਅਲ ਮਜਿਸਟਰੇਟ ਨਵਦੀਪ ਕੌਰ ਗਿੱਲ ਨੇ ਜਸਪਾਲ ਸਿੰਘ ਦੀ ਰਿਹਾਈ ਦੇ ਹੁਕਮ ਕੀਤੇ ਸਨ।
ਗੌਰ ਕਰਨ ਵਾਲੀ ਗੱਲ ਇਹ ਕਿ ਜਸਪਾਲ ਸਿੰਘ ਨੂੰ ਖਾਲੜਾ ਕਤਲ ਕੇਸ ਵਿੱਚ ਪੈਰੋਲ ਦੇ ਦਿੱਤੀ ਸੀ ਪਰ ਉਸ ਨੂੰ ਟਾਂਡਾ ਦੇ ਇੱਕ ਹੋਰ ਐੱਫ ਆਈਆਰ ਦੇ ਕੇਸ ਵਿੱਚ ਪੰਜ ਸਾਲ ਦੀ ਕੈਦ ਦੇ ਤਹਿਤ ਅੰਦਰ ਹੀ ਰੱਖਿਆ ਸੀ।
ਪਤਾ ਲੱਗਾ ਹੈ ਕਿ ਜਸਪਾਲ ਸਿੰਘ ਨੇ ਜ਼ਿਆਦਾਤਰ ਕੈਦ ਓਪਨ ਜੇਲ੍ਹ ਵਿੱਚ ਹੀ ਕੱਟੀ ਹੈ। ਤਰੀਕ ਭੁਗਤਣ ਦੇ ਬਹਾਨੇ ਉਸਨੂੰ ਜੇਲ੍ਹ ਵਿੱਚੋਂ ਇੱਕ ਦਿਨ ਪਹਿਲਾਂ ਬਾਹਰ ਕੱਢ ਦਿੱਤਾ ਜਾਂਦਾ ਤੇ ਇੱਕ ਦਿਨ ਬਾਅਦ ਉਹ ਜੇਲ੍ਹ ਵਿੱਚ ਵਾਪਸ ਆਉਂਦਾ। ਇਹ ਦੋ ਰਾਤਾਂ ਉਹ ਕਿੱਥੇ ਕੱਟਦਾ ਕਿਸੇ ਨੂੰ ਪਤਾ ਨਹੀਂ ਹੈ, ਜਦੋਂ ਕਿ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਮੁਲਜ਼ਮ ਜਾਂ ਦੋਸ਼ੀ ਤਰੀਕ ਭੁਗਤਣ ’ਤੇ ਉਸੇ ਦਿਨ ਵਾਪਸ ਨਾ ਆ ਸਕੇ ਤਾਂ ਉਸਨੂੰ ਸੰਬੰਧਿਤ ਥਾਣੇ ਵਿੱਚ ਰੱਖਣਾ ਪੈਂਦਾ ਹੈ, ਜਿਸਦਾ ਸਾਰਾ ਰਿਕਾਰਡ ਇੰਦਰਾਜ਼ ਕੀਤਾ ਜਾਂਦਾ ਹੈ। ਮਨੁੱਖੀ ਅਧਿਕਾਰ ਕਾਰਕ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਮਾਰਨ ਦੇ ਕੇਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਜਿਹੜੀ ਕਿ ਖਾਰਿਜ ਕਰ ਦਿੱਤੀ ਗਈ ਸੀ।
ਇਹ ਉਹ ਤਿੰਨ ਮਾਮਲੇ ਹਨ ਜਿਹੜੇ ਇੰਨ੍ਹੀਂ ਦਿਨੀਂ ਚਰਚਾ ਵਿੱਚ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਜਿਹੜੇ ਗੁਲ ਖਿਲਾਉਂਦੀ ਰਹੀ ਹੈ, ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਪੰਜਾਬ ਪੁਲਿਸ ਉੱਤੇ ਭ੍ਰਿਸ਼ਟਾਚਾਰ ਦੇ ਲਗਦੇ ਦੋਸ਼ਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਪੁੱਜ ਗਿਆ ਸੀ। ਹੋਰ ਤਾਂ ਹੋਰ, ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਪੰਜਾਬ ਪੁਲਿਸ ਦੀਆਂ ਜ਼ਿਆਦਤੀਆਂ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਗੂੰਜਿਆ ਸੀ, ਜਿਸ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਵਿਭਾਗ ਅੰਦਰਲੀਆਂ ਕਾਲੀਆਂ ਭੇਡਾਂ ਦੀ ਸੂਚੀ ਬਣਾ ਕੇ ਦੇਣ ਲਈ ਕਿਹਾ ਗਿਆ ਸੀ। ਡੀਜੀਪੀ ਗੌਰਵ ਯਾਦਵ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਸੂਚੀ ਬਣਾ ਕੇ ਨਹੀਂ ਦੇ ਸਕੇ। ਸ਼ਾਇਦ ਉਹਨਾਂ ਵਾਸਤੇ ਚਿੱਟੀਆਂ ਭੇਡਾਂ ਲੱਭਣੀਆਂ ਮੁਸ਼ਕਿਲ ਹੋ ਗਈਆਂ ਹੋਣ।
ਐੱਫਬੀਆਈ ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਪੰਜਾਬ ਪੁਲਿਸ ਇੱਕ ਤਰ੍ਹਾਂ ਨਾਲ ਗੈਂਗਸਟਰਾਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਪੰਜਾਬ ਪੁਲਿਸ ਉੱਤੇ ਨਸ਼ਾ ਤਸਕਰੀ ਸਮੇਤ ਹੋਰ ਵੀ ਕਈ ਗੰਭੀਰ ਦੋਸ਼ ਲਗਦੇ ਹਨ। ਨਸ਼ਾ ਤਸਕਰੀ ਦੇ ਇੱਕ ਵੱਡੇ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਰਾਜਜੀਤ ਸਿੰਘ ਦੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਵੀ ਉਹ ਸਾਲਾਂ ਤੋਂ ਪੁਲਿਸ ਦੀਆਂ ਅੱਖਾਂ ਤੋਂ ਬਚਿਆ ਆ ਰਿਹਾ ਹੈ। ਇੱਕ ਨਹੀਂ ਕਈ ਸਾਰੇ ਪੁਲਿਸ ਅਧਿਕਾਰੀ ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਅਤੇ ਗੈਂਗਵਾਰ ਜਿਹੇ ਗੰਭੀਰ ਦੋਸ਼ਾਂ ਵਿੱਚ ਫਸੇ ਹੋਏ ਹਨ। ਕਈਆਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦਾ ਜੁੱਟ ਤੋੜਨ ਲਈ ਇੱਕੋ ਵਾਰ ਹਜ਼ਾਰ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਸਨ। ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਟਾਂਡਾ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜਿਸ ਨੂੰ ਕਿ ਹੁਣ ਲਾਈਨ ਨਜ਼ਰ ਕੀਤਾ ਗਿਆ ਹੈ, ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਸਾਰੇ ਪੁਲਿਸ ਅਫਸਰਾਂ ਅਤੇ ਸਿਆਸੀ ਲੀਡਰਾਂ ਦੇ ਹੱਥ ਪੈਰ ਫੁੱਲਣ ਲੱਗ ਪਏ ਹਨ। ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਇੰਸਪੈਕਟਰ ਅਤੇ ਡੀਐੱਸਪੀ ਰੈਂਕ ਦਾ ਅਧਿਕਾਰੀ ਉਦੋਂ ਤਕ ਹੱਦਾਂ ਪਾਰ ਨਹੀਂ ਕਰਦਾ ਜਦੋਂ ਤਕ ਉੱਪਰਲਿਆਂ ਦਾ ਸਿਰ ’ਤੇ ਹੱਥ ਨਾ ਹੋਵੇ।
ਮੁਲਕ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਇਸ ਬਾਰੇ ਇੱਕ ਬੜੀ ਰੋਚਕ ਟਿੱਪਣੀ ਕਰਦਿਆਂ ਕਿਹਾ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਕੌਂਸਲਿੰਗ ਦੀ ਲੋੜ ਹੈ। ਪੁਲਿਸ ਨੂੰ ਇਹ ਟ੍ਰੇਨਿੰਗ ਦੇਣ ਦੀ ਲੋੜ ਹੈ ਕਿ ਆਮ ਲੋਕਾਂ ਨਾਲ ਕਿਵੇਂ ਦਾ ਵਰਤਾਵ ਕੀਤਾ ਜਾਵੇ। ਹੁਣ ਉਹ ਜ਼ਮਾਨਾ ਤਾਂ ਬੀਤ ਗਿਆ ਜਦੋਂ ਲੋਕ ਆਪਣੇ ਮਨ ਨੂੰ ਇਹ ਕਹਿ ਕੇ ‘ਮੀਂਹ ਵਿੱਚ ਤਿਲਕੇ ਦਾ ਅਤੇ ਪੁਲਿਸ ਦੇ ਕੁੱਟੇ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ’ ਸਮਝਾ ਲਿਆ ਕਰਦੇ ਸਨ। ਸਮਾਜ ਜਾਗ ਪਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































