“ਅੱਜ ਮੀਡੀਆ ਵਿੱਚ ਛਪੀਆਂ ਖਬਰਾਂ ਨੇ ਕਿਸਾਨਾਂ ਦੀ ਪੰਜਾਬ ਲਈ ਕੁਰਬਾਨੀ ਦੀ ਇੱਕ ਫਖਰ ਕਰਨ ਵਾਲੀ ਖਬਰ ...”
(7 ਮਈ 2024)
ਇਸ ਸਮੇਂ ਪਾਠਕ: 315.
ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਪਨੇ ਟੁੱਟਦੇ ਦਿਸਣ ਲੱਗੇ ਹਨ। ਭਾਜਪਾ ਹਾਈਕਮਾਨ ਕਿਸਾਨਾਂ ਮੋਹਰੇ ਬੇਵੱਸ ਹੋ ਕੇ ਰਹਿ ਗਈ ਹੈ। ਲੋਕ ਸਭਾ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਨੂੰ ਤਰੇਲੀਆਂ ਆਉਣ ਲੱਗੀਆਂ ਹਨ। ਤੇਰ੍ਹਾਂ ਹਲਕਿਆਂ ਵਿੱਚੋਂ ਰਹਿੰਦੇ ਚਾਰ ਹਲਕਿਆਂ ਲਈ ਉਮੀਦਵਾਰ ਲੱਭਣੇ ਔਖੇ ਹੋ ਗਏ ਹਨ। ਭਾਜਪਾ ਦੇ ਅੰਦਰ ਬੇਚੈਨੀ ਹੈ। ਭਾਜਪਾ ਦੇ ਅੰਦਰਖਾਤੇ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਨੂੰ ਲੈ ਕੇ ਨਰਾਜ਼ਗੀ ਦੀਆਂ ਕੰਨਸੋਆਂ ਮਿਲਣ ਲੱਗੀਆਂ ਹਨ। ਟਕਸਾਲੀ ਕਾਂਗਰਸੀ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੀਨੀਅਰ ਲੀਡਰਸ਼ਿੱਪ ਘਰਾਂ ਅੰਦਰ ਜਾ ਵੜੀ ਸੀ। ਭਾਜਪਾ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਤਰਕੀਬ ਸ਼ੇਖ ਚਿੱਲੀ ਦਾ ਸੁਪਨਾ ਲੱਗਣ ਲੱਗੀ ਹੈ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਨਰਾਜ਼ ਕਿਸਾਨਾਂ ਮੋਹਰੇ ਕੋਈ ਵਾਹ ਪੇਸ਼ ਨਹੀਂ ਚੱਲ ਰਹੀ ਹੈ ਤਾਂ ਉਹ ਹੁਣ ਮੁੱਖ ਚੋਣ ਅਫਸਰ ਦਾ ਬੂਹਾ ਖੜਕਾਉਣ ਲੱਗੇ ਹਨ। ਕੋਈ ਪੁੱਛੇ ਭਲੇ ਮਾਣਸ ਜਾਖੜ ਨੂੰ ਕਿ ਕਿਸਾਨਾਂ ਨੇ ਚੋਣ ਵਿਭਾਗ ਤੋਂ ਡੋਕੇ ਲੈਣੇ ਹਨ? ਕਿਸਾਨ ਕਿਸ ਗੱਲੋਂ ਚੋਣ ਵਿਭਾਗ ਦੇ ਮਤਾਹਿਤ ਹਨ? ਚੋਣ ਵਿਭਾਗ ਕੋਲ ਪੁਲਿਸ ਦਾ ਡੰਡਾ ਹੁੰਦਾ ਹੈ। ਪੰਜਾਬ ਦਾ ਕਿਸਾਨ ਤਾਂ ਪੁਲਿਸ ਨੂੰ ਪਹਿਲਾਂ ਹੀ ਮੋਹਰੇ ਲਾਈ ਫਿਰਦਾ ਹੈ।
ਕਿਸਾਨਾਂ ਦਾ ਗਿਲਾ ਹੈ ਵੀ ਜਾਇਜ਼। ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਸ਼ਹੀਦੀਆਂ ਦੇ ਰਹੇ ਸਨ, ਉਦੋਂ ਪੰਜਾਬ ਦੇ ਭਾਜਪਾਈਆਂ ਦੀ ਜ਼ਬਾਨ ਨੂੰ ਤਾਲੇ ਲੱਗੇ ਰਹੇ, ਹੁਣ ਕੁਰਸੀ ਮੱਲਣ ਦੀ ਵਾਰੀ ਆਈ ਤਾਂ ਪਿੰਡਾਂ ਵਿੱਚ ਆ ਕੇ ਵੋਟਰਾਂ ਅੱਗੇ ਲਿਲ੍ਹਕੜੀਆਂ ਕੱਢਣ ਲੱਗੇ ਹੋਏ ਹਨ। ਕਿਸਾਨਾਂ ਦੀ ਗੱਲ ਦਿਲ ਨੂੰ ਲਗਦੀ ਵੀ ਹੈ ਕਿ ਜੇ ਭਾਜਪਾਈਆਂ ਨੇ ਦਿੱਲੀ ਨਹੀਂ ਜਾਣ ਦਿੱਤਾ ਤਾਂ ਉਹ ਹੁਣ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਪੈਰ ਕਿਉਂ ਧਰਨ ਦੇਣ?
ਭਾਜਪਾਈਆਂ ਨੇ ਸੋਚਿਆ ਨਹੀਂ ਹੋਣਾ ਕਿ ਕਿਸਾਨ ਇਰਾਦੇ ਦੇ ਇੰਨੇ ਪੱਕੇ ਨਿਕਲਣਗੇ, ਉਮੀਦਵਾਰਾਂ ਮੋਹਰੇ ਦੀਵਾਰਾਂ ਬਣ ਖੜ੍ਹ ਜਾਣਗੇ। ਉਹਨਾਂ ਨੂੰ ਲਗਦਾ ਸੀ ਕਿ ਕਿਸਾਨ ਦੋ ਚਾਰ ਦਿਨ ਝੰਡੇ ਲਹਿਰਾ ਕੇ ਅੱਕ ਜਾਣਗੇ। ਪਰ ਉਹ ਭੁੱਲ ਗਏ ਸਨ ਕਿ ਜਿਹੜੇ ਕਿਸਾਨ ਵੱਡੇ ਹਾਕਮ ਦੀ ਧੌਣ ਦਾ ਕਿੱਲਾ ਕੱਢ ਕੇ ਘਰਾਂ ਨੂੰ ਪਰਤੇ ਸਨ, ਉਹ ਪਾਰਟੀ ਦੇ ਉਮੀਦਵਾਰਾਂ ਨੂੰ ਕੌਡੀ ਦੇ ਭਾ ਕਿੱਥੋਂ ਜਾਣਨ ਲੱਗੇ ਹਨ।
ਸਿਆਸੀ ਲੀਡਰ ਤਾਂ ਸਵਾਰਥੀ ਹਨ, ਉਹ ਕੁਰਸੀ ਦੀ ਲਾਲਸਾ ਕਰਕੇ ਕਿਸਾਨਾਂ ਵੱਲੋਂ ਕਿਤੀ ਜਾ ਰਹੀ ਝਾੜਝੰਬ ਝੱਲ ਰਹੇ ਹਨ, ਕਿਸਾਨਾਂ ਨੂੰ ਅਜਿਹਾ ਕੋਈ ਗੌਂ ਨਹੀਂ। ਉਹ ਕਿਸਾਨੀ ਨੂੰ ਜਿਊਂਦਾ ਰੱਖਣ ਅਤੇ ਪੰਜਾਬ ਨੂੰ ਬਚਾਉਣ ਲਈ ਅਸਮਾਨ ਵਿੱਚੋਂ ਵਰ੍ਹਦੀ ਲੂ ਅਤੇ ਪੈਰਾਂ ਹੇਠ ਤਪਸ਼ ਦੇ ਰੱਖੇ ਅੰਗਿਆਰਿਆਂ ਉੱਤੇ ਜਿੱਤ ਦੇ ਝੰਡੇ ਲਈ ਫਿਰਦੇ ਹਨ। ਦਿੱਲੀ ਦੀਆਂ ਬਰੂਹਾਂ ’ਤੇ 13 ਮਹੀਨਿਆਂ ਦਾ ਮੋਰਚਾ ਵੀ ਇਸੇ ਮਨਸ਼ਾ ਨਾਲ ਲਾਇਆ ਗਿਆ ਸੀ। ਹੁਣ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ 21 ਫਰਵਰੀ ਤੋਂ ਡਟੇ ਹੋਏ ਹਨ। ਇੱਕ ਸਾਲ ਤੋਂ ਵੱਧ ਸਮੇਂ ਲਈ ਚੱਲੇ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਸ਼ਹੀਦੀ ਦਿੱਤੀ ਸੀ ਅਤੇ ਹੁਣ 16 ਹੋਰ ਸ਼ਹੀਦੀ ਦਾ ਜਾਮ ਪੀ ਗਏ ਹਨ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੁਆਂਢੀ ਹਾਕਮ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਹੁਣ ਮਹਾਰਾਜਿਆਂ ਦੀ ਨੂੰਹ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦੇ ਇੱਕ ਸਮਰਥਕ ਨੇ ਪ੍ਰਦਰਸ਼ਨਕਾਰੀ ਕਿਸਾਨ ਨੂੰ ਕਥਿਤ ਤੌਰ ’ਤੇ ਇੰਨੀ ਜ਼ੋਰ ਦੀ ਧੱਕਾ ਦੇ ਕੇ ਪਰਾਂ ਵਗਾਹ ਮਾਰਿਆ ਕਿ ਉਹਦੀ ਜਾਨ ਜਾਂਦੀ ਰਹੀ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਲਿਆ ਹੈ ਪਰ ਗ੍ਰਿਫਤਾਰੀ ਤੋਂ ਪਹਿਲਾਂ ਦੋਹਾਂ ਧਿਰਾਂ ਦੀ ਸੁਣੀ ਜਾ ਰਹੀ ਹੈ। ਮੁਲਜ਼ਮ ਨੇ ਕਿਸਾਨ ਸੁਰਿੰਦਰ ਪਾਲ ਸਿੰਘ ਦੇ ਦਮ ਤੋੜਨ ਵੇਲੇ ਆਪਣੇ ਆਪ ਨੂੰ ਘਟਨਾ ਤੋਂ ਦੂਰ ਹੋਣ ਦਾ ਦਾਅਵਾ ਕੀਤਾ ਹੈ।
ਪੰਜਾਬ ਦਾ ਕਿਸਾਨ ਕੇਵਲ ਕਿਸਾਨੀ ਬਚਾਉਣ ਲਈ ਨਹੀਂ ਲੜ ਰਿਹਾ ਹੈ, ਉਹਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣ ਨੂੰ ਵੀ ਆਪਣਾ ਧਰਮ ਸਮਝਿਆ ਹੈ। ਦੋਵਾਂ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਸ਼ਮੂਲੀਅਤ ਨਾਲੋਂ ਹੋਰ ਵੱਡਾ ਸਬੂਤ ਕੀ ਹੋ ਸਕਦਾ ਹੈ।
ਅੱਜ ਮੀਡੀਆ ਵਿੱਚ ਛਪੀਆਂ ਖਬਰਾਂ ਨੇ ਕਿਸਾਨਾਂ ਦੀ ਪੰਜਾਬ ਲਈ ਕੁਰਬਾਨੀ ਦੀ ਇੱਕ ਫਖਰ ਕਰਨ ਵਾਲੀ ਖਬਰ ਸਾਹਮਣੇ ਲਿਆਂਦੀ ਹੈ। ਕਸੂਹਾ ਦੇ ਪਿੰਡ ਮੇਵਾ ਮਿਆਣੀ ਦੇ 59 ਸਾਲਾ ਕਿਸਾਨ ਨੇਤਾ ਯੋਧਾ ਸਿੰਘ ਦਾ ਤਲਵਾਰਾਂ ਅਤੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਖਬਰਾਂ ਹਨ ਕਿ ਉਹ ਲਗਾਤਾਰ ਆਪਣੇ ਏਰੀਏ ਵਿੱਚ ਨਸ਼ੇ ਅਤੇ ਰੇਤ ਮਾਫੀਆ ਖਿਲਾਫ ਖੁੱਲ੍ਹ ਕੇ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹੈ। ਖਬਰਾਂ ਮੁਤਾਬਿਕ ਕਿਸਾਨ ਯੋਧਾ ਸਿੰਘ ਦਾ ਕਤਲ ਕਿਸੇ ਰੰਜਿਸ਼ ਕਰਕੇ ਨਹੀਂ, ਸਗੋਂ ਨਸ਼ੇ ਦੇ ਤਸਕਰਾਂ ਵੱਲੋਂ ਕੀਤੇ ਜਾਣ ਦਾ ਸ਼ੱਕ ਹੈ। ਮਾਰਚ ਦੌਰਾਨ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਰੇਡ ਕਰਨ ਗਈ ਪੁਲੀਸ ਅਤੇ ਨਸ਼ਾ ਤਸਕਰਾਂ ਦੇ ਵਿੱਚ ਹੋਈ ਮੁੱਠਭੇੜ ਵਿੱਚ ਇੱਕ ਵਿਅਕਤੀ ਸੁੱਚਾ ਸਿੰਘ ਪੁਲਿਸ ਨੇ ਮਾਰ ਮੁਕਾਇਆ ਸੀ। ਉਦੋਂ ਦੋ ਪੁਲਿਸ ਜਵਾਨ ਵੀ ਜ਼ਖਮੀ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਸੁੱਚਾ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਹਨ। ਦੂਜੇ ਬੰਨੇ ਮ੍ਰਿਤਕ ਯੋਧਾ ਸਿੰਘ ਮੰਡ ਖੇਤਰ ਵਿੱਚ ਚੱਲ ਰਹੀ ਨਸ਼ੇ ਦੀ ਤਸਕਰੀ ਨੂੰ ਲੈ ਕੇ ਪੁਲਿਸ ਕੋਲ ਬਹੁਤ ਵਾਰ ਸ਼ਿਕਾਇਤ ਕਰਦਾ ਰਿਹਾ ਹੈ। ਉਂਝ ਪੁਲੀਸ ਕਤਲ ਬਾਰੇ ਹੋਰ ਕਈ ਪੱਖਾਂ ਤੋਂ ਵੀ ਸੂਹਾਂ ਲੈ ਰਹੀ ਹੈ।
ਮੀਡੀਆ ਰਿਪੋਰਟਾਂ ’ਤੇ ਇਤਬਾਰ ਕਰੀਏ ਤਾਂ ਪੰਜਾਬ ਦਾ ਕਿਸਾਨ ਸਿਰਫ ਆਪਣੀ ਮਾਂ ਧਰਤੀ ਲਈ ਹੀ ਖੂਨ ਨਹੀਂ ਡੋਲਦਾ ਰਿਹਾ, ਸਗੋਂ ਉਹ ਨਸ਼ੇ ਨੂੰ ਖਤਮ ਕਰਨ ਲਈ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੇ ਕਿਸਾਨਾਂ ਨਾਲ ਪਹਿਲਾਂ ਹੀ ਸੰਵਾਦ ਦਾ ਰਾਹ ਚੁਣ ਲੈਂਦੀ ਤਾਂ ਇਹ ਦਿਨ ਨਹੀਂ ਸੀ ਦੇਖਣੇ ਪੈਣੇ। ਕਿਸਾਨ ਔਖੇ ਤਾਂ ਸੂਬਾ ਸਰਕਾਰ ਤੋਂ ਵੀ ਹਨ। ਅੱਜ ਤਕ ਇਹ ਕਦੇ ਵੀ ਨਹੀਂ ਹੋਇਆ, ਜਦੋਂ ਕਿਸੇ ਝਗੜੇ ਜਾਂ ਮਸਲੇ ਦਾ ਹੱਲ ਸੰਵਾਦ ਰਾਹੀਂ ਨਾ ਨਿਕਲਿਆ ਹੋਵੇ। ਗੱਲ ਚੰਡੀਗੜ੍ਹ ਨਾਲ ਜੁੜੇ ਮਸਲਿਆਂ ਦੀ ਕਰ ਲਈਏ ਜਾਂ ਐੱਸ ਵਾਈ ਐੱਲ ਨਹਿਰ ਦੀ, ਸੁਪਰੀਮ ਕੋਰਟ ਵੀ ਤਾਂ ਦੋਹਾਂ ਰਾਜਾਂ ਦੇ ਮੁਖੀਆਂ ਨੂੰ ਸੰਵਾਦ ਦੀ ਸਲਾਹ ਦਿੰਦੀ ਰਹੀ ਹੈ। ਬਹੁਤਾ ਨਹੀਂ ਤਾਂ ਭਾਜਪਾ ਇਸੇ ਤੋਂ ਸਬਕ ਸਿੱਖ ਲੈਂਦੀ।
ਕਿਸਾਨਾਂ ਦੀਆਂ ਕੁਰਬਾਨੀਆਂ ਦਾ ਪੰਜਾਬ ਜਾਂ ਭਾਰਤ ਹੀ ਕਾਇਲ ਨਹੀਂ, ਸਗੋਂ ਸੱਤ ਸਮੁੰਦਰੋਂ ਪਾਰ ਵੀ ਵਾਹ ਵਾਹ ਹੋਈ ਹੈ। ਕਿਸਾਨਾਂ ਦੇ ਅੰਦੋਲਨ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਅੰਦੋਲਨ ਤੋਂ ਇੱਕ ਵੱਖਰੀ ਤਰ੍ਹਾਂ ਦਾ ਇਤਿਹਾਸ। ਕਿਸਾਨਾਂ ਦੇ ਅੰਦੋਲਨ ਨੇ ਮੁਲਕ ਦੇ ਹਾਕਮਾਂ ਨੂੰ ਨਹੀਂ ਸਗੋਂ ਵਿਸ਼ਵ ਭਰ ਦੇ ਸੱਤਾਧਾਰੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਲੋਕ ਆਪਣੀ ਆਈ ’ਤੇ ਆ ਜਾਣ ਤਾਂ ਉਹ ਧੌਣ ਵਿੱਚ ਗੱਡਿਆ ਕਿੱਲਾ ਕੱਢ ਕੇ ਛੱਡਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4946)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)