“ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
ਕਿਸੇ ਵੱਲੋਂ ਧੌਂਸ ਦੇਣ ਬਦਲੇ ਪਹਿਲਾਂ ਪਹਿਲ ਅਕਸਰ ਜਵਾਬ ਦਿੱਤਾ ਜਾਂਦਾ ਰਿਹਾ ਕਿ ਤੂੰ ਕਿੱਡਾ ਡੀ ਸੀ ਲੱਗਾ ਹੋਇਐਂ। ਪਿੱਛੇ ਜਿਹੇ ਧੌਂਸ ਦੇਣ ਵਾਲਿਆਂ ਨੂੰ ਇਹ ਕਹਿ ਕੇ ਠਿੱਬੀ ਲਾ ਦਿੱਤੀ ਜਾਂਦੀ ਸੀ ਕਿ ਕਿੱਡਾ ਤੂੰ ਕਨੇਡਾ ਨੂੰ ਚੱਲਿਆਂ ਜਾਂ ਤੂੰ ਵੱਡਾ ਆਇਆ ਅਮਰੀਕਾ ਤੋਂ। ਹੁਣ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ। ਪੰਜਾਬੀਆਂ ਨੇ ਕਨੇਡਾ ਵੱਲ ਨੂੰ ਮੂੰਹ ਕਰਨਾ ਘੱਟ ਕਰ ਦਿੱਤਾ ਹੈ। ਕੈਨੇਡਾ ਵਾਲੇ ਪੰਜਾਬੀਆਂ ਨੂੰ ਝੱਲਣ ਤੋਂ ਵੀ ਹਟ ਗਏ ਹਨ। ਕੈਨੇਡਾ ਅਤੇ ਅਮਰੀਕਾ ਤੋਂ ਪੰਜਾਬੀ ਮੁੰਡੇ ਕੁੜੀਆਂ ਨੂੰ ਵਾਪਸ ਕਰਨ ਦੀਆਂ ਖਬਰਾਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਹਨ। ਇਹ ਨਹੀਂ ਕਿ ਬਾਹਰਲੇ ਮੁਲਕਾਂ ਨੂੰ ਪੰਜਾਬੀਆਂ ਦੀ ਲੋੜ ਨਹੀਂ ਰਹੀ ਪਰ ਸਾਡੇ ਉੱਥੇ ਵਸਦੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਆਪਣੀ ਪੱਤ ਆਪ ਗਵਾ ਲਈ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕਨੇਡਾ ਵਸਦੇ ਪੁਰਾਣੇ ਪਰਿਵਾਰ ਇੱਧਰੋਂ ਗਏ ਮੁੰਡੇ ਕੁੜੀਆਂ ਨੂੰ ਮੂੰਹ ਲਾਉਣ ਤੋਂ ਹਟ ਗਏ ਹਨ। ਵਿਰਲੇ ਟਾਵੇਂ ਕੈਨੇਡਾ ਨੂੰ ਆਪ ਵੀ ਅਲਵਿਦਾ ਕਹਿਣ ਲੱਗੇ ਹਨ।
ਅੱਜ ਦਿਨ ਭਰ ਸੋਸ਼ਲ ਮੀਡੀਆ ’ਤੇ ਇਹ ਖਬਰ ਚੱਲਦੀ ਰਹੀ ਕਿ ਕਨੇਡਾ ਵਿੱਚ ਰਹਿੰਦੇ ਚਾਰ ਪੰਜ ਪੰਜਾਬੀ ਮੁੰਡਿਆਂ ਨੇ ਰਲ ਕੇ ਰਾਤ ਵੇਲੇ ਓਂਟਾਰੀਓ ਵਿੱਚ ਇੱਕ ਠੇਕਾ ਲੁੱਟ ਲਿਆ। ਠੇਕੇ ਦੀ ਪਿਛਲੀ ਕੰਧ ਪਾੜ ਕੇ ਕੰਟੇਨਰ ਵਿੱਚ ਸ਼ਰਾਬ ਲੱਦਦੇ ਪੁਲਿਸ ਨੇ ਮੌਕੇ ਉੱਤੇ ਆ ਦਬੋਚੇ। ਇਸ ਤੋਂ ਪਹਿਲਾਂ ਕਾਰ ਚੋਰਾਂ ਦੇ ਗਰੋਹ ਵਿੱਚੋਂ ਕਈ ਸਾਰੇ ਪੰਜਾਬੀ ਨਿਕਲੇ ਸਨ। ਕੈਨੇਡਾ ਵਿੱਚ ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿਸ ਦਿਨ ਉੱਥੇ ਵਸਦੇ ਕਿਸੇ ਨੌਜਵਾਨ ਪੰਜਾਬੀ ਮੁੰਡੇ ਦੀ ਮੌਤ ਨਾ ਹੋਈ ਹੋਵੇ। ਵਜਾਹ ਚਾਹੇ ਨਸ਼ਾ ਬਣਿਆ ਹੋਵੇ, ਦਿਲ ਦਾ ਦੌਰਾ ਜਾਂ ਫਿਰ ਆਤਮਹੱਤਿਆ। ਪੰਜਾਬੀਆਂ ਦਾ ਸਿਰ ਨੀਵਾਂ ਹੋਇਆ ਹੈ ਅਤੇ ਕੈਨੇਡਾ ਸਰਕਾਰ ਨੇ ਸਖਤੀ ਫੜ ਲਈ ਹੈ।
ਪਿੰਡਾਂ ਵਿੱਚੋਂ ਉੱਠ ਕੇ ਸ਼ਹਿਰਾਂ ਵਿੱਚ ਪੈਰ ਜਮਾਉਣੇ ਆਸਾਨ ਨਹੀਂ ਹੁੰਦੇ। ਨਾ ਹੀ ਸੌਖਾ ਹੁੰਦਾ ਹੈ ਦੂਜੇ ਸੂਬਿਆਂ ਵਿੱਚ ਜਾ ਕੇ ਬੰਜਰ ਨੂੰ ਆਬਾਦ ਕਰਨਾ। ਫਿਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੈੱਟ ਹੋਣਾ ਤਾਂ ਅਸੰਭਵ ਵਰਗਾ ਮੁਸ਼ਕਲ ਹੁੰਦਾ ਹੈ। ਪੰਜਾਬੀਆਂ ਨੇ ਇਸ ਸੋਚ ਨੂੰ ਤੋੜਿਆ ਹੈ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਝੰਡੀ ਹੈ। ਸਿਆਸਤ ਵਿੱਚ ਹਿੱਸੇਦਾਰੀ ਹੈ। ਵਿਦੇਸ਼ ਦੀ ਧਰਤੀ ’ਤੇ ਸਿੱਖੀ ਦੇ ਨਿਸ਼ਾਨ ਸਾਹਿਬ ਝੂਲਣ ਲੱਗੇ ਹਨ। ਗੋਰੇ ਪੰਜਾਬੀਆਂ ਦੇ ਦਫਤਰਾਂ ਵਿੱਚ ਨੌਕਰੀ ਲੈਣ ਲਈ ਕਤਾਰਾਂ ਵਿੱਚ ਲੱਗਣ ਲੱਗੇ ਹਨ।
ਅੱਜ ਕੱਲ੍ਹ ਕੈਨੇਡਾ ਵਿੱਚ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹਨ। ਪਹਿਲਾ ਪਹਿਲ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਲੋਕਾਂ ਨੇ ਵਿਦੇਸ਼ ਵੱਲ ਨੂੰ ਮੂੰਹ ਕੀਤਾ ਸੀ। ਦੂਜੇ ਪੜਾਅ ਵਿੱਚ ਇੰਜਨੀਅਰਾਂ ਅਤੇ ਡਾਕਟਰਾਂ ਨੇ ਵਿਦੇਸ਼ ਦੀ ਉਡਾਣ ਭਰੀ ਤਾਂ ਭਾਰਤੀਆਂ ਨੇ ਗੋਰਿਆਂ ਦੀ ਧਰਤੀ ’ਤੇ ਵੱਖਰੀ ਪਛਾਣ ਬਣਾ ਲਈ। ਪਰ ਹੁਣ ਜਿਵੇਂ ਕਨੇਡਾ ਰਹਿੰਦੇ ਪੰਜਾਬੀਆਂ ਦੀਆਂ ਬੁਲੰਦੀਆਂ ਨੂੰ ਨਜ਼ਰ ਲੱਗ ਗਈ ਹੋਵੇ।
ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਮੁਲਕ ਕੈਨੇਡਾ ਬਾਰੇ ਬੜੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਪਿਛਲੇ ਛੇ ਸਾਲਾਂ ਵਿੱਚ ਮੌਤਾਂ ਦੀ ਗਿਣਤੀ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਕੈਨੇਡਾ ਜਾਣ ਵਾਲੇ ਨੌਜਵਾਨ ਮੁੰਡੇ, ਕੁੜੀਆਂ ਉਮੀਦਾਂ ਦੇ ਬੋਝ ਥੱਲੇ ਦੱਬ ਕੇ ਰਹਿ ਗਏ ਹਨ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੈਰ ਨਾ ਲੱਗਣ ਕਰਕੇ ਮਾਨਸਿਕ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਹਨ। ਕਈਆਂ ਨੇ ਤਾਂ ਅੱਕ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਅੰਕੜਿਆਂ ਮੁਤਾਬਿਕ 2018 ਵਿੱਚ ਅੱਠ ਭਾਰਤੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਪਿਛਲੇ ਸਾਲ 23 ਮੌਤਾਂ ਹੋਈਆਂ ਜਦੋਂ ਕਿ ਚਾਲੂ ਸਾਲ ਦੌਰਾਨ 36 । ਖਾਲਸਾ ਏਡ ਵੱਲੋਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਦਸ ਭਾਰਤੀ ਵਿਦਿਆਰਥੀਆਂ ਵਿੱਚੋਂ ਤਿੰਨ ਮਾਨਸਿਕ ਰੋਗ ਦਾ ਸ਼ਿਕਾਰ ਹਨ।
ਦਰਅਸਲ ਇਹ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚੇ ਜ਼ਮੀਨ ਗਹਿਣੇ ਧਰ ਜਾਂ ਸੋਨਾ ਵੇਚ ਕੇ ਬੱਚੇ ਕੈਨੇਡਾ ਪੜ੍ਹਨ ਲਈ ਭੇਜੇ ਸਨ। ਪਰ ਉੱਥੇ ਦੇ ਨਵੇਂ ਹਾਲਾਤ ਵਿੱਚ ਮਾਪਿਆਂ ਨੂੰ ਕਰਜ਼ਾ ਉਤਾਰਨ ਲਈ ਪੈਸੇ ਭੇਜਣਾ ਤਾਂ ਵੱਖਰੀ ਗੱਲ, ਉਨ੍ਹਾਂ ਦਾ ਆਪਣਾ ਵੀ ਪੂਰੀ ਤਰ੍ਹਾਂ ਢਿੱਡ ਨਹੀਂ ਭਰ ਰਿਹਾ। ਇਨ੍ਹਾਂ ਵਿੱਚੋਂ ਕਈ ਸਾਰੇ ਤਾਂ ਅਜਿਹੇ ਹਨ ਜਿਹੜੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਤੋਂ ਵੀ ਅਸਮਰਥ ਹਨ। ਫਿਰ ਉਹ ਘਰੋਂ ਹੋਰ ਪੈਸੇ ਮੰਗਵਾ ਨਹੀਂ ਸਕਦੇ, ਜਿਸ ਕਰਕੇ ਕੱਲ੍ਹ ਦੀ ਚਿੰਤਾ ਉਨ੍ਹਾਂ ਨੂੰ ਆਤਮ ਹੱਤਿਆ ਦੇ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈ। ਰਿਪੋਰਟ ਵਿੱਚ ਪੰਜਾਬ ਦੇ ਕਈ ਵਿਦਿਆਰਥੀਆਂ ਦੇ ਨਾਂ ਵੀ ਦਿੱਤੇ ਗਏ ਹਨ ਜਿਹਨਾਂ ਨੇ ਆਪਣੀ ਜ਼ਿੰਦਗੀ ਇਸੇ ਕਰਕੇ ਗਵਾ ਲਈ ਹੈ।
ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 19 ਜਾਂ 20 ਸਾਲ ਹੁੰਦੀ ਹੈ ਅਤੇ ਉਹ ਕੈਨੇਡਾ ਵਿੱਚ ਨਹੀਂ ਚੱਲ ਸਕਦੇ ਹਨ। ਬੁਲਾਰੇ ਮੁਤਾਬਿਕ ਆਤਮ ਹੱਤਿਆ ਦਾ ਵੱਡਾ ਕਾਰਨ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਮਿਲਣ ਵਿੱਚ ਔਕੜਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਢਾਈ ਲੱਖ ਭਾਰਤੀ ਵਿਦਿਆਰਥੀ ਕੈਨੇਡਾ ਨੂੰ ਸਟੂਡੈਂਟ ਵੀਜ਼ੇ ਉੱਤੇ ਜਾ ਰਹੇ ਹਨ। ਟੋਰੰਟੋ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਐੱਮ ਏ ਗੁਪਤਾ ਦਾ ਮੰਨਣਾ ਹੈ ਕਿ ਘੋਰ ਉਦਾਸੀ ਵਿੱਚ ਦੀ ਲੰਘ ਰਹੇ ਵਿਦਿਆਰਥੀ ਨੂੰ ਢੁਕਵਾਂ ਇਲਾਜ ਨਹੀਂ ਮਿਲ ਰਿਹਾ ਹੈ। ਟੋਰਾਂਟੋ ਦੇ ਸਰਕਾਰੀ ਹਸਪਤਾਲ ਵਿੱਚ ਕਰਦੀ ਕੰਮ ਕਰਦੀ ਇੱਕ ਭਾਰਤੀ ਨਰਸ ਦਾ ਦੱਸਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਮਨੋਰੋਗ ਤੋਂ ਪੀੜਤ ਵਿਦਿਆਰਥੀ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਸਰਕਾਰੀ ਤੌਰ ’ਤੇ ਮਿਲੇ ਅੰਕੜਿਆਂ ਮੁਤਾਬਿਕ ਸਾਲ 2018 ਦੌਰਾਨ ਭਾਰਤ ਤੋਂ ਪੰਜ ਲੱਖ 17 ਹਜ਼ਾਰ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ। ਉਸ ਤੋਂ ਅਗਲੇ ਸਾਲ ਇਹ ਗਿਣਤੀ ਵਧ ਕੇ 5 ਲੱਖ 80 ਹਜ਼ਾਰ ਹੋ ਗਈ ਸੀ ਜਦੋਂ ਕਿ ਲੰਘੇ ਸਾਲ ਸੱਤ ਲੱਖ 51 ਹਜ਼ਾਰ ਵਿਦਿਆਰਥੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਗਏ ਸਨ। ਕੈਨੇਡਾ ਨੇ ਦੋ ਲੱਖ 26 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਸੀ ਜਿਸ ਵਿੱਚੋਂ ਇੱਕ ਲੱਖ 36 ਹਜ਼ਾਰ ਪੰਜਾਬੀ ਦੱਸੇ ਜਾਂਦੇ ਹਨ। ਹੁਣ ਕਨੇਡਾ ਦਾ ਵੀਜ਼ਾ ਲੈਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ, ਕਿਉਂਕਿ ਉੱਥੋਂ ਦੀ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਫੰਡ ਦੁੱਗਣਾ ਕਰ ਦਿੱਤਾ ਹੈ। ਪਹਿਲਾਂ ਇਹ ਫੀਸ 10 ਹਜ਼ਾਰ ਡਾਲਰ ਸੀ ਜਿਹੜੀ ਕਿ ਹੁਣ ਵਧਾ ਕੇ 20670 ਕਰ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ, ਕੈਨੇਡਾ ਦੀ ਸਰਕਾਰ ਨੇ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਲਈ ਹਫਤੇ ਵਿੱਚ ਸਿਰਫ 20 ਘੰਟੇ ਕੰਮ ਕਰਨ ਦੀ ਪਾਬੰਦੀ ਮੁੜ ਤੋਂ ਲਗਾ ਦਿੱਤੀ ਹੈ।
ਪੰਜਾਬ ਦੇ ਕੈਨੇਡਾ ਵਿੱਚ ਪੜ੍ਹਨ ਗਏ 30 ਹਜ਼ਾਰ ਵਿਦਿਆਰਥੀਆਂ ਦੇ ਸਿਰ ਉੱਤੇ 1800 ਕਰੋੜ ਕਰਜ਼ਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ 1849 ਵਿਦਿਆਰਥੀ ਕਰਜ਼ਾ ਨਹੀਂ ਮੋੜ ਸਕੇ ਹਨ। ਬੈਂਕਾਂ ਨੂੰ ਹੁਣ ਤਕ ਸਟੂਡੈਂਟ ਲੋਨ ਦਾ 5263 ਕਰੋੜ ਰੁਪਇਆ ਵੱਟੇ ਖਾਤੇ ਪਾਉਣਾ ਪਿਆ ਹੈ। ਪਿਛਲੇ ਪੰਜ ਸਾਲਾਂ ਦੌਰਾਨ 39 ਕਰੋੜ ਰੁਪਏ ਤੋਂ ਵੱਧ ਰਕਮ ਕੈਨੇਡਾ ਨੂੰ ਪੜ੍ਹਾਈ ਦੀ ਫੀਸ ਦੇ ਰੂਪ ਵਿੱਚ ਗਈ ਹੈ।
ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ਉੱਥੇ ਰਹਿੰਦੇ ਨੌਜਵਾਨਾਂ ਦੀਆਂ ਹਰਕਤਾਂ ਨੇ ਪੰਜਾਬੀਆਂ ਦੀ ਧੌਣ ਨੀਵੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਰਹਿੰਦੀਆਂ ਸਾਡੀਆਂ ਲੜਕੀਆਂ ਵਿੱਚੋਂ ਬਹੁਤ ਸਾਰੀਆਂ ਉੱਤੇ ਅਜਿਹੇ ਦੋਸ਼ ਲੱਗਦੇ ਹਨ ਕਿ ਸਾਡੇ ਕੰਨ ਪੂਰੀ ਗੱਲ ਸੁਣਨ ਤੋਂ ਨਾਂਹ ਕਰ ਜਾਂਦੇ ਹਨ। ਨਿਰਸੰਦੇਹ ਉੱਥੇ ਵਸਦਿਆਂ ਨੌਜਵਾਨਾਂ ਦੀਆਂ ਮਜਬੂਰੀਆਂ ਹੋਣਗੀਆਂ ਪਰ ਇਹ ਵੀ ਨਹੀਂ ਕਿ ਅਸੀਂ ਆਪਣੇ ਸੰਸਕਾਰਾਂ ਨੂੰ ਤਿਲਾਂਜਲੀ ਦੇ ਦੇਈਏ।
ਕੈਨੇਡਾ ਵਿੱਚ ਬਾਹਰੋਂ ਆਉਣ ਵਾਲਿਆਂ ਲਈ ਹੁਣ ਹਾਲਾਤ ਪਹਿਲਾਂ ਜਿੰਨੇ ਸੁਖਾਵੇਂ ਨਹੀਂ ਰਹੇ ਹਨ। ਕੈਨੇਡਾ ਦੀ ਆਪਣੀ ਵਿੱਤੀ ਹਾਲਤ ਪਤਲੀ ਪੈ ਚੁੱਕੀ ਹੈ। ਇੱਥੋਂ ਤਕ ਕਿ ਮੁਢਲਾ ਆਧਾਰੀ ਢਾਂਚਾ ਵੀ ਲੜਖੜਾ ਕੇ ਰਹਿ ਗਿਆ ਹੈ। ਸਿਹਤ ਸੇਵਾਵਾਂ ਬਿਮਾਰ ਹੋ ਚੁੱਕੀਆਂ ਹਨ। ਕੈਨੇਡਾ ਨੇ ਵਿਦਿਆਰਥੀਆਂ ਲਈ ਬੂਹੇ ਭੇੜਨੇ ਬੰਦ ਕਰ ਦਿੱਤੇ ਹਨ। ਕੈਨੇਡਾ ਵਸਦੇ ਵਿਦਿਆਰਥੀ ਦੁਚਿੱਤੀ ਵਿੱਚ ਪੈ ਚੁੱਕੇ ਹਨ ਪਰ ਉਹਨਾਂ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਦੇ ਵਿਦਿਆਰਥੀਆਂ ਨੂੰ ਜੇ ਆਪਣੇ ਮੁਲਕ ਵਿੱਚ ਹੀ ਰੌਸ਼ਨ ਭਵਿੱਖ ਨਜ਼ਰ ਆਉਂਦਾ ਹੁੰਦਾ ਤਾਂ ਉਹ ਕਰਜ਼ਾ ਚੁੱਕ ਕੇ ਵਿਦੇਸ਼ ਲਈ ਪੈਰ ਨਾ ਪੁੱਟਦੇ। ਦੇਸ਼ ਵਿਦੇਸ਼ ਦੀਆਂ ਸਰਕਾਰਾਂ ਨੂੰ ਭਵਿੱਖ ਦੀ ਘੁੰਮਣਘੇਰੀ ਵਿੱਚ ਫਸੇ ਵਿਦਿਆਰਥੀਆਂ ਦੀ ਬਾਂਹ ਫੜਨੀ ਚਾਹੀਦੀ ਹੈ। ਸਿਰਫ ਦਾਅਵਿਆਂ ਅਤੇ ਵਾਅਦਿਆਂ ਨਾਲ ਨਹੀਂ ਸਰਨਾ ਹੈ। ਵਿਦੇਸ਼ੀ ਧਰਤੀ ’ਤੇ ਰਹਿ ਰਹੇ ਵਿਦਿਆਰਥੀਆਂ ਨੂੰ ਇਸ ਔਖੀ ਘੜੀ ਵਿੱਚ ਕੌਂਸਲਿੰਗ ਦੀ ਲੋੜ ਹੈ। ਨਹੀਂ ਤਾਂ ਰਹਿੰਦੀ ਜਵਾਨੀ ਵੀ ਸਾਡੇ ਹੱਥੋਂ ਕਿਰ ਜਾਵੇਗੀ। ਰੱਬ ਭਲੀ ਕਰੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4557)
(ਸਰੋਕਾਰ ਨਾਲ ਸੰਪਰਕ ਲਈ: (