“ਉਸ ਵੱਡੇ ਕਵੀ ਨੂੰ ਮੈਂ ਇੱਕ ਦੋ ਸਮਾਗਮਾਂ ਵਿੱਚ ਮਿਲਿਆ ਹੋਇਆ ਸਾਂ। ਮੇਰੇ ਦਿਲ ਵਿੱਚ ਉਹਦੇ ਲਈ ਸਤਿਕਾਰ ਸੀ। ਪਰ ਇੱਕ ...”
(16 ਜੁਲਾਈ 2024)
ਇਸ ਸਮੇਂ ਪਾਠਕ: 455.
ਪੰਜਾਬੀ ਦੇ ਲੇਖਕ ਸੱਚਮੁੱਚ ਇੰਨੇ ਵਿਹਲੜ ਹੁੰਦੇ ਹਨ, ਮੈਨੂੰ ਨਹੀਂ ਸੀ ਪਤਾ। ਕੋਈ ਕਵਿੱਤਰੀ ਜਾਂ ਕਹਾਣੀਕਾਰਾ ਸੋਸ਼ਲ ਮੀਡੀਆ ਉੱਤੇ ਆਪਣੀ ਪੋਸਟ ਪਾ ਦੇਵੇ, ਬੱਸ ਲਾਈਕਾਂ ਦੀ ਗਿਣਤੀ ਨਹੀਂ ਰਹਿੰਦੀ, ਟਿੱਪਣੀਆਂ ਦੇ ਵੀ ਢੇਰ ਲੱਗ ਜਾਂਦੇ ਹਨ। ਜੇ ਕਿਤੇ ਕੋਈ ਆਪਣੀ ਤਾਜ਼ਾ ਤਸਵੀਰ ਸ਼ੇਅਰ ਕਰ ਦੇਵੇ ਫਿਰ ਤਾਂ ਬਹੁਤਿਆਂ ਦੇ ਅੰਦਰੋਂ ਕਵਿਤਾਵਾਂ ਵੀ ਫੁੱਟਣ ਲੱਗ ਪੈਂਦੀਆਂ ਹਨ।
ਕਦੇ ਕਦੇ ਮੈਨੂੰ ਇਉਂ ਵੀ ਲਗਦਾ ਹੈ ਕਿ ਕਈ ਲੇਖਿਕਾਵਾਂ ਨੂੰ ਆਪਣੀ ਪੋਸਟ ਜਾਂ ਤਸਵੀਰ ਪਾ ਕੇ ਲੇਖਕਾਂ ਦੇ ਮੂੰਹ ਵਿੱਚੋਂ ਲਾਰਾਂ ਚੋਣ ਵਾਲੀਆਂ ਟਿੱਪਣੀਆਂ ਪੜ੍ਹਨ ਦਾ ਭੁਸ ਵੀ ਪੈ ਗਿਆ ਹੈ। ਜਦੋਂ ਕੋਈ ਆਪਣੀ ਨਵੀਂ ਰਚਨਾ ਸ਼ੇਅਰ ਕਰ ਦੇਵੇ ਤਾਂ ਫਿਰ ਪ੍ਰਸ਼ੰਸਕਾਂ ਦੇ ਵਾਹ-ਵਾਹ ਦੇ ਸ਼ਬਦ ਵੀ ਬੌਨੇ ਪੈ ਜਾਂਦੇ ਹਨ। ਲੇਖਿਕਾਵਾਂ ਦੇ ਅੰਦਰੋਂ ਚਾਹੇ ਖੁਸ਼ੀਆਂ ਦੀਆਂ ਫੁਹਾਰਾਂ ਫੁੱਟ ਰਹੀਆਂ ਹੋਣ ਪਰ ਉਹਨਾਂ ਨੂੰ ‘ਸ਼ੁਕਰੀਆ ਵੀਰ ਜੀ’ ਕਹਿ ਕੇ ਆਪਣੀਆਂ ਉਗਲਾਂ ਫੋਨ ਦੇ ਕੀ ਪੈਡ ਤੋਂ ਚੁੱਕਣੀਆਂ ਪੈਂਦੀਆਂ ਹਨ। ਮੈਨੂੰ ਯਾਦ ਹੈ ਕਈ ਦਹਾਕੇ ਪਹਿਲਾਂ ਜਦੋਂ ਮੈਂ ਸ਼ਿਵਾਲਕ ਪਬਲਿਕ ਸਕੂਲ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਕਹਾਣੀ ਦਰਬਾਰ ਵਿੱਚ ਆਪਣੀ ਕਹਾਣੀ ਪੜ੍ਹਨ ਗਿਆ ਸੀ, ਤਦ ਸਮਾਗਮ ਖਤਮ ਹੋਣ ਤੋਂ ਬਾਅਦ ਸ਼ਰਾਬ ਦੇ ਠੇਕੇ ਉੱਤੇ ਜੁੜੇ ਲੇਖਕਾਂ ਵਿੱਚੋਂ ਇੱਕ ਲੇਖਕ ਤਾਂ ਸਮਾਰੋਹ ਵਿੱਚ ਕਹਾਣੀ ਪੜ੍ਹ ਕੇ ਗਈ ਖੂਬਸੂਰਤ ਲੇਖਿਕਾ ਨੂੰ ਚੇਤੇ ਕਰ ਕਰਕੇ ਲੰਮੇ ਹੌਕੇ ਭਰੀ ਜਾਵੇ। ਫਿਰ ਉਸਨੇ ਇੱਕ ਭਰਵਾਂ ਪੈੱਗ ਲੇਖਿਕਾ ਦਾ ਨਾਂ ਲੈ ਕੇ ਅੰਦਰ ਸੁੱਟ ਲਿਆ। ਅੱਜਕਲ ਅਖਬਾਰਾਂ ਵਿੱਚ ਛਪੀਆਂ ਰਚਨਾਵਾਂ, ਆਪਣੇ ਸਟੇਟਸ ਇੰਸਟਾਗਰਾਮ ’ਤੇ ਪਾਉਣ ਦਾ ਭੁਸ ਲਗਭਗ ਸਾਰੇ ਲੇਖਕਾਂ ਨੂੰ ਪੈ ਗਿਆ ਹੈ। ਮੈਂ ਵੀ ਉਹਨਾਂ ਵਿੱਚ ਸ਼ਾਮਿਲ ਹਾਂ। ਵੈਸੇ ਤਾਂ ਆਪਣੀ ਰਚਨਾ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦਾ ਇਹ ਵਧੀਆ ਜ਼ਰੀਆ ਹੈ ਪਰ ਅਖਬਾਰਾਂ ਅਤੇ ਕਿਤਾਬਾਂ ਮੁੱਲ ਲੈ ਕੇ ਪੜ੍ਹਨ ਦੀ ਸਾਡੀ ਆਦਤ ਛੁੱਟਦੀ ਜਾ ਰਹੀ ਹੈ।
ਹੁਣ ਤਾਂ ਪ੍ਰਕਾਸ਼ਕ ਵੀ ਆਪਣੀਆਂ ਨਵੀਂਆਂ ਛਪੀਆਂ ਪੁਸਤਕਾਂ ਫੇਸਬੁੱਕ ਉੱਤੇ ਪਾ ਕੇ ਇਹਨਾਂ ਦੀ ਇਸ਼ਤਿਹਾਰਬਾਜ਼ੀ ਕਰਨ ਲੱਗ ਪਏ ਹਨ। ਕਈ ਪ੍ਰਕਾਸ਼ਕਾਂ ਨੇ ਫੇਸਬੁੱਕ ਉੱਤੇ ਇੱਕ ਨਾਲ ਇੱਕ ਪੁਸਤਕ ਫਰੀ ਦੀ ਸੇਲ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇੱਕ ਦੋ ਵਾਰ ਤਾਂ 10-12 ਪੁਸਤਕਾਂ ਦੇ ਬੰਡਲ ਨੂੰ ਅੱਧੇ ਮੁੱਲ ਉੱਤੇ ਵੇਚਣ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਹਨ।
ਮੇਰੇ ਨਾਲ ਮੇਰੇ ਕਾਲਜ ਵਿੱਚ ਇੱਕ ਸੋਹਣੀ ਕੁੜੀ ਪੜ੍ਹਾਉਂਦੀ ਹੈ। ਸਾਡਾ ਦੋਹਾਂ ਦਾ ਵਿਸ਼ਾ ਵੀ ਪੰਜਾਬੀ ਹੈ। ਉਸ ਨੂੰ ਹੁਣੇ ਜਿਹੇ ਕਵਿਤਾਵਾਂ ਲਿਖਣ ਦਾ ਚਸਕਾ ਪਿਆ ਹੈ। ਉਹਨੇ ਕਾਹਲੀ ਕਾਹਲੀ ਵਿੱਚ ਇੱਕ ਕਿਤਾਬ ਵੀ ਲਿਖ ਮਾਰੀ ਹੈ ਅਤੇ ਆਪਣੇ ਕੋਲੋਂ ਪੈਸੇ ਦੇ ਕੇ ਪ੍ਰਕਾਸ਼ਕ ਨਾਲ ਗੱਲ ਵੀ ਕਰ ਲਈ ਹੈ। ਵਿਹਲੇ ਪੀਰੀਅਡ ਵਿੱਚ ਕਦੇ ਕਦੇ ਉਹ ਸਟਾਫ ਰੂਮ ਵਿੱਚ ਬਹਿ ਕੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾ ਵੀ ਦਿੰਦੀ ਹੈ। ਮੈਂ ਪ੍ਰਸ਼ੰਸਾ ਕਰਦਾ ਹਾਂ ਉਹਦਾ ਦਿਲ ਰੱਖਣ ਲਈ ਪਰ ਡੂੰਘੀ ਕਵਿਤਾ ਵਾਲੀ ਗੱਲ ਮੈਨੂੰ ਕਦੇ ਨਜ਼ਰ ਨਹੀਂ ਆਈ ਹੈ।
ਉਹਨੇ ਪਿੱਛੇ ਜਿਹੇ ਇੱਕ ਨਾਮਵਰ ਕਵੀ ਨੂੰ ਪੁਸਤਕ ਬਾਰੇ ਦੋ ਸ਼ਬਦ ਲਿਖਣ ਲਈ ਖਰੜਾ ਭੇਜ ਦਿੱਤਾ ਹੋਣਾ ਹੈ। ਇੱਕ ਦਿਨ ਕਹਿਣ ਲੱਗੀ ਕਿ ਮੈਨੂੰ ਪਤਾ ਤੁਸੀਂ ਮੇਰੀਆਂ ਕਵਿਤਾਵਾਂ ਸੁਣ ਕੇ ਜ਼ਿਆਦਾਤਰ ਖਸਿਆਣੀ ਜਿਹੀ ਹਾਸੀ ਛੱਡ ਦਿੰਦੇ ਹੋ। ਆਹ ਦੇਖੋ, ਇੱਕ ਵੱਡੇ ਕਵੀ ਨੇ ਮੇਰੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਵਿੱਚ ਕਿੰਨਾ ਵਧੀਆ ਲਿਖਿਆ ਹੈ। ਉਹਦੇ ਵੱਲੋਂ ਲਿਖੇ ਦੋ ਸ਼ਬਦ ਮੈਨੂੰ ਪੜ੍ਹਨ ਦਾ ਸਮਾਂ ਨਹੀਂ ਲੱਗਿਆ ਤਾਂ ਉਸ ਨੇ ਅਗਲੇ ਦਿਨ ਸਾਰਾ ਮੈਟਰ ਰਿਕਾਰਡ ਕਰਕੇ ਭੇਜ ਦਿੱਤਾ। ਉਹਨੇ ਮੈਨੂੰ ਰਿਕਾਰਡਿੰਗ ਸੁਣਾਉਣੀ ਸ਼ੁਰੂ ਕਰ ਦਿੱਤੀ। ਕਵੀ ਨੇ ਪ੍ਰਸ਼ੰਸਾ ਵਿੱਚ ਜਿਹੜੇ ਸ਼ਬਦ ਵਰਤੇ ਸਨ, ਉਹ ਸੁਣ ਸੁਣ ਮੇਰੀ ਕਲੀਗ ਕੁੜੀ ਬਾਗੋਬਾਗ ਹੋਈ ਜਾ ਰਹੀ ਸੀ। ਜਦੋਂ ਉਹ ਮੇਰੇ ਵੱਲ ਦੇਖਦੀ ਤਦ ਮੈਂ ਵੀ ਵਾਹ ਵਾਹ ਕਹਿ ਦਿੰਦਾ ਰਿਹਾ।
ਮੈਨੂੰ ਸੱਚੀ ਕਵਿੱਤਰੀ ਕੁੜੀ ਉੱਤੇ ਧੁਰ ਅੰਦਰੋਂ ਹਾਸਾ ਅਤੇ ਵੱਡੇ ਕਵੀ ਉੱਤੇ ਤਰਸ ਆ ਰਿਹਾ ਸੀ। ਜਦੋਂ ਵੱਡੇ ਕਵੀ ਨੇ ਅੰਤ ਵਿੱਚ ਇਹ ਕਹਿ ਦਿੱਤਾ ਕਿ ਮੈਂ ਤੇਰੀ ਪੁਸਤਕ ਦੇ ਰਿਲੀਜ਼ ਸਮਾਗਮ ਵੇਲੇ ਇੱਕ ਘੰਟਾ ਬੋਲਣਾ ਚਾਹਾਂਗਾ ਤਾਂ ਮੈਂ ਵੀ ਕਹਿ ਦਿੱਤਾ, “ਕੁੜੀਏ ਇਹ ਤਾਂ ਬਈ ਸੱਚਮੁੱਚ ਵੱਡੀ ਗੱਲ ਆ।”
ਉਸ ਵੱਡੇ ਕਵੀ ਨੂੰ ਮੈਂ ਇੱਕ ਦੋ ਸਮਾਗਮਾਂ ਵਿੱਚ ਮਿਲਿਆ ਹੋਇਆ ਸਾਂ। ਮੇਰੇ ਦਿਲ ਵਿੱਚ ਉਹਦੇ ਲਈ ਸਤਿਕਾਰ ਸੀ। ਪਰ ਇੱਕ ਕੁੜੀ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਜਿਹੜੀ ਉਸਨੇ ਵਾਹ-ਵਾਹ ਕੀਤੀ, ਉਸ ਨਾਲ ਉਹ ਮੇਰੇ ਦਿਲੋਂ ਉੱਤਰ ਗਿਆ।
ਮੇਰੀ ਕੁਲੀਗ ਕਵਿੱਤਰੀ ਦੀ ਪੁਸਤਕ ਹਾਲੇ ਛਪੀ ਨਹੀਂ ਪਰ ਜਿਸ ਦਿਨ ਤੋਂ ਵੱਡੇ ਕਵੀ ਦੇ ਦੋ ਸ਼ਬਦ ਸੁਣਾਏ ਹਨ ਉਸ ਤੋਂ ਬਾਅਦ ਉਹਦਾ ਬੋਲਣ ਦਾ ਲਹਿਜ਼ਾ ਹੀ ਬਦਲ ਗਿਆ ਹੈ। ਉਹ ਨਿੱਤ ਨਵੀਂ ਕਵਿਤਾ ਸੁਣਾਉਣ ਲਈ ਮੇਰੇ ਕੋਲ ਆ ਬੈਠਦੀ ਹੈ। ਮੈਂ ਬੜੀ ਵਾਰ ਕਿਹਾ ਵੀ ਕਿ ਮੈਨੂੰ ਕਵਿਤਾ ਦੀ ਸਮਝ ਨਹੀਂ ਹੈ। ਪਰ ਉਹ ਇਹ ਕਹਿ ਕੇ ਚੁੱਪ ਕਰਾ ਦਿੰਦੀ ਹੈ ਕਿ ਸਰ ਤੁਸੀਂ ਸੀਨੀਅਰ ਹੋ, ਤੁਹਾਨੂੰ ਤਾਂ ਸਾਹਿਤ ਦੀ ਸਮਝ ਵੀ ਹੈ।
ਇੱਕ ਦਿਨ ਫਿਰ ਉਹ ਕਹਿਣ ਲੱਗੀ, “ਸਰ, ਇੰਨੀ ਵਧੀਆ ਕਿਤਾਬ ਲਈ ਮੈਂ ਕੇਂਦਰ ਤੋਂ ਕਿਸੇ ਮੰਤਰੀ ਨੂੰ ਬੁਲਾਵਾਂਗੀ। ਪੰਜਾਬ ਵਿੱਚ ਤਾਂ ਮੈਨੂੰ ਕੋਈ ਚੱਜ ਦਾ ਬੰਦਾ ਦਿਸਦਾ ਨਹੀਂ।”
“ਉਹ ਭਾਈ ਇੰਨੀ ਵਧੀਆ ਪੁਸਤਕ ਨੂੰ ਲੱਗਦੇ ਹੱਥ ਅੰਗਰੇਜ਼ੀ ਅਤੇ ਹਿੰਦੀ ਵਿੱਚ ਛਪਾਉਣ ਦੀ ਤਿਆਰੀ ਵੀ ਕਰ ਲੈ ...।” ਕਹਿ ਕੇ ਮੈਂ ਆਪਣੇ ਚਿੱਤੋਂ ਉਹਨੂੰ ਹੋਰ ਖੁਸ਼ ਕਰ ਦਿੱਤਾ।
ਉਹ ਬੋਲੀ, “ਦੋ ਸ਼ਬਦ” ਲਿਖਣ ਵਾਲੇ ਭਾਜੀ ਕਵੀ ਨੇ ਇਹ ਪ੍ਰਬੰਧ ਵੀ ਕਰ ਲਿਆ ਹੈ। ਅਗਲੇ ਐਤਵਾਰ ਮੈਨੂੰ ਉਹ ਦਿੱਲੀ ਇੱਕ ਪ੍ਰਕਾਸ਼ਕ ਨੂੰ ਮਿਲਾਉਣ ਲਈ ਨਾਲ ਲੈ ਕੇ ਜਾ ਰਿਹਾ ਹੈ।”
ਮੈਂ ਉਸ ਨੂੰ, “ਗਰੇਟ, ਆਲ ਦਾ ਬੈਸਟ।” ਕਹਿ ਕੇ ਆਪਣਾ ਪੀਰੀਅਡ ਲੈਣ ਲਈ ਕਲਾਸ ਰੂਮ ਵੱਲ ਨੂੰ ਤੁਰ ਪਿਆ।”
ਉਸ ਦਿਨ ਮੇਰਾ ਪੜ੍ਹਾਉਣ ਵਿੱਚ ਜੀਅ ਨਾ ਲੱਗਿਆ। ਮੇਰੇ ਦਿਲ ਵਿੱਚ ਸਾਹਿਤ ਪ੍ਰੇਮੀਆਂ ਦਾ ਉਹ ਉਲਾਂਭਾ ਵਾਰ ਵਾਰ ਭਾਰੂ ਹੋ ਰਿਹਾ ਸੀ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਵਿੱਚ ਕਿਤਾਬਾਂ ਤਾਂ ਧੜਾਧੜ ਛਪ ਰਹੀਆਂ ਹਨ ਪਰ ਪੜ੍ਹਨ ਵਾਲੇ ਪਾਠਕ ਨਹੀਂ। ਪੰਜਾਬੀ ਲੋਕ ਪੁਸਤਕਾਂ ਖਰੀਦਣ ਪੱਖੋਂ ਕੰਜੂਸ ਹਨ। ਅੱਜ ਦੇ ਮੁੰਡੇ ਕੁੜੀਆਂ ਫੋਨਾਂ ’ਤੇ ਤਾਂ ਖੁੱਭੇ ਰਹਿੰਦੇਹਨ ਪਰ ਕਿਤਾਬਾਂ ਵੱਲ ਨੂੰ ਮੂੰਹ ਨਹੀਂ ਕਰਦੇ। ਫਿਰ ਮੈਂ ਲੇਖਕਾਂ ਵੱਲੋਂ ਰਚੇ ਸਾਹਿਤ ਅਤੇ ਉਲਾਂਭੇ ਵਿੱਚ ਹੋਰ ਉਲਝਣ ਦੀ ਥਾਂ ਚਾਹ ਪੀਣ ਲਈ ਕੰਟੀਨ ਵੱਲ ਨੂੰ ਹੋ ਤੁਰਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5137)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.