“ਭਾਈ ਬੜੀ ਵੱਡੀ ਹਿੰਮਤ ਹੈ ਕਿ ਪਤੀ ਨੇ ਸਾਈਕਲਾਂ ਨੂੰ ਪੈਂਚਰ ਲਾ ਕੇ ਕੋਠੀ ਖੜ੍ਹੀ ਕਰ ਲਈ ਅਤੇ ਤੂੰ ...”
(30 ਦਸੰਬਰ 2025)
ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਹੁਣ ਦੀ ਤਰ੍ਹਾਂ ਪਿੰਡ ਪਿੰਡ ਸਕੂਲ ਨਹੀਂ ਸੀ ਹੁੰਦੇ। ਦੋ ਤਿੰਨ ਤਿੰਨ ਪਿੰਡਾਂ ਨੂੰ ਜੋੜ ਕੇ ਇੱਕ ਪ੍ਰਾਇਮਰੀ ਅਤੇ ਇੱਕ ਹਾਈ ਸਕੂਲ ਹੋਇਆ ਕਰਦਾ ਸੀ। ਮੇਰੇ ਪਿੰਡ ਉੜਾਪੜ ਪ੍ਰਾਇਮਰੀ ਸਕੂਲ ਸੀ। ਸਾਡੇ ਘਰ ਤੋਂ ਦੋ ਢਾਈ ਕਿਲੋਮੀਟਰ ਦੂਰ ਚੱਕ ਦਾਨੇ ਹਾਈ ਸਕੂਲ ਹੋਇਆ ਕਰਦਾ ਸੀ। ਦੋਹਾਂ ਪਿੰਡਾਂ ਦੇ ਬੱਚੇ ਇੱਕ ਦੂਜੇ ਪਿੰਡ ਪੜ੍ਹਨ ਜਾਂਦੇ ਸਨ। ਮੈਂ ਛੇਵੀਂ ਤੋਂ ਦਸਵੀਂ ਕਲਾਸ ਚੱਕ ਦਾਨੇ ਦੇ ਹਾਈ ਸਕੂਲ ਵਿੱਚ ਕੀਤੀ ਸੀ। ਮੈਨੂੰ ਪੈਰੀਂ ਪਾਉਣ ਲਈ ਕੈਂਚੀ ਚਪਲਾ ਹਾਈ ਸਕੂਲ ਜਾ ਕੇ ਜੁੜੀਆਂ ਸਨ। ਛੋਟੇ ਸਕੂਲ ਵਿੱਚ ਦੁਪਹਿਰ ਵੇਲੇ ਅਸੀਂ ਘਰਾਂ ਦੀ ਛਾਵੇਂ ਛਾਵੇਂ ਤੁਰ ਕੇ ਸਕੂਲ ਤੋਂ ਆਇਆ ਕਰਨਾ। ਗਰਮੀ ਦੀ ਦੁਪਹਿਰ ਵੇਲੇ ਕੈਂਚੀ ਚੱਪਲਾਂ ਦਾ ਆਪਣਾ ਸਿਆਪਾ ਹੁੰਦਾ ਸੀ। ਪੱਕੀ ਸੜਕ ਦੀ ਲੁਕ ਪਿਘਲੀ ਹੋਣੀ ਤਾਂ ਤੁਰਦਿਆਂ ਬੜੀ ਵਾਰ ਚਪਲਾਂ ਸੜਕ ਨਾਲ ਜੁੜ ਜਾਣੀਆਂ।
ਛੋਟੇ (ਪ੍ਰਾਇਮਰੀ) ਸਕੂਲ ਤਕ ਤਾਂ ਬੈਗ ਵੀ ਨਹੀਂ ਸੀ ਜੁੜਿਆ। ਖਾਦ ਵਾਲੀ ਪੁਰਾਣੀ ਬੋਰੀ ਦਾ ਬੈਗ ਬੇਬੇ ਜੀ ਆਪ ਹੀ ਬਣਾ ਦਿੰਦੇ ਸਨ। ਉਦੋਂ ਬੈਠਣ ਲਈ ਬੈਂਚ ਨਹੀਂ ਸੀ ਹੁੰਦੇ। ਟਾਟ ਵੀ ਸਾਰੀਆਂ ਜਮਾਤਾਂ ਨੂੰ ਨਹੀਂ ਜੁੜਦੇ ਸਨ। ਇੱਕ ਵਾਰ ਪ੍ਰਾਈਮਰੀ ਸਕੂਲ ਵਿੱਚ ਡੀਈਓ ਨੇ ਆਉਣਾ ਸੀ ਤਾਂ ਮੈਂ ਉਸ ਦਿਨ ਪੜ੍ਹਨ ਮੰਗਵਾਂ ਬੈਗ ਲੈ ਕੇ ਗਿਆ ਸੀ। ਮੰਗਵੇਂ ਬੈਗ ਨੂੰ ਮਿੱਟੀ ਲੱਗਣ ਦੇ ਡਰੋਂ ਮੈਂ ਆਪਣੇ ਹੇਠਲੀ ਬੋਰੀ ਬੈਗ ਥੱਲੇ ਵਿਛਾ ਦਿੱਤੀ ਅਤੇ ਆਪ ਧੁੱਦਲ ਵਿੱਚ ਭੁੰਜੇ ਬੈਠ ਗਿਆ ਸੀ। ਅੱਜ ਜਦੋਂ ਦੇਖੀਦਾ ਕਿ ਮਾਪੇ ਬੱਚਿਆਂ ਨੂੰ ਸਕੂਲ ਕਾਰਾਂ ਵਿੱਚ ਛੱਡਣ ਜਾਂਦੇ ਹਨ ਤਾਂ ਆਪਣੇ ਦਿਨ ਮੱਲੋਮੱਲੀ ਅੱਖਾਂ ਮੋਹਰੇ ਆ ਜਾਂਦੇ ਹਨ। ਕਈ ਮਾਪੇ ਅਜਿਹੇ ਹਨ ਜਿਹੜੇ ਬੱਚੇ ਨੂੰ ਬੱਸ ਸਟਾਪ ਤਕ ਛੱਡਣ ਵੇਲੇ ਉਸਦਾ ਬੈਗ ਅਤੇ ਪਾਣੀ ਦੀ ਬੋਤਲ ਮੋਢੇ ਲਟਕਾਈ ਤੁਰੇ ਜਾਂਦੇ ਦੇਖੀਦੇ ਹਨ। ਦੁਪਹਿਰ ਦੀ ਛੁੱਟੀ ਵੇਲੇ ਬੱਚੇ ਦੇ ਬੱਸ ਵਿੱਚੋਂ ਉੱਤਰਨ ਤੋਂ ਲੈ ਕੇ ਘਰ ਤਕ ਛਤਰੀ ਤਾਣ ਲਈ ਜਾਂਦੀ ਹੈ।
ਮੇਰੀ ਦੋਹਤੀ ਵੀ ਚੰਡੀਗੜ੍ਹ ਦੇ ਇੱਕ ਵੱਡੇ ਸਕੂਲ ਵਿੱਚ ਪੜ੍ਹਦੀ ਹੈ। ਸਵੇਰ ਵੇਲੇ ਉਸਦੀ ਮਾਂ ਕਾਰ ਵਿੱਚ ਸਕੂਲ ਛੱਡ ਕੇ ਅੱਗੇ ਆਪਣੇ ਦਫਤਰ ਨੂੰ ਨਿਕਲ ਜਾਂਦੀ ਹੈ। ਦੁਪਹਿਰ ਨੂੰ ਆਪਣੇ ਕੰਮ ਤੋਂ ਲੰਚ ਬਰੇਕ ਵੇਲੇ ਉਸ ਨੂੰ ਮੈਂ ਲੈ ਆਉਂਦਾ ਹਾਂ। ਉਹ ਸਕੂਲ ਤੋਂ ਨਿਕਲਦੀ ਹੀ ਆਪਣਾ ਬੈਗ ਮੈਨੂੰ ਫੜਾ ਦਿੰਦੀ ਹੈ। ਕਾਰ ਵਿੱਚੋਂ ਉੱਤਰਨ ਵੇਲੇ ਵੀ ਉਹ ਆਪਣਾ ਬੈਗ ਮੇਰੀ ਗੋਦੀ ਰੱਖ ਆਪ ਦੌੜ ਜਾਂਦੀ ਹੈ।
ਉਸ ਨੂੰ ਸਕੂਲ ਤੋਂ ਲੈਣਾ ਆਪਣੇ ਆਪ ਵਿੱਚ ਇੱਕ ਸੰਘਰਸ਼ ਹੈ। ਸਕੂਲ ਦੇ ਗੇਟ ਦੇ ਮੋਹਰੇ ਦੋਨੋਂ ਹੀ ਪਾਸੇ ਅੱਧਾ ਅੱਧਾ ਕਿਲੋਮੀਟਰ ਦੂਰ ਤਕ ਕਾਰਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਜਦੋਂ ਕਦੇ ਮੈਂ ਦਫਤਰ ਤੋਂ ਤੁਰਨ ਵਿੱਚ ਲੇਟ ਹੋ ਜਾਵਾਂ ਤਾਂ ਅੱਧਾ ਕਿਲੋਮੀਟਰ ਦੂਰ ਤੁਰ ਕੇ ਜਾਣਾ ਪੈਂਦਾ ਹੈ। ਉਸਦਾ ਬੈਗ ਹਾਲਾਂਕਿ ਮੈਂ ਚੁੱਕ ਲੈਂਦਾ ਹਾਂ ਪਰ ਉਹ ਕਾਰ ਤਕ ਤੁਰਨ ਤੋਂ ਵੀ ਕਤਰਾਉਂਦੀ ਹੈ। ਮੈਂ ਹੁਣ ਲਗਦੀ ਵਾਹ ਛੁੱਟੀ ਹੋਣ ਤੋਂ ਅੱਧਾ ਘੰਟਾ ਪਹਿਲਾਂ ਗੇਟ ਦੇ ਨੇੜੇ ਕਾਰ ਪਾਰਕ ਕਰਨ ਲਈ ਦੌੜਦਾ ਹਾਂ। ਸਕੂਲ ਦੇ ਮੋਹਰੇ ਇੱਕ ਪਾਰਕ ਹੈ। ਮੈਂ ਉੱਧਰ ਨੂੰ ਅਕਸਰ ਸੈਰ ਕਰਨ ਲਈ ਨਿਕਲ ਜਾਂਦਾ ਹਾਂ।
ਪੋਹ ਅੱਧੇ ਤੋਂ ਵੱਧ ਬੀਤ ਗਿਆ ਹੈ। ਠੰਢ ਹੋਰ ਜ਼ੋਰ ਫੜਨ ਲੱਗੀ ਹੈ। ਮੈਂ ਮੋਟੀ ਪਰਤ ਵਾਲੀ ਧੁੰਦ ਵਿੱਚ ਵੀ ਸੈਰ ਕਰਨ ਲਈ ਚਲੇ ਗਿਆ। ਪਾਰਕ ਦੇ ਦੂਜੇ ਬੰਨੇ ਇੱਕ ਚਾਹ ਦਾ ਖੋਖਾ ਮੇਰੀ ਨਜ਼ਰੀਂ ਪਿਆ। ਮੈਨੂੰ ਚਾਹ ਦੀ ਤਲਬ ਲੱਗੀ। ਮੈਂ ਦੇਖਿਆ ਕਿ ਇੱਕ ਚਿੱਟੀ ਗੋਰੀ ਔਰਤ ਦਬਾਦਬ ਪਰੌਂਠੇ ਤਲ ਰਹੀ ਸੀ।ਦੂਜੇ ਬਰਨਰ ਉੱਤੇ ਉਸਨੇ ਚਾਹ ਦਾ ਪਤੀਲਾ ਚਾੜ੍ਹ ਰੱਖਿਆ ਸੀ। ਮੈਂ ਵੀ ਪਿਆਜ ਵਾਲੇ ਪਰੌਂਠੇ ਅਤੇ ਚਾਹ ਦੇ ਕੱਪ ਦਾ ਆਰਡਰ ਦਿੱਤਾ।ਪਰੌਂਠੇ ਉੱਤੇ ਘਿਓ ਦੀ ਟਿੱਕੀ ਰੱਖ ਕੇ ਉਹਨੇ ਮੇਰੇ ਮੋਹਰੇ ਥਾਲੀ ਪਰੋਸ ਦਿੱਤਾ। ਮੈਨੂੰ ਹੱਥ ਸਾਫ ਕਰਨ ਲਈ ਨੈਪਕਿਨ ਦੀ ਲੋੜ ਪਈ ਤਾਂ ਉਹ ਔਰਤ ਨੇ ਨਾਲ ਖੜ੍ਹੀ ਕਾਲੀ ਸਫਾਰੀ ਦੀ ਡਿੱਗੀ ਵਿੱਚ ਰੱਖੇ ਡੱਬੇ ਵਿੱਚੋਂ ਇੱਕ ਪੈਕਟ ਕੱਢ ਕੇ ਮੇਰੇ ਮੋਹਰੇ ਲਿਆ ਧਰਿਆ।
ਉੱਥੇ ਨਾਲ ਵਾਲੀ ਟੁੱਟੀ ਜਿਹੀ ਕੁਰਸੀ ਉੱਤੇ ਬੈਠੇ ਲੜਕੇ ਨੂੰ ਮੈਂ ਪੁੱਛਿਆ ਕਿ ਆਹ ਕਾਰ ਚਾਹ ਵਾਲੀ ਲੜਕੀ ਦੀ ਹੈ? ਉਸਨੇ ਹਾਂ ਵਿੱਚ ਜਵਾਬ ਦਿੱਤਾ। ਫਿਰ ਮੈਂ ਚਾਹ ਵਾਲੀ ਔਰਤ ਨਾਲ ਗੱਲ ਤੋਰ ਲਈ। ਉਸਦਾ ਪਿੱਛਾ ਊਨੇ ਤੋਂ ਹੈ। ਅਣਵੰਡੇ ਪੰਜਾਬ ਵੇਲੇ ਉਸਦੇ ਪਤੀ ਨੇ ਸੈਕਟਰ 22 ਦੀ ਅੰਦਰਲੀ ਸੜਕ ਦੇ ਇੱਕ ਦਰੱਖਤ ਥੱਲੇ ਸਾਈਕਲਾਂ ਨੂੰ ਪੈਂਚਰ ਲਾਉਣ ਦੀ ਦੁਕਾਨ ਦਾ ਲਾਈਸੈਂਸ ਲੈ ਰੱਖਿਆ ਸੀ। ਢਾਈ ਸਾਲ ਪਹਿਲਾਂ ਪਤੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਤਾਂ ਔਰਤ ਨੇ ਲਾਈਸੈਂਸ ਚਾਹ ਸਟਾਲ ਵਿੱਚ ਤਬਦੀਲ ਕਰਾ ਲਿਆ।
ਮੇਰੀ ਨਜ਼ਰ ਵਾਰ ਵਾਰ ਸਫਾਰੀ ਉੱਤੇ ਜਾ ਰੁਕਦੀ। ਉਸ ਔਰਤ ਨੇ ਦੱਸਿਆ ਕਿ ਉਸਦੇ ਪਤੀ ਨੇ ਸਾਈਕਲਾਂ ਨੂੰ ਪੈਂਚਰ ਲਾਉਣ ਦੇ ਕਾਰੋਬਾਰ ਵਿੱਚੋਂ ਮੋਹਾਲੀ ਨਾਲ ਲਗਦੇ ਪਿੰਡ ਝਾਮਪੁਰ ਵਿੱਚ 150 ਗਜ਼ ਦਾ ਪਲਾਟ ਛੱਤ ਲਿਆ ਸੀ। ਹੁਣ ਸਫਾਰੀ ਉਸਨੇ ਸਮਾਨ ਢੋਣ ਲਈ ਲੈ ਲਈ ਹੈ। ਟੁੱਟੀ ਜਿਹੀ ਕੁਰਸੀ ਉੱਤੇ ਬੈਠਾ ਲੜਕਾ ਉਸਦਾ ਦਿਉਰ ਸੀ, ਜਿਸ ਨੂੰ ਉਸਨੇ ਡਰਾਈਵਰ ਰੱਖਿਆ ਹੋਇਆ ਹੈ। ਮੈਂ ਕਿਹਾ, ਭਾਈ ਬੜੀ ਵੱਡੀ ਹਿੰਮਤ ਹੈ ਕਿ ਪਤੀ ਨੇ ਸਾਈਕਲਾਂ ਨੂੰ ਪੈਂਚਰ ਲਾ ਕੇ ਕੋਠੀ ਖੜ੍ਹੀ ਕਰ ਲਈ ਅਤੇ ਤੂੰ ਚਾਹ ਦੇ ਕਾਰੋਬਾਰ ਵਿੱਚੋਂ ਸਫਾਰੀ ਲੈ ਲਈ। ਉਹ ਇੰਨਾ ਕਹਿੰਦਿਆਂ, “ਬੰਦਾ ਕੰਮ ਕਰਨ ਵਾਲਾ ਹੋਵੇ, ਰੱਬ ਥੋੜ ਨਹੀਂ ਰੱਖਦਾ।” ਆਟਾ ਗੁੰਨਣ ਲੱਗ ਪਈ। ਮੈਨੂੰ ਯਾਦ ਹੈ ਮੋਹਾਲੀ ਦੀ ਜਿਸ ਫਲਾਂ ਵਾਲੀ ਰੇਹੜੀ ਤੋਂ ਮੈਂ ਕਿਸੇ ਸਮੇਂ ਕੇਲੇ ਖਰੀਦਿਆ ਕਰਦਾ ਸੀ, ਉਸ ਦੇ ਮਾਲਕ ਨੇ ਵੀ ਸੈਕਟਰ 70 ਅੰਦਰ ਪੈਂਦੇ ਪਿੰਡ ਕੁੰਬੜਾ ਵਿੱਚ ਆਪਣਾ ਫਲੈਟ ਲੈ ਰੱਖਿਆ ਸੀ। ਉਹ ਵੀ ਇਹੋ ਕਿਹਾ ਕਰਦਾ ਸੀ ਕਿ ਬੰਦਾ ਕੰਮ ਕਰਨ ਵਾਲਾ ਹੋਵੇ, ਰੱਬ ਹੱਕ ਨਹੀਂ ਰੱਖਦਾ। ਪਰ ਉਸ ਨੂੰ ਹਿਰਖ ਸੀ ਕਿ ਆਮ ਲੋਕ ਤਾਂ ਦੋ ਚਾਰ ਰੁਪਏ ਦਿਨ ਸੁਦ ’ਤੇ ਹਥੇਲੀ ਉੱਤੇ ਰੱਖ ਜਾਂਦੇ ਸਨ ਪਰ ਪੁਲਿਸ ਵਾਲੇ ਹਨ ਕਿ ਉਹ ਆਪਣੀ ਕਮੀਜ਼ ਦੀਆਂ ਢੱਕਣ ਲੱਗੀਆਂ ਜੇਬਾਂ ਦੇ ਬਟਨ ਨਹੀਂ ਖੋਲ੍ਹਦੇ। ਇੱਕ ਵਾਰ ਜਿਹੜਾ ਪੈਸਾ ਜੇਬ ਵਿੱਚ ਪਾ ਲਿਆ, ਮਰਨੀ ਮਰ ਜਾਣਗੇ, ਪਰ ਬਾਹਰ ਨਹੀਂ ਕੱਢਦੇ।
ਮੇਰੀਆਂ ਅੱਖਾਂ ਮੋਹਰੇ ਐਕਸੀਅਨ ਧਾਰੀਵਾਲ ਆ ਖੜ੍ਹਿਆ ਜਿਹੜਾ ਅਕਸਰ ਕਿਹਾ ਕਰਦਾ ਹੈ ਕਿ ਪੈਸਾ ਕਮਾਉਣਾ ਤਾਂ ਕੋਈ ਪੁਲਿਸ ਤੋਂ ਸਿੱਖੇ। ਪੰਜਾਬ ਪੁਲਿਸ ਵਾਲੇ ਖ਼ਾਕੀ ਕਮੀਜ਼ ਦੀਆਂ ਜੇਬਾਂ ਉੱਤੇ ਲੱਗੇ ਢੱਕਣ ਦੇ ਬਟਨ ਘੁੱਟ ਕੇ ਲਾਈ ਰੱਖਦੇ ਹਨ।
ਮੇਰੇ ਇੱਕ ਹੋਰ ਮਿੱਤਰ ਕਰਨਲ ਢਿੱਲੋਂ ਤਾਂ ਇੱਥੋਂ ਤਕ ਕਹਿ ਦਿੰਦੇ ਸਨ ਕਿ ਵੱਡੇ ਸਰਕਾਰੀ ਅਫਸਰ ਰਿਟਾਇਰ ਹੋਣ ਪਿੱਛੋਂ ਢੱਕਣ ਲੱਗੀਆਂ ਜੇਬਾਂ ਵਾਲੀਆਂ ਕਮੀਜ਼ਾਂ ਪਾਉਣ ਲਗਦੇ ਹਨ ਕਿਉਂਕਿ ਉਹਨਾਂ ਨੇ ਸਾਰੀ ਉਮਰ ਮੁਫਤ ਦਾ ਖਾਧਾ ਹੁੰਦਾ ਹੈ। ਰਿਟਾਇਰਮੈਂਟ ਪਿੱਛੋਂ ਜੇਬ ਵਿੱਚੋਂ ਪੈਸੇ ਕੱਢਣ ਦਾ ਹੀਆ ਨਹੀਂ ਪੈਂਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































