“ਕਿਸੇ ਰਿਸ਼ਤੇਦਾਰ ਨੇ ਕੁੜੀ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੇਰੀ ਮਾਂ ਨੇ ਤਾਂ ਜਾਇਦਾਦ ਦੀ ਵਸੀਅਤ ਤੇਰੇ ਭਰਾ ਦੇ ਨਾਂ ...”
(5 ਅਕਤੂਬਰ 2024)
ਚੰਡੀਗੜ੍ਹ ਦੇ ਇੱਕ ਪ੍ਰਕਾਸ਼ਕ ਨੇ ਸਾਲਾਂ ਵਿੱਚ ਹੀ ਵੱਡਾ ਕਾਰੋਬਾਰ ਖੜ੍ਹਾ ਕਰ ਲਿਆ ਹੈ। ਕਿਤਾਬਾਂ ਛਪਵਾਉਣ ਵਾਲੇ ਲੇਖਕਾਂ ਦੀ ਜਿੱਥੇ ਪਹਿਲਾਂ ਮੁਹਾਲੀ ਦੇ ਇੱਕ ਪ੍ਰਕਾਸ਼ਕ ਕੋਲ ਮਹਿਫਲ ਜੁੜੀ ਰਹਿੰਦੀ ਸੀ, ਹੁਣ ਚੰਡੀਗੜ੍ਹ ਦੇ ਇਸ ਪ੍ਰਕਾਸ਼ਕ ਕੋਲ ਗੇੜਾ ਵਧ ਗਿਆ ਹੈ। ਪ੍ਰਕਾਸ਼ਕ ਹਿਸਾਬ ਕਿਤਾਬ ਦਾ ਹੈ ਬੜਾ ਕੋਰਾ, ਜ਼ਬਾਨ ਦਾ ਵੀ ਪੱਕਾ। ਉਹਦੀ ਇੱਕ ਖਾਸੀਅਤ ਇਹ ਵੀ ਹੈ ਕਿ ਆਪਣੇ ਕੰਮ ਲਈ ਲੇਖਕਾਂ ਨੂੰ ਉਹਦੇ ਦਰ ’ਤੇ ਗੇੜੇ ਨਹੀਂ ਮਰਨੇ ਪੈਂਦੇ।
ਇਸ ਪ੍ਰਕਾਸ਼ਕ ਨੇ ਹੁਣੇ ਹੁਣੇ ਪੁਸਤਕਾਂ ਛਪਵਾਉਣ ਵਾਲੇ ਲੇਖਕਾਂ ਨਾਲ ਰੂਬਰੂ ਸ਼ੁਰੂ ਕੀਤਾ ਹੈ। ਉਸਦੇ ਯੂਟੀਊਬ ਚੈਨਲ ’ਤੇ ਹਰ ਹਫਤੇ ਨਵੇਂ ਪੁਰਾਣੇ ਦੋ ਚਾਰ ਲੇਖਕਾਂ ਦੀਆਂ ਇੰਟਰਵਿਊ ਸੁਣਨ ਨੂੰ ਮਿਲ ਜਾਂਦੀਆਂ ਹਨ। ਕਦੇ ਕਦੇ ਕਿਸੇ ਮੁਲਾਕਾਤ ਵਿੱਚ ਇੰਨੀ ਅਪਣੱਤ ਹੁੰਦੀ ਹੈ ਕਿ ਉਹ ਕਈ ਕਈ ਦਿਨ ਤੁਹਾਨੂੰ ਨਾਲ ਲੈ ਤੁਰਦੀ ਹੈ। ਅੱਜ ਮੈਂ ਉਸੇ ਪ੍ਰਕਾਸ਼ਕ ਵੱਲੋਂ ਇੱਕ ਸੇਵਾ ਮੁਕਤ ਸੈਸ਼ਨ ਜੱਜ ਨਾਲ ਕੀਤੀ ਇੰਟਰਵਿਊ ਸੁਣ ਰਿਹਾ ਸੀ। ਮੁਲਾਕਾਤ ਵਿੱਚ ਪੁੱਛੇ ਸਵਾਲਾਂ ਦਾ ਜ਼ਿਆਦਾ ਵਾਹ ਵਾਸਤਾ ਚਾਹੇ ਨਿਆਂਪਾਲਿਕਾ ਨਾਲ ਨਹੀਂ ਸੀ ਪਰ ਪ੍ਰਕਾਸ਼ਕ ਨੇ ਕਾਨੂੰਨ ਅਤੇ ਆਮ ਪਰਿਵਾਰਾਂ ਵਿੱਚ ਹੁੰਦੇ ਝਗੜਿਆਂ ਨੂੰ ਲੈ ਕਈ ਸਵਾਲ ਪੁੱਛੇ। ਪ੍ਰਕਾਸ਼ਕ ਨੇ ਲੇਖਕ ਜੱਜ ਦੇ ਤਜਰਬੇ ਦਾ ਪੂਰਾ ਲਾਹਾ ਲਿਆ।
ਜੱਜ ਸਾਹਿਬ ਦੱਸ ਰਹੇ ਸਨ ਕਿ ਉਹ ਨੌਕਰੀ ਦੌਰਾਨ ਪੇਂਡੂ ਪਿਛੋਕੜ ਵਾਲੇ ਲੋਕਾਂ ਨਾਲ ਜ਼ਿਆਦਾ ਕਰਕੇ ਪੰਜਾਬੀ ਵਿੱਚ ਗੱਲ ਕਰਦੇ ਰਹੇ ਹਨ। ਆਮ ਰਵਾਇਤ ਦੇ ਉਲਟ ਉਹ ਅਦਾਲਤ ਵਿੱਚ ਹੀ ਮੁਲਜ਼ਮਾਂ ਨੂੰ ਬੈਠਣ ਲਈ ਕੁਰਸੀ ਵੀ ਆਫਰ ਕਰਦੇ ਰਹੇ ਹਨ। ਪ੍ਰਕਾਸ਼ਕ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਜੱਜ ਸਾਹਿਬ ਨੇ ਦੱਸਿਆ ਕਿ ਇੱਕ ਗਬਨ ਦੇ ਕੇਸ ਦੀ ਆਖਰੀ ਸੁਣਵਾਈ ਵੇਲੇ ਫੈਸਲਾ ਸੁਣਾਉਣ ਤੋਂ ਪਹਿਲਾਂ ਮੁਲਜ਼ਮ ਨੰਬਰਦਾਰ ਨੂੰ ਬੈਠਣ ਲਈ ਕੁਰਸੀ ਦੇ ਦਿੱਤੀ। ਨੰਬਰਦਾਰ ਕਾਫੀ ਬਜ਼ੁਰਗ ਦਿਸ ਰਿਹਾ ਸੀ। ਦੋਸ਼ੀ ਨੰਬਰਦਾਰ ਨੇ ਜੱਜ ਮੋਹਰੇ ਖੜ੍ਹੇ ਹੋ ਕੇ ਹੱਥ ਜੋੜ ਦਿੱਤੇ। ਲੇਖਕ ਜੱਜ ਨੇ ਜਦੋਂ ਦੋਸ਼ੀ ਨੂੰ ਦੱਸਿਆ ਕਿ ਉਸ ਨੂੰ ਤਾਂ ਉਹਨੇ ਸਜ਼ਾ ਸੁਣਾ ਕੇ ਜੇਲ੍ਹ ਭੇਜਣ ਦਾ ਹੁਕਮ ਕੀਤਾ ਹੈ ਤਾਂ ਨੰਬਰਦਾਰ ਦੋਵੇਂ ਹੱਥ ਜੋੜ ਕੇ ਤਰੱਕੀ ਲਈ ਆਸ਼ੀਰਵਾਦ ਦੇਣ ਲੱਗ ਪਿਆ। ਦੋਸ਼ੀ ਨੰਬਰਦਾਰ ਕਹਿ ਰਿਹਾ ਸੀ, “ਜੀ ਸਜ਼ਾ ਦੀ ਕੋਈ ਗੱਲ ਨਹੀਂ, ਗੱਲ ਤੁਹਾਡੇ ਵੱਲੋਂ ਦਿੱਤੇ ਮਾਣ ਤਾਣ ਦੀ ਹੈ।”
ਜੱਜ ਸਾਹਿਬ ਵੱਲੋਂ ਸੁਣਾਈ ਅਗਲੀ ਕਹਾਣੀ ਨੇ ਤਾਂ ਹੋਰ ਵੀ ਭਾਵੁਕ ਕਰ ਦਿੱਤਾ। ਉਹ ਕਹਿ ਰਿਹਾ ਸੀ ਕਿ ਇੱਕ ਬਜ਼ੁਰਗ ਮਾਂ ਬਾਪ ਨੇ ਆਪਣੀ ਸਾਰੀ ਜਾਇਦਾਦ ਜਦੋਂ ਦੋਂਹ ਬੇਟਿਆਂ ਦੇ ਨਾਂ ਲਾ ਦਿੱਤੀ ਤਾਂ ਬੇਟਿਆਂ ਨੂੰ ਮਾਪੇ ਘਰ ਵਿੱਚ ਭਾਰ ਲੱਗਣ ਲੱਗੇ। ਭਾਈਚਾਰਾ ਜੁੜਿਆ, ਪੰਚਾਇਤਾਂ ਹੋਈਆਂ ਪਰ ਪੁੱਤ ਮਾਪਿਆਂ ਨੂੰ ਘਰ ਵਿੱਚ ਰੱਖਣ ਨੂੰ ਤਿਆਰ ਨਾ ਹੋਏ। ਆਖਰ ਮਾਮਲਾ ਸੈਸ਼ਨ ਜੱਜ ਅਦਾਲਤ ਵਿੱਚ ਪਹੁੰਚ ਗਿਆ। ਜੱਜ ਸਾਹਿਬ ਨੇ ਬੱਚਿਆਂ ਦੇ ਖਿਲਾਫ ਕੋਈ ਫੈਸਲਾ ਦੇਣ ਤੋਂ ਪਹਿਲਾਂ ਮਾਂ ਬਾਪ ਦੀ ਇੱਜ਼ਤ ਕਰਨ ਲਈ ਬੱਚਿਆਂ ਨੂੰ ਸਮਝਾਇਆ। ਜੱਜ ਸਾਹਿਬ ਦੱਸ ਰਹੇ ਸਨ ਕਿ ਉਹ ਨਿੱਜੀ ਤੌਰ ’ਤੇ ਮਹਿਸੂਸ ਕਰਦੇ ਹਨ ਕਿ ਕਈ ਵਾਰੀ ਫੈਸਲਾ ਦੇਣ ਨਾਲ ਫਾਸਲਾ ਵਧ ਜਾਂਦਾ ਹੈ, ਇਸ ਲਈ ਉਹਨਾਂ ਨੇ ਬੇਟਿਆਂ ਨੂੰ ਮਾਪਿਆਂ ਦੀ ਸੇਵਾ ਕਰਨ ਵੱਟੇ ਮਿਲੇ ਮੇਵੇ ਦੀਆਂ ਕਈ ਉਦਾਹਰਣਾਂ ਦੇ ਕੇ ਸਮਝਾਉਣਾ ਚਾਹਿਆ। ਅੰਤ ਨੂੰ ਵੱਡਾ ਬੇਟਾ ਆਪਣੀ ਬੇਬੇ ਅਤੇ ਛੋਟਾ ਬਾਪੂ ਨੂੰ ਰੱਖਣ ਲਈ ਰਾਜ਼ੀ ਹੋ ਗਿਆ। ਜੱਜ ਸਾਹਿਬ ਦੱਸ ਰਹੇ ਸਨ ਕਿ ਦੋਹਾਂ ਬੱਚਿਆਂ ਦਾ ਵਿਹਾਰ ਦੇਖ ਕੇ ਉਨ੍ਹਾਂ ਦੀਆਂ ਆਪਣੀਆਂ ਅੱਖਾਂ ਵਿੱਚ ਅੱਥਰੂ ਆ ਗਏ ਸਨ। ਉਹਨਾਂ ਨੇ ਆਪਣੀ ਐਨਕ ਉੱਪਰ ਨੂੰ ਉਠਾ ਕੇ ਜਦੋਂ ਰੁਮਾਲ ਨਾਲ ਅੱਖਾਂ ਪੂੰਝਣ ਤੋਂ ਬਾਅਦ ਕੁਝ ਕਹਿਣਾ ਚਾਹਿਆ ਤਾਂ ਬੇਬੇ ਬਾਪੂ ਆਪਣੇ ਪੁੱਤਰਾਂ ਵੱਲ ਹੱਥ ਜੋੜੀ ਖੜ੍ਹੇ ਸਨ। ਦੋਹਾਂ ਦੇ ਮੂੰਹ ਵਿੱਚੋਂ ਇਕੱਠਿਆਂ ਹੀ ਨਿਕਲਿਆ, “ਪੁੱਤਰੋ! ਬੇਹੀ ਰੋਟੀ ਦਾ ਅੱਧਾ ਟੁੱਕ ਦੇ ਦਿਓ ਪਰ ਜਿਉਂਦੇ ਜੀ ਸਾਨੂੰ ਵੰਡਿਓ ਨਾ।”
ਇਸ ਤੋਂ ਅੱਗੇ ਮੇਰੇ ਵਿੱਚ ਮੁਲਾਕਾਤ ਦੇਖਣ ਦੀ ਹਿੰਮਤ ਨਾ ਪਈ। ਮੇਰੀਆਂ ਅੱਖਾਂ ਮੋਹਰੇ ਸਾਡੇ ਪਿੰਡ ਉੜਾਪੜ ਦੇ ਚੂੰਧਿਆਂ ਦੀ ਧਾਂਤੀ ਅਤੇ ਉਸਦਾ ਪਤੀ ਰੁਲਦਾ ਸਿੰਘ ਆ ਖੜ੍ਹੇ, ਜਿਹਨਾਂ ਦੇ ਦੋਵੇਂ ਪੁੱਤਰਾਂ ਨੇ ਮਾਪਿਆਂ ਨੂੰ ਇੱਕ ਮਹੀਨੇ ਵਿੱਚੋਂ 15-15 ਦਿਨ ਆਪਣੇ ਕੋਲ ਰੱਖ ਕੇ ਰੋਟੀ ਦੇਣੀ ਤਾਂ ਮੰਨ ਲਈ ਪਰ ਇਕੱਤੀਆਂ ਦਿਨਾਂ ਵਾਲੇ ਮਹੀਨੇ ਦੇ ਇਕੱਤੀਵੇਂ ਦਿਨ ਨੂੰ ਲੈ ਕੇ ਰੌਲਾ ਪੈ ਗਿਆ ਸੀ। ਆਖਿਰ ਨੂੰ ਮਹੀਨੇ ਦੇ 31ਵੇਂ ਦਿਨ ਨੂੰ ਮਾਪਿਆਂ ਵੱਲੋਂ ਵਰਤ ਰੱਖਣ ਦੀ ਪੇਸਕਸ਼ ਕਰਕੇ ਰੌਲਾ ਮੁਕਾ ਲਿਆ ਗਿਆ ਸੀ।
ਉਸ ਤੋਂ ਬਾਅਦ ਧਾਂਤੀ ਅਤੇ ਰੁਲਦਾ ਸਿੰਘ ਨੇ ਮੌਤ ਤੋਂ ਬਾਅਦ ਪਾਏ ਜਾਣ ਵਾਲੇ ਕੱਪੜੇ ਸੁਆ ਕੇ ਟਰੰਕ ਵਿੱਚ ਰੱਖ ਲਏ ਸਨ। ਆਪਣੇ ਜਿਉਂਦੇ ਜੀ ਅੰਤਿਮ ਅਰਦਾਸ ਦਾ ਭੋਗ ਵੀ ਪਾ ਲਿਆ। ਉਹਨਾਂ ਨੇ ਲੰਗਰ ਵਿੱਚ ਜਲੇਬੀਆਂ ਵੀ ਪਾਈਆਂ ਅਤੇ ਘਰਾਂ ਲਈ ਪਰੋਸਾ ਵੀ ਦਿੱਤਾ। ਪਿੰਡ ਵਾਸੀ ਹੈਰਾਨ ਤਾਂ ਉਦੋਂ ਹੋਏ ਜਦੋਂ ਉਹਨਾਂ ਦੇ ਦੋਵੇਂ ਪੁੱਤਰਾਂ ਦਾ ਪਰਿਵਾਰ ਪ੍ਰਾਹੁਣਿਆਂ ਦੀ ਤਰ੍ਹਾਂ ਲੰਗਰ ਛਕ ਕੇ ਤੁਰਦੇ ਬਣੇ।
ਫਿਰ ਮੈਨੂੰ ਅਸਮਾਨਪੁਰ ਵਾਲੀ ਮਾਸੀ ਦੀ ਬਹੂ ਨਿਰਮਲਾ ਭਾਬੀ ਦਾ ਆਖਰੀ ਮੌਕਾ ਯਾਦ ਆ ਗਿਆ। ਨਿਰਮਲਾ ਭਾਬੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ। ਉਹਨੇ ਬੱਚਿਆਂ ਦੇ ਆਸਰੇ ਰੰਡੇਪਾ ਕੱਟ ਲਿਆ। ਨਿਰਮਲਾ ਭਾਬੀ ਦੀ ਕਰੋਨਾ ਵੇਲੇ ਥੋੜ੍ਹਾ ਚਿਰ ਬਿਮਾਰ ਰਹਿਣ ਪਿੱਛੋਂ ਮੌਤ ਹੋ ਗਈ ਸੀ। ਉਹਦੇ ਇੰਗਲੈਂਡ ਰਹਿੰਦੇ ਬੇਟੇ ਨੇ ਉੱਥੋਂ ਦੀ ਗੋਰੀ ਨਾਲ ਵਿਆਹ ਕਰਾ ਲਿਆ ਸੀ, ਜਿਸ ਕਰਕੇ ਉਸਦਾ ਮਾਂ ਕੋਲ ਗੇੜਾ ਘੱਟ ਵੱਧ ਹੀ ਵੱਜਦਾ। ਇਸ ਵਾਰ ਉਹ ਮਾਂ ਦੇ ਆਖਰੀ ਸਮੇਂ ਤੋਂ ਕੁਝ ਦਿਨ ਪਹਿਲਾਂ ਇੱਧਰ ਆ ਗਿਆ ਜਦੋਂ ਕਿ ਬੇਟੀ ਡੁਬਈ ਤੋਂ ਸਸਕਾਰ ਵਾਲੇ ਦਿਨ ਹੀ ਪਹੁੰਚੀ ਸੀ। ਨਿਰਮਲਾ ਭਾਬੀ ਦੇ ਪਤੀ ਲਾਜਵੰਤ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਹਜੂਰਾ ਸਿੰਘ ਨੇ ਰਹਿਣ ਲਈ ਘਰ ਅਤੇ ਰੋਟੀ ਖਾਣ ਲਈ ਚਾਰ ਸਿਆੜ ਦੇ ਦਿੱਤੇ ਸਨ। ਪਰ ਨਾਲ ਰੱਖਣ ਤੋਂ ਕੋਰੀ ਨਾ ਕਰ ਦਿੱਤੀ ਸੀ।
ਨਿਰਮਲਾ ਭਾਬੀ ਦੀ ਆਖਰੀ ਯਾਤਰਾ ਲਈ ਅਰਥੀ ਮੋਢਿਆਂ ਉੱਤੇ ਚੁੱਕਣ ਵੇਲੇ ਕਿਸੇ ਰਿਸ਼ਤੇਦਾਰ ਨੇ ਕੁੜੀ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੇਰੀ ਮਾਂ ਨੇ ਤਾਂ ਜਾਇਦਾਦ ਦੀ ਵਸੀਅਤ ਤੇਰੇ ਭਰਾ ਦੇ ਨਾਂ ਕਰ ਦਿੱਤੀ ਹੈ। ਧੀ ਮਾਂ ਦੀ ਦੇਹ ਨੂੰ ਅਰਥੀ ’ਤੇ ਪਿਆ ਛੱਡ ਕੇ ਏਅਰਪੋਰਟ ਨੂੰ ਭੱਜ ਤੁਰੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5336)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.