“ਜ਼ਿਆਦਾਤਰ ਪੰਜਾਬੀ ਭਾਜਪਾ ਨੂੰ ਆਰਐੱਸਐੱਸ ਨਾਲ ਹੀ ਜੋੜ ਕੇ ਦੇਖਦੇ ਹਨ। ਕਿਸੇ ਹੱਦ ਤਕ ਇਹ ...”
(24 ਨਵੰਬਰ 2024)
ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਅਤੇ ਫਿਰ 2024 ਦੀਆਂ ਮੁਲਕ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ। ਕਿਹਾ ਜਾਣਾ ਬਣਦਾ ਹੈ ਕਿ ਵਿੱਚ-ਵਿਚਾਲੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਵੋਟਰਾਂ ਨੇ ਭਾਜਪਾ ਨੂੰ ਮੂੰਹ ਨਹੀਂ ਲਾਇਆ। ਅੱਜ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਵਿੱਚ ਭਾਜਪਾ ਤਿੰਨ ਕੌਮੀ ਪਾਰਟੀਆਂ ਵਿੱਚੋਂ ਪਛੜੀ ਰਹੀ ਹੈ। ਸੱਚ ਤਾਂ ਇਹ ਹੈ ਕਿ ਪੰਜਾਬ ਅੰਦਰ ਭਾਜਪਾ ਨਾ ਤਿੰਨਾਂ ਵਿੱਚ, ਨਾ ਤੇਰਾਂ ਵਿੱਚ ਗਿਣੀ ਜਾਂਦੀ ਹੈ। ਇਹ ਚਾਰ ਜ਼ਿਮਨੀ ਹਲਕਿਆਂ ਦੇ ਵਿਧਾਇਕਾਂ ਦੇ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਸੀਟਾਂ ਖਾਲੀ ਹੋਈਆਂ ਸਨ। ਤਿੰਨ ਹਲਕੇ ਕਾਂਗਰਸ ਦੇ ਅਤੇ ਇੱਕ ਹਲਕਾ ਭਾਜਪਾ ਦੇ ਐੱਮਐੱਲਏ ਦੇ ਲੋਕ ਸਭਾ ਦੇ ਮੈਂਬਰ ਚੁਣੇ ਜਾਣ ਨਾਲ ਚੋਣ ਕਰਾਉਣੀ ਪੈ ਗਈ ਸੀ। ਇਹਨਾਂ ਚੋਣਾਂ ਨੇ ਤਸਵੀਰ ਬਿਲਕੁਲ ਉਲਟੀ ਕਰ ਦਿੱਤੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਤਿੰਨ ਐੱਮਐੱਲਏ ਚੋਣ ਜਿੱਤ ਗਏ ਹਨ ਜਦੋਂ ਕਿ ਕਾਂਗਰਸ ਨੂੰ ਇੱਕ ਨਾਲ ਸਬਰ ਕਰਨਾ ਪਿਆ ਹੈ। ਸੰਖੇਪ ਵਿੱਚ ਕਹਿਣਾ ਹੋਵੇ ਤਾਂ ਇਹ ਕਿ ਆਮ ਆਦਮੀ ਪਾਰਟੀ ਉੱਪਰ ਗਈ ਹੈ ਅਤੇ ਕਾਂਗਰਸ ਦਾ ਗਰਾਫ ਹੇਠਾਂ ਆਇਆ ਹੈ। ਪਰ ਕਾਂਗਰਸ ਕੋਲ ਦਿਲ ਨੂੰ ਧਰਵਾਸ ਦੇਣ ਲਈ ਇਹ ਬਹਾਨਾ ਕਾਫੀ ਹੋਵੇਗਾ ਕਿ ਜ਼ਿਮਨੀ ਚੋਣਾਂ ਆਮ ਕਰਕੇ ਸਰਕਾਰਾਂ ਹੀ ਜਿੱਤਦੀਆਂ ਰਹੀਆਂ ਹਨ। ਇਸ ਗੱਲ ਨੂੰ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਬਹੁਤ ਵਾਰੀ ਧੂੜ ਤਾਂ ਆਪਣੇ ਚਿਹਰੇ ਉੱਤੇ ਜੰਮੀ ਹੁੰਦੀ ਹੈ ਪਰ ਜ਼ਿਆਦਾਤਰ ਲੋਕ ਸਾਫ ਸ਼ੀਸ਼ਾ ਕਰਦੇ ਰਹਿੰਦੇ ਹਨ।
ਪੰਜਾਬ ਦੇ ਚਾਰ ਜ਼ਿਮਨੀ ਚੋਣ ਹਲਕਿਆਂ ਲਈ 45 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਸਭ ਤੋਂ ਵੱਡੀ ਗੱਲ ਇਹ ਕਿ ਆਮ ਆਦਮੀ ਦੋ ਭਾੜੇ ਦੇ ਉਮੀਦਵਾਰਾਂ ਨਾਲ ਜਿੱਤ ਗਈ। ਕਾਂਗਰਸ ਦੇ ਆਪਣੇ ਤਿੰਨ ਟਕਸਾਲੀ ਉਮੀਦਵਾਰਾਂ ਵਿੱਚੋਂ ਇੱਕ ਹੀ ਸੀਟ ਕੱਢ ਸਕਿਆ। ਭਾਜਪਾ ਨੇ ਚਾਰੋਂ ਸੀਟਾਂ ਮੰਗਵੇਂ ਉਮੀਦਵਾਰਾਂ ਦੇ ਸਿਰ ’ਤੇ ਲੜੀਆਂ ਪਰ ਗੱਲ ਫਿਰ ਵੀ ਨਾ ਬਣ ਸਕੀ। ਆਮ ਆਦਮੀ ਪਾਰਟੀ ਦੇ ਹਲਕਾ ਗਿੱਦੜਬਾਹਾ ਤੋਂ ਢਿੱਲੋਂ ਦਾ ਪਿਛੋਕੜ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ। ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਉਮੀਦਵਾਰ ਦੇ ਪਿਤਾ ਰਾਜ ਕੁਮਾਰ ਚੱਬੇਵਾਲ ਲੋਕ ਸਭਾ ਚੋਣਾਂ ਵੇਲੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਭਾਰਤੀ ਜਨਤਾ ਪਾਰਟੀ ਨੇ ਚਾਰੇ ਹਲਕਿਆਂ ਤੋਂ ਮਜ਼ਬੂਤ ਸਿੱਖ ਚਿਹਰੇ ਮੈਦਾਨ ਵਿੱਚ ਉਤਾਰੇ ਸਨ ਪਰ ਫਿਰ ਵੀ ਹਾਰ ਨਸੀਬ ਹੋਈ। ਟਕਸਾਲੀ ਭਾਜਪਾਈਆਂ ਨੇ ਕਾਂਗਰਸ ਵਿੱਚੋਂ ਸ਼ਾਮਿਲ ਹੋਏ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਵਿੱਚੋਂ ਸੋਹਣ ਸਿੰਘ ਠੰਡਲ ਸਮੇਤ ਕਰਨ ਸਿੰਘ ਕਾਹਲੋਂ ਦੀ ਉਮੀਦਵਾਰੀ ਉੱਤੇ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਹੈ। ਕਾਂਗਰਸ ਵੱਲੋਂ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਲੋਕ ਸਭਾ ਦੇ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਆਮ ਆਦਮੀ ਪਾਰਟੀ ਨੂੰ ਕਾਟ ਨਾ ਦੇ ਸਕੀ। ਕਾਂਗਰਸ ਕੇਵਲ ਬਰਨਾਲਾ ਦੀ ਸੀਟ ਕੱਢ ਸਕੀ ਹੈ ਜਦੋਂ ਕਿ ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਸਭ ਨਾਲੋਂ ਔਖਾ ਪੇਚਾ ਗਿੱਦੜਵਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਪਿਆ ਰਿਹਾ ਹੈ। ਬਰਨਾਲਾ ਦੇ ਨਤੀਜੇ ਹੈਰਾਨੀਜਨਕ ਰਹੇ ਹਨ। ਇੱਥੋਂ ਆਪ ਦੇ ਸਾਬਕਾ ਮੰਤਰੀ ਮੀਤ ਹੇਅਰ ਦੇ ਲੋਕ ਸਭਾ ਦੀ ਚੋਣ ਜਿੱਤਣ ਜਾਣ ਨਾਲ ਇਹ ਸੀਟ ਖਾਲੀ ਹੋਈ ਸੀ। ਇਸ ਵੇਲੇ ਆਪ ਦੇ ਸਰਕਾਰ ਵਿੱਚ 95, ਕਾਂਗਰਸ ਦੇ 16 ਅਤੇ ਭਾਜਪਾ ਤੇ ਅਕਾਲੀ ਦਲ ਦੇ ਦੋ ਦੋ ਵਿਧਾਇਕ ਹਨ। ਇੱਕ ਵਿਧਾਇਕ ਬਸਪਾ ਅਤੇ ਇੱਕ ਆਜ਼ਾਦ ਐੱਮਐੱਲਏ ਹੈ।
ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਚਾਰੋਂ ਉਮੀਦਵਾਰਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਦਮ ਉੱਤੇ ਚੋਣ ਲੜੀ ਹੈ। ਇੱਥੋਂ ਤਕ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹਨਾਂ ਹਲਕਿਆਂ ਦਾ ਗੇੜਾ ਤਕ ਨਹੀਂ ਲਾਇਆ ਹੈ ਅਤੇ ਨਾ ਹੀ ਇੱਕ ਵਾਰ ਵੀ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਵਿੱਚੋਂ ਇੱਕ-ਦੋ ਪ੍ਰਚਾਰ ਲਈ ਆਏ ਜਦੋਂ ਕਿ ਕਾਂਗਰਸ ਦੀ ਲੀਡਰਸ਼ਿੱਪ ਦੂਰ ਰਹੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਲੋਕਾਂ ਨੂੰ ਮੁੜ ਤੋਂ ਪ੍ਰੇਰਿਆ। ਆਮ ਕਰਕੇ ਜ਼ਿਮਨੀ ਚੋਣਾਂ ਵਿੱਚ ਕੌਮੀ ਪਾਰਟੀਆਂ ਦੀ ਸਿਆਸੀ ਲੀਡਰਸ਼ਿੱਪ ਜ਼ਿਆਦਾ ਚੱਕਰ ਨਹੀਂ ਕੱਟਦੀ। ਦੋ ਕੌਮੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੀ ਉੱਪਰਲੀ ਲੀਡਰਸ਼ਿੱਪ ਮਹਾਰਾਸ਼ਟਰ ਅਤੇ ਉੱਤਰਾਖੰਡ ਦੀਆਂ ਚੋਣਾਂ ਨੂੰ ਪਹਿਲ ਦੇ ਰਹੀ ਸੀ ਜਿਹੜਾ ਕਿ ਸਿਆਸੀ ਸੂਝ ਅਨੁਸਾਰ ਬਣਦਾ ਵੀ ਸੀ। ਗੱਲ ਭਾਰਤੀ ਜਨਤਾ ਪਾਰਟੀ ਦੀ ਕਰੀਏ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਈ ਚਿਰ ਪਹਿਲਾਂ ਆਪਣਾ ਅਸਤੀਫਾ ਦੇ ਚੁੱਕੇ ਹਨ, ਜਿਹੜਾ ਕਿ ਮਨਜ਼ੂਰ ਨਹੀਂ ਕੀਤਾ ਗਿਆ ਹੈ। ਉਹ ਤਾਂ ਪਾਰਟੀ ਨੂੰ ਖਰੀਆਂ ਖਰੀਆਂ ਵੀ ਸੁਣਾ ਚੁੱਕੇ ਹਨ। ਪਰ ਕੌਣ ਆਖੇ ਰਾਣੀਏ ਅੱਗਾ ਢਕ। ਇੱਕ ਸੱਚ ਇਹ ਵੀ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਦੇ ਬੇੜੇ ਵਿੱਚ ਸਵਾਰ ਹੋਣ ਵਾਲਿਆਂ ਵਿੱਚੋਂ ਲਗਭਗ ਸਾਰੇ ਹੀ ਆਪਣੇ ਆਪ ਨੂੰ ਨਵੇਂ ਸੱਭਿਆਚਾਰ ਵਿੱਚ ਫਿੱਟ ਨਹੀਂ ਕਰ ਸਕੇ ਹਨ। ਦੋ ਤਿੰਨ ਕਾਂਗਰਸੀ ਲੀਡਰ. ਜਿਨ੍ਹਾਂ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂ ਲਿਆ ਜਾ ਸਕਦਾ ਹੈ, ਤਾਂ ਭਾਜਪਾ ਵਿੱਚੋਂ ਪਿਛਲੇ ਖੁਰੀ ਮੁੜ ਆਏ ਸਨ।
ਭਾਜਪਾ ਦੀ ਦਿੱਲੀ ਲੀਡਰਸ਼ਿੱਪ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਕਾਹਲ ਵਿੱਚ ਵੀ ਹੈ ਅਤੇ ਪੂਰੀ ਤਿਕੜਮਬਾਜ਼ੀ ਵੀ ਲੜਾ ਰਹੀ ਹੈ ਪਰ ਕਿਤੇ ਨਾ ਕਿਤੇ ਝੋਲ ਜ਼ਰੂਰ ਹੈ। ਪਿਛਲੇ 12 ਸਾਲਾਂ ਤੋਂ ਮੁਲਕ ਉੱਤੇ ਰਾਜ ਕਰਨ ਵਾਲੀ ਪਾਰਟੀ ਨੂੰ ਸਾਰੇ ਦਾਅ ਪੇਚ ਤਾਂ ਪੱਕੇ ਆਉਂਦੇ ਹੋਣਗੇ ਪਰ ਜਾਂ ਤਾਂ ਕੋਈ ਝਿਜਕ ਹੈ ਜਾਂ ਫਿਰ ਪੰਜਾਬੀਆਂ ਦਾ ਡਰ ਕਿ ਉਹ ਅੰਦਰੋਂ ਭਾਜਪਾ ਨੂੰ ਪਸੰਦ ਨਹੀਂ ਕਰਦੇ ਹਨ। ਜ਼ਿਆਦਾਤਰ ਪੰਜਾਬੀ ਭਾਜਪਾ ਨੂੰ ਆਰਐੱਸਐੱਸ ਨਾਲ ਹੀ ਜੋੜ ਕੇ ਦੇਖਦੇ ਹਨ। ਕਿਸੇ ਹੱਦ ਤਕ ਇਹ ਸਚਾਈ ਦੇ ਨੇੜੇ ਵੀ ਲਗਦਾ ਹੈ। ਦੂਜਾ ਇਹ ਕਿ ਪੰਜਾਬੀਆਂ ਨੂੰ ਭਾਜਪਾ ਦਾ ਹਿੰਦੂਤਵ ਦਾ ਏਜੰਡਾ ਹਜ਼ਮ ਨਹੀਂ ਹੋ ਰਿਹਾ।
ਭਾਰਤੀ ਜਨਤਾ ਪਾਰਟੀ ਨੇ ਅਕਤੂਬਰ ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਰਿਕਾਰਡ ਤੋੜ ਸੀਟਾਂ ਨਾਲ ਜਿੱਤੀਆਂ ਹਨ। ਸਾਲ 2014 ਦੀ ਹਰਿਆਣਾ ਦੀ ਚੋਣ ਵਿੱਚ ਭਾਜਪਾ ਆਪਣੇ ਦਮ ’ਤੇ ਸਰਕਾਰ ਬਣਾ ਗਈ ਸੀ ਪਰ ਉਸ ਤੋਂ ਪੰਜ ਸਾਲ ਬਾਅਦ 2019 ਵਿੱਚ ਜੇਜੇਪੀ ਦਾ ਸਹਾਰਾ ਲੈਣਾ ਪੈ ਗਿਆ ਸੀ। ਇਸ ਵਾਰ ਭਾਜਪਾ ਦੀ ਹਰਿਆਣਾ ਵਿੱਚ ਅਪਣਾਈ ਨਵੀਂ ਰਣਨੀਤੀ ਨੇ ਆਪਣੇ ਰੰਗ ਦਿਖਾਏ ਹਨ। ਹਰਿਆਣਾ ਵਿੱਚ ਭਾਜਪਾ ਨੇ ਚੋਣ ਵਿੱਚ ਜਾਟ ਭਾਈਚਾਰੇ ਦੀ ਥਾਂ ਪਛੜੀਆਂ ਸ਼੍ਰੇਣੀਆਂ ਵਿੱਚੋਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਜਿੱਤ ਲਈ ਹੈ। ਹਰਿਆਣਾ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰਾ ਵੀ ਭਾਜਪਾ ਦੇ ਹੱਕ ਵਿੱਚ ਭੁਗਤਦਾ ਦਿਸਿਆ ਹੈ। ਅਨੁਸੂਚਿਤ ਜਾਤੀਆਂ ਨੇ ਵੀ ਭਾਜਪਾ ਨਾਲ ਤੇਹ ਜਿਤਾਇਆ ਹੈ। ਭਾਜਪਾ ਪੰਜਾਬ ਵਿੱਚ ਜੇ ਇਹੋ ਪੱਤਾ ਖੇਡ ਲਵੇ ਤਦ ਘਾਟੇ ਦਾ ਸੌਦਾ ਨਹੀਂ ਰਹੇਗਾ। ਪੰਜਾਬ ਵਿੱਚ ਓਬੀਸੀ ਭਾਈਚਾਰਾ ਹਰਿਆਣਾ ਦਾ ਇਤਿਹਾਸ ਪੰਜਾਬ ਵਿੱਚ ਦੁਹਰਾਉਣ ਦੀ ਸਮਰੱਥਾ ਰੱਖਦਾ ਹੈ। ਜੇ ਇਹ ਗੱਲ ਪੁੱਗਦੀ ਨਾ ਲਗਦੀ ਤਦ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ਵਿੱਚ ਹਿੰਦੂ ਚਿਹਰੇ ਨੂੰ ਪਾਰਟੀ ਦੀ ਕਮਾਨ ਨਹੀਂ ਸੀ ਦਿੱਤੀ ਜਾਣੀ।
ਭਾਜਪਾ ਲਗਾਤਾਰ ਖੁੱਲ੍ਹਮ ਖੁੱਲ੍ਹਾ ਇਹ ਪ੍ਰਚਾਰ ਕਰਦੀ ਆ ਰਹੀ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨਾਲ ਵਿਸ਼ੇਸ਼ ਮੋਹ ਰੱਖਦੇ ਹਨ। ਉਨ੍ਹਾਂ ਨੇ ਕੁਝ ਵੱਡੇ ਸਿੱਖ ਚਿਹਰਿਆਂ ਨੂੰ ਆਪਣੇ ਦਰ ਉੱਤੇ ਸੱਦ ਕੇ ਉਹਨਾਂ ਨਾਲ ਮੋਹ ਵੀ ਜਿਤਾਇਆ ਹੈ ਪਰ ਉਸ ਤੋਂ ਬਾਅਦ ਇਹ ਕੱਪੜਛਾਣ ਕਰਨ ਦੀ ਸ਼ਾਇਦ ਕਿਸੇ ਨੇ ਜ਼ਰੂਰਤ ਨਹੀਂ ਸਮਝੀ ਕਿ ਪ੍ਰਧਾਨ ਮੰਤਰੀ ਦਾ ਨਿਸ਼ਾਨਾ ਥਾਂ ਸਿਰ ਕਿਉਂ ਨਹੀਂ ਲੱਗ ਰਿਹਾ। ਵਿਧਾਨ ਸਭਾ ਹਲਕਾ ਗਿੱਦੜਵਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਇੱਕ ਇੰਟਰਵਿਊ ਦੌਰਾਨ ਇਹ ਦਾਅਵਾ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਮੇਰੇ ਸਾਹਮਣੇ ਬੈਠ ਕੇ ਸਿਰ ਨੀਵਾਂ ਕਰਦਿਆਂ ਕਿਹਾ ਸੀ ਕਿ ਉਹ ਸਿੱਖਾਂ ਨੂੰ ਇੱਥੇ ਬਿਠਾਉਣਾ ਚਾਹੁੰਦੇ ਹਨ। ਫਿਰ ਝੋਲ ਕਿੱਥੇ ਹੈ? ਸਿੱਖਾਂ ਦੇ ਮਨ ਵਿੱਚੋਂ ਬੇਗਾਨੇਪਨ ਦਾ ਅਹਿਸਾਸ ਕਿਉਂ ਨਹੀਂ ਜਾ ਰਿਹਾ? ਸਿੱਖਾਂ ਦੇ ਮਨ ਵਿੱਚ ਹਾਲੇ ਵੀ ਇਹ ਗੱਲ ਘਰ ਕਿਉਂ ਕਰੀ ਬੈਠੀ ਹੈ ਕਿ ਆਰਐੱਸਐੱਸ ਦਾ ਏਜੰਡਾ ਪੂਰੇ ਮੁਲਕ ਲਈ ਖਤਰਨਾਕ ਹੈ। ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿੱਪ ਜਾਂ ਹਾਈ ਕਮਾਂਡ ਵੱਲੋਂ ਮੋਹਰੇ ਕੀਤੇ ਵੱਡੇ ਸਿੱਖ ਚਿਹਰੇ ਢੁਕਵੀਂ ਭੂਮਿਕਾ ਨਿਭਾਉਣ ਵਿੱਚ ਅਸਫਲ ਰਹੇ ਹਨ ਜਾਂ ਇਹ ਉਹਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਭਾਜਪਾ ਨੂੰ ਸਭ ਤੋਂ ਪਹਿਲਾਂ ਟਕਸਾਲੀ ਭਾਜਪਾਈਆਂ ’ਤੇ ਟੇਕ ਰੱਖਣੀ ਪਵੇਗੀ। ਉਧਾਰ ਦੇ ਲੀਡਰਾਂ ਦੇ ਸਿਰ ’ਤੇ ਜੇਤੂ ਲੜਾਈ ਨਹੀਂ ਲੜੀ ਜਾ ਸਕਦੀ ਹੈ। ਜਦੋਂ ਤੋਂ ਭਾੜੇ ਦੇ ਲੀਡਰ ਮੋਹਰੇ ਕੀਤੇ ਹਨ, ਉਦੋਂ ਤੋਂ ਟਕਸਾਲੀ ਆਗੂਆਂ ਨੇ ਆਪਣੇ ਘਰ ਵੜ ਕੇ ਬੂਹਿਆਂ ਨੂੰ ਅੰਦਰੋਂ ਕੁੰਡਾ ਮਾਰ ਲਿਆ ਹੈ।
ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਦੋ ਢਾਈ ਸਾਲ ਦਾ ਵਕਫਾ ਪਿਆ ਹੈ। ਪੰਜਾਬ ਭਾਜਪਾ ਦੇ ਚਿਹਰੇ ਮੋਹਰੇ ਨੂੰ ਸੰਵਾਰਨ ਦੀ ਲੋੜ ਹੈ। ਜੇ ਭਾਜਪਾ ਸੱਚਮੁੱਚ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੀ ਕਲਾਵੇ ਵਿੱਚ ਲੈਣਾ ਚਾਹੁੰਦੀ ਹੈ ਤਦ ਨੀਤੀ ਬਦਲਣੀ ਪਵੇਗੀ। ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਦੇ ਮਨਾਂ ਵਿੱਚੋਂ ਬੇਗਾਨੇਪਣ ਦੀ ਭਾਵਨਾ ਕੱਢਣ ਲਈ ਪਹਿਲ ਕਰਨੀ ਪਵੇਗੀ। ਕਿਸਾਨੀ ਲਈ ਸਾਫ ਦਿਲ ਹੋ ਕੇ ਚੱਲਣਾ ਹੋਵੇਗਾ। ਭਾਜਪਾ ਪੰਜਾਬ ਵਿੱਚ ਜੇ ਇਵੇਂ ਹੀ ਡੰਗ ਟਪਾਈ ਕਰਦੀ ਰਹੀ ਤਦ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਹਾਸ਼ੀਏ ਤੋਂ ਬਾਹਰ ਕਰ ਦਿੱਤਾ ਹੈ ਅਤੇ ਭਾਜਪਾ ਨੂੰ ਲੋਕ ਹਾਸ਼ੀਏ ਤੋਂ ਅੰਦਰ ਨਹੀਂ ਆਉਣ ਦੇ ਰਹੇ। ਤਦ ਹੀ ਪਿਛਲੇ ਸਮੇਂ ਤੋਂ ਕਦੇ ਭਾਜਪਾ ਅਤੇ ਕਦੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਵਿੱਚ ਫਾਡੀ ਰਹਿੰਦੇ ਆ ਰਹੇ ਹਨ। ਜੇ ਦੋਹਾਂ ਪਾਰਟੀਆਂ ਨੇ ਪਹੁੰਚ ਨਾ ਬਦਲੀ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਹਾਂ ਨੂੰ ਫਾਡੀ ਦਾ ਟੈਗ ਲਾ ਕੇ ਤੀਜੇ ਸਥਾਨ ਲਈ ਆਪਸ ਵਿੱਚ ਭਿੜਨਾ ਹੋਵੇਗਾ। ਸਮਾਂ ਰੁਕਦਾ ਨਹੀਂ, ਨਾ ਸਮਾਂ ਮੁਆਫ ਕਰਦਾ ਹੈ। ਸਮਾਂ ਤਾਂ ਬੱਸ ਬੰਦੇ ਨੂੰ ਪੜ੍ਹਨੇ ਪਾਉਂਦਾ ਹੈ। ਇਹੋ ਸਮੇਂ ਦਾ ਨਿਆਰਾਪਣ ਹੈ, ਅਤੇ ਖਾਸੀਅਤ ਵੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5472)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)