“ਇੱਕ ਪ੍ਰਾਈਵੇਟ ਹਸਪਤਾਲ ਵੱਲੋਂ ਬਰੇਨ ਡੈੱਡ ਬੱਚੇ ਨੂੰ ਇਸ ਕਰਕੇ ਜਿੰਦਾ ਦਿਖਾਇਆ ਗਿਆ ਤਾਂ ਜੋ ਮਾਪਿਆਂ ਦੀਆਂ ਜੇਬਾਂ ...”
(20 ਜਨਵਰੀ 2024)
ਇਸ ਸਮੇਂ ਪਾਠਕ: 420.
ਮੁਲਕ ਦੀ ਜ਼ਿਆਦਾਤਰ ਪੇਂਡੂ ਆਬਾਦੀ ਆਪਣੀ ਸਿਹਤ ਵਿੱਚ ਵਿਗਾੜ ਪੈਣ ਸਮੇਂ ਝੋਲਾ ਛਾਪ ਡਾਕਟਰਾਂ ਜਾਂ ਚੇਲਿਆਂ ਚਾਟੜਿਆਂ ਤੋਂ ਹੱਥ ਹੌਲ਼ਾ ਕਰਾਉਣ ਨੂੰ ਇਲਾਜ ਸਮਝ ਰਹੀ ਹੈ। ਇਸ ਤੋਂ ਪਹਿਲਾਂ ਇਲਾਜ ਮਰੀਜ਼ ਦਾ ਕਰੂਰਾ ਦੇਖ ਕੇ ਜਾਂ ਨਬਜ਼ ਟੋਹ ਕੇ ਕੀਤਾ ਜਾਂਦਾ ਰਿਹਾ ਹੈ। ਅਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਪੇਂਡੂ ਖੇਤਰ ਵਿੱਚ ਲੋੜਵੰਦਾਂ ਨੂੰ ਬਣਦੀਆਂ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਇੱਕ ਸਰਵੇਖਣ ਅਨੁਸਾਰ ਭਾਰਤ ਦੇ ਸਿਹਤ ਖੇਤਰ ਵਿੱਚ 80 ਫੀਸਦੀ ਮਾਹਿਰ ਡਾਕਟਰਾਂ ਦੀ ਘਾਟ ਹੈ। ਦਿਹਾਤੀ ਖੇਤਰ ਵਿੱਚ ਸਰਜਨਾਂ ਦੀਆਂ 83 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਬੱਚਿਆਂ ਦੀਆਂ ਬਿਮਾਰੀਆਂ ਦੇ ਲੋੜ ਨਾਲੋਂ 81.6 ਫੀਸਦੀ ਡਾਕਟਰ ਘੱਟ ਹਨ। ਮੈਡੀਸਨ ਦੇ ਡਾਕਟਰਾਂ ਦੀਆਂ 79 ਫੀਸਦੀ ਅਸਾਮੀਆਂ ਭਰਨ ਖੁਣੋ ਪਈਆਂ ਹਨ। ਔਰਤ ਰੋਗਾਂ ਦੇ 72.2 ਫੀਸਦੀ ਡਾਕਟਰ ਹੋਰ ਚਾਹੀਦੇ ਹਨ। ਦਿਲ ਦੇ ਅਪਰੇਸ਼ਨ ਕਰਨ ਵਾਲੇ ਅਤੇ ਸਿਰ ਦੀਆਂ ਬਿਮਾਰੀਆਂ ਸਮੇਤ ਅਪਰੇਸ਼ਨ ਵੇਲੇ ਬੇਹੋਸ਼ ਕਰਨ ਵਾਲੇ ਡਾਕਟਰਾਂ ਦੀ ਘਾਟ ਸਭ ਤੋਂ ਵੱਧ ਰੜਕ ਰਹੀ ਹੈ।
ਭਾਰਤ ਵਿੱਚ ਸਿਹਤ ਪ੍ਰਣਾਲੀ ਲਈ ਫੰਡ ਸਰਕਾਰੀ ਟੈਕਸਾਂ ਰਾਹੀਂ ਇਕੱਠੇ ਕੀਤੇ ਜਾਂਦੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਉਹਨਾਂ ਦੀ ਲੋੜ ਮੁਤਾਬਿਕ ਸਿਹਤ ਸਹੂਲਤਾਂ ਦੇਣੀਆਂ ਮੁਸ਼ਕਿਲ ਹੋ ਰਹੀਆਂ ਹਨ ਜਦੋਂ ਕਿ ਭਾਰਤ ਦੀ 90 ਫੀਸਦੀ ਆਬਾਦੀ ਸਰਕਾਰੀ ਹਸਪਤਾਲਾਂ ਉੱਤੇ ਨਿਰਭਰ ਕਰਦੀ ਹੈ। ਇੱਕ ਸਰਵੇਖਣ ਅਨੁਸਾਰ ਪੰਜ ਸਾਲ ਤੋਂ ਘੱਟ ਉਮਰ ਦੇ ਸਭ ਤੋਂ ਵੱਧ ਬੱਚੇ ਭਾਰਤ ਵਿੱਚ ਦਮ ਤੋੜ ਰਹੇ ਹਨ। ਚਾਰ ਸਾਲ ਪਹਿਲਾਂ ਇਹ ਗਿਣਤੀ 12 ਲੱਖ ਸੀ ਜਿਹੜੀ ਕਿ ਹੁਣ ਘਟ ਕੇ 6 ਲੱਖ ਰਹਿ ਗਈ ਹੈ। ਭਾਰਤ ਵਿੱਚੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। 28.8 ਫੀਸਦੀ ਬੱਚੇ ਨਮੂਨੀਆ, 22.6 ਫੀਸਦੀ ਡਾਇਰੀਆ ਅਤੇ 30.5 ਫੀਸਦੀ ਬੱਚੇ ਹੋਰ ਬਿਮਾਰੀਆਂ ਕਾਰਨ ਦਮ ਤੋੜ ਰਹੇ ਹਨ। ਜਨਮ ਸਮੇਂ ਭਾਰਤ ਵਿੱਚ ਹਜ਼ਾਰ ਵਿੱਚੋਂ 50 ਬੱਚੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਭਾਰਤ ਵਿੱਚ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਨਿੱਜੀ ਖੇਤਰ ਦੇ ਹਸਪਤਾਲ ਬਿਹਤਰ ਸੇਵਾਵਾਂ ਦੇ ਰਹੇ ਹਨ। ਇਹਨਾਂ ਹਸਪਤਾਲਾਂ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਗਰੀਬ ਮਰੀਜ਼ ਇਲਾਜ ਖੁਣੋ ਰਹਿ ਜਾਂਦੇ ਹਨ। ਦੂਜੇ ਬੰਨੇ ਗਰੀਬ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਜ਼ਿਲ੍ਹਾ ਹਸਪਤਾਲਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੇਂਡੂ ਖੇਤਰ ਵਿੱਚ ਡਿਸਪੈਂਸਰੀਆਂ ਤਾਂ ਹਨ ਪਰ ਇਹਨਾਂ ਵਿੱਚ ਨਾ ਡਾਕਟਰ ਉਪਲਬਧ ਹਨ, ਨਾ ਹੀ ਦਵਾਈਆਂ ਅਤੇ ਨਾ ਹੀ ਹੋਰ ਜ਼ਰੂਰੀ ਲੈਬਾਰਟਰੀ ਟੈੱਸਟ। ਮਰੀਜ਼ਾਂ ਦੀ ਸ਼ਹਿਰੀ ਖੇਤਰ ਵੱਲ ਨੂੰ ਦੌੜ ਇੱਕ ਮਜਬੂਰੀ ਬਣ ਕੇ ਰਹਿ ਗਈ ਹੈ।
ਨਿਰਸੰਦੇਹ ਮੁਲਕ ਦੇ ਵੱਡੀ ਗਿਣਤੀ ਪ੍ਰਾਈਵੇਟ ਹਸਪਤਾਲ ਮੈਡੀਕਲ ਦੇ ਖੇਤਰ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਦੇਣ ਲੱਗੇ ਹਨ ਪਰ ਇਹਨਾਂ ਹਸਪਤਾਲਾਂ ਵਿੱਚ ਇਲਾਜ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੇ ਪ੍ਰਾਈਵੇਟ ਹਸਪਤਾਲ ਬਿਹਤਰ ਸਿਹਤ ਸਹੂਲਤਾਂ ਤਾਂ ਦੇ ਰਹੇ ਹਨ ਪਰ ਇਹਨਾਂ ਵਿੱਚ ਵੱਡੀ ਪੱਧਰ ’ਤੇ ਘਾਲਾ-ਮਾਲਾ ਚੱਲ ਰਿਹਾ ਹੈ। ਹਸਪਤਾਲਾਂ ਨੂੰ ਮਾਇਆ ਇਕੱਠੀ ਕਰਨ ਦਾ ਸਾਧਨ ਬਣਾਇਆ ਜਾ ਰਿਹਾ ਹੈ ਅਤੇ ਇਸ ਪੂਰੇ ਵਰਤਾਰੇ ਵਿੱਚੋਂ ਮਰੀਜ਼ ਮਨਫੀ ਹੋ ਕੇ ਰਹਿ ਜਾਂਦਾ ਹੈ। ਭਾਰਤ ਦੇ ਹਸਪਤਾਲਾਂ ਵਿੱਚ ਹੋ ਰਹੇ ਆਪਰੇਸ਼ਨਾਂ ਵਿੱਚੋਂ 44 ਫੀਸਦੀ ਜਾਅਲੀ ਹੁੰਦੇ ਹਨ। ਦੂਜੇ ਸ਼ਬਦਾਂ ਵਿੱਚ ਇਹਨਾਂ ਅਪ੍ਰੇਸ਼ਨਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਡਾਕਟਰਾਂ ਨੂੰ ਦਿੱਤੇ ਟਾਰਗੇਟ ਅਤੇ ਹੱਥ ਰੰਗਣ ਲਈ ਮਰੀਜ਼ਾਂ ਦੀ ਚੀਰ-ਫਾੜ ਕਰ ਦਿੱਤੀ ਜਾਂਦੀ ਹੈ। ਦਿਲ ਦੇ ਆਪਰੇਸ਼ਨਾਂ ਵਿੱਚੋਂ 55 ਫੀਸਦੀ ਦੀ ਜ਼ਰੂਰਤ ਨਹੀਂ ਹੁੰਦੀ। ਲਗਭਗ 48 ਫੀਸਦੀ ਬੱਚੇਦਾਨੀ ਬਾਹਰ ਕੱਢਣ ਦੇ ਅਪਰੇਸ਼ਨ ਬਿਨਾਂ ਲੋੜ ਤੋਂ ਕੀਤੇ ਜਾ ਰਹੇ ਹਨ।
ਡਾਕਟਰ ਲਾਲਚ ਵੱਸ ਕੈਂਸਰ ਦੇ ਮਰੀਜ਼ਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਕੈਂਸਰ ਦੇ ਆਪਰੇਸ਼ਨਾਂ ਵਿੱਚੋਂ 47 ਫੀਸਦੀ ਨੂੰ ਜਾਅਲੀ ਦੱਸਿਆ ਗਿਆ ਹੈ। 48 ਫੀਸਦੀ ਗੋਡਿਆਂ ਦੇ ਅਪਰੇਸ਼ਨ ਪੈਸਾ ਕਮਾਉਣ ਲਈ ਕੀਤੇ ਜਾਂਦੇ ਹਨ ਜਦਕਿ ਉਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸੇ ਤਰ੍ਹਾਂ ਜਣੇਪੇ ਵੇਲੇ ਵੀ ਕੀਤੀ ਜਾ ਰਹੀ ਸਰਜਰੀ ਵਿੱਚੋਂ 45 ਫੀਸਦੀ ਨੂੰ ਜਾਅਲੀ ਦੱਸਿਆ ਗਿਆ ਹੈ। ਇਹ ਰਿਪੋਰਟ ਮੁਲਕ ਦੇ ਵੱਡੇ ਕਾਰਪੋਰੇਟ ਹਸਪਤਾਲਾਂ ਦੇ 43 ਸੀਨੀਅਰ ਡਾਕਟਰਾਂ ਅਤੇ ਪ੍ਰਸ਼ਾਸਨ ਨਾਲ ਗੁਪਤ ਗੱਲਬਾਤ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ।ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰਾਂ ਦੀ ਤਨਖਾਹ ਵਿੱਚ ਬਹੁਤ ਵੱਡਾ ਅੰਤਰ ਹੈ। ਇੱਕੋ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਡਾਕਟਰ ਕੇਵਲ ਇੱਕ ਲੱਖ ਪ੍ਰਤੀ ਮਹੀਨਾ ਤਨਖਾਹ ਲੈ ਰਿਹਾ ਹੈ ਜਦਕਿ ਉਸਦੇ ਸਾਥੀ ਨੂੰ ਮਹੀਨੇ ਦੀ ਇੱਕ ਕਰੋੜ ਤਨਖਾਹ ਵੀ ਦਿੱਤੀ ਜਾ ਰਹੀ ਹੈ। ਇਹ ਸਾਰਾ ਕੁਝ ਡਾਕਟਰਾਂ ਨੂੰ ਅਪਰੇਸ਼ਨਾਂ ਦੇ ਦਿੱਤੇ ਟਾਰਗੇਟ ਨੂੰ ਪੂਰਾ ਕਰਨ ਉੱਤੇ ਨਿਰਭਰ ਕਰਦਾ ਹੈ।
ਤੁਸੀਂ ਹੈਰਾਨ ਹੋਵੋਗੇ ਕਿ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਲੈਬਾਰਟਰੀ ਟੈਸਟਾਂ ਉੱਤੇ ਭਰੋਸਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਕਈ ਹਸਪਤਾਲਾਂ ਵੱਲੋਂ ਲੈਬਾਰਟਰੀ ਮਾਲਕਾਂ ਨੂੰ ਵੀ ਸਹੀ ਨਤੀਜੇ ਨਾ ਦੇਣ ਦੀ ਹਦਾਇਤ ਕੀਤੀ ਗਈ ਹੁੰਦੀ ਹੈ। ਲੈਬ ਨੂੰ ਵੀ ਟਾਰਗੇਟ ਦਿੱਤਾ ਜਾਂਦਾ ਕਿ ਉਹ ਇੰਨੇ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਦੱਸ ਕੇ ਹਸਪਤਾਲ ਵਿੱਚ ਅਪਰੇਸ਼ਨ ਕਰਾਉਣ ਦੀ ਸਲਾਹ ਦੇਣ।
ਇੱਥੇ ਹੀ ਵੱਸ ਨਹੀਂ, ਕਈ ਵੱਡੇ ਹਸਪਤਾਲ ਤਾਂ ਡਾਕਟਰਾਂ ਨੂੰ ਹਰ ਸਾਲ ਇੱਕ ਹਜ਼ਾਰ ਅਪਰੇਸ਼ਨ ਕਰਨ ਦਾ ਟਾਰਗੇਟ ਦਿੰਦੇ ਹਨ ਤਾਂ ਹੀ ਉਹਨਾਂ ਨੂੰ ਮਨ ਪਸੰਦ ਦੀ ਤਨਖਾਹ ਦਿੱਤੀ ਜਾਂਦੀ ਹੈ। ਇੱਥੋਂ ਤਕ ਕਿ ਕਈ ਡਾਕਟਰਾਂ ਦੀ ਸਲਾਨਾ ਤਰੱਕੀ ਵੀ ਉਹਨਾਂ ਦੇ ਟਾਰਗੇਟ ਪੂਰਾ ਕਰਨ ’ਤੇ ਹੀ ਹੁੰਦੀ ਹੈ। ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਡਾਕਟਰ ਗੰਭੀਰ ਬਿਮਾਰੀਆਂ ਦੱਸ ਕੇ ਅਪਰੇਸ਼ਨ ਲਈ ਪਰੇਰਦੇ ਹਨ। ਇਹ ਰਿਪੋਰਟ ਸਿਰਫ ਬਿਜ਼ਨਸ ਇਨਸਾਈਡਰ ਵਿੱਚ ਹੀ ਪਹਿਲੀ ਵਾਰ ਨਹੀਂ ਛਪੀ, ਸਗੋਂ ਭਾਰਤ ਦੀਆਂ ਕਈ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਵੀ ਇਹਦੇ ਨਾਲ ਰਲਦੀਆਂ ਮਿਲਦੀਆਂ ਰਿਪੋਰਟਾਂ ਛਪੀਆਂ ਹਨ। ਸਰਕਾਰ ਦੀਆਂ ਆਪਣੀਆਂ ਕਈ ਰਿਪੋਰਟਾਂ ਵੀ ਸਿਹਤ ਵਿਭਾਗ ਦੇ ਪੋਤੜੇ ਫਰੋਲਦੀਆਂ ਰਹੀਆਂ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਰਕਾਰੀ ਹਸਪਤਾਲਾਂ ਨਾਲੋਂ ਦਸ ਗੁਣਾ ਵੱਧ ਮਰੀਜ਼ ਇਲਾਜ ਲਈ ਜਾਂਦੇ ਹਨ। ਪਰ ਅਪਰੇਸ਼ਨ ਕਰਾਉਣ ਵੇਲੇ ਮਰੀਜ਼ਾਂ ਦੀ ਪਹਿਲ ਸਰਕਾਰੀ ਹਸਪਤਾਲ ਬਣਦੇ ਹਨ ਕਿਉਂਕਿ ਉਹ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਚੁੱਕਣ ਦੀ ਸਮਰੱਥਾ ਨਹੀਂ ਰੱਖਦੇ ਹਨ। ਪੰਜਾਬ ਵਿੱਚ ਸਿਹਤ ਸਹੂਲਤਾਂ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ’ਤੇ ਖਰੀਆਂ ਨਹੀਂ ਉੱਤਰ ਰਹੀਆਂ ਹਨ। ਵੱਡੀ ਗਿਣਤੀ ਲੋਕ ਸਿਹਤ ਬੀਮਾ ਲੈਣ ਵੱਲ ਭੱਜਣ ਲੱਗੇ ਹਨ ਪਰ ਪ੍ਰਾਈਵੇਟ ਹਸਪਤਾਲਾਂ ਨੇ ਬੀਮਾ ਕੰਪਨੀਆਂ ਦੀਆਂ ਜੇਬਾਂ ਵੀ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਫੌਜੀਆਂ, ਸਾਬਕਾ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲ ਰਹੀ ਸਿਹਤ-ਸਹੂਲਤ ਨੇ ਕਈਆਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਚਾਹੇ ਲੋਕਾਂ ਦੀ ਮਜਬੂਰੀ ਬਣ ਰਿਹਾ ਹੈ ਪਰ ਹਾਲੇ ਤਕ ਭਰੋਸਾ ਨਹੀਂ ਬਣ ਸਕਿਆ।
ਬਿਜ਼ਨਸ ਇਨਸਾਈਡਰ ਦੀ ਰਿਪੋਰਟ ਵਿੱਚ ਇੱਕ ਹੋਰ ਅਣਮਨੁੱਖਤਾ ਭਰੇ ਵਿਹਾਰ ਦੀ ਉਦਾਹਰਣ ਦਿੱਤੀ ਗਈ ਹੈ, ਜਿਸ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵੱਲੋਂ ਬਰੇਨ ਡੈੱਡ ਬੱਚੇ ਨੂੰ ਇਸ ਕਰਕੇ ਜਿੰਦਾ ਦਿਖਾਇਆ ਗਿਆ ਤਾਂ ਜੋ ਮਾਪਿਆਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਸਕਣ। ਮਾਪਿਆਂ ਦੇ ਧਿਆਨ ਵਿੱਚ ਮਾਮਲਾ ਆਉਣ ਤੋਂ ਬਾਅਦ ਹਸਪਤਾਲ ਨੂੰ ਲੱਖਾਂ ਦਾ ਹਰਜਾਨਾ ਭਰਨਾ ਪਿਆ। ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਇੱਕ ਸਰਜਨ ਨੂੰ ਨੌਕਰੀ ਤੋਂ ਇਸ ਕਰਕੇ ਹੱਥ ਧੋਣੇ ਪੈ ਗਏ ਸਨ ਕਿਉਂਕਿ ਉਹ ਬਰੇਨ ਡੈੱਡ ਮਰੀਜ਼ ਨੂੰ ਹਸਪਤਾਲ ਦੇ ਆਈ ਸੀ ਯੂ ਵਿੱਚ ਦੋ ਚਾਰ ਦਿਨ ਹੋਰ ਰੱਖਣ ਤੋਂ ਇਨਕਾਰੀ ਹੋ ਗਿਆ ਸੀ।
ਪਿੱਛੇ ਜਿਹੇ ਇੱਕ ਹੋਰ ਅਧਿਐਨ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਮੋਬਾਇਲ ਸੁਣਨ ਕਾਰਨ ਕਈ ਡਾਕਟਰ ਚੀਰਫਾੜ ਵੇਲੇ ਗਲਤੀਆਂ ਕਰ ਜਾਂਦੇ ਹਨ। ਮੁਲਕ ਵਿੱਚ ਹੋ ਰਹੇ ਗਰਭਪਾਤਾਂ ਦੀ 67 ਫੀਸਦੀ ਅਸਫਲਤਾ ਦਰ ਹੈ। ਜਾਅਲੀ ਦਵਾਈਆਂ ਦਾ ਧੰਦਾ ਆਪਣੇ ਆਪ ਵਿੱਚ ਇੱਕ ਵੱਡਾ ਮਾਫੀਆ ਬਣ ਕੇ ਰਹਿ ਗਿਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਹਸਪਤਾਲਾਂ ਦੇ ਡਾਕਟਰ ਮਨੁੱਖੀ ਸਰੀਰ ਵਿੱਚ ਸਸਤੇ ਅੰਗ ਪਾ ਕੇ ਮਹਿੰਗੇ ਭਾਅ ਦੇ ਦਾਮ ਵਸੂਲ ਰਹੇ ਹਨ। ਅੱਖਾਂ ਦੇ ਅਪਰੇਸ਼ਨ ਵੇਲੇ ਇਹ ਧੰਦਾ ਹੋਰ ਵੀ ਜ਼ਿਆਦਾ ਆਸਾਨੀ ਨਾਲ ਚੱਲ ਰਿਹਾ ਹੈ।
ਇਹ ਵੀ ਸੱਚ ਹੈ ਕਿ ਭਾਰਤ ਵਿੱਚ ਸਿਹਤ ਪ੍ਰਣਾਲੀ ਵਿਸ਼ਾਲ ਤਾਂ ਹੈ ਪਰ ਗੁਣਵੱਤਾ ਪੱਖੋਂ ਇਸਦਾ ਕਾਫੀ ਬੁਰਾ ਹਾਲ ਹੈ। ਪੇਂਡੂ ਅਤੇ ਸ਼ਹਿਰੀ ਸਿਹਤ ਸੇਵਾਵਾਂ ਵਿੱਚ ਬਹੁਤ ਵੱਡਾ ਅੰਤਰ ਹੈ। ਇਹ ਵੀ ਸੱਚ ਹੈ ਕਿ ਭਾਰਤ ਦੀਆਂ ਸਿਹਤ ਸੇਵਾਵਾਂ ਦਾ ਲਾਭ ਪੱਛਮੀ ਮੁਲਕਾਂ ਦੇ ਲੋਕ ਵੀ ਲੈਣ ਲੱਗੇ ਹਨ। ਉਹ ਪਰਾਈਵੇਟ ਹਸਪਤਾਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਪੰਜ ਤਾਰਾ ਸਹੂਲਤਾਂ ਤੋਂ ਸੰਤੁਸ਼ਟ ਹਨ ਇਸ ਕਰਕੇ ਕਿ ਉਹਨਾਂ ਨੂੰ ਵਿਦੇਸ਼ੀ ਮਹਿੰਗੀ ਕਰੰਸੀ ਦੀ ਥਾਂ ਰੁਪਇਆ ਵਿੱਚ ਖਰਚ ਕਰਨਾ ਮੁਸ਼ਕਿਲ ਨਹੀਂ ਹੁੰਦਾ।
ਡਾਕਟਰਾਂ ਦੇ ਕਿੱਤੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਕਈ ਲੋਕ ਤਾਂ ਇਹਨਾਂ ਨੂੰ ਰੱਬ ਦਾ ਰੂਪ ਸਮਝਦੇ ਹਨ। ਭਾਰਤ ਵਿੱਚ ਡਾਕਟਰੀ ਦੀ ਪੜ੍ਹਾਈ ਬਹੁਤ ਮਹਿੰਗੀ ਹੈ ਪਰ ਸਰਕਾਰੀ ਹਸਪਤਾਲਾਂ ਵਿੱਚ ਤਨਖਾਹਾਂ ਘੱਟ ਮਿਲ ਰਹੀਆਂ ਹਨ, ਜਿਸ ਕਰਕੇ ਡਾਕਟਰ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਨ ਨੂੰ ਪਹਿਲ ਦਿੰਦੇ ਹਨ। ਕਈ ਡਾਕਟਰ ਜਾਅਲੀ ਅਪਰੇਸ਼ਨ ਕਰਕੇ ਜਾਂ ਮਰੀਜ਼ ਨੂੰ ਗਲਤ ਬਿਮਾਰੀ ਦੱਸ ਕੇ ਆਪਣੇ ਮਹਿਲ ਮਿਨਾਰੇ ਖੜ੍ਹੇ ਕਰ ਰਹੇ ਹਨ। ਕਦੇ ਕਦੇ ਇੰਜ ਲਗਦਾ ਹੈ ਜਿਵੇਂ ਡਾਕਟਰਾਂ ਅਤੇ ਵਪਾਰੀਆਂ ਦੇ ਮਨ ਵਿੱਚ ਰੱਬ ਦਾ ਭੈਅ ਨਾ ਰਿਹਾ ਹੋਵੇ। ਸਰਕਾਰਾਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਅਪਰੇਸ਼ਨਾਂ ਦੇ ਬਹਾਨੇ ਮਰੀਜ਼ਾਂ ਦੀ ਲੁੱਟ ਇਵੇਂ ਹੀ ਹੁੰਦੀ ਰਹੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4649)
(ਸਰੋਕਾਰ ਨਾਲ ਸੰਪਰਕ ਲਈ: (