“ਕੰਪਨੀ ਦੇ ਮਾਲਕਾਂ ਦੇ ਨਾਲ ਨਿਗਰਾਨੀ ਰੱਖਣ ਵਾਲੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ...”
(3 ਅਪ੍ਰੈਲ 2023)
ਆਧੁਨਿਕ ਸਿਹਤ ਵਿਗਿਆਨ ਦੇ ਵਿਕਾਸ ਤੋਂ ਪਹਿਲਾਂ ਬੀਮਾਰ ਹੋਣ ਵਾਲੇ ਜ਼ਿਆਦਾਤਰ ਲੋਕ ਬਿਨਾਂ ਦਵਾਈਆਂ ਅਤੇ ਇਲਾਜ ਖੁਣੋ ਮਰ ਜਾਂਦੇ ਸਨ। ਅੱਜ ਸਾਡੇ ਕੋਲ ਜ਼ਿਆਦਾਤਰ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਮੌਜੂਦ ਹਨ, ਜਾਂਚ ਲਈ ਨਵੀਆਂ ਤਕਨੀਕਾਂ ਉਪਲਬਧ ਹਨ ਅਤੇ ਇਲਾਜ ਸਮੇਤ ਅਪਰੇਸ਼ਨ ਦੇ ਵਿਕਸਤ ਤਰੀਕੇ ਮੌਜੂਦ ਹਨ। ਪਰ ਅੱਜ ਵੀ ਬਿਮਾਰੀਆਂ ਨਾਲ ਕਰੋੜਾਂ ਲੋਕ ਹਰ ਸਾਲ ਮਰ ਰਹੇ ਹਨ। ਸਾਲ 2022 ਵਿੱਚ ਦਿਲ ਦੇ ਰੋਗਾਂ ਨਾਲ 2 ਕਰੋੜ 70 ਲੱਖ 50 ਹਜ਼ਾਰ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਕੈਂਸਰ ਨਾਲ ਸਵਾ ਲੱਖ ਲੋਕਾਂ ਦੀ ਮੌਤ ਹੋਈ ਸੀ। ਦੂਜੀਆਂ ਬਿਮਾਰੀਆਂ ਨੇ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਸੀ। ਹੋਰ ਵੱਡੀ ਗਿਣਤੀ ਲੋਕ ਲਾ-ਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ, ਜੇ ਉਹ ਮਰ ਰਹੇ ਹਨ ਤਾਂ ਕਿਤੇ ਨਾ ਕਿਤੇ ਮਾਮਲਾ ਗੜਬੜ ਜ਼ਰੂਰ ਹੈ।
ਕਰੋਨਾ ਦੌਰਾਨ ਸ਼ਮਸ਼ਾਨਘਾਟਾਂ ਦੇ ਬਾਹਰ ਲਾਸ਼ਾਂ ਦੇ ਲੱਗੇ ਢੇਰ, ਗੰਗਾਂ ਵਿੱਚ ਤੈਰਦੀਆਂ ਮਨੁੱਖੀ ਲਾਸ਼ਾਂ ਦੇ ਦ੍ਰਿਸ਼ ਹਾਲੇ ਵੀ ਸਾਡੀਆਂ ਅੱਖਾਂ ਅੱਗੇ ਘੁੰਮਣ ਤੋਂ ਨਹੀਂ ਹਟੇ ਹਨ। ਕਈ ਵਿਚਾਰੇ ਮਹਿੰਗਾ ਇਲਾਜ ਨਹੀਂ ਕਰਵਾ ਸਕੇ, ਦੂਜਿਆਂ ਨੂੰ ਡਾਕਟਰਾਂ ਨੇ ਲੁੱਟ ਲਿਆ ਅਤੇ ਕਈ ਹੋਰ ਅਸਲੀ ਦੀ ਥਾਂ ਨਕਲੀ ਦਵਾਈਆਂ ਲੈਣ ਕਾਰਨ ਰੱਬ ਨੂੰ ਪਿਆਰੇ ਹੋ ਗਏ ਸਨ। ਡਾਕਟਰਾਂ ਦਾ ਮਨ ਨਾ ਭਰਿਆ ਤਾਂ ਉਨ੍ਹਾਂ ਨੇ ਜੈਨਰਿਕ ਦੀ ਤਰ੍ਹਾਂ ਮਹਿੰਗੀਆਂ ਦਵਾਈਆਂ ਲਿਖ ਦਿੱਤੀਆਂ ਸਨ। ਕਿਸੇ ਨੇ ਮਹਿੰਗੇ ਤੋਹਫੇ ਦੇ ਲਾਲਚ ਨੂੰ, ਦੂਜੇ ਨੂੰ ਵਿਦੇਸ਼ ਟੂਰਾਂ ਦਾ ਚਾਅ ਅਤੇ ਕਈ ਹੋਰਾਂ ਨੂੰ ਜੇਬ ਭਰਨ ਦਾ ਭੁਸ ਹੈ।
ਇੱਕ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਕੰਪਨੀਆਂ ਨਕਲੀ ਦਵਾਈਆਂ ਬਣਾ ਕੇ ਹੱਥ ਰੰਗ ਰਹੀਆਂ ਹਨ। ਦਸ ਸਾਲ ਪਹਿਲਾਂ ਪਾਕਿਸਤਾਨ ਵਿੱਚ ਖੰਘ ਦੀ ਦਵਾਈ ਪੀਣ ਨਾਲ ਅੱਸੀ ਮਰੀਜ਼ਾਂ ਦੀ ਮੌਤ ਹੋ ਗਈ ਸੀ। ਕੁਝ ਸਾਲ ਪਹਿਲਾਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ, ਉਜ਼ਬੇਕਿਸਤਾਨ ਦੇ ਸੱਤਰ ਬੱਚੇ ਇੱਕ ਦਵਾਈ ਪੀਣ ਨਾਲ ਮੌਤ ਦੀ ਗੋਦ ਵਿੱਚ ਜਾ ਸੁੱਤੇ ਸਨ। ਇੱਥੇ ਹੀ ਬੱਸ ਨਹੀਂ ਮੁਨਾਫ਼ੇ ਲਈ ਕੈਂਸਰਕਾਰਕ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਕਈ ਦਵਾਈਆਂ ਲੈਣ ਨਾਲ ਗਲੇ, ਲਿਵਰ ਅਤੇ ਕੇਂਦਰੀ ਤੰਤ ਪ੍ਰਬੰਧ ਵਿੱਚ ਨੁਕਸ ਪੈ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਨਾਈਜੀਰੀਆ ਵਿੱਚ ਅਜਿਹੀ ਦਵਾਈ ਪੀਣ ਨਾਲ 84 ਬੱਚਿਆਂ ਦੀ ਮੌਤ ਹੋ ਗਈ ਸੀ। 10 ਸਾਲ ਪਹਿਲਾਂ ਭਾਰਤ ਦੀ ਇੱਕ ਮਸ਼ਹੂਰ ਕੰਪਨੀ ਨੂੰ ਗਲਤ ਜਾਣਕਾਰੀ ਦੇਣ ਕਰਕੇ 500 ਬਿਲੀਅਨ ਡਾਲਰ ਦਾ ਜੁਰਮਾਨਾ ਭਰਨਾ ਪਿਆ ਸੀ। 9 ਸਾਲ ਪਹਿਲਾਂ ਜਰਮਨੀ ਨੇ 80 ਦਵਾਈ ਕੰਪਨੀਆਂ ਉੱਤੇ ਰੋਕ ਲਾ ਦਿੱਤੀ ਸੀ।
ਭਾਰਤ ਵਿੱਚ ਨਕਲੀ ਜਾਂ ਮਿਆਦ ਪੁਗਾ ਚੁੱਕੀਆਂ ਦਵਾਈਆਂ ਪੀਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਤਾਂ ਅਕਸਰ ਮਿਲਦੀਆਂ ਆ ਰਹੀਆਂ ਹਨ ਪਰ ਕੇਂਦਰ ਸਰਕਾਰ ਵੱਲੋਂ ਅਚਨਚੇਤ ਕੀਤੀ ਛਾਪੇਮਾਰੀ ਦੌਰਾਨ ਪਤਾ ਲੱਗਾ ਹੈ ਕਿ ਗੈਰ ਮਿਆਰੀ ਦਵਾਈਆਂ ਬਣਾਉਣ ਦਾ ਕਾਰੋਬਾਰ ਪੂਰੇ ਜ਼ੋਰਾਂ ’ਤੇ ਹੈ। ਜਾਣਕਾਰੀ ਅਨੁਸਾਰ 270 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 47 ਕੰਪਨੀਆਂ ਨੂੰ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ 18 ਕੰਪਨੀਆਂ ਦੇ ਲਾਇਸੰਸ ਰੱਦ ਕੀਤੇ ਗਏ ਹਨ ਅਤੇ ਦੋ ਦਰਜਨ ਤੋਂ ਵੱਧ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਦੇਸ਼ ਵਿੱਚ 203 ਕੰਪਨੀਆਂ ਜਾਂਚ ਦੇ ਦਾਇਰੇ ਵਿੱਚ ਆਈਆਂ ਸਨ ਉਨ੍ਹਾਂ ਵਿੱਚੋਂ ਹਿਮਾਚਲ ਪ੍ਰਦੇਸ਼ ਦੀਆਂ 7, ਉਤਰਾਖੰਡ ਦੀਆਂ 42 ਅਤੇ ਮੱਧ ਪ੍ਰਦੇਸ਼ ਦੀਆਂ 25 ਕੰਪਨੀਆਂ ਸ਼ਾਮਲ ਹਨ। ਪਿਛਲੇ ਸਾਲਾਂ ਦੌਰਾਨ ਸੋਨੀਪਤ ਦੀ ਇੱਕ ਕੰਪਨੀ ਵੱਲੋਂ ਸਪਲਾਈ ਕੀਤੀ ਗੈਰ ਮਿਆਰੀ ਦਵਾਈ ਕਾਰਨ 70 ਬੱਚਿਆਂ ਦੀ ਮੌਤ ਹੋ ਗਈ ਸੀ। ਉਜ਼ਬੇਕਿਸਤਾਨ ਵਿੱਚ ਸੌ ਦੇ ਕਰੀਬ ਬੱਚੇ ਅੰਨ੍ਹੇ ਹੋ ਗਏ ਸਨ। ਇਹ ਦਵਾਈ ਨੋਇਡਾ ਅਤੇ ਤਾਮਿਲਨਾਡੂ ਵਿੱਚ ਬਣੀਆਂ ਸਨ। ਦੁਖਾਂਤਕ ਪੱਖ ਇਹ ਵੀ ਹੈ ਕਿ ਬਹੁਤ ਵਾਰ ਦੁਖਦਾਈ ਘਟਨਾਵਾਂ ਵਾਪਰਨ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲ਼ਾ ਵੱਟ ਲਿਆ ਜਾਂਦਾ ਰਿਹਾ ਹੈ। ਉਦੋਂ ਹੀ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਮਾਮਲੇ ਦਬਦੇ ਨਾ ਦਿਸਣ।
ਗੈਰ ਮਿਆਰੀ ਦਵਾਈਆਂ ਬਣਾਉਣਾ ਲੋਕਾਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ ਅਤੇ ਇਹ ਮਨੁੱਖਤਾ ਲਈ ਬਹੁਤ ਵੱਡਾ ਅਪਰਾਧ ਹੈ। ਅਜਿਹਾ ਬੱਜਰ ਗੁਨਾਹ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਗੁਨਾਹ ਵਿੱਚ ਦਵਾਈ ਬਣਾਉਣ ਵਾਲੀ ਕੰਪਨੀ ਦੇ ਮਾਲਕਾਂ ਦੇ ਨਾਲ ਨਿਗਰਾਨੀ ਰੱਖਣ ਵਾਲੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਮਿਲੀ ਭੁਗਤ ਨਾਲ ਹੀ ਇਹ ਗੋਰਖ-ਧੰਦਾ ਚਲਦਾ ਹੈ, ਜਿਹੜਾ ਕਿ ਲੋਕਾਂ ਦੀ ਜਾਨ ਨਾਲ ਖੇਡਣ ਤੋਂ ਘੱਟ ਨਹੀਂ ਹੈ। ਭਾਰਤ ਸਰਕਾਰ ਦੇ ਸਿਹਤ ਵਿਭਾਗ ਅਤੇ ਨਿਗਰਾਨ ਅਧਿਕਾਰੀਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਉਹ ਦਵਾਈਆਂ ਦੇ ਮਿਆਰ ਨੂੰ ਹੇਠਾਂ ਨਾ ਡਿਗਣ ਦੇਣ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ। ਜੇ ਹਾਲੇ ਵੀ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਕੀਮਤੀ ਜਾਨਾਂ ਇਵੇਂ ਹੀ ਅਜਾਈਂ ਜਾਂਦੀਆਂ ਰਹਿਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3889)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)