“ਮੈਂ ਆਪਣੀ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋਏ ਮਿਡਲਾਂ ਦੀ ਪੁਸਤਕ ਭੇਂਟ ਕੀਤੀ। ਉਨ੍ਹਾਂ ਪੁਸਤਕ ’ਤੇ ...”
(25 ਅਗਸਤ 2025)
ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹਾਂ ਮੈਂ। ਮੇਰੇ ਅਤੇ ਮੇਰੇ ਤੋਂ ਵੱਡੇ ਵਿੱਚ ਚਾਰ ਸਾਲਾਂ ਦਾ ਫ਼ਰਕ ਹੈ। ਸਭ ਤੋਂ ਵੱਡੇ ਭਰਾ ਅਤੇ ਮੇਰੇ ਵਿੱਚ ਤੇਰਾਂ ਸਾਲਾਂ ਦਾ ਫਰਕ ਹੈ। ਸਭ ਤੋਂ ਵੱਡੇ ਭਰਾ ਅਤੇ ਮੇਰੇ ਤੋਂ ਵੱਡੇ ਵਿਚਾਲੇ ਦੋ ਹੋਰ ਭਰਾ ਹਨ। ਆਮ ਕਰਕੇ ਵੱਡੇ ਭਰਾਵਾਂ ਦੇ ਮੁਕਾਬਲੇ ਛੋਟਿਆਂ ਦੀ ਜ਼ਿੰਦਗੀ ਸੌਖੀ ਰਹਿੰਦੀ ਹੈ ਪਰ ਸਾਡੇ ਘਰ ਵਿੱਚ ਉਲਟ ਹੋਇਆ। ਮੇਰੇ ਸੁਰਤ ਸੰਭਾਲਦੇ ਹੀ ਖੇਤਾਂ ਵਿੱਚ ਸੇਮ ਪੈ ਗਈ। ਜ਼ਮੀਨ ਮਰਨ ਦਾ ਹਉਕਾ ਬਾਪੂ ਜੀ ਨੂੰ ਲੈ ਬੈਠਿਆ। ਬੇਬੇ ਜੀ ਵੀ ਦਸ ਬਾਰਾਂ ਸਾਲ ਮੰਜੇ ਉੱਤੇ ਪਏ ਰਹੇ। ਬਿਮਾਰੀ ਪਕੜ ਵਿੱਚ ਨਹੀਂ ਸੀ ਆ ਰਹੀ। ਐਂ ਨਹੀਂ ਕਿ ਤਿੰਨ ਵੱਡਿਆਂ ਨੇ ਮਿਹਨਤ ਨਹੀਂ ਕੀਤੀ। ਸਭ ਨੇ ਘਰ ਦੀ ਤਰੱਕੀ ਵਿੱਚ ਸਰਦਾ ਬਣਦਾ ਹਿੱਸਾ ਪਾਇਆ। ਮੈਥੋਂ ਵੱਡਾ ਤੇ ਮੈਂ ਤਾਂ ਜ਼ਮੀਨ ਅਬਾਦ ਕਰਨ ਲਈ ਗਲ ਵਿੱਚ ਪੰਜਾਲੀ ਪਾ ਕੇ ਝੋਨਾ ਲਾਉਣ ਲਈ ਕੱਦੂ ਵੀ ਕਰਦੇ ਰਹੇ ਹਾਂ। ਖੂਹ ਦੀ ਗਾਧੀ ਨੂੰ ਵੀ ਜੁੜੇ। ਉੱਦਾਂ ਹਰ ਘਰ ਵਿੱਚ ਕੋਈ ਜ਼ਿਆਦਾ ਮਿਹਨਤੀ ਹੁੰਦਾ ਹੈ ਅਤੇ ਕੋਈ ਗੱਲਾਂ ਦਾ ਖੱਟਿਆ ਖਾਣ ਵਾਲਾ। ਸਾਡੇ ਘਰ ਦੀ ਵੀ ਇਹੋ ਕਹਾਣੀ ਸੀ।
ਮੈਨੂੰ ਯਾਦ ਹੈ ਕਿ ਭਾਈਆ ਜੀ ਘਰ ਚਲਾਉਣ ਲਈ ਕਈ ਸਾਲ ਤੋਕੜ ਮੱਝਾਂ ਲੈ ਕੇ ਸੂਣ ਨੇੜੇ ਹੋਣ ’ਤੇ ਮਹਿੰਗੇ ਭਾਅ ਵੇਚ ਦਿੰਦੇ ਸਨ। ਅਸੀਂ ਵੀ ਮੱਝਾਂ ਦਾ ਬਿਨਾਂ ਨਾਗਾ ਖਰਖਰਾ ਕਰਦੇ। ਮੱਝਾਂ ਦੇ ਸਿੰਗ ਅਤੇ ਦੇਹ ਤੇਲ ਨਾਲ ਲਿਸ਼ਕਾਈ ਰੱਖਦੇ। ਪਰ ਪੂਰਾ ਨਾ ਪਿਆ ਤਾਂ ਮੈਂ ਜਰਮਨੀ ਦੀ ਉਡਾਰੀ ਮਾਰ ਗਿਆ। ਨੌਂ ਸਾਲ ਇਟਲੀ ਦੇ ਰੈਸਟੋਰੈਂਟ ਵਿੱਚ ਪਤੀਲੇ ਮਾਂਜੇ। ਪੀਜ਼ਾ ਬਣਾਇਆ। ਫਿਰ ਕੁਕਿੰਗ ਵੀ ਸਿੱਖ ਲਈ। ਜਰਮਨੀ ਰਹਿਣ ਲਈ ਸਿਆਸੀ ਸ਼ਰਣ ਲਈ ਪਰ ਅੰਤ ਨੂੰ ਕੇਸ ਹਾਰ ਗਿਆ।
ਜਰਮਨੀ ਤੋਂ ਵਾਪਸ ਆ ਕੇ ਮੁਹਾਲੀ ਵਿੱਚ ਦੁਆਈਆਂ ਦੀ ਦੁਕਾਨ ਖੋਲ੍ਹ ਲਈ ਪਰ ਵਪਾਰ ਕਰਨਾ ਨਾ ਆਇਆ। ਐਂ ਵੀ ਨਹੀਂ ਕਿ ਕੰਮ ਰੁੜ੍ਹਿਆ ਨਹੀਂ, ਬੱਸ ਨਾ ਤਾਂ ਲਾਲਾ ਬਣ ਹੋਇਆ, ਨਾ ਦਿਲ ਲੱਗਿਆ।
ਮੈਂ ਬੀ.ਏ. ਕਰਨ ਤੋਂ ਬਾਅਦ ਪੱਤਰਕਾਰੀ ਦੀ ਇੱਕ ਸਾਲਾ ਡਿਗਰੀ ਕਰ ਰੱਖੀ ਸੀ। ਪੜ੍ਹਾਈ ਪੂਰੀ ਕਰਨ ਅਤੇ ਜਰਮਨੀ ਨੂੰ ਉਡਾਰੀ ਭਰਨ ਤੋਂ ਪਹਿਲਾਂ ਦੋ ਸਾਲ ਅਕਾਲੀ ਪੱਤਰਕਾ ਵਿੱਚ ਨੌਕਰੀ ਕੀਤੀ। ਜਰਮਨੀ ਰਹਿੰਦੇ ਵਿੱਚ ਵਿਚਾਲੇ ਇੰਗਲੈਂਡ ਜਾ ਕੇ ਪੰਜਾਬ ਟਾਈਮਜ਼ ਵਿੱਚ ਪੱਤਰਕਾਰੀ ਦਾ ਝੱਸ ਵੀ ਪੂਰਾ ਕੀਤਾ। ਇੰਗਲੈਂਡ ਦੀ ਉਸ ਵੇਲੇ ਦੀ ਪੱਤਰਕਾਰੀ ਦਾ ਆਪਣਾ ਹੀ ਵੱਖਰੀ ਤਰ੍ਹਾਂ ਦਾ ਤਜਰਬਾ ਰਿਹਾ। ਪੰਜਾਬ ਤੋਂ ਕਿਸੇ ਪੰਜਾਬੀ ਅਖਬਾਰ ਦੇ ਦਫਤਰ ਤੋਂ ਫੋਨ ਉੱਤੇ ਉਸ ਦਿਨ ਦੀ ਵੱਡੀ ਖ਼ਬਰ ਪੁੱਛ ਕੇ ਆਪਣੀ ਅਖ਼ਬਾਰ ਦੀ ਲੀਡ ਬਣਾ ਦੇਣੀ।
ਕਿਸਮਤ ਨੇ ਫਿਰ ਗੇੜਾ ਦਿੱਤਾ, ਤੇ ਮੈਂ ਪੰਜਾਬੀ ਅਖ਼ਬਾਰ ਲਈ ਸਟਿੰਗਰ ਬਣ ਗਿਆ। ਉਸ ਵੇਲੇ ਦੇ ਸੰਪਾਦਕ ਹਰਭਜਨ ਹਲਵਾਰਵੀ ਨੇ ਢਾਈ ਸਾਲ 50 ਰੁਪਏ ਮਹੀਨਾ ਤੋਂ ਮੇਰਾ ਰਗੜਾ ਬੰਨ੍ਹਿਆ। ਮੈਂ ਦਿਲ ਨਾ ਛੱਡਿਆ। ਸਟਾਫ ਰਿਪੋਰਟ ਚੁਣਿਆ ਗਿਆ। ਰਿਟਾਇਰ ਹੋਣ ਵੇਲੇ ਮੈਂ ਸੀਨੀਅਰ ਸਟਾਫ ਰਿਪੋਰਟਰ ਸੀ। ਰਿਟਾਇਰ ਹੋਣ ਤੋਂ ਪਹਿਲਾਂ ਮੈਨੂੰ ਵਾਰਤਕ ਲਿਖਣ ਦਾ ਚਸਕਾ ਪੈ ਗਿਆ ਸੀ। ਇੱਕ ਦੋ ਕਿਤਾਬਾਂ ਛਪਣ ਨਾਲ ਮੇਰਾ ਪੱਤਰਕਾਰਾਂ ਤੋਂ ਅੱਗੇ ਲੇਖਕਾਂ ਵਿੱਚ ਨਾਂ ਬੋਲਣ ਲੱਗਾ।
ਪੰਜਾਬੀ ਦੀ ਅਖਬਾਰ ਤੋਂ ਰਿਟਾਇਰ ਹੋਣ ਤੋਂ ਅਗਲੇ ਦਿਨ ਹੀ ਮੋਹਾਲੀ ਤੋਂ ਛਪਦੀ ਪੰਜਾਬੀ ਦੀ ਇੱਕ ਹੋਰ ਅਖ਼ਬਾਰ ਵਿੱਚ ਇਗਜ਼ੈਕਟਿਵ ਐਡੀਟਰ ਵਜੋਂ ਨਿਯੁਕਤੀ ਹੋ ਗਈ। ਕਿਤਾਬਾਂ ਦਾ ਕੰਮ ਨਾਲੋ ਨਾਲ ਚਲਦਾ ਰਿਹਾ। ਰੋਜ਼ਾਨਾ ਅਖਬਾਰ ਦੇ ਸੰਪਾਦਕ ਵਜੋਂ ਲੇਖਾਂ ਅਤੇ ਵਾਰਤਕ ਨੇ ਇੱਕ ਨਵੀਂ ਪਛਾਣ ਦਿੱਤੀ। ਬਾਵਜੂਦ ਇਸ ਸਭ ਦੇ ਮੈਂ ਉੱਥੇ ਲੰਮਾ ਸਮਾਂ ਟਿਕ ਨਾ ਸਕਿਆ। ਵੈਸੇ ਕਈ ਹੋਰਾਂ ਨਾਲੋਂ ਮੈਂ ਉੱਥੇ ਵੱਧ ਸਮਾਂ ਟਿਕਿਆ ਰਿਹਾ ਹੋਵਾਂਗਾ।
ਫਿਰ ਇਲੈਕਟ੍ਰੌਨਿਕ ਮੀਡੀਆ ਵੱਲ ਨੂੰ ਪੈਰ ਪੁੱਟਿਆ। ਇੱਛਾ ਸੀ ਕਿ ਲੋਕ ਨਾਂ ਤਾਂ ਜਾਣਦੇ ਹਨ, ਚਿਹਰਾ ਵੀ ਪਾਪੂਲਰ ਹੋ ਜਾਵੇ। ਇਲੈਕਟ੍ਰਾਨਿਕ ਮੀਡੀਆ ਵਿੱਚ ਚੰਗੀ ਭਲ ਬਣ ਗਈ ਹੈ। ਅੱਜ-ਕੱਲ੍ਹ ਇੱਕ ਅਖਬਾਰ ਅਤੇ ਟੀਵੀ ਲਈ ਚੰਡੀਗੜ੍ਹ ਤੋਂ ਰੈਜ਼ੀਡੈਂਟ ਐਡੀਟਰ ਵਜੋਂ ਕੰਮ ਕਰ ਰਿਹਾ ਹਾਂ। ਮੇਰਾ ਇੱਕ ਸਿਆਸੀ ਸ਼ੋਅ ਚੱਲ ਰਿਹਾ ਹੈ। ਹਫ਼ਤੇ ਵਿੱਚ ਪੰਜ ਦਿਨ ਉਸੇ ਅਖਬਾਰ ਵਿੱਚ ਮੇਰੇ ਲੇਖ ਛਪਦੇ ਹਨ।
ਮੈਂ ਸਾਰੀ ਉਮਰ ਸੰਘਰਸ਼ ਕੀਤਾ ਹੈ। ਹਾਲਤਾਂ ਨਾਲ ਜੂਝਿਆ ਹਾਂ। ਨੀਵੀਂ ਪਾ ਕੇ ਚਲਦਿਆਂ ਕਈ ਮੰਜ਼ਿਲਾਂ ਨੂੰ ਹੱਥ ਲਾਇਆ ਹੈ। ਸ਼੍ਰੋਮਣੀ ਪੱਤਰਕਾਰ ਪੁਰਸਕਾਰ ਤਕ। ਮੇਰੀਆਂ ਹੁਣ ਤਕ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ। ਮੈਂ ਹਮੇਸ਼ਾ ਰੱਬ ਤੋਂ ਦੁੱਖ, ਕਲੇਸ਼, ਘਟਨਾਵਾਂ ਤੋਂ ਬਚਾ ਕੇ ਰੱਖਣ ਲਈ ਮੰਗਿਆ ਹੈ। ਮੈਨੂੰ ਲਗਦਾ ਹੈ ਕਿ ਹਸਪਤਾਲ ਅਤੇ ਅਦਾਲਤਾਂ ਦੇ ਗੇੜਿਆਂ ਨਾਲ ਗੱਡੀ ਲੀਹ ਤੋਂ ਉੱਤਰ ਜਾਂਦੀ ਹੈ। ਸਮਾਂ ਅਤੇ ਪੈਸਾ, ਦੋਂਵੇਂ ਹੱਥੋਂ ਖਿਸਕ ਜਾਂਦੇ ਹਨ। ਦੋਹਾਂ ਤੋਂ ਬਚਣ ਲਈ ਜ਼ਿੰਦਗੀ ਵਿੱਚ ਕਈ ਵਾਰ ਵੱਡੇ-ਵੱਡੇ ਸਮਝੌਤੇ ਕੀਤੇ ਹਨ।
ਅੱਜ ਮੈਨੂੰ ਇਹ ਲੱਗਣ ਲੱਗਾ ਹੈ ਕਿ ਬੜੀ ਵਾਰ ਦੁੱਖ ਵੀ ਚੰਗੇ ਦਿਨਾਂ ਦਾ ਸੁਨੇਹਾ ਲੈ ਕੇ ਆਉਂਦੇ ਹਨ। ਪੇਟ ਦੀ ਕਈ ਚਿਰਾਂ ਤੋਂ ਤਕਲੀਫ ਚੱਲ ਰਹੀ ਸੀ। ਪਿਛਲੇ ਮਹੀਨੇ ਪੇਂਟ ਦਾ ਅਪੈਂਡਕਸ ਲੀਕ ਕਰ ਗਿਆ। ਹਸਪਤਾਲ ਦਾਖ਼ਲ ਹੋ ਕੇ ਤੁਰੰਤ ਅਪਰੇਸ਼ਨ ਕਰਾਉਣਾ ਪਿਆ। ਪੇਟ ਦਰਦ ਸ਼ੁਰੂ ਹੋਣ ਤੋਂ ਲੈ ਕੇ ਅਪਰੇਸ਼ਨ ਪਿੱਛੋਂ ਛੁੱਟੀ ਹੋਣ ਤਕ ਦੇ ਦੁੱਖਾਂ ਦੀ ਕਹਾਣੀ ਨੂੰ ਮੈਂ ਇੱਕ ਮਿਡਲ ਦਾ ਰੂਪ ਦੇ ਦਿੱਤਾ, ਜੋ ਪੰਜਾਬੀ ਦੀ ਇੱਕ ਅਖ਼ਬਾਰ ਵਿੱਚ ਛਪ ਗਿਆ ਸੀ।
ਮੇਰੇ ਘਰ ਹਾਲੇ ਅਖ਼ਬਾਰ ਵੀ ਨਹੀਂ ਸੀ ਆਈ ਕਿ ਦਿੱਲੀ ਤੋਂ ਪ੍ਰਸ਼ੰਸਾ ਦਾ ਇੱਕ ਫ਼ੋਨ ਆ ਗਿਆ। ਫ਼ੋਨ ਵੀ ਮੁਲਕ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਦੇ ਨਿੱਜੀ ਸਹਾਇਕ ਦਾ ਸੀ। ਉਹਨੇ ਮਿਡਲ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਰਾਸ਼ਟਰਪਤੀ ਨੂੰ ਦਿੱਲੀ ਆ ਕੇ ਕਿਤਾਬਾਂ ਭੇਂਟ ਕਰਨ ਦੀ ਸੱਦਾ ਦੇ ਦਿੱਤਾ। ਸ਼ਾਇਦ ਉਸਨੇ ‘ਸਾਹਿਬ’ ਨਾਲ ਗੱਲ ਕਰ ਲਈ ਹੋਵੇ।
ਸਿਹਤ ਕਾਰਨ ਮੈਂ ਦਿੱਲੀ ਜਾਣ ਬਾਰੇ ਦੁਚਿੱਤੀ ਵਿੱਚ ਸੀ ਕਿ ਪੰਜ ਅਗਸਤ ਨੂੰ ਸਾਬਕਾ ਰਾਸ਼ਟਰਪਤੀ ਦੇ ਦਫਤਰ ਤੋਂ ਰਾਮ ਨਾਥ ਕੋਵਿੰਦ ਜੀ ਦੇ ਚੰਡੀਗੜ੍ਹ ਆਉਣ ਦੀ ਸੂਚਨਾ ਦਾ ਮੈਸੇਜ ਮੇਰੇ ਫੋਨ ’ਤੇ ਆ ਗਿਆ। ਉਨ੍ਹਾਂ ਅੱਠ ਅਗਸਤ ਨੂੰ ਦਿਨ ਵਿਹਲਾ ਰੱਖਣ ਦੀ ਸੂਚਨਾ ਦਿੱਤੀ। ਮੈਨੂੰ ਚਾਅ ਚੜ੍ਹ ਗਿਆ। ਇੱਕ ਤਰ੍ਹਾਂ ਨਾਲ ਸਾਬਕਾ ਰਾਸ਼ਟਰਪਤੀ ਦੇ ਨਿੱਜੀ ਸਹਾਇਕ ਨੇ 11 ਵਜੇ ਪੰਜਾਬ ਰਾਜ ਭਵਨ ਵਿੱਚ ਮੁਲਾਕਾਤ ਦਾ ਸਮਾਂ ਮੁਕੱਰਰ ਕਰ ਦਿੱਤਾ। ਨਾਲ ਹੀ ਪੰਦਰਾਂ ਮਿੰਟ ਪਹਿਲਾਂ ਪੁੱਜਣ ਦੀ ਹਦਾਇਤ ਸੀ। ਪੌਣੇ ਗਿਆਰਾਂ ਵਜੇ ਮੈਂ ਪੰਜਾਬ ਰਾਜ ਭਵਨ ਮੋਹਰੇ ਕਾਰ ਜਾ ਰੋਕੀ। ਸਕਿਉਰਿਟੀ ਸਟਾਫ ਭੱਜ ਕੇ ਗੇਟ ਖੋਲ੍ਹਿਆ, ਰਸਤਾ ਸਮਝਾਇਆ। ਕਾਰ ਪਾਰਕ ਕਰਨ ਤੋਂ ਪਹਿਲਾਂ ਹੀ ਇੱਕ ਹੋਰ ਸੁਰੱਖਿਆ ਗਾਰਡ ਮੇਰੀ ਕਾਰ ਦੀ ਤਾਕੀ ਨੂੰ ਖੋਲ੍ਹਣ ਲਈ ਹੱਥ ਪਾ ਲਿਆ। ਮੇਰੇ ਮੂੰਹੋਂ ਨਿਕਲ ਜਾਂਦਾ ਹੈ, “ਬਾਈ ਜੀ, ਮੈਂ ਤਾਂ ਸਧਾਰਨ ਜਿਹਾ ਬੰਦਾ ਹਾਂ। ਐਂਵੇਂ ਖੇਚਲ ਨਾ ਕਰੋ।”
ਚਾਰ ਕਦਮ ਹੋਰ ਅੱਗੇ ਗਿਆ ਤਾਂ ਦੋ ਸਿਕਿਓਰਿਟੀ ਵਾਲੇ ਐਸਕੋਰਟ ਕਰਕੇ ਅੰਦਰ ਲੈ ਗਏ। ਸਾਬਕਾ ਰਾਸ਼ਟਰਪਤੀ ਦੇ ਨਿੱਜੀ ਸਹਾਇਕ ਸਰਦਾਰ ਸਾਹਿਬ ਅਪਣੱਤ ਨਾਲ ਮਿਲੇ। ਇੰਨੇ ਨੂੰ ਚਾਹ ਆ ਗਈ ਤੇ ਨਾਲੋ ਨਾਲ ਅੰਦਰੋਂ ਸਾਹਿਬ ਦਾ ਸੁਨੇਹਾ ਆ ਗਿਆ। ਮੈਂ ਪੂਰੇ ਆਤਮ ਵਿਸ਼ਵਾਸ ਨਾਲ ਸਾਬਕਾ ਰਾਸ਼ਟਰਪਤੀ ਦੇ ਕਮਰੇ ਵੱਲ ਨੂੰ ਤੁਰ ਪਿਆ। ਨਿੱਜੀ ਸਹਾਇਕ ਸਰਦਾਰ ਸਾਹਿਬ ਮੇਰੇ ਨਾਲ ਸੀ। ਦਰਵਾਜ਼ਾ ਕਿਸੇ ਹੋਰ ਨੇ ਖੋਲ੍ਹਿਆ।
ਮੈਂ ਹੈਰਾਨ ਹੋ ਗਿਆ ਜਦੋਂ ਬੂਹਾ ਖੁੱਲ੍ਹਦਿਆਂ ਹੀ ਰਾਮ ਨਾਥ ਕੋਵਿੰਦ ਜੀ ਹੱਥ ਜੋੜ ਕੇ ਖੜ੍ਹ ਗਏ। ਹੱਥ ਮਿਲਾਉਣ ਪਿੱਛੋਂ ਮੈਨੂੰ ਕੁਰਸੀ ਆਫ਼ਰ ਕਰਕੇ ਉਹ ਆਪ ਬਾਅਦ ਵਿੱਚ ਬੈਠੇ। ਮੈਂ ਆਪਣੀ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋਏ ਮਿਡਲਾਂ ਦੀ ਪੁਸਤਕ ਭੇਂਟ ਕੀਤੀ। ਉਨ੍ਹਾਂ ਪੁਸਤਕ ’ਤੇ ਝਾਤ ਮਾਰਦਿਆਂ ਹੀ ਕਈ ਸਵਾਲ ਕੀਤੇ। ਫਿਰ ਵੰਨ ਨੇਸ਼ਨ ਵੰਨ ਇਲੈਕਸ਼ਨ ਬਾਰੇ ਗੱਲ ਹੋਈ। ਕਈ ਹੋਰ ਵਿਸ਼ਿਆਂ ’ਤੇ ਵੀ ਚਰਚਾ ਹੋਈ। ਉਹ ਪੂਰੀ ਤਰ੍ਹਾਂ ਦਿਲਚਸਪੀ ਨਾਲ ਗੱਲਾਂ ਸੁਣਦੇ ਤੇ ਕਰਦੇ ਰਹੇ।
ਜਦੋਂ ਉਨ੍ਹਾਂ ਮੈਨੂੰ ਦਿੱਲੀ ਆ ਕੇ ਚਾਹ ਪੀਣ ਦਾ ਸੱਦਾ ਦਿੱਤਾ, ਮੈਂ ਜਾਣ ਦੀ ਆਗਿਆ ਮੰਗ ਲਈ। ਮੈਂ ਕਮਰੇ ਦੇ ਬਾਹਰਲੇ ਦਵਾਰਜ਼ੇ ਕੋਲ ਪਹੁੰਚ ਕੇ ਪਿੱਛੇ ਮੁੜ ਕੇ ਦੇਖਿਆ ਤਾਂ ਤਦ ਰਾਮ ਨਾਥ ਕੋਵਿੰਦ ਜੀ ਹੱਥ ਜੋੜੀ ਖੜ੍ਹੇ ਮੁਸਕਰਾ ਰਹੇ ਸਨ। ਬਾਹਰ ਹੋਰ ਦੋ ਸੱਜਣ ਸਾਹਿਬ ਨੂੰ ਮਿਲਣ ਦੀ ਉਡੀਕ ਕਰ ਰਹੇ ਸਨ। ਮੈਂ ਸਰਦਾਰ ਸਾਹਿਬ ਕੋਲ ਬੈਠ ਗਿਆ। ਦੁਬਾਰਾ ਚਾਹ ਆ ਗਈ। ਨਿੱਜੀ ਸਹਾਇਕ ਸਰਦਾਰ ਸਾਹਿਬ ਨੇ ਦਿੱਲੀ ਆਉਣ ਦੀ ਵਾਰ-ਵਾਰ ਤਾਗੀਦ ਕੀਤੀ।
ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੇਰੀਆਂ ਕਿਤਾਬਾਂ ਬਾਰੇ, ਅਖ਼ਬਾਰ ਵਿੱਚ ਕੰਮ ਕਰਨ ਵੇਲੇ ਦੇ ਤਜਰਬੇ ਬਾਰੇ। ਮੈਂ ਲੰਚ ਦਾ ਸਮਾਂ ਹੋਣ ’ਤੇ ਜਾਣ ਦੀ ਆਗਿਆ ਮੰਗੀ। ਮੇਰੀ ਜ਼ੁਬਾਨ ’ਤੇ ਵਾਰ-ਵਾਰ ਇਹ ਸਤਰਾਂ ਆ ਰਹੀਆਂ ਸਨ, “ਵੱਡਿਆਂ ਨਾਲ ਭਲਾ ਕਾਹਦੀ ਰੀਸ। ਸੱਚ ਕਹਿੰਦੇ ਨੇ ਕਿ ਫਲਾਂ ਨਾਲ ਰੱਦਿਆ ਝੁਕ ਕੇ ਧਰਤੀ ਨੂੰ ਲੱਗਿਆ ਹੁੰਦਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (