“ਇਸਦਾ ਇੱਕ ਇਹ ਮਾਰੂ ਪ੍ਰਭਾਵ ਵੀ ਦੇਖਣ ਨੂੰ ਮਿਲਣ ਲੱਗਾ ਹੈ ਕਿ 2002 ਦੇ ਗੁਜਰਾਤ, 2020 ਦੇ ...”
(12 ਨਵੰਬਰ 2024)
ਪੰਜਾਬ ਦੇ ਪਿੰਡੇ ’ਤੇ ਪਏ 1984 ਦੇ ਡੂੰਘੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ। ਜੂਨ 84 ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਚੀਸ ਹਾਲੇ ਮੱਠੀ ਨਹੀਂ ਪਈ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਫੱਟ ਹਾਲੇ ਵੀ ਰਿਸ ਰਹੇ ਹਨ। ਜਖਮਾਂ ਉੱਤੇ ਮੱਲ੍ਹਮ ਲਾਉਣ ਦੀ ਥਾਂ ਵਾਰ ਵਾਰ ਕੁਰੇਦਿਆ ਜਾ ਰਿਹਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੱਸਣ ਵਾਲੇ ਦੇਸ਼ ਭਾਰਤ ਵਿੱਚ ਉਸ ਕੌਮ ਨੂੰ ਲਹੂ ਲੁਹਾਣ ਕੀਤਾ ਗਿਆ, ਜਿਸ ਨੇ ਮੁਲਕ ਨੂੰ ਆਜ਼ਾਦ ਕਰਾਉਣ ਲਈ 80 ਫੀਸਦੀ ਕੁਰਬਾਨੀਆਂ ਦਿੱਤੀਆਂ ਸਨ। ਇਸ ਨੂੰ ਭਾਰਤ ਵਿੱਚ ਰਾਜਸੀ ਸਰਪ੍ਰਸਤੀ ਹੇਠ ਸਿੱਖਾਂ ਉੱਤੇ ਢਾਹੇ ਅਣਮਨੁੱਖੀ ਅਤੇ ਜਬਰ ਜ਼ੁਲਮ ਦੀ ਇੰਤਹਾ ਕਿਹਾ ਜਾਣਾ ਬਣਦਾ ਹੈ। ਸਿੱਖਾਂ ਦੀ ਇਸ ਨਸਲਕੁਸ਼ੀ ਦੀ ਫੂਕ ਕੈਨੇਡਾ ਅਤੇ ਅਮਰੀਕਾ ਦੇ ਪਾਰਲੀਮੈਂਟ ਵਿੱਚ ਤਾਂ ਸੁਣੀ ਗਈ ਪਰ ਭਾਰਤ ਦੇ ਹਾਕਮਾਂ ਨੇ ਜਿਵੇਂ ਕੰਨਾਂ ਵਿੱਚ ਮੋਮ ਢਾਲ਼ ਕੇ ਪਾਇਆ ਹੋਵੇ।
ਨਵੰਬਰ ਦੇ ਪਹਿਲੇ ਹਫਤੇ ਮੁਲਕ ਭਰ ਵਿੱਚ ਵਸਦੇ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ, ਗੈਰ ਮਨੁੱਖੀ ਢੰਗ ਨਾਲ ਕਤਲ ਕੀਤਾ ਗਿਆ। ਜਾਬਰਾਂ ਨੇ ਸਿੱਖ ਬੀਬੀਆਂ ਅਤੇ ਬੱਚਿਆਂ ਉੱਤੇ ਅਣਮਨੁੱਖੀ ਕਹਿਰ ਢਾਹਿਆ। ਉਸ ਤੋਂ ਵੀ ਵੱਡਾ ਦੁਖਾਂਤ ਇਹ ਕਿ 40 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਖ ਕੌਮ ਦੇ ਦਿਲ ਦਿਮਾਗ ਉੱਤੇ ਉੱਤਰਿਆ ਇਹ ਖੂਨੀ ਸਫਾ ਕਦੇ ਮਿਟਾਇਆ ਨਹੀਂ ਜਾ ਸਕਦਾ ਹੈ। ਸਗੋਂ ਇਹ ਹੋਰ ਕਾਲ਼ਾ ਸ਼ਾਹ ਹੋ ਰਿਹਾ ਹੈ। ਹਰ ਸਾਲ ਨਵੰਬਰ ਦੇ ਪਹਿਲੇ ਹਫਤੇ ਅਖਬਾਰਾਂ ਅਤੇ ਟੀਵੀ ਉੱਤੇ ਦਿਖਾਈਆਂ ਜਾਂਦੀਆਂ ਕਹਿਰ ਭਰੀਆਂ ਤਸਵੀਰਾਂ ਹਰ ਇੱਕ ਦੇ ਦਿਲ ਨੂੰ ਧੂਹ ਪਾਉਂਦੀਆਂ ਹਨ। ਕਲ਼ੇਜਾ ਰੁੱਗ ਭਰ ਕੇ ਬਾਹਰ ਨੂੰ ਆਉਣ ਲਗਦਾ ਹੈ ਪਰ ਮਜ਼ਾਲ ਹੈ ਕਿ ਕਦੇ ਹਾਕਮਾਂ ਦਾ ਦਿਲ ਪਸੀਜਿਆ ਹੋਵੇ। ਅਕਤੂਬਰ 84 ਦੀ ਆਖਰੀ ਰਾਤ ਤੋਂ ਲੈ ਕੇ 7 ਨਵੰਬਰ ਤਕ ਭਾਰਤ ਦੇ 18 ਸੂਬਿਆਂ ਦੇ ਲਗਭਗ 110 ਸ਼ਹਿਰਾਂ ਵਿੱਚ ਜਿਸ ਤਰ੍ਹਾਂ ਸਿੱਖਾਂ ਨੂੰ ਬੇਰਹਿਮੀ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਿਆ ਗਿਆ, ਉਹ ਲਿਖਣ ਲੱਗਿਆ ਕੱਮ ਰੁਕ ਜਾਂਦੀ ਹੈ। ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਤੁਰਦੇ ਹਨ। ਸਰੀਰ ਬੇਜਾਨ ਹੋ ਕੇ ਪੱਥਰ ਬਣ ਜਾਂਦਾ ਹੈ। ਪਰ ਕਲੰਕ ਉਹਨਾਂ ਸਿਆਸੀ ਲੀਡਰਾਂ ਦੇ ਮੱਥੇ ਉੱਤੇ ਜਿਹੜੇ ਅੱਜ ਵੀ ਵੋਟਾਂ ਦੀ ਖਾਤਰ ਇੰਨੇ ਵੱਡੇ ਕਤਲੇਆਮ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਦੇ ਹਨ। ਹੋਰ ਤਾਂ ਹੋਰ ਆਪਣੇ ਹੱਥੋਂ ਉੱਜੜੇ ਪਰਿਵਾਰਾਂ ਦੀ ਸਾਰ ਲੈਣ ਦੀ ਲੋੜ ਨਹੀਂ ਸਮਝਦੇ। ਵਿਰਲੇ ਟਾਵੇਂ ਅਜਿਹੇ ਵੀ ਹਨ ਜਿਹੜੇ ਸਿੱਖ ਕੌਮ ਨੂੰ ਉਹਨਾਂ ਉੱਤੇ ਹੋਏ ਜ਼ੁਲਮ ਨੂੰ ਭੁੱਲ ਜਾਣ ਦੀ ਨਸੀਹਤ ਦਿੰਦੇ ਹਨ, ਜਿਹੜਾ ਕਦੇ ਹੋ ਨਹੀਂ ਸਕਦਾ। ਜੇ ਤੁਸੀਂ ਤੇ ਅਸੀਂ ਮਹਿਮੂਦ ਗਜਨਵੀ, ਅਹਿਮਦ ਸ਼ਾਹ ਅਬਦਾਲੀ ਅਤੇ ਔਰੰਗਜ਼ੇਬ ਦਾ ਜ਼ੁਲਮ ਨਹੀਂ ਭੁੱਲੇ ਤਦ ਸਿੱਖ ਕਿਵੇਂ ਭੁੱਲ ਜਾਣ?
ਸਿਤਮ ਇਹ ਕਿ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਵੀ ਇਨਸਾਫ ਦੇਣ ਵਿੱਚ ਨਿਆਂ ਨਹੀਂ ਕੀਤਾ। ਸਿੱਖ ਕੌਮ ਦਾ ਦੇਸ਼ ਦੀ ਇਸ ਸਰਬ ਉੱਚ ਅਦਾਲਤ ਉੱਤੇ ਉਲਾਂਭਾ ਦੇਣ ਦਾ ਪੂਰਾ ਪੂਰਾ ਹੱਕ ਹੈ। ਇਨਸਾਫ ਨੂੰ ਹੋ ਰਹੀ ਦੇਰੀ ਅਤੇ ਫਿੱਕੀ ਪੈਂਦੀ ਜਾ ਰਹੀ ਉਮੀਦ ਨੇ ਸਿੱਖਾਂ ਦੇ ਹਿਰਦਿਆਂ ਨੂੰ ਹੋਰ ਵੀ ਵਲੂੰਧਰ ਕੇ ਰੱਖ ਦਿੱਤਾ ਹੈ। ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਮੰਗ ਕੀਤੀ ਹੈ ਕਿ ਕੌਮੀ ਰਾਜਧਾਨੀ ਵਿੱਚ ਸਿੱਖ ਕਤਲੇਆਮ ਪ੍ਰਤੀ ਅੱਖਾਂ ਬੰਦ ਕਰਕੇ ਰੱਖਣ ਲਈ ਸੁਪਰੀਮ ਕੋਰਟ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਸੁਪਰੀਮ ਕੋਰਟ 33 ਸਾਲਾਂ ਮਗਰੋਂ ਹਰਕਤ ਵਿੱਚ ਆਈ ਜਦੋਂ ਜਸਟਿਸ ਦੀਪਕ ਦੀ ਅਗਵਾਈ ਹੇਠਲੇ ਬੈਂਚ ਨੇ ਮਾਮਲੇ ਦੀ ਪੜਤਾਲ ਕਰਨ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਹੁਕਮ ਦਿੱਤੇ, ਜਿਸ ਮਗਰੋਂ ਕਈ ਕੇਸ ਦੁਬਾਰਾ ਖੁੱਲ੍ਹੇ। ਸਿੱਖ ਕਤਲੇਆਮ ਦੀ ਜਾਂਚ ਲਈ ਕਈ ਕਮਿਸ਼ਨ ਬਣਾਏ ਗਏ ਪਰ ਪੀੜਤ ਹਾਲੇ ਵੀ ਇਨਸਾਫ ਦੀ ਉਡੀਕ ਵਿੱਚ ਹਨ।
ਮੁਲਕ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੱਤਿਆ ਮਗਰੋਂ 5 ਹਜ਼ਾਰ ਸਿੱਖ ਤਾਂ ਦਿੱਲੀ ਵਿੱਚ ਹੀ ਕਤਲ ਕਰ ਦਿੱਤੇ ਗਏ। ਦਿੱਲੀ ਹਾਈਕੋਰਟ ਨੇ 17 ਦਸੰਬਰ 2018 ਨੂੰ ਕਾਂਗਰਸ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸਨੇ ਸਜ਼ਾ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੋਈ ਹੈ। ਦੇਸ਼ ਦੀ ਸਿਖਰਲੀ ਅਦਾਲਤ ਵੱਲੋਂ 13 ਸਤੰਬਰ ਨੂੰ ਇੱਕ ਹੋਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਆਇਦ ਕੀਤੇ ਹਨ। ਜਗਦੀਸ਼ ਟਾਈਟਲਰ ਉੱਤੇ ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਲਈ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਜਦੋਂ ਸਾਰਾ ਕੁਝ ਚਿੱਟੇ ਦਿਨ ਦੀ ਤਰ੍ਹਾਂ ਸਾਫ ਨਜ਼ਰ ਆ ਰਿਹਾ ਹੈ, ਸਰਕਾਰਾਂ ਅਤੇ ਅਦਾਲਤਾਂ ਕੰਨ ਵਲੇਟੀ ਬੈਠੀਆਂ ਹਨ, ਸਿੱਖ ਭਾਈਚਾਰਾ ਇਸ ਚੀਸ ਨੂੰ ਕਿਵੇਂ ਭੁੱਲੇ।
ਨਵੰਬਰ 84 ਦੇ ਖੂਨੀ ਕਹਿਰ ਤੋਂ ਪੰਜ ਮਹੀਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਉਦੋਂ ਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਛਲਣੀ ਕਰਕੇ ਰੱਖ ਦਿੱਤਾ ਸੀ। ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਗਈਆਂ ਹਜ਼ਾਰਾਂ ਸੰਗਤਾਂ ਨੂੰ ਆਪਣੇ ਹੀ ਮੁਲਕ ਦੀ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤਾ। ਨਾ ਉਦੋਂ ਦੇ ਹਾਕਮਾਂ ਦਾ ਦਿਲ ਪਸੀਜਿਆ ਅਤੇ ਨਾ ਹੀ ਅੱਜ ਦੇ ਹੁਕਮਰਾਨ ਨੂੰ ਪਛਤਾਵਾ ਹੈ। ਸਰਕਾਰਾਂ ਦੇ ਮੱਥੇ ਉੱਤੇ ਇਹ ਵੱਡਾ ਕਲੰਕ ਹੈ, ਜਿਸ ਨੂੰ ਧੋਣ ਲਈ ਹਾਲੇ ਤਕ ਕੁਝ ਨਹੀਂ ਕੀਤਾ ਗਿਆ। ਨਵੰਬਰ 1984 ਤੋਂ ਬਾਅਦ 40 ਸਾਲਾਂ ਦੀ ਦੁੱਖਾਂ ਭਰੀ ਦਾਸਤਾਨ ਬਿਆਨਦਿਆਂ ਬਹੁਤ ਵਾਰ ਕਲਮ ਲਿਖਣ ਤੋਂ ਜਵਾਬ ਦੇਣ ਲੱਗ ਜਾਂਦੀ ਹੈ। ਜ਼ਬਾਨ ਥਿੜਕਣ ਲਗਦੀ ਹੈ, ਦਿਮਾਗ ਸੁੰਨ ਹੋ ਜਾਂਦਾ ਹੈ। ਬਾਵਜੂਦ ਇਸਦੇ ਹੌਸਲਾ ਕੀਤਾ ਹੈ ਹਾਕਮਾਂ ਨੂੰ ਝੰਝੋੜਨ ਦਾ। ਕਈ ਮੁਲਕਾਂ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਉਹਨਾਂ ਦੇ ਪੁੱਤਰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਢਾਹੇ ਇਸ ਜ਼ੁਲਮ ਦੀ ਰੱਜ ਕੇ ਨਖੇਧੀ ਹੀ ਨਹੀਂ ਕੀਤੀ ਸਗੋਂ ਸਿੱਖਾਂ ਨਾਲ ਹਮਦਰਦੀ ਵੀ ਜਿਤਾਈ।
ਆਪਣੇ ਹੀ ਮੁਲਕ ਵਿੱਚ ਸਿੱਖਾਂ ਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਇੱਕ ਵਾਰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਨਵੰਬਰ 1984 ਤੋਂ ਬਾਅਦ ਸਿੱਖਾਂ ਦੇ ਜ਼ਖਮ ਉਦੋਂ ਹੋਰ ਡੂੰਘੇ ਹੋ ਗਏ ਜਦੋਂ ਮਾਰਚ 21, 2000 ਨੂੰ ਪਿੰਡ ਚਿੱਠੀ ਸਿੰਘਪੁਰਾ ਵਿੱਚ ਵਸਦੇ 35 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਫੌਜੀਆਂ ਦੀਆਂ ਵਰਦੀਆਂ ਪਾ ਕੇ ਜ਼ਾਲਮਾਂ ਨੇ ਸਿੱਖਾਂ ਨੂੰ ਰਾਤ ਵੇਲੇ ਘਰਾਂ ਵਿੱਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਬਾਹਾਂ ਲਗਾ ਕੇ ਪਿੱਛੋਂ ਗੋਲੀਆਂ ਲੰਘਾ ਦਿੱਤੀਆਂ ਗਈਆਂ ਸਨ।
ਹੋਰ ਵੀ ਦੁੱਖ ਦੀ ਗੱਲ ਇਹ ਕਿ ਭਾਰਤ ਦੀ ਸੰਸਦ ਦੇ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਹੋਰ ਜੁੜ ਗਿਆ ਹੈ ਕਿਉਂਕਿ 1984 ਦੀ ਸਿੱਖ ਨਸਲ ਕੁਸ਼ੀ ਦੇ ਰੋਸ ਵਜੋਂ ਸੰਸਦ ਵਿੱਚ ਨਿੰਦਾ ਦਾ ਮਤਾ ਪਾਸ ਤਕ ਨਹੀਂ ਕੀਤਾ ਗਿਆ, ਕਤਲਾਂ ਉੱਤੇ ਦੁੱਖ ਪ੍ਰਗਟ ਕਰਨ ਦੀ ਗੱਲ ਤਾਂ ਦੂਰ ਦੀ ਰਹੀ। ਸਿਤਮ ਇਹ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰੰਗਾ ਨਾਥਨ ਮਿਸ਼ਨਾ ਮਿਸ਼ਰਾ ਦੀ ਰਿਪੋਰਟ ਉੱਤੇ ਬਹਿਸ ਕਰਾਉਣ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ ਅਤੇ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਨੇ ਇਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਸੀ।
ਨਵੰਬਰ 84 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਆਗੂਆਂ ਐੱਚ ਕੇ ਐੱਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਵੱਲੋਂ ਕਾਤਲਾਂ ਦੀ ਅਗਵਾਈ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਕਾਂਗਰਸ ਪਾਰਟੀ ਨੇ ਇਹਨਾਂ ਵਿੱਚੋਂ ਕਈਆਂ ਨੂੰ ਮੰਤਰੀਆਂ ਦੀਆਂ ਕੁਰਸੀਆਂ ’ਤੇ ਬਿਠਾਇਆ ਗਿਆ ਹੈ ਅਤੇ ਕਈ ਹੋਰ ਮੈਂਬਰ ਪਾਰਲੀਮੈਂਟ ਦੀ ਝੰਡੀ ਵਾਲੀ ਕਾਰ ਲਈ ਫਿਰਦੇ ਹਨ। ਸੰਗ ਸ਼ਰਮ ਵਾਲੀ ਲੋਈ ਲਾਹੁਣ ਵਾਲੀਆਂ ਗੱਲਾਂ ਉਦੋਂ ਸਾਹਮਣੇ ਆਈਆਂ ਜਦੋਂ ਸਿੱਖਾਂ ਦੇ ਕਾਤਲਾਂ ਨੂੰ ਮਾਨ ਸਨਮਾਨ ਅਤੇ ਅਵਾਰਡ ਦੇ ਕੇ ਸਨਮਾਨਿਆ ਗਿਆ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਾਂ ਵੀ ਉਹਨਾਂ ਦੋਸ਼ੀਆਂ ਵਿੱਚ ਸ਼ਾਮਿਲ ਹੋ ਗਿਆ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਮਲ ਨਾਥ ਦਾ ਹੱਥ ਨਹੀਂ ਸੀ। ਰਾਜਾ ਵੜਿੰਗ ਪਹਿਲੇ ਅਜਿਹੇ ਕਾਂਗਰਸੀ ਲੀਡਰ ਨਹੀਂ ਹਨ ਜਿਨ੍ਹਾਂ ਨੇ ਆਪਣੀ ਕੌਮ ਨਾਲ ਗੱਦਾਰੀ ਕੀਤੀ ਹੋਵੇ। ਅਜਿਹੇ ਲੀਡਰਾਂ ਦੀ ਕਤਾਰ ਲੰਮੀ ਹੈ। ਹਾਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦੇ ਦਿੱਤਾ ਸੀ। ਪਰ ਬਾਅਦ ਵਿੱਚ ਉਹ ਮੁੜ ਉਸੇ ਪਾਰਟੀ ਦੀ ਝੋਲੀ ਵਿੱਚ ਜਾ ਪਏ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੀ ਗੱਲ ਕਰੀਏ ਤਾਂ ਗੱਦਾਰਾਂ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦਾ ਨਾਂ ਵੀ ਉਂਗਲਾਂ ’ਤੇ ਗਿਣਿਆ ਜਾਂਦਾ ਹੈ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨਾਲ ਵਿਸ਼ੇਸ਼ ਤਿਹੁ ਜਤਾ ਰਹੇ ਹਨ ਪਰ ਅਸਲ ਵਿੱਚ ਸਿੱਖਾਂ ਦੀ ਬਾਂਹ ਉਹਨਾਂ ਨੇ ਵੀ ਨਹੀਂ ਫੜੀ। ਸਿੱਖ ਬੁੱਧੀਜੀਵੀਆਂ ਨਾਲ ਵਾਰ ਵਾਰ ਕੀਤੀਆਂ ਮੀਟਿੰਗਾਂ ਤੋਂ ਨਵੀਂ ਆਸ ਬੱਝਦੀ ਰਹੀ ਹੈ ਪਰ ਅੰਤ ਪੱਲੇ ਪੈਂਦੀ ਰਹੀ ਹੈ ਨਿਰਾਸ਼ਾ। ਭਾਜਪਾ ਦੀ ਕੇਂਦਰ ਸਰਕਾਰ 1984 ਦੇ ਦੁਖਾਂਤ ਲਈ ਮੁਆਫੀ ਮੰਗ ਲਵੇ, ਤਦ ਵੀ ਸ਼ਾਇਦ ਸਿੱਖਾਂ ਦੇ ਸੀਨੇ ਠਰ ਜਾਣ। ਕਾਨੂੰਨੀ ਲੜਾਈਆਂ ਸ਼ੁਰੂ ਹੋਣ ’ਤੇ ਸਬੂਤਾਂ ਦੀ ਤਲਾਸ਼ ਕੀਤੀ ਜਾਂਦੀ ਹੈ। ਮੇਰੇ ਮਨ ਵਿੱਚ ਵਾਰ ਵਾਰ ਖਿਆਲ ਆ ਰਿਹਾ ਹੈ ਕਿ ਨਵੰਬਰ 1984 ਦੇ ਪਹਿਲੇ ਹਫਤੇ ਅੰਬਰ ਤਕ ਉੱਠਦਾ ਕਾਲਾ ਸਿਆਹ ਧੂੰਆਂ ਕਿਸ ਦੀ ਨਜ਼ਰੀਂ ਨਹੀਂ ਪਿਆ ਹੋਵੇਗਾ? ਖੂਨ ਦੇ ਛਿੱਟੇ ਕਾਤਲਾਂ ਦੇ ਜਿਸਮ ’ਤੇ ਕਿਸ ਨੇ ਨਹੀਂ ਦੇਖੇ। ਦੇਸ਼ ਦੇ ਉਸ ਵੇਲੇ ਦੇ ਹਾਕਮ ਨੇ ਤਾਂ ਕਹਿ ਦਿੱਤਾ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ। 1984 ਦੇ ਸਿੱਖ ਕਤਲੇਆਮ ਜਿਹਾ ਭਿਆਨਕ ਮੰਜ਼ਰ ਹਾਲੇ ਤਕ ਤਾਂ ਵਿਸ਼ਵ ਭਰ ਵਿੱਚ ਕਿਧਰੇ ਹੋਰ ਨਹੀਂ ਦੇਖਿਆ ਗਿਆ। ਇਸਦਾ ਇੱਕ ਇਹ ਮਾਰੂ ਪ੍ਰਭਾਵ ਵੀ ਦੇਖਣ ਨੂੰ ਮਿਲਣ ਲੱਗਾ ਹੈ ਕਿ 2002 ਦੇ ਗੁਜਰਾਤ, 2020 ਦੇ ਉੱਤਰ ਪੂਰਬੀ ਦਿੱਲੀ ਅਤੇ ਮਨੀਪੁਰ ਨੂੰ ਵੀ ਆਮ ਵਰਤਾਰਾ ਮੰਨ ਲਿਆ ਗਿਆ ਹੈ। ਇਹ ਗੱਲ ਹੁਣ ਕਿਸੇ ਤੋਂ ਗੁੱਝੀ ਨਹੀਂ ਰਹੀ। ਭਾਰਤ ਦੀ ਸਿਆਸੀ ਜਮਾਤ ਨੇ ਨਵੰਬਰ 1984 ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਇੱਕ ਕੌੜਾ ਸੱਚ ਇਹ ਵੀ ਹੈ ਕਿ ਸਮਾਜ ਅਤੇ ਰਾਸ਼ਟਰ ਦੇ ਨਾਤੇ ਅਸੀਂ ਨਵੰਬਰ 1984 ਤੋਂ ਕੁਝ ਨਹੀਂ ਸਿੱਖਿਆ। ਬੱਸ ਇਸ ਤਰ੍ਹਾਂ ਚੱਲਦੇ ਰਹਿਣ ਦੀ ਸਾਡੀ ਪ੍ਰਵਿਰਤੀ ਬਣ ਚੁੱਕੀ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਹੋ ਵਰਤਾਰਾ ਜਿੱਥੇ ਸਾਨੂੰ ਸੰਵੇਦਨਹੀਣ ਬਣਾਉਂਦਾ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਸਮੂਹਕ ਸੰਵੇਦਨਾ ਤੋਂ ਵਿਰਵੇ ਵੀ ਕਰਦਾ ਹੈ।
ਮੁਲਕ ਦੀ ਬਦਕਿਸਮਤੀ ਹੀ ਕਹੀਏ ਕਿ ਸਭ ਤੋਂ ਵਫਾਦਾਰ ਸਿੱਖ ਕੌਮ ਆਪਣੇ ਦੇਸ਼ ਭਾਰਤ ਵਿੱਚ ਹੀ ਆਪਣੇ ਆਪ ਨੂੰ ਬੇਗਾਨੀ ਸਮਝ ਰਹੀ ਹੈ। ਆਪਣੇ ਹੀ ਮੁਲਕ ਦੀਆਂ ਲੱਖਾਂ, ਕਰੋੜਾਂ ਅੱਖਾਂ ਸਿੱਖਾਂ ਨੂੰ ਚੁੱਭਵੀਂ ਨਜ਼ਰ ਨਾਲ ਦੇਖਦੀਆਂ ਹਨ। ਸਦਕੇ ਜਾਈਏ ਬਾਬੇ ਨਾਨਕ, ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਰਿਵਾਰ ਦੇ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਨਾ ਕੋਈ ਵੈਰੀ ਨਾ ਹੀ ਬਿਗਾਨਾ ਦੀ ਸੋਚ ’ਤੇ ਚਲਦਿਆਂ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਇੱਕ ਦੀ ਔਖੇ ਵੇਲੇ ਬਾਂਹ ਫੜੀ ਹੈ। ਭਾਈ ਘਨੱਈਆ ਦੇ ਵਾਰਸਾਂ ਨੂੰ ਪੱਖਪਾਤ ਕਰਨਾ ਨਹੀਂ ਆਇਆ। ਇਹ ਤਾਂ ਆਪਣਾ ਆਪ ਵਾਰ ਕੇ ਦੂਜੇ ਦੀ ਜਾਨ ਬਚਾਉਣ ਅਤੇ ਪੱਤ ਰੱਖਣ ਦੀ ਗੁੜ੍ਹਤੀ ਲੈ ਕੇ ਪੈਦਾ ਹੋਏ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5438)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)