“ਜਦੋਂ ਪਿੰਡਾਂ ਦੇ ਲੋਕਾਂ ਨੇ ਨਾਟਕ ਦਾ ਨਾਂ ਵੀ ਨਹੀਂ ਸੁਣਿਆ ਸੀ, ਉਦੋਂ 1937 ਵਿੱਚ ਡਾਕਟਰ ਹਰਚਰਨ ਸਿੰਘ ਨੇ ...”
(10 ਦਸੰਬਰ 2024)
10 ਦਸੰਬਰ 1914 - 4 ਦਸੰਬਰ 2006
ਦੁਆਬੇ ਦੀ ਮਿੱਟੀ ਦਾ ਇੱਕ ਆਪਣਾ ਰੰਗ ਹੈ। ਇਸ ਮਿੱਟੀ ਨੇ ਅਨੇਕਾਂ ਹੀਰੇ ਸਾਹਿਤ ਜਗਤ ਦੀ ਝੋਲੀ ਪਾਏ ਹਨ। ਡਾਕਟਰ ਹਰਚਰਨ ਸਿੰਘ ਉਹ ਨਿਮਰ ਅਤੇ ਮਿੱਠ ਬੋਲੜੇ ਸੁਭਾਅ ਦੇ ਸ਼੍ਰੋਮਣੀ ਨਾਟਕਕਾਰ ਦਲੇਰ ਲੇਖਕ ਸਨ, ਜਿਨ੍ਹਾਂ ਨੇ ਆਪਣੇ ਵੇਲੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨਾਲ ਆਢਾ ਲੈ ਲਿਆ ਸੀ। ਉਹਨਾਂ ਦਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਟਕ “ਕੱਲ੍ਹ, ਅੱਜ ਤੇ ਭਲਕ” ਜਦੋਂ ਬਲਰਾਜ ਸਾਹਨੀ ਨੇ ਪਟਿਆਲੇ ਵਿੱਚ ਖੇਡਿਆ ਸੀ, ਉਸ ਸਮੇਂ ਮੁੱਖ ਮਹਿਮਾਨ ਵਜੋਂ ਗਿਆਨੀ ਜ਼ੈਲ ਸਿੰਘ ਨੇ ਸ਼ਿਰਕਤ ਕੀਤੀ ਸੀ। ਡਾਕਟਰ ਸਾਹਿਬ ਦਾ ਇਸ ਨਾਟਕ ਦਾ ਅਸਲ ਪਾਤਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਘੱਟ ਪੜ੍ਹਿਆ ਲਿਖਿਆ ਮਹੰਤ ਸੀ ਪਰ ਗਿਆਨੀ ਜ਼ੈਲ ਸਿੰਘ ਨੂੰ ਨਾਟਕ ਦੇਖਦਿਆਂ ਇਵੇਂ ਲੱਗਾ ਜਿਵੇਂ ਇਹ ਨਾਟਕ ਉਹਨਾਂ ਦੀ ਜ਼ਿੰਦਗੀ ਦੁਆਲੇ ਘੁੰਮਦਾ ਹੋਵੇ। ਉਹ ਨਾਟਕ ਵਿੱਚੇ ਛੱਡ ਕੇ ਚਲੇ ਗਏ ਤੇ ਜਾਂਦੇ ਹੋਏ ਡਾਕਟਰ ਹਰਚਰਨ ਸਿੰਘ ਨੂੰ ‘ਦੇਖਣ’ ਦੀ ਚੁਣੌਤੀ ਵੀ ਦੇ ਗਏ।
ਉਦੋਂ ਡਾਕਟਰ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਐਕਸਟੈਂਸ਼ਨ ’ਤੇ ਚੱਲ ਰਹੇ ਸਨ। ਅਗਲੇ ਦਿਨ ਉਹਨਾਂ ਦੀ ਹੈੱਡਸ਼ਿੱਪ ਤੋਂ ਛੁੱਟੀ ਕਰਨ ਦਾ ਪੱਤਰ ਆ ਗਿਆ। ਡਾਕਟਰ ਹਰਚਰਨ ਸਿੰਘ ਚੁੱਪ ਨਾ ਰਹੇ, ਉਹਨਾਂ ਨੇ ਮੋੜਵੇਂ ਰੂਪ ਵਿੱਚ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਇੱਕ ਪੱਤਰ ਲਿਖ ਕੇ ਠੋਕਵਾਂ ਜਵਾਬ ਦੇ ਦਿੱਤਾ। ਉਹ ਸਰਕਾਰ ਦੇ ਇਸ ਪੱਤਰ ਨੂੰ ਅਦਾਲਤ ਵਿੱਚ ਚੁਣੌਤੀ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਵੱਡੇ ਪੁੱਤਰ ਅਤੇ ਅਮਰੀਕਾ ਦੇ ਪ੍ਰਸਿੱਧ ਵਿਗਿਆਨੀ ਡਾਕਟਰ ਅਮਰਜੀਤ ਸਿੰਘ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਹੁਣ ਉਹਨਾਂ ਦੇ ਪੜ੍ਹਨ ਲਿਖਣ ਦਾ ਢੁਕਵਾਂ ਸਮਾਂ ਆ ਗਿਆ ਹੈ, ਨੌਕਰੀ ਤੋਂ ਲਾਂਭੇ ਹੋ ਜਾਣ।
ਡਾਕਟਰ ਹਰਚਰਨ ਸਿੰਘ ਦੀ ਸ਼ਖਸੀਅਤ ਦੇ ਇੱਕ ਨਹੀਂ ਅਨੇਕਾਂ ਪੱਖ ਹਨ। ਉਹਨਾਂ ਨੇ ਲਾਈਟ ਐਂਡ ਸਾਊਂਡ ਰਾਹੀਂ ਨਾਟਕ ਖੇਡਣ ਦੀ ਪਿਰਤ ਸ਼ੁਰੂ ਕੀਤੀ। ਉਹਨਾਂ ਦਾ ਨਾਟਕ ‘ਹਿੰਦ ਦੀ ਚਾਦਰ’ ਪੰਜਾਬ ਅਤੇ ਪੰਜਾਬ ਤੋਂ ਬਾਹਰ ਛੇ ਦਰਜਨ ਤੋਂ ਵੱਧ ਵਾਰ ਖੇਡਿਆ ਗਿਆ ਸੀ। ਉਹਨਾਂ ਨੇ 36 ਦੇ ਕਰੀਬ ਪੂਰੇ ਨਾਟਕ ਲਿਖੇ। ਕਹਾਣੀ ਅਤੇ ਨਾਵਲ ਲਿਖਣ ਉੱਤੇ ਵੀ ਆਪਣਾ ਹੱਥ ਅਜ਼ਮਾਇਆ। ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਨਾਟਕਕਾਰ ਦੇ ਐਵਾਰਡ ਨਾਲ ਨਿਵਾਜਿਆ ਗਿਆ ਸੀ। ਉਹ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਉਂਦੇ ਰਹੇ। ਉਹਨਾਂ ਦਾ ਡਾਕਟਰ ਐੱਮ ਐੱਸ ਰੰਧਾਵਾ ਨਾਲ ਖਾਸ ਮੋਹ ਸੀ।
ਜਦੋਂ ਪਿੰਡਾਂ ਦੇ ਲੋਕਾਂ ਨੇ ਨਾਟਕ ਦਾ ਨਾਂ ਵੀ ਨਹੀਂ ਸੁਣਿਆ ਸੀ, ਉਦੋਂ 1937 ਵਿੱਚ ਡਾਕਟਰ ਹਰਚਰਨ ਸਿੰਘ ਨੇ ਆਪਣੇ ਪਿੰਡ ਉੜਾਪੜ ਵਿੱਚ ਪਹਿਲਾ ਨਾਟਕ ਕਮਲਾ ਕੁਮਾਰੀ ਖੇਡਿਆ। ਨਾਟਕ ਵਿੱਚ ਕਲਾਕਾਰਾਂ ਵਜੋਂ ਪਿੰਡ ਦੇ ਬਹੁਤ ਹੀ ਆਮ ਬੰਦਿਆਂ ਗੋਦੀ ਹਲਵਾਈ, ਸਾਈਂ ਗੋਲ ਗੱਪਿਆਂ ਵਾਲਾ, ਨੰਤ ਰਾਮ, ਬੰਤਾ ਛੜਿਆਂ ਦਾ ਅਤੇ ਹਰੀਆ ਨੂੰ ਰੋਲ ਦਿੱਤਾ। ਨਾਟਕਾਂ ਵਿੱਚ ਔਰਤ ਨੂੰ ਕਲਾਕਾਰ ਵਜੋਂ ਕੰਮ ਕਰਨ ਦਾ ਸਭ ਤੋਂ ਪਹਿਲਾ ਮੌਕਾ ਵੀ ਉਹਨਾਂ ਨੇ ਹੀ ਦਿੱਤਾ ਸੀ। ਉਹਨਾਂ ਦੀ ਪਤਨੀ ਧਰਮ ਕੌਰ ਇੱਕ ਆਮ ਪੇਂਡੂ ਸੁਆਣੀ ਸੀ। ਜਦੋਂ ਧਰਮ ਕੌਰ ਨੇ ਪਿੰਡ ਵਿੱਚ ਖੇਡੇ ਗਏ ਨਾਟਕ ਕਮਲਾ ਕੁਮਾਰੀ ਨੂੰ ਦੇਖਣ ਤੋਂ ਬਾਅਦ ਔਰਤ ਦਾ ਰੋਲ ਕਰਨ ਵਾਲੇ ਪੁਰਸ਼ ਅਦਾਕਾਰ ਦੀ ਆਲੋਚਨਾ ਕਰ ਦਿੱਤੀ ਤਾਂ ਡਾਕਟਰ ਹਰਚਰਨ ਸਿੰਘ ਨੇ ਉਸ ਨੂੰ ਕਮਲਾ ਕੁਮਾਰੀ ਦਾ ਰੋਲ ਕਰਨ ਦੀ ਚੁਣੌਤੀ ਦੇ ਦਿੱਤੀ। ਅਗਲੇ ਸ਼ੋਅ ਵਿੱਚ ਧਰਮ ਕੌਰ ਨੇ ਕਮਲਾ ਕੁਮਾਰੀ ਦਾ ਰੋਲ ਕੀਤਾ। ਇਸ ਨਾਟਕ ਨੇ ਡਾਕਟਰ ਸਾਹਿਬ ਕੀ, ਸਾਰੇ ਪਿੰਡ ਦੀਆਂ ਮੂੰਹ ਵਿੱਚ ਉਂਗਲਾਂ ਪੁਆ ਦਿੱਤੀਆਂ ਸਨ।
ਡਾਕਟਰ ਹਰਚਰਨ ਸਿੰਘ ਨਾਟਕਕਾਰ ਨੋਰਾ ਰਿਚਰਡ ਦੇ ਚਹੇਤੇ ਸ਼ਗਿਰਦ ਸਨ। ਆਈ ਸੀ ਨੰਦਾ ਤੋਂ ਬਾਅਦ ਡਾਕਟਰ ਹਰਚਰਨ ਸਿੰਘ ਨੇ ਨੌਰਾ ਰਿਚਰਡ ਤੋਂ ਨਾਟਕ ਲਿਖਣ ਤੇ ਖੇਡਣ ਦੇ ਗੁਰ ਸਿੱਖੇ ਸਨ। ਉਹ ਅਮੀਰ ਠੇਕੇਦਾਰ ਬਾਪ ਦੇ ਪੁੱਤਰ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਦਿੱਲੀ ਜਾ ਕੇ ਈਸਟ ਪੰਜਾਬ ਗਿਆਨੀ ਕਾਲਜ ਖੋਲ੍ਹ ਲਿਆ। ਫਿਰ ਉੱਥੋਂ ਦੇ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ। ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਣ ਦਾ ਮੌਕਾ ਮਿਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਤੋਂ ਮੁਖੀ ਵਜੋਂ ਉਹ ਰਿਟਾਇਰ ਹੋਏ ਸਨ।
ਡਾਕਟਰ ਹਰਚਰਨ ਸਿੰਘ ਦੀ ਜ਼ਿੰਦਗੀ ਨਾਲ ਜੁੜੀ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੇ 1942 ਵਿੱਚ ਕਾਰ ਲੈਣ ਦਾ ਸੁਪਨਾ ਦੇਖਿਆ। ਕਾਫੀ ਪਛੜ ਕੇ ਉਹਨਾਂ ਨੇ ਜਦੋਂ 1969 ਵਿੱਚ ਪੁਰਾਣੀ ਫੀਅਟ ਕਾਰ ਲਈ ਤਾਂ ਕਾਰ ਦਾ ਮਾਡਲ 1942 ਸੀ। ਮੈਨੂੰ ਯਾਦ ਹੈ, ਸਾਡੇ ਘਰ ਦੀ ਲਾਇਬਰੇਰੀ ਲਈ ਉਹਨਾਂ ਨੇ ਪੁਰਾਣਾ ਪੱਖਾ ਦਾਨ ਕੀਤਾ ਸੀ। ਇਸ ਤੋਂ ਪਹਿਲਾਂ ਸਾਡੇ ਘਰ ਵਿੱਚ ਕੋਈ ਛੱਤ ਵਾਲਾ ਪੱਖਾ ਨਹੀਂ ਸੀ ਹੋਇਆ ਕਰਦਾ।
ਡਾਕਟਰ ਹਰਚਰਨ ਸਿੰਘ ਆਗਿਆਕਾਰ ਪੁੱਤਰ, ਵਫਾਦਾਰ ਪਤੀ, ਸਫਲ ਪਿਤਾ, ਹਰਮਨ ਪਿਆਰੇ ਅਧਿਆਪਕ ਅਤੇ ਨੇਕ ਦਿਲ ਇਨਸਾਨ ਸਨ। ਉਹਨਾਂ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਉਹ ਕਦੇ ਵੀ ਕਿਸੇ ਵਿੱਚ ਨੁਕਸ ਨਹੀਂ ਸਨ ਕੱਢਦੇ ਸਨ, ਸਗੋਂ ਪ੍ਰਾਪਤੀਆਂ ’ਤੇ ਖੁਸ਼ ਹੁੰਦੇ ਸਨ। ਘਰ ਦਾਲ ਸਬਜ਼ੀ ਵਿੱਚ ਵੀ ਜੇ ਕਦੇ ਨਮਕ ਘੱਟ ਹੁੰਦਾ ਤਾਂ ਉਹ ਖਾਣ ਤੋਂ ਬਾਅਦ ਹੀ ਕਹਿੰਦੇ, “ਧਰਮ ਕੌਰੇ, ਸਬਜ਼ੀ ਬੜੀ ਸਵਾਦ ਸੀ। ਜੇ ਕਿਤੇ ਇਹਦੇ ਵਿੱਚ ਥੋੜ੍ਹਾ ਹੋਰ ਨਮਕ ਹੁੰਦਾ, ਬੱਸ ਫਿਰ ਤਾਂ ਬੱਲੇ ਬੱਲੇ ਹੋ ਜਾਂਦੀ।” ਉਹ ਚੜ੍ਹਦੀ ਕਲਾ ਦੇ ਪ੍ਰਤੀਕ ਮੰਨ ਜਾਂਦੇ ਸਨ। ਖੁੱਲ੍ਹ ਦਿਲੀ ਡਾਕਟਰ ਹਰਚਰਨ ਸਿੰਘ ਦਾ ਦੂਜਾ ਨਾਂ ਸੀ। ਹਰੇਕ ਦੀ ਨਿੱਕੀ ਮੋਟੀ ਪ੍ਰਾਪਤੀ ਉੱਤੇ ਸ਼ਾਬਾਸ਼ ਦਿੰਦੇ। “ਬੱਲੇ ਬਈ, ਬੱਲੇ ਬੱਲੇ, ਹੈਂ! ਇਹ ਤਾਂ ਕਮਾਲ ਕਰਤੀ। ਸੱਚੀਂ ਦੇਖੋ ਸਹੀ ਕਿੱਡਾ ਵਧੀਆ ਕੰਮ ਕਰ ’ਤਾ ਮੁੰਡੇ ਨੇ।” ਇਹ ਉਨ੍ਹਾਂ ਦਾ ਤਕੀਆ ਕਲਾਮ ਸੀ। ਬਹੁਤ ਸਾਰੇ ਲੋਕ ਤਾਂ ਉਹਨਾਂ ਨੂੰ ਬੱਲੇ ਬੱਲੇ ਵਾਲਾ ਡਾਕਟਰ ਹਰਚਰਨ ਸਿੰਘ ਕਹਿੰਦੇ ਸਨ। ਉਹ ਆਪਣੇ ਆਪ ਵਿੱਚ ਰੌਣਕ ਸਨ। ਉਹਨਾਂ ਦੇ ਦਿਨ ਦੀ ਸ਼ੁਰੂਆਤ ਪਾਠ ਨਾਲ ਹੁੰਦੀ, ਫਿਰ ਯੋਗਾ ਕਰਦੇ। ਉਸ ਤੋਂ ਬਾਅਦ ਚੱਲ ਸੋ ਚੱਲ। ਯਾਰੀਆਂ ਪਾਲਣੀਆਂ ਕੋਈ ਉਹਨਾਂ ਤੋਂ ਸਿੱਖਦਾ। ਕਿਸੇ ਤੋਂ ਕੰਮ ਕਢਵਾਉਣ ਦਾ ਗੁਰ ਉਹ ਆਪਣੇ ਨਾਲ ਹੀ ਲੈ ਕੇ 2016 ਨੂੰ ਤੁਰ ਗਏ ਸਨ, ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ।
ਮੈਨੂੰ ਇਸੇ ਗੱਲ ਦਾ ਫਖਰ ਹੈ ਕਿ ਮੈਂ ਉਹਨਾਂ ਦੇ ਪਿੰਡੋਂ ਹਾਂ। ਉਦੋਂ ਮੇਰਾ ਕੱਦ ਆਪਣੇ ਆਪ ਦੋ ਗਜ਼ ਹੋਰ ਉੱਚਾ ਹੋ ਜਾਂਦਾ ਹੈ, ਜਦੋਂ ਕਿਸੇ ਨੂੰ ਕਹੀਦਾ ਕਿ ਮੈਂ ਵੀ ਨਾਟਕਕਾਰ ਡਾਕਟਰ ਦੇ ਪਿੰਡ ਉੜਾਪੜ ਤੋਂ ਹਾਂ। ਉਦੋਂ ਤਾਂ ਮੈਂ ਬਾਗੋ ਬਾਗ ਹੋ ਗਿਆ ਸੀ ਜਦੋਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਮੇਰੀ ਕਿਤਾਬ ‘ਰੱਬ ਦਾ ਬੰਦਾ’ ਦੇ ਮੁੱਖ ਬੰਦ ਵਿੱਚ ਲਿਖ ਦਿੱਤਾ ਸੀ: “ਕਮਲਜੀਤ, ਡਾਕਟਰ ਹਰਚਰਨ ਸਿੰਘ ਦੇ ਟੱਬਰ ਵਿੱਚੋਂ ਹੈ।” ਉਸ ਤੋਂ ਬਾਅਦ ਸਾਹਿਤਕਾਰ ਨਰਿੰਦਰ ਸਿੰਘ ਕਪੂਰ ਦਾ ਮੈਨੂੰ ਉਹ ਫੋਨ ਨਹੀਂ ਭੁੱਲਦਾ ਜਦੋਂ ਉਹ ਕਹਿ ਰਹੇ ਸਨ: “ਕਮਲਜੀਤ ਤਦ ਹੀ ਤੇਰੀਆਂ ਲਿਖਤਾਂ ਵਿੱਚੋਂ ਵੀ ਡਾਕਟਰ ਹਰਚਰਨ ਸਿੰਘ ਵਾਲਾ ਸਾਊਪੁਣਾ ਝਲਕਦਾ ਹੈ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5519)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)