“ਸਟੇਜ ’ਤੇ ਇਕੱਠ ਦਿਖਾਉਣ ਵਾਲੇ ਨੇਤਾ ਸ਼ਾਮ ਨੂੰ ਇੱਕੋ ਸ਼ਹਿਰ ਵਿੱਚ ਖਿੰਡਰੇ ਬੈਠੇ ਸਨ। ਇਸ ਤੋਂ ...”
(21 ਜਨਵਰੀ 2026)
ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਦੇ ਬਿਆਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਤੜਿੰਗ ਹੋਏ
ਅਮਰਿੰਦਰ ਸਿੰਘ ਵੜਿੰਗ ਅਤੇ ਚੰਨੀ ਸਿਆਸੀ ਤੌਰ 'ਤੇ ਆਹਮੋ ਸਾਹਮਣੇ, ਦੂਜੇ ਨੇਤਾ ਪਰਦੇ ਪਿੱਛੇ ਹੋਏ
ਚੰਡੀਗੜ੍ਹ ਵਿੱਚ ਐਸ ਸੀ ਮੋਰਚੇ ਦੇ ਭਰਵੇਂ ਇਕੱਠ ਵਿੱਚ ਚੰਨੀ ਨੇ ਕੱਢ ਲਿਆ ਗੁੱਭ ਗੁਭਾਟ
ਕਾਂਗਰਸ ਪੰਜਾਬ ਦਾ ਭਵਿੱਖ ਆਪਣੇ ਹੱਥ ਵਿੱਚ ਹੋਣ ਦਾ ਦਿਲ ਵਿੱਚ ਪਾਲ ਰਹੀ ਹੈ ਭਰਮ
ਪੰਜਾਬ ਕਾਂਗਰਸ ਦੀ ਉਲਝੀ ਤਾਣੀ ਸੁਲਝ ਨਹੀਂ ਰਹੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਭ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਸਮਝਾ ਬੁਝਾ ਕੇ ਦੇਖ ਲਿਆ ਹੈ ਪਰ ਇਹ ਆਪਣੇ ਬੁਣੇ ਜਾਲ ਵਿੱਚ ਹੋਰ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ। ਪੰਜਾਬ ਦੀ ਕਾਂਗਰਸ ਪੂਰੀ ਤਰ੍ਹਾਂ ਦੋ ਗਰੁੱਪਾਂ ਵਿੱਚ ਵੰਡੀ ਜਾ ਚੁੱਕੀ ਹੈ। ਦੋਹਾਂ ਧਿਰਾਂ ਵਿੱਚ ਖਿੱਚੀ ਲਕੀਰ ਮਿਟਣ ਦੀ ਥਾਂ ਹੋਰ ਗੂੜ੍ਹੀ ਹੁੰਦੀ ਜਾ ਰਹੀ ਹੈ। ਦੋਵੇਂ ਧੜਿਆਂ ਦੇ ਲੀਡਰ ਉੱਪਰਲੇ ਮਨੋਂ ਇਕੱਠੇ ਹੋਣ ਦਾ ਹੋਕਾ ਦੇ ਰਹੇ ਹਨ ਪਰ ਅੰਦਰੋ ਅੰਦਰੀ ਸਾਰੇ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਮੌਕਾ ਨਹੀਂ ਜਾਣ ਦਿੰਦੇ ਹਨ। ਹੁਣ ਜਦੋਂ ਲੜਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵਿੱਚ ਆਹਮੋ ਸਾਹਮਣੇ ਦੀ ਹੋ ਗਈ ਹੈ ਤਾਂ ਪੰਜਾਬ ਮਾਮਲਿਆਂ ਦੇ ਇੰਚਾਰਜਜ ਭੁਪੇਸ਼ ਬਘੇਲ ਦੀ ਭੂਮਿਕਾ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਤਰ੍ਹਾਂ ਨਾਲ ਹੋਰ ਚਿੜਾ ਦਿੱਤਾ।
ਭੁਪੇਸ਼ ਬਘੇਲ ਦੀ ਪਿਛਲੇ ਦਿਨੀ ਕੀਤੀ ਟਿੱਪਣੀ ਚੰਨੀ ਦੀ ਸਿੱਧੀ ਹਿੱਕ ਵਿੱਚ ਜਾ ਵੱਜੀ ਹੈ। ਉਹ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਕਾਂਗਰਸ ਪਿਛਲੀ ਵਾਰ, ਭਾਵ 2022 ਦੀਆਂ ਵਿਧਾਨ ਸਭਾ ਚੋਣਾਂ ਵਾਲੀ ਗ਼ਲਤੀ ਨਹੀਂ ਕਰੇਗੀ। ਅਗਲੀਆਂ 2027 ਦੀਆਂ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਅੱਗੇ ਕੀਤੇ ਤੋਂ ਬਿਨਾਂ ਲੜੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਜਾਤ-ਪਾਤ ਦੀ ਰਾਜਨੀਤੀ ਨਹੀਂ ਚੱਲਦੀ। ਤੁਹਾਡੇ ਸਭ ਦੇ ਚੇਤਿਆਂ ਵਿੱਚੋਂ ਹਾਲੇ ਵਿਸਰਿਆ ਨਹੀਂ ਹੋਣਾ ਕਿ 2022 ਦੀਆਂ ਚੋਣਾਂ ਵੇਲੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਉਸ ਵੇਲੇ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਸੀ। ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਤਦ ਵੀ ਸੁਨੀਲ ਜਾਖੜ ਨੂੰ ਅੱਖੋਂ ਪਰੋਖੇ ਕਰਕੇ ਗੁਣਾ ਚਰਨਜੀਤ ਸਿੰਘ ਚੰਨੀ ’ਤੇ ਪਿਆ ਸੀ। ਸੁਨੀਲ ਜਾਖੜ ਦੀ ਨਾਰਾਜ਼ਗੀ ਇੰਨੀ ਵਧ ਗਈ ਕਿ ਉਨ੍ਹਾਂ ਨੇ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਉਸ ਵੇਲੇ ਕੁਝ ਸਮੇਂ ਲਈ ਤਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਦੀ ਵੀ ਚਰਚਾ ਚੱਲ ਪਈ ਸੀ ਅਤੇ ਉਹਨਾਂ ਦੇ ਘਰ ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਵੀ ਪਹੁੰਚ ਗਏ ਸਨ ਪਰ ਬਾਅਦ ਵਿੱਚ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਪਤਿਆਉਣਾ ਪਿਆ ਸੀ। ਭੁਪੇਸ਼ ਬਘੇਲ ਦੇ ਬਿਆਨ ਦਾ ਕੀ ਇਹ ਸਿੱਧਾ ਮਤਲਬ ਮੰਨ ਲਿਆ ਜਾਵੇ ਕਿ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਕਾਂਗਰਸ ਦੀ ਗ਼ਲਤੀ ਸੀ ਜਿਹੜੀ ਕਿ ਮੁੜ ਨਹੀਂ ਦੁਹਰਾਈ ਜਾਵੇਗੀ?
ਇੱਥੇ ਪਿਛਲੇ ਦਿਨੀਂ ਗੁਰੂ ਹਰ ਸਹਾਏ ਵਿਖੇ ਹੋਈ ਰੈਲੀ ਦਾ ਦਾ ਜ਼ਿਕਰ ਕਰਨਾ ਜਰੂਰੀ ਹੋਵੇਗਾ। ਇਹ ਉਹ ਪਹਿਲੀ ਰੈਲੀ ਸੀ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਨੇ ਸ਼ਮੂਲੀਅਤ ਕੀਤੀ ਸੀ। ਚਰਨਜੀਤ ਸਿੰਘ ਚੰਨੀ ਜਦੋਂ ਰੈਲੀ ਵਿੱਚ ਪੁੱਜੇ ਤਾਂ ਉਸ ਵੇਲੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਾਸ਼ਣ ਦੇ ਰਹੇ ਸਨ। ਇਕੱਠ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਅਸਮਾਨ ਗੂੰਜਦੇ ਨਾਅਰਿਆਂ ਨਾਲ ਕੀਤਾ ਗਿਆ, ਇਸ ਕਰਕੇ ਬਾਜਵਾ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਐਸ ਸੀ ਭਾਈਚਾਰੇ ਦੇ ਲੀਡਰ ਵਜੋਂ ਨਹੀਂ ਸਗੋਂ ਪੰਜਾਬ ਦੇ ਕਾਂਗਰਸੀ ਲੀਡਰ ਵਜੋਂ ਉੱਭਰੇ ਹਨ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਪੰਜਾਬ ਦੇ 30 ਜੱਟ ਵਿਧਾਇਕਾਂ, ਸਾਬਕਾ ਵਿਧਾਇਕਾਂ ਵੱਲੋਂ ਕਾਂਗਰਸ ਦੀ ਹਾਈ ਕਮਾਨ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਪੰਜਾਬ ਦੀ ਕਮਾਨ ਚਰਨਜੀਤ ਸਿੰਘ ਚੰਨੀ ਹੱਥ ਸੌਂਪਣ ਦੀ ਮੰਗ ਕੀਤੀ ਗਈ ਹੈ।
ਬੀਤੇ ਕੱਲ੍ਹ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਪਾਰਟੀ ਦੇ ਐਸ ਸੀ ਮੋਰਚੇ ਦੀ ਇੱਕ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਮੋਰਚੇ ਦੇ ਕੌਮੀ ਪ੍ਰਧਾਨ ਨੇ ਵੀ ਸ਼ਿਰਕਤ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਹਾਜ਼ਰ ਰਹਿਣਾ ਵੀ ਬਣਦਾ ਸੀ। ਪਤਾ ਲੱਗਾ ਹੈ ਕਿ ਮੀਟਿੰਗ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਵੜਿੰਗ ਅਤੇ ਮੋਰਚੇ ਦੇ ਕੌਮੀ ਪ੍ਰਧਾਨ ਗੌਤਮ ਨੂੰ ਇੱਕ ਬੰਦ ਕਮਰੇ ਵਿੱਚ ਬਿਠਾ ਕੇ ਭੁਪੇਸ਼ ਬਘੇਲ ਵਜੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਦਿੱਤਾ ਬਿਆਨ ਵਾਪਸ ਲੈਣ ਲਈ ਜ਼ੋਰ ਪਾਇਆ। ਪਰ ਇਸ ਦੇ ਉਲਟ ਪ੍ਰੈੱਸ ਕਾਨਫਰੰਸ ਵਿੱਚ ਇਸ ਬਾਰੇ ਇੱਕ ਵੀ ਸ਼ਬਦ ਨਾ ਬੋਲਿਆ ਗਿਆ ਤਾਂ ਚੰਨੀ ਦੀ ਨਰਾਜ਼ਗੀ ਹੋਰ ਵਧ ਗਈ।
ਪ੍ਰੈਸ ਕਾਨਫਰੰਸ ਤੋਂ ਬਾਅਦ ਐਸ ਸੀ ਮੋਰਚੇ ਦੀ ਪੰਜਾਬ ਕਾਂਗਰਸ ਭਵਨ ਵਿੱਚ ਹੀ ਇੱਕ ਮੀਟਿੰਗ ਰੱਖੀ ਗਈ ਸੀ, ਜਿੱਥੇ ਚੰਨੀ ਆਪਣਾ ਪੂਰਾ ਗੁੱਭ ਗੁਭਾਟ ਕੱਢ ਗਏ। ਉਹਨਾਂ ਨੇ ਜਲਦੀ ਜਾਣ ਦਾ ਹਵਾਲਾ ਦੇ ਕੇ ਸਭ ਤੋਂ ਪਹਿਲਾਂ ਬੋਲਣ ਦੀ ਆਗਿਆ ਲੈ ਲਈ। ਫਿਰ ਉਹਨਾਂ ਨੇ ਕਾਂਗਰਸ ਵੱਲੋਂ ਐੱਸ ਸੀ ਵਰਗ ਨੂੰ ਅੱਖੋਂ ਪਰੋਖੇ ਕਰਨ ਦੀ ਪੂਰੀ ਤਰ੍ਹਾਂ ਭੜਾਸ ਕੱਢੀ। ਜਦੋਂ ਚਰਨਜੀਤ ਸਿੰਘ ਚੰਨੀ ਬੋਲ ਰਹੇ ਸਨ ਤਾਂ ਉਹਨਾਂ ਦੇ ਹੱਕ ਵਿੱਚ ਲਗਾਤਾਰ ਨਾਅਰੇ ਲੱਗਦੇ ਰਹੇ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਵਿਰੋਧੀ ਧਿਰ ਦਾ ਨੇਤਾ ਅਤੇ ਨਾ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਖਵੇਂ ਵਰਗ ਵਿੱਚੋਂ ਹੈ। ਪਰ ਇਸ ਮੌਕੇ ਸ਼ਾਇਦ ਉਹ ਭੁੱਲ ਗਏ ਕਿ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਕੰਮ ਕਰਨ ਦਾ ਮੌਕਾ ਰਾਖਵੇਂ ਵਰਗ ਕਰਕੇ ਹੀ ਮਿਲਿਆ ਸੀ। ਚੰਨੀ ਤੋਂ ਬਾਅਦ ਮੋਰਚੇ ਦੇ ਕੌਮੀ ਪ੍ਰਧਾਨ ਗੌਤਮ ਸਮੇਤ ਕਈਆਂ ਨੇ ਪੋਚਾ ਪਾਉਣ ਦੀ ਵਾਹ ਤਾਂ ਲਾਈ ਪਰ ਇਕੱਠ ਵਿੱਚ ਸ਼ਾਮਿਲ ਲੋਕ ਭਖੇ ਬੈਠੇ ਸਨ।
ਗੁਰੂ ਹਰ ਸਹਾਏ ਦੀ ਰੈਲੀ ਦੀ ਗੱਲ ਕਰੀਏ ਤਾਂ ਸਟੇਜ ’ਤੇ ਇਕੱਠ ਦਿਖਾਉਣ ਵਾਲੇ ਨੇਤਾ ਸ਼ਾਮ ਨੂੰ ਇੱਕੋ ਸ਼ਹਿਰ ਵਿੱਚ ਖਿੰਡਰੇ ਬੈਠੇ ਸਨ। ਇਸ ਤੋਂ ਪਹਿਲਾਂ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਸੀ ਤਦ ਵੀ ਇੱਕ ਧੜਾ ਵਰਿੰਦਰ ਢਿੱਲੋਂ ਦੇ ਘਰ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ ਅਤੇ ਦੂਜੀ ਧਿਰ ਸਾਬਕਾ ਸਪੀਕਰ ਕੇ ਪੀ ਰਾਣਾ ਦੇ ਘਰ ਨਾਸ਼ਤਾ ਕਰ ਰਹੀ ਸੀ।
ਅਸਲ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਲਈ ਦੌੜ ਤਾਂ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਅਮਰਿੰਦਰ ਸਿੰਘ ਵੜਿੰਗ ਅਤੇ ਚੰਨੀ ਵਿੱਚ ਚੱਲ ਰਹੀ ਹੈ। ਇਹਨਾਂ ਵਿੱਚੋਂ ਕਈ ਦੰਦਾਂ ਥੱਲੇ ਜੀਭ ਦੇਈ ਬੈਠੇ ਹਨ, ਦੂਜਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਨ। ਅਮਰਿੰਦਰ ਸਿੰਘ ਵੜਿੰਗ ਚੰਨੀ ਉੱਤੇ ਤੰਜ ਇਹ ਕਹਿ ਕੇ ਕੱਸਦੇ ਹਨ ਕਿ ਕਾਂਗਰਸ ਕਦੇ ਵੀ ਦਾਅਵਾ ਕਰਨ ਵਾਲੇ ਨੂੰ ਮੁੱਖ ਮੰਤਰੀ ਨਹੀਂ ਬਣਾਉਂਦੀ। ਇਸ ਨਾਲ ਉਹ ਆਪਣੇ ਉੱਤੇ ਵੀ ਗੁਣਾ ਪਾਉਂਦੇ ਲੱਗਦੇ ਹਨ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਇਹ ਦਾਅਵਾ ਕਰਨਾ ਬੰਦ ਕਰ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਵੀ ਇਹੋ ਰਾਗ ਅਲਾਪਣ ਲੱਗੇ ਹਨ, ਜਦੋਂ ਕਿ ਬਾਜਵਾ ਨੇ ਹਾਲ ਦੀ ਘੜੀ ਆਪਣੇ ਆਪ ਨੂੰ ਪਿੱਛੇ ਕਰ ਲਿਆ ਹੈ।
ਪੰਜਾਬ ਕਾਂਗਰਸ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਦਾਅਵਾ ਕਰਦੀ ਆ ਰਹੀ ਹੈ ਕਿ 2027 ਵਿੱਚ ਸਰਕਾਰ ਉਹਨਾਂ ਦੀ ਹੀ ਬਣੇਗੀ ਪਰ ਕਾਂਗਰਸ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਲੋਕ ਤਾਂ ਭਾਵੇਂ ਤਿਆਰ ਸਨ ਪਰ ਕਾਂਗਰਸੀਆਂ ਦੀ ਆਪਸੀ ਲੜਾਈ ਕਰਕੇ ਮੌਕਾ ਹੱਥੋਂ ਤਿਲਕਦਾ ਲੱਗਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦੋਵੇਂ ਆਪੋ ਆਪਣੇ ਥਾਂਈਂ ਪੰਜਾਬ ਦੇ ਭਵਿੱਖ ਨੂੰ ਆਪਣੀ ਮੁੱਠੀ ਵਿੱਚ ਮੰਨਣ ਲੱਗੇ ਹੋਏ ਹਨ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਹਾਲੇ ਦਿੱਲੀ ਦੂਰ ਹੈ। ਪੰਜਾਬ ਦੇ ਮਸਲੇ, ਪੰਜਾਬ ਦੀਆਂ ਸਮੱਸਿਆਵਾਂ ਕਿਸੇ ਵੀ ਪਾਰਟੀ ਦੇ ਏਜੰਡੇ ’ਤੇ ਨਹੀਂ ਹਨ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































