“ਸਾਰੀਆਂ ਧਿਰਾਂ ਇੱਕ ਦੂਜੀ ਨੂੰ ਠਿੱਬੀ ਲਾ ਕੇ ਮੂੰਧੇ ਮੂੰਹ ਸੁੱਟਣ ਲਈ ਕਾਹਲੀਆਂ ...”
(28 ਜੂਨ 2026)
ਪੰਜਾਬ ਦੇ ਸਿਆਸੀ ਲੀਡਰਾਂ ਅੰਦਰ ਸੱਤਾ ਦੀ ਲਲ੍ਹਕ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਹ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਹਨ। ਕਿਸੇ ਕਿਸੇ ਦੇ ਸੱਤਾ ਸਿਰ ਚੜ੍ਹ ਕੇ ਬੋਲਦੀ ਹੈ ਤੇ ਦੂਜੇ ਸੱਤਾ ਲਈ ਕਮਲੇ ਹੋਏ ਫਿਰਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਦਾ ਰੌਲਾ-ਘਚੋਲਾ ਇਸੇ ਵਿੱਚੋਂ ਨਿਕਲਿਆ ਹੈ। ਵਿਰੋਧੀਆਂ ਨੇ ਮੁੱਦੇ ਨੂੰ ਤੂਲ ਦੇਣੀ ਹੀ ਸੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਵੀ ਇਸ ਮਾਮਲੇ ਨੂੰ ਸੰਭਾਲ ਨਹੀਂ ਸਕੇ। ਦੋਨਾਂ ਪਾਸਿਆਂ ਤੋਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਪੈ ਰਹੀਆਂ ਵੀਡੈ ਨਾਲ ਮਾਮਲਾ ਹੋਰ ਵੀ ਉਲਝ ਗਿਆ ਹੈ। ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਮਲੇ ਉੱਤੇ ਨੇੜਿਓਂ ਅੱਖ ਰੱਖ ਰਹੇ ਹਨ। ਖਬਰਾਂ ਤਾਂ ਇਹ ਵੀ ਹਨ ਕਿ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾ ਸਕਦਾ ਹੈ। ਹਰਿਆਣਾ ਸਰਕਾਰ ਪੰਜਾਬ ਪੁਲਿਸ ਦੇ ਦੋ ਉਹਨਾਂ ਵੱਡੇ ਅਫਸਰਾਂ ਨੂੰ ਤਲਬ ਕਰਨ ਦੇ ਰਾਹ ਤੁਰ ਪਈ ਹੈ ਜਿਨ੍ਹਾਂ ਦਾ ਨਾਂ ਗੁੜਗਾਉਂ ਵਾਲੀ ਵੀਡੀਓ ਵਿੱਚ ਕਥਿਤ ਤੌਰ ’ਤੇ ਬੋਲਣ ਲੱਗਾ ਹੈ।
ਭਗਵੰਤ ਸਿੰਘ ਮਾਨ ਨੂੰ ਇਸ ਲੜਾਈ ਵਿੱਚ ਆਪਣਾ ਸਿਰ ਆਪ ਗੁੰਦਣਾ ਪੈ ਰਿਹਾ ਹੈ। ਉਹ ਸਰਕਾਰ ਤਾਂ ਆਪਣੇ ਸਿਰ ਖੁਦ ਹੋ ਕੇ ਚਲਾਉਂਦੇ ਹੀ ਸਨ ਹੁਣ ਇਸ ਲੜਾਈ ਵਿੱਚ ਉਹਨਾਂ ਨੂੰ ਵਾਰ ਰੋਕਣੇ ਵੀ ਪੈ ਰਹੇ ਹਨ ਅਤੇ ਹਮਲਾ ਵੀ ਕਰਨਾ ਪੈ ਰਿਹਾ। ਉਹਨਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਸਾਰੀ ਫੌਜ ਦੜ ਵੱਟੀ ਬੈਠੀ ਹੈ। ਇੱਕ ਦੋ ਮੰਤਰੀਆਂ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੂੰ ਛੱਡ ਕੇ ਹੋਰ ਕੋਈ ਵੀ ਖੁੱਲ੍ਹ ਕੇ ਲੜਾਈ ਵਿੱਚ ਨਹੀਂ ਨਿਕਲ ਰਿਹਾ। ਇਸਦੇ ਦੋ ਪੱਖ ਹੋ ਸਕਦੇ ਹਨ, ਇੱਕ ਤਾਂ ਇਹ ਕਿ ਮੰਤਰੀ ਸਾਥੀ ਸੋਚਦੇ ਹੋਣਗੇ ਕਿ ਜੇ ਸਰਕਾਰ ਚਲਾਉਣ ਵੇਲੇ ਉਹਨਾਂ ਨੂੰ ਨਹੀਂ ਪੁੱਛਿਆ ਤਾਂ ਹੁਣ ਉਹਨਾਂ ਨੂੰ ਵਿੱਚ ਫਸਣ ਦੀ ਕੀ ਲੋੜ ਪਈ ਹੈ। ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਡਰ ਵੀ ਸਤਾ ਰਿਹਾ ਹੋਣਾ ਹੈ। ਨਹੀਂ ਤਾਂ ਸੰਘਰਸ਼ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਹੁਣ ਤਕ ਬਿਆਨ ਦੇ ਕੇ ਅਖਬਾਰਾਂ ਭਰ ਦਿੰਦੀ ਜਾਂ ਸੜਕਾਂ ’ਤੇ ਹਲਾ ਲਲਾ ਨਾ ਕਰਦੀ, ਇਹ ਹੋ ਨਹੀਂ ਸੀ ਸਕਣਾ। ਸਦਕੇ ਜਾਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ, ਜਿਹੜੇ ਲਗਾਤਾਰ ਆਪਣੀ ਸਰਕਾਰੀ ਪਰਫਾਰਮੈਂਸ ਵੀ ਵਧਾ ਰਹੇ ਹਨ ਅਤੇ ਲੜਾਈ ਵਿੱਚ ਵੀ ਦੂਣਾ ਕਰਕੇ ਮੋੜ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਜਿਨ੍ਹਾਂ ਥਾਂਵਾਂ ’ਤੇ ਆਪਣਾ ਬਚਾ ਕਰ ਸਕਦੇ ਸਨ, ਉਨ੍ਹਾਂ ਉੱਥੇ ਜਾ ਕੇ ਵੀ ਵੇਲਣੇ ਵਿੱਚ ਹੱਥ ਦੇ ਲਿਆ ਹੈ।
ਮੁੱਖ ਮੰਤਰੀ ਮਾਨ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਕਹਿ ਆਏ ਸਨ ਕਿ ਬੇਅਦਬੀਆਂ ਵਾਲੀ ਵੀਡੀਓ ਉਹਨਾਂ ਦੀ ਨਹੀਂ ਹੈ ਤਾਂ ਫਿਰ ਆਪਣੇ ਪੱਧਰ ਉੱਤੇ ਜਾਂਚ ਕਰਾਉਣ ਦੀ ਲੋੜ ਕੀ ਪਈ ਸੀ। ਉਸੇ ਗੁਰੂ ਗ੍ਰੰਥ ਵਾਲੀ ਵੀਡੀਓ ਨੇ ਮਸਲੇ ਨੂੰ ਲੱਸੀ ਵਿੱਚ ਪਾਣੀ ਪਾਏ ਜਾਣ ਦੀ ਤਰ੍ਹਾਂ ਵਧਾਇਆ ਹੈ। ਹੁਣ ਉਸੇ ਵੀਡੀਓ ਨੂੰ ਲੈ ਕੇ ਵੱਡਾ ਖਿਲਾਰਾ ਤਾਂ ਪਿਆ ਹੀ ਪਿਆ ਹੈ, ਮਾਮਲਾ ਹਰਿਆਣੇ ਵਾਲੇ ਸ਼ਰੀਕਾਂ ਦੇ ਹੱਥ ਵਿੱਚ ਵੀ ਚਲੇ ਗਿਆ। ਜੇ ਵੀਡੀਓ ਦੀ ਜਾਂਚ ਕਰਾਉਣੀ ਹੀ ਸੀ ਤਾਂ ਘੱਟੋ ਘੱਟ ਇਹ ਤਾਂ ਵਿਚਾਰ ਲਿਆ ਜਾਂਦਾ ਕਿ ਗੁਰੂ ਗ੍ਰਾਮ ਹਰਿਆਣੇ ਵਿੱਚ ਪੈਂਦਾ ਹੈ, ਜਿੱਥੇ ਸਰਕਾਰ ਸ਼ਰੀਕਾਂ ਦੀ ਹੈ।
ਮੁੱਖ ਮੰਤਰੀ ਮਾਨ ਨੇ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਮਾਮਲਾ ਸੰਗਤ ਉੱਤੇ ਛੱਡ ਦਿੱਤਾ ਸੀ। ਇਹ ਉਸਦੀ ਪਹਿਲੀ ਵੱਡੀ ਜਿੱਤ ਸੀ। 25 ਜੂਨ ਨੂੰ ਉਹਨਾਂ ਨੇ ਮੋਹਾਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਨਵਾਂ ਵਿਵਾਦ ਛੇੜ ਲਿਆ। ਉਹ ਦਾਅਵਾ ਕਰਦੇ ਹਨ ਕਿ ਉਹਨਾਂ ਖਿਲਾਫ ਜਾਲੀ ਵੀਡੀਓ ਜਗਮਨ ਸਮਰਾ ਵੱਲੋਂ ਬਣਾਈ ਗਈ ਹੈ। ਉਹ ਇਹ ਵੀ ਕਹਿੰਦੇ ਹਨ ਕਿ ਇਸ ਵੀਡੀਓ ਵਿੱਚ ਇਸ ਵਿਅਕਤੀ ਨੇ ਉਹਨਾਂ ਦੀ ਭੂਮਿਕਾ ਨਿਭਾਈ ਹੈ, ਉਸਨੇ ਉਨ੍ਹਾਂ ਦੀ ਸ਼ਕਲ ਵਾਲਾ ਮਾਸਕ ਲਾਇਆ ਹੋਇਆ ਸੀ। ਉਹਨਾਂ ਕਾਰ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਜਨਤਕ ਕੀਤੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਜਗਮਨ ਸਮਰਾ ਨੇ ਮੁੱਖ ਮੰਤਰੀ ਦੀ ਸ਼ਕਲ ਵਾਲਾ ਮਾਸਕ ਆਪਣੇ ਹੱਥ ਉੱਥੇ ਚੜ੍ਹਾਇਆ ਹੋਇਆ ਹੈ। ਉਹ ਦਾਅਵਾ ਕਰਦੇ ਹਨ ਕਿ ਕਿਸੇ ਮਾਸਕ ਦੀ ਵਰਤੋਂ ਕਰਕੇ ਹੋਟਲ ਦੇ ਕਮਰੇ ਵਿੱਚ ਵਿਵਾਦਤ ਵੀਡੀਓ ਬਣਾਈ ਗਈ ਹੈ। ਨਕਲੀ ਸ਼ਕਲ ਨਾਲ ਉਹਨਾਂ ਦੀਆਂ ਕੁਝ ਹੋਰ ਨਿੱਜੀ ਵੀਡੀਓ ਵੀ ਬਣਾਈਆਂ ਗਈਆਂ ਹਨ।
ਉਹਨਾਂ ਨੇ ਦਾਅਵਾ ਕੀਤਾ ਕਿ ਉਹ 2016 ਤੋਂ ਬਾਅਦ ਕਦੇ ਕਨੇਡਾ ਗਏ ਹੀ ਨਹੀਂ ਜਦੋਂ ਕਿ ਸਬੰਧਤ ਵੀਡੀਓ ਸਾਲ 2018-19 ਦੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਵੀਡੀਓ ਵਿੱਚ ਦਿਸ ਰਹੇ ਵਿਅਕਤੀ ਦੀ ਠੋਡੀ ਸਾਫ ਹੈ ਜਦੋਂ ਕਿ ਉਹਨਾਂ ਦਾ ਬਚਪਨ ਤੋਂ ਅਪਰੇਸ਼ਨ ਦਾ ਨਿਸ਼ਾਨ ਹੈ। ਉਨ੍ਹਾਂ ਨੇ ਵੀਡੀਓ ਨੂੰ ਵੱਡੀ ਕਰਕੇ ਮਾਸਕ ਸਾਫ ਤੌਰ ’ਤੇ ਦਿਖਾਇਆ ਅਤੇ ਇਹ ਵੀ ਕਿਹਾ ਕਿ ਸਬੰਧਤ ਵਿਅਕਤੀ ਦਾ ਕੱਦ ਉਹਨਾਂ ਨਾਲੋਂ ਦੋ ਇੰਚ ਵੱਡਾ ਹੈ। ਉਹਨਾਂ ਦੀ ਸਰੀਰਕ ਬਣਤਰ ਅਤੇ ਤੁਰਨ ਫਿਰ ਦਾ ਢੰਗ ਵੀ ਮੇਲ ਨਹੀਂ ਖਾਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਸਾਰੀਆਂ ਵੀਡੀਓ ਪੁਲਿਸ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ।
ਉਹ ਕਹਿੰਦੇ ਹਨ ਕਿ ਜਗਮਨ ਸਮਰਾ ਉਹਨਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ ਇੱਕ ਵਾਰ ਉਹਨਾਂ ਨੂੰ ਕੈਨੇਡਾ ਵਿੱਚ ਮਿਲਿਆ ਸੀ। ਉਹ ਬਲੈਕ ਮੇਲਰ ਅਤੇ ਨਸ਼ੇ ਦਾ ਆਦੀ ਹੈ। ਜੇਲ੍ਹ ਵਿੱਚੋਂ ਭਗੌੜਾ ਵੀ ਹੈ। ਇਸ ਤੋਂ ਪਹਿਲਾਂ ਉਹ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਨੂੰ ਬਲੈਕਮੇਲ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜਗਮਨ ਸਮਰਾ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾਣਗੇ। ਵੀਡੀਓ ਦਾ ਨਿਰਮਾਤਾ ਅਤੇ ਨਿਰਦੇਸ਼ਕ ਕੌਣ ਹੈ, ਇਸਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਵਿੱਚ ਅੱਖਾਂ ਨਹੀਂ ਬਣਦੀਆਂ, ਇਸ ਕਰਕੇ ਵੀਡੀਓ ਬਿਲਕੁਲ ਉਹਨਾਂ ਦੀ ਨਹੀਂ ਹੈ।
ਮੁੱਖ ਮੰਤਰੀ ਇਹ ਵੀ ਕਹਿੰਦੇ ਹਨ ਕਿ ਸੂਬੇ ਦੀਆਂ ਸਾਰੀਆਂ ਧਿਰਾਂ ਉਹਨਾਂ ਦੇ ਖਿਲਾਫ ਇੱਕਜੁੱਟ ਹੋ ਗਈਆਂ ਹਨ ਅਤੇ ਇਹ ਕਾਫੀ ਹੱਦ ਤਕ ਹੈ ਵੀ ਸੱਚ। ਉਹ ਕਹਿੰਦੇ ਹਨ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਵਿਰੋਧੀ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤੀਜੀ ਵਾਰ ਆਪਣਾ ਸਟੈਂਡ ਬਦਲ ਕੇ ਖੁਦ ਹੀ ਫਸਦੇ ਜਾ ਰਹੇ ਹਨ। ਉਹ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਬਦਲਣ ਦੀ ਥਾਂ ਅਕਾਲ ਤਖਤ ਅੱਗੇ ਨਤਮਸਤਕ ਹੋਣ ਅਤੇ ਆਪਣੇ ਗੁਨਾਹ ਬਖਸ਼ਾਉਣ ਦੀ ਸਲਾਹ ਦਿੰਦੇ ਹਨ। ਸੁਨੀਲ ਜਾਖੜ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਵੀ ਇਹੋ ਸਲਾਹ ਦਿੰਦੇ ਹਨ।
29 ਜੂਨ ਸਿਰ ਉੱਤੇ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੱਤਰ ਭੇਜ ਕੇ ਇਸ ਦਿਨ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਗੈਰ ਸਿੱਖ ਵਿਧਾਇਕਾਂ ਨੂੰ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ। ਕਾਂਗਰਸ ਦੇ ਵਿਧਾਇਕਾਂ ਨੇ ਤਾਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਾਲੇ ਤਕ ਚੁੱਪ ਹਨ। ਉਹ ਕੁੜਿੱਕੀ ਵਿੱਚ ਫਸੇ ਮਹਿਸੂਸ ਕਰ ਰਹੇ ਹਨ। ਆਪਣੀ ਮਰਜ਼ੀ ਕਰਕੇ ਜਾਣਗੇ ਤਾਂ ਪਾਰਟੀ ਦਾ ਡੰਡਾ ਸਿਰ ’ਤੇ ਰਹੇਗਾ, ਜੇ ਨਹੀਂ ਜਾਂਦੇ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਹੀਆ ਕਰਨਾ ਸੌਖਾ ਨਹੀਂ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਦੀ ਕਥਿਤ ਵੀਡੀਓ ਨੂੰ ਲੈ ਕੇ ਸਿਆਸੀ ਘਮਸਾਨ ਮਚਿਆ ਹੋਇਆ ਹੈ। ਸਾਰੀਆਂ ਧਿਰਾਂ ਇੱਕ ਦੂਜੀ ਨੂੰ ਠਿੱਬੀ ਲਾ ਕੇ ਮੂੰਧੇ ਮੂੰਹ ਸੁੱਟਣ ਲਈ ਕਾਹਲੀਆਂ ਹਨ। ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤਕ ਬਦਨਾਮ ਕਰਨ ਤੱਕ ਜਾ ਰਹੇ ਹਨ। ਮੁੱਖ ਮੰਤਰੀ ਮਾਨ, ਜਿਹੜੇ ਆਪਣੀ ਕਾਰਗੁਜ਼ਾਰੀ ਦੇ ਸਿਰ ’ਤੇ ਕਾਫੀ ਉੱਚੇ ਜਾ ਚੁੱਕੇ ਸਨ, ਨੂੰ ਹੇਠਾਂ ਸੁੱਟਣ ਦਾ ਮੌਕਾ ਹੱਥ ਲੱਗ ਗਿਆ ਹੈ। ਸਭ ਤੋਂ ਵੱਡਾ ਖਤਰਾ ਗਵਾਂਢੀ ਸ਼ਰੀਕਾਂ ਅਤੇ ਕੇਂਦਰ ਦਾ ਭਾਰੂ ਪੈਣ ਲੱਗਾ ਹੈ।
ਇਸ ਸਾਰੇ ਕੁਝ ਦੇ ਚਲਦਿਆਂ ਇੱਕ ਗੱਲ ਪੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਦਮ ’ਤੇ ਲੜਾਈ ਲੜ ਰਹੇ ਹਨ। ਹਾਲ ਦੀ ਘੜੀ ਦੱਬਦੇ ਨਹੀਂ ਲਗਦੇ। ਲੜਾਈ ਲੜਨ ਦੇ ਪੱਖੋਂ ਉਹਨਾਂ ਦਾ ਕੋਈ ਸਾਨੀ ਨਹੀਂ ਹੈ। ਪ੍ਰਸ਼ਾਸਕ ਤੌਰ ’ਤੇ ਨਾ ਸਹੀ ਇੱਕ ਸਿਆਸੀ ਲੀਡਰ ਦੇ ਤੌਰ ’ਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































