“ਇਹ ਦੋਸ਼ ਸੱਚੇ ਲਗਦੇ ਹਨ ਕਿ ਮਾਨਸਾ ਵਿੱਚ ਨਸ਼ਿਆਂ ਦੀ ਸਰਕਾਰੀ ਦੁਕਾਨ ...”
(18 ਅਕਤੂਬਰ 2026)
ਸਮਾਜ ਸੇਵੀ ਅਤੇ ਨਸ਼ਿਆਂ ਦੇ ਖਿਲਾਫ ਮੋਹਰੀ ਹੋ ਕੇ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। 15 ਅਕਤੂਬਰ ਦਾ ਬੰਦ ਡੰਡੇ ਨਾਲ ਨਹੀਂ ਕਰਾਇਆ ਗਿਆ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਦਾ ਦਰਦ ਅੰਦਰੋਂ ਛਲਕਿਆ ਹੈ। ਲੋਕਾਂ ਨੇ ਆਪਣੇ ਰੋਸ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੇ ਹਾਕਮਾਂ ਨੂੰ ਇੱਕ ਤਰ੍ਹਾਂ ਨਾਲ ਤਾਅਨਾ ਮਾਰਿਆ ਹੈ। ਝੋਟੇ ਦੇ ਕਤਲ ਬਾਰੇ ਪੜ੍ਹ-ਸੁਣਕੇ ਕਿਹੜਾ ਪੰਜਾਬੀ ਹੈ ਜਿਸਦੀ ਅੱਖ ਨਹੀਂ ਛਲਕੀ ਹੋਵੇਗੀ। ਕਈਆਂ ਦੀਆਂ ਅੱਖਾਂ ਵਿੱਚੋਂ ਤਾਂ ਲਹੂ ਦੇ ਹੰਝੂ ਵੀ ਵਗੇ ਹੋਣਗੇ। ਪੰਜਾਬ ਦਾ ਸੀਨਾ ਛੱਲਣੀ ਹੋਇਆ ਪਿਆ ਹੈ। ਪੰਜਾਬ ਉੱਬਲ ਰਿਹਾ ਹੈ। ਸਰਕਾਰਾਂ, ਅਫਸਰਸ਼ਾਹੀ ਅਤੇ ਪੁਲਿਸ ਲੋਕਾਂ ਦਾ ਸੀਨਾ ਠੰਢਾ ਕਰਨ ਦੇ ਦਮਗਜ਼ੇ ਮਾਰ ਰਹੀਆਂ ਹਨ। ਸਰਕਾਰਾਂ ਜਾਂ ਸਿਆਸੀ ਪਾਰਟੀਆਂ ਦਾ ਇਹ ਭਰੋਸਾ ਨਵਾਂ ਨਹੀਂ ਹੈ। ਸੱਚ ਕਹਾਂ ਤਾਂ ਝੋਟੇ ਦੇ ਕਤਲ ਤੋਂ ਬਾਅਦ ਇੰਝ ਲੱਗ ਰਿਹਾ ਹੈ ਜਿਵੇਂ ਸਿਸਟਮ ਦਾ ਕਤਲ ਹੋਇਆ ਹੋਵੇ। ਸਿਸਟਮ ਦਾ ਕਤਲ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਸਿਸਟਮ ਦਾ ਕਤਲ ਕੋਈ ਨਵੀਂ ਗੱਲ ਨਹੀਂ ਹੈ। ਸਿਸਟਮ ਕੱਲ੍ਹ ਉਦੋਂ ਵੀ ਕਤਲ ਹੋਇਆ ਸੀ ਜਦੋਂ ਪੰਜਾਬੀ ਪੰਜਾਬ ਬੰਦ ਕਰਕੇ ਘਰਾਂ ਅੰਦਰ ਵਿਲਕ ਰਹੇ ਸਨ।
ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਪੰਜਾਬ ਬੰਦ ਦੇ ਦਿਨ ਨਸ਼ੇ ਨੇ ਇੱਕ ਹੋਰ ਨੌਜਵਾਨ ਨਿਗਲ ਲਿਆ। ਨਸ਼ੇ ਦੇ ਵਪਾਰੀ ਕੈਮਿਸਟ ਦੀ ਦੁਕਾਨ ਤੋੜ ਦਿੱਤੀ ਗਈ। ਉਸਦੀ ਕੁੱਟਮਾਰ ਵੀ ਹੋਈ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਕੱਲ੍ਹ ਬੰਦ ਦੇ ਦਿਨ ਜੇ ਸਰਕਾਰ ਦੀ ਬਾਜ਼ ਅੱਖ ਹੇਠ ਨਸ਼ੇ ਦਾ ਧੰਦਾ ਚਲਦਾ ਰਿਹਾ ਤਾਂ ਭਰੋਸਾ ਕਰੀਏ ਤਾਂ ਕਿਵੇਂ! ਪੰਜਾਬ ਦੇ ਦੁੱਖਾਂ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ। ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਤੀਜੇ ਦਿਨ, ਪੰਜਾਬ ਬੰਦ ਦੇ ਦਿਨ ਸ੍ਰੀ ਹਰਗੋਬਿੰਦਪੁਰ ਦੀਆਂ ਗਲੀਆਂ ਵਿੱਚ ਨਸ਼ੇ ਦੇ ਵਪਾਰੀਆਂ ਨੇ ਵਿਰੋਧ ਕਰਨ ਵਾਲੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ; ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਨਸ਼ੇ ਦਾ ਵਪਾਰੀ ਗਲੀ ਵਿੱਚ ਖੜ੍ਹ ਕੇ ਨਸ਼ੇ ਦਾ ਹੋਕਾ ਦਿੰਦਾ ਜਾ ਰਿਹਾ ਸੀ। ਤਿੰਨ ਨੌਜਵਾਨਾਂ ਨੇ ਵਿਰੋਧ ਕੀਤਾ ਤਾਂ ਉਹਦੇ ਨਾਲ ਰਲੇ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹੁਣ ਕਿਵੇਂ ਮੰਨ ਲਈਏ ਕਿ ਸਰਕਾਰ ਦਾ ਨਸ਼ਾ ਵਪਾਰੀ ਡਰ ਮੰਨਣ ਲੱਗ ਪਏ ਹਨ। ਆਮ ਦਿਨਾਂ ਵਿੱਚ ਨਸ਼ੇ ਦਾ ਕਾਰੋਬਾਰ ਕਿੰਨੀ ਖੁੱਲ੍ਹ ਖੇਲ੍ਹ ਨਾਲ ਚਲਦਾ ਹੈ, ਹੁਣ ਹੋਰ ਕੋਈ ਵਾਕਿਆ ਦੱਸਣ ਦੀ ਲੋੜ ਨਹੀਂ ਰਹੀ। ਪੰਜਾਬ ਵਿਲਕ ਰਿਹਾ ਹੈ ਪਰ ਕਾਤਲਾਂ ਦੇ ਦਿਲ ਪਿਘਲੇ ਨਹੀਂ ਲਗਦੇ ਹਨ। ਸਿਸਟਮ ਹਿੱਲਿਆ ਨਹੀਂ ਹੈ।
ਪਰਵਿੰਦਰ ਸਿੰਘ ਝੋਟੇ ਦੇ ਕਾਤਲ ਕੈਮਿਸਟ ਅਸ਼ਵਨੀ ਨੂੰ ਸੱਤ ਦਿਨ ਦੇ ਰਿਮਾਂਡ ’ਤੇ ਪੁਲਿਸ ਨੇ ਲੈ ਲਿਆ ਹੈ। ਉਸਦੀ ਪਤਨੀ ਨੂੰ ਵੀ ਪੁਲਿਸ ਨੇ ਨੱਪ ਲਿਆ ਹੈ। ਕੈਮਿਸਟ ਸ਼ਾਪ ਦਾ ਲਾਈਸੈਂਸ ਪਤਨੀ ਦੇ ਨਾਂ ’ਤੇ ਸੀ। ਕੈਮਿਸਟ ਅਸ਼ਵਨੀ ਉੱਤੇ ਪੁਲਿਸ ਪ੍ਰਸ਼ਾਸਨ ਦੀ ਅਸ਼ੀਰਵਾਦ ਦੀ ਜਿਵੇਂ ਚਰਚਾ ਚੱਲੀ ਹੈ, ਉਸ ਤੋਂ ਤਾਂ ਇੰਝ ਲਗਦਾ ਹੈ ਕਿ ਜਿਵੇਂ ਸਾਰਾ ਸਿਸਟਮ ਹੀ ਨਿਕੰਮਾ ਹੋ ਕੇ ਰਹਿ ਗਿਆ ਹੋਵੇ। ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਅਸ਼ਵਨੀ ਨੇ ਆਪਣਾ ਦਵਾਈਆਂ ਦਾ ਰੱਦ ਹੋਇਆ ਲਾਈਸੈਂਸ ਕਿਵੇਂ ਨਵਿਆ ਲਿਆ? ਅਸਲੇ ਦੇ ਦੋ ਲਾਈਸੈਂਸ ਕਿਵੇਂ ਲੈ ਲਏ? ਅਪਰਾਧਿਕ ਬਿਰਤੀ ਵਾਲੇ ਬੰਦੇ ਨੂੰ ਲਾਇਸੈਂਸ ਦੇਣ ਲਈ ਪੁਲਿਸ ਜਿਵੇਂ ਮਿਹਰਬਾਨ ਹੋਈ ਹੈ, ਉਸ ਤੋਂ ਤਾਂ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਹ ਦੋਸ਼ ਸੱਚੇ ਲਗਦੇ ਹਨ ਕਿ ਮਾਨਸਾ ਵਿੱਚ ਨਸ਼ਿਆਂ ਦੀ ਸਰਕਾਰੀ ਦੁਕਾਨ ਚਲਦੀ ਸੀ।
ਦੋ ਦਿਨ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਸਿਪਾਹੀ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਫੜਿਆ ਹੈ। ਉਹ ਬੀਐੱਸਐੱਫ ਅਤੇ ਐੱਨਸੀਬੀ ਦੇ ਧੱਕੇ ਚੜ੍ਹਿਆ ਹੈ। ਉਸ ਤੋਂ ਇੱਕ ਦਿਨ ਪਹਿਲਾਂ ਐਂਟੀ ਡਰੋਨ ਫੋਰਸ ਦੀ ਗੱਡੀ ਦਾ ਡਰਾਈਵਰ ਵੀ ਨਸ਼ੇ ਸਮੇਤ ਫੜਿਆ ਗਿਆ। ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਅਗਲੇ ਹੀ ਦੋ ਤਿੰਨ ਦਿਨਾਂ ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੀ ਅਸੀਂ ਹਾਲੇ ਵੀ ਇਹ ਮੰਨ ਲਈਏ ਕਿ ਨਸ਼ੇ ਦੇ ਤਸਕਰਾਂ ਦੇ ਮਨਾਂ ਵਿੱਚ ਸਰਕਾਰ ਦਾ ਡਰ ਹੈ? ਜਾਂ ਪੁਲਿਸ ਦੀ ਨਸ਼ਾ ਤਸਕਰਾਂ ਨੂੰ ਸਰਪ੍ਰਸਤ ਦੀ ਪ੍ਰਾਪਤ ਨਹੀਂ ਹੈ? ਕੀ ਪੁਲਿਸ ਆਪ ਨਸ਼ਾ ਤਸਕਰ ਨਹੀਂ ਬਣ ਰਹੀ ਹੈ? ਮਾਨਸਾ ਘਟਨਾ ਤੋਂ ਬਾਅਦ ਤਾਂ ਇਸ ਗੱਲ ਉੱਤੇ ਮੋਹਰ ਲਗਦੀ ਦਿਸਦੀ ਹੈ ਕਿ ਪੁਲਿਸ, ਅਫਸਰਸ਼ਾਹੀ ਅਤੇ ਸਿਆਸਤਦਾਨਾਂ ਦਾ ਗੱਠਜੋੜ ਨਸ਼ਿਆਂ ਦੀ ਸਪਲਾਈ ਟੁੱਟਣ ਨਹੀਂ ਦੇ ਰਿਹਾ।
ਸਰਕਾਰ ਨੇ ਉੱਥੋਂ ਦੀ ਐੱਸਐੱਚ ਓ ਬੇਅੰਤ ਕੌਰ ਨੂੰ ਮੁਅਤਲ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਹੈ। ਡੀਐੱਸਪੀ ਖਿਲਾਫ ਐਕਸ਼ਨ ਲੈਣ ਦੀਆਂ ਖਬਰਾਂ ਫੈਲਾ ਕੇ ਲੋਕਾਂ ਦਾ ਗੁੱਸਾ ਠੰਢਾ ਕੀਤਾ ਜਾ ਰਿਹਾ ਹੈ। ਪਰਵਿੰਦਰ ਸਿੰਘ ਝੋਟੇ ਦੇ ਬਾਪੂ ਅਤੇ ਸਾਬਕਾ ਫੌਜੀ ਭੀਮ ਸਿੰਘ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਲਗਦੇ ਹਨ। ਉਹ ਸੁਲਝਿਆ ਹੋਇਆ ਅਤੇ ਸਬਰ ਸੰਤੋਖ ਵਾਲਾ ਬੰਦਾ ਲਗਦਾ ਹੈ। ਉਹ ਹੋਕਾ ਦਿੰਦਾ ਹੈ ਕਿ ਪੰਜਾਬ ਬੰਦ ਦਾ ਵਾਰ ਵਾਰ ਸੱਦਾ ਦੇ ਕੇ ਦੇਖਿਓ ਕਿਤੇ ਲੋਕਾਂ ਦਾ ਰੁਜ਼ਗਾਰ ਬੰਦ ਨਾ ਹੋ ਜਾਵੇ। ਉਹ ਆਪਣੀਆਂ ਮੰਗਾਂ ਉੱਤੇ ਅਟੱਲ ਹੈ।
ਪੰਜਾਬ ਸਰਕਾਰ ਨਸ਼ਿਆਂ ਦੇ ਹਜ਼ਾਰਾਂ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੇ ਦਾਅਵੇ ਕਰਦੀ ਹੈ। ਸੈਂਕੜੇ ਕਿੱਲੋ ਨਸ਼ੇ ਜ਼ਬਤ ਕਰਨ ਦੇ ਪ੍ਰੈੱਸ ਨੋਟ ਜਾਰੀ ਕੀਤਾ ਜਾ ਰਹੇ ਹਨ। ਹਾਸੋਹੀਣੀ ਗੱਲ ਇਹ ਹੈ ਕਿ ਜਿੰਨੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਡੱਕਣ ਦੀ ਗਿਣਤੀ ਦੱਸੀ ਜਾ ਰਹੀ ਹੈ, ਉੰਨੀ ਤਾਂ ਸ਼ਾਇਦ ਜੇਲ੍ਹਾਂ ਦੀ ਸਮਰੱਥਾ ਵੀ ਨਾ ਹੋਵੇ। ਸਰਕਾਰਾਂ ਨਸ਼ਾ ਖਤਮ ਕਰਨ ਤੋਂ ਬੇਵੱਸ ਦਿਸ ਰਹੀਆਂ ਹਨ। ਸਰਕਾਰ ਨੇ ਗੈਂਗਸਟਰਾਂ, ਨਸ਼ੇ ਦੇ ਵਪਾਰੀਆਂ ਅਤੇ ਆਪਣੀ ਹੀ ਪੁਲੀਸ ਮੋਹਰੇ ਹੱਥ ਖੜ੍ਹੇ ਕਰ ਦਿੱਤੇ ਲਗਦੇ ਹਨ। ਪੰਜਾਬ ਇੱਕ ਖਤਰਨਾਕ ਭਵਿੱਖ ਵੱਲ ਵਧ ਰਿਹਾ ਹੈ। ਖਾਨਾਜੰਗੀ ਜਿਹੇ ਹਾਲਾਤ ਦਿਸਣ ਲੱਗੇ ਹਨ। ਕੌਣ ਫੜੂ ਹੱਥ ਪੰਜਾਬੀਆਂ ਦਾ? ਪੰਜਾਬੀ ਕਿਹਦੇ ਉੱਤੇ ਭਰੋਸਾ ਕਰਨ, ਇਹ ਸਵਾਲ ਸਭ ਦਾ ਮੂੰਹ ਚਿੜਾ ਰਹੇ ਹਨ। ਪੰਜਾਬੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਕੌਮ ਹੈ। ਸਰਬੱਤ ਦਾ ਭਲਾ ਮੰਗਣ ਵਾਲੇ ਭਲੇ ਲੋਕ। ਇਨ੍ਹਾਂ ਨੇ ਕਦੇ ਆਸ ਨਹੀਂ ਟੁੱਟਣ ਦਿੱਤੀ; ਇਹ ਤਾਂ ਦੂਜਿਆਂ ਲਈ ਕੰਧ ਬਣਕੇ ਖੜ੍ਹਦੇ ਹਨ। ਸਾਡਾ ਭਰੋਸਾ ਹੈ ਪੰਜਾਬੀਆਂ ਦੀ ਜ਼ਰੂਰ ਸੁਣੀ ਜਾਵੇਗੀ, ਅੱਜ ਨਹੀਂ ਤਾਂ ਕੱਲ੍ਹ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































