KamaljitSBanwait7   “ਰੈਜਮੈਂਟ ਦੇ ਸੀਈਓ ਨੇ ਫੌਜੀ ਦੇ ਪਿੱਠੂ ਲਾ ਕੇ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦੇ ਦਿੱਤੇ। ਕਰਨਲ ...
   (22 ਅਗਸਤ 2025)


ਭਾਰਤ ਪਾਕਿਸਤਾਨ ਦੀ 1972 ਦੀ ਜੰਗ ਵੇਲੇ ਇੱਕ ਗੋਲਾ ਮਨਜੀਤ ਦੇ ਪਿੰਡ ਉੜਾਪੜ ਨੇੜੇ ਖੇਤਾਂ ਵਿੱਚ ਡਿਗਿਆ ਸੀ। ਬੰਬ ਜਿੱਥੇ ਡਿਗਿਆ
, ਉੱਥੇ ਡੂੰਘੇ ਖੂਹ ਜਿੰਨਾ ਟੋਇਆ ਪੱਟਿਆ ਗਿਆ ਸੀ। ਉਹ ਖੇਤਾਂ ਵਿੱਚ ਗੋਲਾ ਡਿਗਣ ਵਾਲੀ ਥਾਂ ਦੇਖਣ ਗਿਆ ਤਾਂ ਉਸਦਾ ਖ਼ੂਨ ਖੌਲ ਉੱਠਿਆ। ਉਸਨੇ ਫ਼ੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ।

ਦੋਹਾਂ ਦੇਸ਼ਾਂ ਦੀ ਜੰਗ ਖਤਮ ਹੁੰਦਿਆਂ ਉਹ ਫੌਜ ਵਿੱਚ ਭਰਤੀ ਹੋਣ ਲਈ ਜਾ ਖੜ੍ਹਿਆ। ਐੱਮ ਏ ਪਾਸ ਮਨਜੀਤ ਡੀਲ ਡੌਲ ਪੱਖੋਂ ਵੀ ਤਕੜਾ ਸੀ। ਉਹ ਪੜਾਅਵਾਰ ਲਿਖਤੀ ਟੈੱਸਟ, ਇੰਟਰਵਿਊ ਅਤੇ ਫਿਜ਼ੀਕਲ ਟੈੱਸਟ ਪਾਸ ਕਰਕੇ ਸੈਕਿੰਡ ਲੈਫਟੀਨੈਂਟ ਭਰਤੀ ਹੋ ਗਿਆ। ਉਸਨੇ ਫ਼ੌਜ ਵਿੱਚ ਦੱਬ ਕੇ ਮਿਹਨਤ ਕੀਤੀ। ਬਾਅਦ ਵਿੱਚ ਉਹ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਬਣਿਆ। ਤਰੱਕੀ ਜਿਵੇਂ ਉਹਦਾ ਰਾਹ ਖੜ੍ਹ ਕੇ ਉਡੀਕ ਕਰ ਰਹੀ ਹੋਵੇ। ‌ਉਸਦੇ ਕੈਪਟਨ ਤੋਂ ਬਾਅਦ ਮੇਜਰ ਤਕ ਦੇ ਉੱਪਰੋਥਲੀ ਬੈਜ ਲੱਗ ਗਏ। ਰਿਟਾਇਰ ਹੋਣ ਤੋਂ ਪਹਿਲਾਂ ਉਹ ਕਰਨਲ ਦੇ ਅਹੁਦੇ ਉੱਤੇ ਪੁੱਜ ਗਿਆ ਸੀ। ਹੁਣ ਫ਼ੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਹ ਕਰਨਲ ਮਨਜੀਤ ਸਿੰਘ ਢਿੱਲੋਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ।

ਸੁਭਾਅ ਪੱਖੋਂ ਉਹ ਬਚਪਨ ਤੋਂ ਹੀ ਦਿਆਲੂ ਸੀ। ਹੁਣ ਸੇਵਾ ਮੁਕਤੀ ਤੋਂ ਬਾਅਦ ਵੀ ਉਸਦੇ ਖ਼ਾਤੇ ਵਿੱਚ ਲੱਖ ਰੁਪਇਆ ਨਹੀਂ ਜੁੜਿਆ। ਔਖੇ ਸੌਖੇ ਵੇਲੇ ਲਈ ਫਿਕਸਡ ਡਿਪਾਜ਼ਟ ਜ਼ਰੂਰ ਕਰਾ ਰੱਖਿਆ ਹੈ, ਉਹ ਵੀ ਕਰੋੜਾਂ ਨਹੀਂ, ਲੱਖਾਂ ਵਿੱਚ। ਛੋਟੇ ਹੁੰਦਿਆਂ ਇੱਕ ਵਾਰ ਜਦੋਂ ਉਹ ਸਕੂਲ ਤੋਂ ਪੜ੍ਹ ਕੇ ਆਇਆ ਤਾਂ ਘਰ ਦੇ ਦਰਵਾਜੇ ਉੱਤੇ ਭਿਖਾਰਨ ਰੋਟੀ ਮੰਗ ਰਹੀ ਸੀ। ਅੰਦਰੋਂ ਮਾਂ ਨੇ ਨਾਂਹ ਕਰ ਦਿੱਤੀ। ਉਸਨੇ ਮੰਗਤੀ ਦੇ ਸਾਹਮਣੇ ਹੀ ਭੁੱਖ ਨਾ ਹੋਣ ਦਾ ਬਹਾਨਾ ਲਾ ਕੇ ਆਪਣੀ ਰੋਟੀ ਮੰਗਤੀ ਦੇ ਭਾਂਡਿਆਂ ਵਿੱਚ ਪਵਾ ਦਿੱਤੀ ਸੀ। ਉਸਦੇ ਘਰ ਸਫ਼ਾਈ ਅਤੇ ਬਰਤਨਾਂ ਲਈ ਕੰਮ ਕਰਨ ਵਾਲੀ ਦਿਨ ਵਿੱਚ ਦੋ ਵਾਰ ਆਉਂਦੀ ਹੈ। ਮੇਡ ਨੇ ਨਵੇਂ ਚੰਡੀਗੜ੍ਹ ਵਾਲੇ ਪਾਸੇ ਦੋ ਮਰਲੇ ਦਾ ਪਲਾਟ ਲੈ ਰੱਖਿਆ ਹੈ ਪਰ ਛੱਤਣ ਲਈ ਪੈਸੇ ਨਹੀਂ ਹਨ। ਕਰਨਲ ਮਨਜੀਤ ਨੇ ਆਪਣੇ ਖ਼ਾਤੇ ਵਿੱਚੋਂ ਆਖ਼ਰੀ ਤਿੰਨ ਲੱਖ ਰੁਪਏ ਕਢਾ ਕੇ ਕੰਮ ਵਾਲੀ ਦੇ ਹੱਥ ਧਰ ’ਤੇ ਦਿੱਤੇ ਅਤੇ ਨਾਲ ਹੀ ਵਾਪਸ ਨਾ ਕਰਨ ਬਾਰੇ ਕਹਿ ਕੇ ਚਿੰਤਾ ਤੋਂ ਵੀ ਸੁਰਖਰੂ ਕਰ ਦਿੱਤਾ।

ਫੌਜ ਵਿੱਚ ਹੁੰਦਿਆਂ ਮਨਜੀਤ ਭਾਰਤੀ ਹੀ ਨਹੀਂ ਸਗੋਂ ਪਾਕਿਸਤਾਨ ਦੇ ਫ਼ੌਜੀਆਂ ਵਿੱਚ ਵੀ ਹਰਮਨ ਪਿਆਰਾ ਸੀ। ਉਸਦੀ ਆਖ਼ਰੀ ਪੋਸਟਿੰਗ ਛੰਭ ਜੌੜੀਆਂ ਦੀ ਸੀ। ਛੰਭ ਜੋੜੀਆਂ ਬਾਰਡਰ ’ਤੇ ਦੋਹਾਂ ਦੇਸ਼ਾਂ ਵਿੱਚ ਕੋਈ ਕੰਡਿਆਲੀ ਤਾਰ ਜਾਂ ਦੀਵਾਰ ਨਹੀਂ ਹੈ, ਬੱਸ ਇੱਕ ਸਾਦੀ ਜਿਹੀ ਲਕੀਰ ਦੋਹਾਂ ਦੇਸ਼ਾਂ ਨੂੰ ਵੰਡਦੀ ਹੈ। ਇੱਥੇ ਦੋ ਏਕੜ ਏਰੀਏ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਦਹਾਕਿਆਂ ਤੋਂ ਤਲਖ਼ੀ ਚਲੀ ਆ ਰਹੀ ਹੈ। ਭਾਰਤੀ ਫੌਜ ਨੇ ਇਸ ਵਿਵਾਦਿਤ ਜ਼ਮੀਨ ਤੋਂ ਥੋੜ੍ਹਾ ਹਟ ਕੇ ਬੈਰਕਾਂ ਬਣਾ ਰੱਖੀਆਂ ਹਨ। ਪਾਕਿਸਤਾਨ ਦੀ ਫੌਜ ਗਾਹੇ ਬਗਾਹੇ ਸ਼ਰਾਰਤ ਕਰ ਜਾਂਦੀ ਹੈ। ਛੰਭ ਜੌੜੀਆਂ ਬਾਰਡਰ ਦੇ ਨੇੜੇ ਪੈਂਦੇ ਭਾਰਤ ਅਤੇ ਪਾਕਿਸਤਾਨ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਇੱਥੇ ਆਪਣੇ ਪਸ਼ੂ ਚਾਰਨ ਲਈ ਆਉਂਦੇ ਹਨ। ਇੱਕ ਦਿਨ ਕਿਸੇ ਪਾਕਿਸਤਾਨੀ ਮਹਿਲਾ ਚਰਵਾਹੇ ਦੀਆਂ ਪਾਕਿਸਤਾਨ ਵਾਲੇ ਪਾਸੇ ਛੱਡੀਆਂ ਮੱਝਾਂ ਭਾਰਤ ਵਾਲੇ ਪਾਸੇ ਆ ਗਈਆਂ। ਆਮ ਕਰਕੇ ਜਦੋਂ ਪਾਕਿਸਤਾਨ ਦੀਆਂ ਮੱਝਾਂ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆ ਵੜਨ ਤਾਂ ਉਹਨਾਂ ਨੂੰ ਸਬੰਧਤ ਐੱਸ ਡੀ ਐੱਮ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਐੱਸ ਡੀ ਐੱਮ ਪਾਕਿਸਤਾਨ ਦੀਆਂ ਫੜੀਆਂ ਮੱਝਾਂ ਨੂੰ ਆਸ ਪਾਸ ਦੇ ਪਿੰਡਾਂ ਦੇ ਲੋੜਵੰਦ ਲੋਕਾਂ ਵਿੱਚ ਵੰਡ ਦਿੰਦਾ ਹੈ ਪਰ ਮਨਜੀਤ ਨੇ ਇਸ ਵਾਰ ਮੱਝਾਂ ਪਾਕਿਸਤਾਨੀ ਫੌਜ ਨੂੰ ਵਾਪਸ ਮੋੜ ਦਿੱਤੀਆਂ।

ਇੱਕ ਰਾਤ ਭਾਰਤੀ ਫ਼ੌਜ ਨੂੰ ਸੂਹ ਮਿਲੀ ਤੇ ਪਾਕਿਸਤਾਨੀ ਫੌਜ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਕਰਨਲ ਮਨਜੀਤ ਭਾਰਤੀ ਫੌਜ ਦੀ ਟੁਕੜੀ ਨੂੰ ਨਾਲ ਲੈ ਕੇ ਗਸ਼ਤ ਉੱਤੇ ਨਿਕਲ ਗਿਆ। ਉਹਨਾਂ ਨੇ ਹਾਲੇ ਦੋ ਏਕੜ ਵਿਵਾਦਤ ਜ਼ਮੀਨ ਦੇ ਪਰਲੇ ਸਿਰੇ ਉੱਤੇ ਪੈਰ ਹੀ ਧਰਿਆ ਸੀ ਕਿ ਪਾਕਿਸਤਾਨੀ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਮਿਲ ਗਿਆ ਪਰ ਜਲਦੀ ਹੀ ਨੋ ਫਾਇਰਿੰਗ ਦੀ ਆਵਾਜ਼ ਗੂੰਜ ਉੱਠੀ। ਕਰਨਲ ਮਨਜੀਤ ਨੂੰ ਦੇਖਦਿਆਂ ਹੀ ਬੰਦੂਕਾਂ ਦਾ ਮੂੰਹ ਹੇਠਾਂ ਨੂੰ ਹੋ ਗਿਆ। ‌ਪਾਕਿਸਤਾਨੀ ਫ਼ੌਜ ਦੇ ਸੀ ਈ ਓ ਨੇ ਕਰਨਲ ਮਨਜੀਤ ਨੂੰ ਸਲੂਟ ਮਾਰਿਆ ਅਤੇ ਨਾਲ ਹੀ ਮੱਝਾਂ ਮੋੜਣ ਵਾਸਤੇ ਧੰਨਵਾਦ ਕੀਤਾ।

ਮਨਜੀਤ ਢਿੱਲੋਂ ਚੰਡੀਗੜ੍ਹ ਵਿਚਲੇ ਆਪਣੇ ਸੈਕਟਰ ਦੇ ਪਾਰਕ ਵਿੱਚ ਸੀਨੀਅਰ ਸਿਟੀਜ਼ਨਾਂ ਦੀ ਜੁੜਦੀ ਜੁੰਡਲੀ ਦੀ ਰੌਣਕ ਹੈ। ਉਸਦੀਆਂ ਗੱਲਾਂ ਪੂਰੀ ਢਾਣੀ ਦਿਲਚਸਪੀ ਨਾਲ ਸੁਣਦੀ ਹੈ। ਕਰਨਲ ਮਨਜੀਤ ਦੱਸਦਾ ਹੈ ਕਿ ਉਹ ਦਿਨ ਤਿਉਹਾਰ ਵੇਲੇ ਪਾਕਿਸਤਾਨੀ ਫ਼ੌਜ ਨੂੰ ਤੋਹਫੇ ਦੇ ਦਿਆ ਕਰਦਾ ਸੀ। ਹੋਰ ਕਈ ਫ਼ੌਜੀ ਅਫਸਰ ਵੀ ਪੀਸ ਵੇਲੇ ਆਪਸ ਵਿੱਚ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਦੇ ਹਨ। ‌ਉਸ ਦੀ ਆਪਣੀ ਰੈਜਮੈਂਟ ਵਿੱਚੋਂ ਇੱਕ ਵਾਰ ਕਿਸੇ ਜਵਾਨ ਦੇ ਪੈਸੇ ਚੋਰੀ ਹੋ ਗਏ। ਫ਼ੌਜੀ ਚੋਰ ਫੜਿਆ ਗਿਆ। ਰੈਜਮੈਂਟ ਦੇ ਸੀਈਓ ਨੇ ਫੌਜੀ ਦੇ ਪਿੱਠੂ ਲਾ ਕੇ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦੇ ਦਿੱਤੇ। ਕਰਨਲ ਢਿੱਲੋਂ ਨੇ ਵਿੱਚ ਵਿਚਾਲੇ ਪੈ ਕੇ ਚੋਰੀ ਹੋਏ ਪੈਸੇ ਨਾਲੋਂ ਦੁੱਗਣੀ ਰਕਮ ਗੁਰਦੁਆਰੇ ਚੜ੍ਹਾਉਣ ਦੀ ਸਜ਼ਾ ਲਾ ਕੇ ਉਸ ਨੂੰ ਮੁਆਫ਼ੀ ਦੁਆ ਦਿੱਤੀ ਸੀ। ਹੋਰ ਵੀ ਕਈ ਮਾਮਲੇ ਅਜਿਹੇ ਸਨ ਜਿੱਥੇ ਕਰਨਲ ਢਿੱਲੋਂ ਨੇ ਜਵਾਨਾਂ ਦੀ ਨੌਕਰੀ ਬਚਾਈ ਸੀ। ਉਹ ਕਹਿੰਦਾ ਹੈ ਕਿ ਕਿਸੇ ਦੀ ਨੌਕਰੀ ਚਲੀ ਜਾਂਦੀ, ਇਹ ਉਸ ਤੋਂ ਜਰਿਆ ਨਹੀਂ ਸੀ ਜਾਣਾ।

ਉਸ ਨੂੰ ਝੋਰਾ ਹੈ ਕਿ ਜ਼ਿਆਦਾ ਕਰਕੇ ਹਾਕਮ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਲੜਾ ਕੇ ਸਿਆਸਤ ਖੇਡਦੇ ਹਨ। ਉਹ ਕਹਿੰਦਾ ਹੈ ਕਿ ਹਾਕਮ ਦੁਸ਼ਮਣੀ ਦੀ ਥਾਂ ਮਿੱਤਰਤਾ ਜਾਂ ਮੁਆਫੀ ਦੇਣੀ ਸਿੱਖ ਲੈਣ ਤਾਂ ਨਾ ਯੁਕਰੇਨ ਅਤੇ ਰੂਸ ਬਲਦੀ ਅੱਗ ਵਿੱਚ ਝੋਕੇ ਜਾਂਦੇ ਅਤੇ ਨਾ ਹੀ ਇਰਾਨ ਤੇ ਫ਼ਲਸਤੀਨ ਅੱਗ ਦੀ ਲਾਟ ਵਿੱਚ ਹੱਥ ਦਿੰਦੇ। ਭਾਰਤ ਅਤੇ ਪਾਕਿਸਤਾਨ ਦੇ ਹਾਕਮਾਂ ਨੇ ਧਰਤੀ ਤਾਂ ਵੰਡ ਦਿੱਤੀ ਹੈ ਪਰ ਲੋਕਾਂ ਦੇ ਕਲਚਰ, ਪਿਆਰ, ਦੁਆਵਾਂ ਵਿੱਚ ਵੰਡੀਆਂ ਨਹੀਂ ਪਾ ਸਕੇ ਅਤੇ ਨਾ ਹੀ ਇਸ ਵੇਲੇ ਸਰਹੱਦ ਦੇ ਦੋਵੇਂ ਪਾਸੇ ਖੜ੍ਹੇ ਫ਼ੌਜੀਆਂ ਦੀਆਂ ਗਲਵੱਕੜੀਆਂ ਢਿੱਲੀਆਂ ਪਈਆਂ ਹਨ। ਕਰਨਲ ਢਿੱਲੋਂ ਸੋਚਦਾ ਹੈ ਜੇ ਅਸੀਂ ਸਾਰੇ ਜ਼ਿੰਦਗੀ ਵਿੱਚ ਵੀ ਮੁਆਫ ਕਰਨਾ ਸਿੱਖ ਜਾਈਏ, ਦੂਜਿਆਂ ਦੀਆਂ ਗਲਤੀਆਂ ਨੂੰ ਚਿਤਾਰਨਾ ਛੱਡ ਦੇਈਏ ਤਾਂ ਸਮਾਜ ਅੱਗੇ ਵਧਣ ਲੱਗੇਗਾ ਅਤੇ ਨਾਲ ਹੀ ਸਮਾਜਿਕ ਰਿਸ਼ਤਿਆਂ ਦੀ ਛਾਂ ਹੋਰ ਸੰਘਣੀ ਹੋ ਜਾਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author