“‘ਇਕ ਦੇਸ਼ - ਇੱਕ ਪਾਰਟੀ’ ਦਾ ਜੋ ਮਾਹੌਲ ਸਿਰਜਿਆ ਗਿਆ ਹੈ, ਉਹ ਲਗਾਤਾਰ ...”
(14 ਮਈ 2026)
ਜੰਮੂ ਕਸ਼ਮੀਰ ਵਿੱਚ “ਦਿ ਜੰਮੂ ਐਂਡ ਕਸ਼ਮੀਰ ਪੀਪਲਜ਼ ਡੈਮੋਕਰੈਟਿਕ ਪਾਰਟੀ” (ਪੀ.ਡੀ.ਪੀ.), ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਬਿਹਾਰ ਵਿੱਚ ਜਨਤਾ ਦਲ (ਯੂਨਾਈਟਡ), ਉੱਤਰ ਪ੍ਰਦੇਸ਼ ਵਿੱਚ ਬਸਪਾ, ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਆਂਧਰਾ ਪ੍ਰਦੇਸ਼ ਵਿੱਚ ਵਾਈ.ਏ.ਐੱਸ.ਆਰ., ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਲੋਕ ਦਲ (ਰਾਲੋਦ), ਕਰਨਾਟਕ ਵਿੱਚ ਜਨਤਾ ਦਲ (ਸੈਕੂਲਰ), ਇਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਲੱਗਿਆ ਸੀ ਕਿ ਹਿੰਦੂਤਵ ਦੀ ਛਤਰੀ ਦੀ ਛਾਂ ਪਾਉਣ ਤੋਂ ਬਾਅਦ ਉਹਨਾਂ ਦਾ ਖੇਤਰੀ ਖੇਤਰ ਬਚਿਆ ਰਹਿ ਸਕਦਾ ਹੈ, ਲੇਕਿਨ ਭਾਜਪਾ ਦੀ ਹਿੰਦੂਤਵ ਸਿਆਸਤ ਨੇ ਉਹਨਾਂ ਦੇ ਸੁਪਨਿਆਂ ਉੱਤੇ ਪਾਣੀ ਫਿਰ ਦਿੱਤਾ ਹੈ।
ਕਦੇ ਬਸਪਾ ਪ੍ਰਧਾਨ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਮੁਲਾਇਮ ਸਿੰਘ ਯਾਦਵ ਦਾ ਅਕਸ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਘੜਿਆ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਤੀਸ਼ ਕੁਮਾਰ ਨੂੰ ਵਿਰੋਧੀ ਧਿਰ ਦਾ ਰਾਸ਼ਟਰੀ ਚਿਹਰਾ ਬਣਾਉਣ ਦੀ ਕਵਾਇਦ ਸ਼ੁਰੂ ਹੋਈ ਸੀ। ਨਤੀਸ਼ ਕੁਮਾਰ ਨੇ ਹਿੰਦੂਤਵ ਸਿਆਸਤ ਨੂੰ ਬਹੁਤ ਹੱਦ ਤਕ ਰੋਕਿਆ ਵੀ। ਲੇਕਿਨ ਆਪਣੀ ਖੇਤਰੀ ਪਾਰਟੀ ਨੂੰ ਬਚਾਉਣ ਲਈ ਹਿੰਦੂਤਵੀ ਸਿਆਸਤ ਨਾਲ ਜਾ ਖੜ੍ਹੇ ਅਤੇ ਉੱਥੇ ਹੀ ਵਲੀਨ ਹੋ ਗਏ। ਅੱਜ ਨਤੀਸ਼ ਕੁਮਾਰ ਕਿੱਥੇ ਹੈ?
ਦੇਸ਼ ਭਾਰਤ ਦੀ ਅਜ਼ਾਦੀ ਤੋਂ ਬਾਅਦ ਮੁੱਖ ਤੌਰ ’ਤੇ ਕਾਂਗਰਸ ਸੱਤਾ ਵਿੱਚ ਆਈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਕਾਂਗਰਸ ਨੇ ਆਪਣਾ ਹੱਕ ਜਿਤਾ ਲਿਆ। ਦੇਸ਼ ਦਾ ਹਰ ਸਿਆਸੀ ਫੈਸਲਾ ਦਿੱਲੀ ਤੋਂ ਹੋਣ ਲੱਗਾ। ਇਸ ਸਮੇਂ ਦੇਸ਼ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਲੱਗਾ ਕਿ ਦਿੱਲੀ ਉਹਨਾਂ ਲਈ ਦੂਰ ਹੈ। ਉਹਨਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਕਿ ਉਹਨਾਂ ਦੇ ਹੱਕਾਂ ਦੇ ਫੈਸਲੇ ਇੰਨੀ ਦੂਰ ਦਿੱਲੀ ਤੋਂ ਨਹੀਂ ਹੋ ਸਕਦੇ। ਇਹੋ ਕਾਰਨ ਸੀ ਕਿ ਕਾਂਗਰਸ ਵਿਰੁੱਧ ਦੇਸ਼-ਵਿਆਪੀ ਰੋਸ ਜਾਗਿਆ। ਬਿਹਾਰ ਤੋਂ ਜੈ ਪ੍ਰਕਾਸ਼ ਨਰਾਇਣ ਨੇ ਦਿੱਲੀ ਤਾਨਾਸ਼ਾਹੀ ਵਿਰੁੱਧ ਅਵਾਜ਼ ਚੁੱਕੀ। ਦੇਸ਼ ਦੇ ਕਈ ਛੋਟੇ, ਵਿਰੋਧੀ ਖੇਤਰੀ ਵਿਚਾਰਧਾਰਾ ਵਾਲੇ ਦਲ ਇਕੱਠੇ ਹੋਏ। ਭਾਰਤੀ ਲੋਕ ਦਲ, ਕਾਂਗਰਸ (ਉ), ਜਨਸੰਘ, ਸੋਸ਼ਲਿਸਟ ਪਾਰਟੀ ਨੂੰ ਨਾਲ ਲੈਕੇ ਜੈ ਪ੍ਰਕਾਸ਼ ਨਰਾਇਣ ਨੇ ਮੁੱਠੀ ਤਾਣੀ। ਵੱਖੋ-ਵੱਖਰੀ ਵਿਚਾਰਧਾਰਾ ਦੇ ਲੋਕ ਇੱਕੋ ਪਲੇਟਫਾਰਮ ’ਤੇ ਇਕੱਠੇ ਹੋਏ।
ਜੈ ਪ੍ਰਕਾਸ਼, ਜਿਹੜੇ ਕਦੇ ਦਲਾਂ ਰਹਿਤ ਲੋਕਤੰਤਰ ਦੇ ਮੁਦਈ ਸਨ, ਉਹਨਾਂ ਨੇ ਇਲਾਕਾਈ ਪਾਰਟੀਆਂ ਦੀ ਇੱਕ ਨਰਸਰੀ ਸਥਾਪਿਤ ਕਰ ਦਿੱਤੀ। ਦੇਸ਼ ਦੇ ਕੋਨੇ-ਕੋਨੇ ਵਿੱਚ ਕਾਂਗਰਸ ਤੋਂ ਨਰਾਜ਼ ਲੋਕ ਆਪੋ-ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਇਕੱਠੇ ਕਰਨ ਲਈ ਜੁਟੇ। ਜੈ ਪ੍ਰਕਾਸ਼ ਇਸੇ ਨਰਸਰੀ ਦੀ ਪੈਦਾਇਸ਼ ਹਨ: ਲਾਲੂ ਪ੍ਰਸ਼ਾਦ ਯਾਦਵ (ਬਿਹਾਰ), ਨਤੀਸ਼ ਕੁਮਾਰ (ਬਿਹਾਰ), ਮੁਲਾਇਮ ਸਿੰਘ ਯਾਦਵ (ਯੂਪੀ)। ਇਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚੋਂ ਦਿੱਲੀ ਨੂੰ ਚੁਣੌਤੀ ਦਿੱਤੀ। ਇਹੋ ਉਹ ਦੌਰ ਸੀ ਜਿਸਨੇ ਗਠਬੰਧਨ ਸਰਕਾਰਾਂ ਨੂੰ ਦੇਸ਼ ਭਾਰਤ ਵਿੱਚ ਜਨਮ ਦਿੱਤਾ। ਦਿੱਲੀ ਸਰਕਾਰ ਦੀ ਤਾਕਤ ਨੂੰ ਇਨ੍ਹਾਂ ਖੇਤਰੀ ਨੇਤਾਵਾਂ ਨੇ ਵੰਗਾਰਿਆ ਅਤੇ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ।
ਭਾਰਤ ਦੀ ਵੱਡੀ ਭੂਗੋਲਿਕ ਸਥਿਤੀ ਨੇ ਹੀ ਖੇਤਰੀ ਸਿਆਸਤ ਦੀ ਜ਼ਰੂਰਤ ਪੈਦਾ ਕੀਤੀ। ਪਹਾੜ ਦੀ ਅਬਾਦੀ ਅਤੇ ਮੈਦਾਨ ਦੀ ਅਬਾਦੀ ਦੋਨਾਂ ਦੀਆਂ ਜ਼ਰੂਰਤਾਂ ਅਲੱਗ ਸਨ ਅਤੇ ਹਨ। ਆਦਿਵਾਸੀ ਇਲਾਕੇ ਚਾਹੁੰਦੇ ਸਨ ਕਿ ਮੁੱਖ ਧਾਰਾ ਦੇ ਹਮਲਾਵਰ ਰੁਖ ਤੋਂ ਉਹਨਾਂ ਦੀ ਰੱਖਿਆ ਹੋਵੇ। ਉਹਨਾਂ ਦੀ ਇਸ ਚਾਹਤ ਨੇ ਦੇਸ਼ ਵਿੱਚ ਕਈ ਅੰਦੋਲਨ ਖੜ੍ਹੇ ਕੀਤੇ। ਨੇਤਾ ਸ਼ਿਬੂ ਸੋਰੇਨ ਉਦਾਹਰਨ ਹੈ, ਜਿਸਨੇ ਦਿੱਲੀ ਤਕ ਆਪਣੀ ਹੋਂਦ ਦਰਸਾਈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਲਾਈ ਐਮਰਜੈਂਸੀ ਦੌਰਾਨ ਚੱਲੇ ਅੰਦੋਲਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਦਿੱਲੀ ਨਾਲ ਵੱਡਾ ਇੱਟ-ਖੜੱਕਾ ਅਤੇ ਆਢਾ ਲਾਈ ਰੱਖਿਆ। ਅਸਲ ਵਿੱਚ ਖੇਤਰੀ ਪਾਰਟੀਆਂ ਭਾਸ਼ਾ ਅਤੇ ਸੱਭਿਆਚਾਰ ਨੂੰ ਢਾਲ ਵਾਂਗ ਵਰਤਦੀਆਂ ਰਹੀਆਂ।
ਜੈ ਪ੍ਰਕਾਸ਼ ਦੀ 1970 ਦੀ ਸੰਪੂਰਨ ਕ੍ਰਾਂਤੀ ਨੇ ਦੇਸ਼ ਦੀ ਸਿਆਸਤ ਦਾ ਚਿਹਰਾ-ਮੋਹਰਾ ਅਤੇ ਚਰਿੱਤਰ ਹੀ ਬਦਲ ਦਿੱਤਾ ਸੀ। ਕਾਂਗਰਸ ਹੀ ‘ਇਕੋ-ਇੱਕ’ ਦੇ ਪ੍ਰਭਾਵ ਨੂੰ ਬਦਲ ਕੇ ਖੇਤਰੀ ਦਲਾਂ ਦੀ ਪੈਦਾਇਸ਼ ’ਤੇ ਪ੍ਰਭਾਵ ਵਧਿਆ। ਬਿਹਾਰ ਤੋਂ ਸੰਪੂਰਨ ਕ੍ਰਾਂਤੀ ਦੀ ਟਰੇਨ ਚੱਲੀ, ਜੋ ਦਿੱਲੀ ਪੁੱਜਦੀ ਹੈ।
ਪਰ ਹੁਣ ਇਸ ਸੰਪੂਰਨ ਕ੍ਰਾਂਤੀ ਦਾ ਇੰਜਨ ਬਦਲ ਗਿਆ ਹੈ। ਹੁਣ ਇੰਜਨ ਹਿੰਦੂਤਵ ਦਾ ਹੈ। 2014 ਦੇ ਬਾਅਦ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਲਗਾਤਾਰ ਜਿੱਤ ਦੇ ਮੱਦੇਨਜ਼ਰ ਮੌਕੇ ਦੇ ਭਾਜਪਾ ਪ੍ਰਧਾਨ ਨੇ ਕਿਹਾ ਸੀ ਕਿ ਬਹੁਤ ਛੇਤੀ ਖੇਤਰੀ ਦਲਾਂ ਦੀ ਹੋਂਦ ਖਤਮ ਹੋ ਜਾਏਗੀ। 70ਦੇ ਦਹਾਕੇ ਵਿੱਚ ਸੰਪੂਰਨ ਕ੍ਰਾਂਤੀ ਦੇ ਜ਼ਰੀਏ ਜਨਤਾ ਨੇ ਕਾਂਗਰਸ ਦੇ ਪੂਰੇ ਭਾਰਤ ਦੇ ਸਿਆਸੀ ਠੁੱਕ ਨੂੰ ਨਕਾਰਿਆ ਅਤੇ ਇੱਕੀਵੀਂ ਸਦੀ ਦੀ ਸੰਪੂਰਨ ਕ੍ਰਾਂਤੀ ਦੇ ਬਾਅਦ ਭਾਜਪਾ ਦੇ ਅਖਿਲ ਭਾਰਤੀ ਪ੍ਰਭਾਵ ਨੂੰ ਸਵੀਕਾਰ ਕਰ ਰਹੇ ਹਨ। ਹੁਣ ਤਾਂ ਸਥਿਤੀ ਇਹ ਹੈ ਕਿ ਜਿਹੜੇ ਖੇਤਰੀ ਦਲ ਤਾਂ ਭਾਜਪਾ ਦੀ ਝੋਲੀ ਡਿਗ ਚੁੱਕੇ ਹਨ, ਜਾਂ ਉਸ ਨਾਲ ਜੁੜਨ ਦੇ ਚਾਹਵਾਨ ਹਨ, ਉਹ ਹੁਣ ਗੱਡੀ ਦੇ ਇੰਜਨ ਦੀ ਮਰਜ਼ੀ ਹੈ ਕਿ ਕਦੋਂ ਤਕ ਇਨ੍ਹਾਂ ਡੱਬਿਆਂ ਨੂੰ ਆਪਣੇ ਨਾਲ ਜੋੜੀ ਰੱਖਣਾ ਹੈ।
ਜੈ ਪ੍ਰਕਾਸ਼ ਨਰਾਇਣ ਨੇ 5 ਜੂਨ 1947 ਨੂੰ ਗਾਂਧੀ ਮੈਦਾਨ ਦੀ ਇੱਕ ਵਿਸ਼ਾਲ ਜਨ ਸਭਾ ਵਿੱਚ ਸੰਪੂਰਨ ਕ੍ਰਾਂਤੀ ਦਾ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਸੀ, “ਸੰਪੂਰਨ ਕ੍ਰਾਂਤੀ ਹੁਣ ਨਾਹਰਾ ਹੈ, ਭਵਿੱਖੀ ਇਤਿਹਾਸ ਹਮਾਰਾ ਹੈ।” ਸੰਪੂਰਨ ਕ੍ਰਾਂਤੀ ਦੇ ਉਦੇਸ਼ਾਂ ਵਿੱਚ ਚੋਣ ਸੁਧਾਰ ਅਹਿਮ ਸੀ। ਨਾਲ ਹੀ ਭ੍ਰਿਸ਼ਟਾਚਾਰ ਖਤਮ ਕਰਨਾ, ਲੋਕਤੰਤਰ ਨੂੰ ਮਜ਼ਬੂਤ ਕਰਨਾ, ਜਨਤਾ ਦੀ ਭਾਗੀਦਾਰੀ ਵਧਾਉਣਾ ਅਤੇ ਸੱਤਾ ਦਾ ਵਿਕੇਂਦਰੀਕਰਨ ਅੰਦੋਲਨ ਦਾ ਉਦੇਸ਼ ਸੀ। ਪਰ ਮੌਜੂਦਾ ਹਿੰਦੂਤਵੀ ਸੰਪੂਰਨ ਕ੍ਰਾਂਤੀ ਦਾ ਉਦੇਸ਼ ਦੇਸ਼ ਵਿੱਚ ਇੱਕੋ ਪਾਰਟੀ ਦਾ ਰਾਜ ਸਥਾਪਤ ਕਰਨਾ ਹੈ, ਜਿਹੜੀ ਵਿਰੋਧੀ ਰਾਸ਼ਟਰੀ ਪਾਰਟੀਆਂ ਨੂੰ ਤਾਂ ਖੂੰਜੇ ਲਾਉਣ ਲਈ ਯਤਨਸ਼ੀਲ ਹੈ ਹੀ, ਉਹ ਖੇਤਰੀ ਪਾਰਟੀਆਂ ਦੀ ਹੋਂਦ ਨੂੰ ਖਤਮ ਕਰਨ ਦੇ ਰਾਹ ’ਤੇ ਹੈ।
ਕਿੱਧਰ ਹੈ ਹੁਣ ਨਵੀਨ ਪਟਨਾਇਕ? ਲੋਜਪਾ ਦਾ ਰਾਮਵਿਲਾਸ ਪਾਸਵਨ ਕਦੇ ਸਿਆਸੀ ਮੌਸਮ ਵਿਗਿਆਨੀ ਦਾ ਦਰਜਾ ਰੱਖਦਾ ਸੀ, ਜਿੱਧਰ ਤਾਕਤ ਉੱਧਰਲਾ ਰੁਖ। ਅੱਜ ਉਸਦਾ ਪੁੱਤਰ ਆਪਣੀ ਪਾਰਟੀ ਦੀ ਹੋਂਦ ਬਚਾਈ ਰੱਖਣ ਲਈ ਭਾਜਪਾ ਖੇਮੇ ਵਿੱਚ ਹੈ। ਹਰਿਆਣਾ ਦੇ ‘ਲਾਲ’ ਭਗਵਾ ਦੇ ਅੱਗੇ ਗੋਡੇ ਟੇਕ ਚੁੱਕੇ ਹਨ। ਪਰ ਬਿਨਾਂ ਸ਼ੱਕ ਬੰਗਾਲ ਦੀ ਮਮਤਾ ਬੈਨਰਜੀ ਨੇ ਬਹੁਤ ਮਜ਼ਬੂਤੀ ਨਾਲ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਗਾਹੇ-ਵਗਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਵੀ ਉੱਭਰੀ।
ਭਾਜਪਾ ਦਾ ਹਿੰਦੂਤਵੀ ਸੰਪੂਰਨ ਕ੍ਰਾਂਤੀ ਦਾ ਸਫਰ 2014 ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਅਸਾਮ (2016) ਅਰੁਣਾਚਲ ਪ੍ਰਦੇਸ਼ (2016), ਮਨੀਪੁਰ (2017) ਤ੍ਰਿਪੁਰਾ (2018), ਉੜੀਸਾ (2024), ਬਿਹਾਰ (2026) ਅਤੇ ਹੁਣ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਹਰ ਹਰਬਾ ਵਰਤਕੇ ਆਪਣਾ ਰਾਜ-ਭਾਗ ਸਥਾਪਤ ਕਰ ਲਿਆ ਹੈ। ਹਰਿਆਣਾ ਵਿੱਚ ਭਾਜਪਾ ਨੇ ਪਹਿਲੀ ਵਾਰ ਆਪਣੇ ਦਮ-ਖਮ ’ਤੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ। ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਬਾਅਦ ਗਠਬੰਧਨ ਸਰਕਾਰ ਬਣਾਈ। ਤ੍ਰਿਪੁਰਾ ਖੱਬੀਆਂ ਧਿਰਾਂ ਤੋਂ ਖੋਹਿਆ। ਉੜੀਸਾ ਵਿੱਚ ਬੀਜੂ ਪਟਨਾਇਕ ਦਲ ਤੋਂ ਸੱਤਾ ਹਥਿਆਈ ਅਤੇ ਨਵੀਨ ਪਟਨਾਇਕ ਦਾ 24 ਸਾਲ ਦਾ ਸ਼ਾਸਨ ਸਮਾਪਤ ਕੀਤਾ। ਹੁਣ ਸਥਿਤੀ ਇਹ ਹੈ ਕਿ ਦੇਸ਼ ਭਰ ਵਿੱਚ ਲਗਭਗ 72 ਫ਼ੀਸਦੀ ਭਾਰਤੀ ਖਿੱਤੇ ਉੱਤੇ ਭਾਜਪਾ ਰਾਜ ਕਰ ਰਹੀ ਹੈ। ਹੁਣ ਭਾਜਪਾ-ਸਰਕਾਰ 21-22 ਸਰਕਾਰਾਂ ਉੱਤੇ ਕਾਬਜ਼ ਹੈ। ਅਸਲ ਵਿੱਚ ਭਾਜਪਾ ਉਹਨਾਂ ਭੂਗੋਲਿਕ ਖੇਤਰਾਂ ਵਿੱਚ ਪ੍ਰਬੰਧ ਕਰ ਚੁੱਕੀ ਹੈ, ਜਿੱਥੇ ਕਦੀ ਪਾਰਟੀ ਲਈ ਪਹੁੰਚਣਾ ਕਠਿਨ ਮੰਨਿਆ ਜਾਂਦਾ ਸੀ।
ਭਾਜਪਾ ਦੀ ਸੰਪੂਰਨ ਕ੍ਰਾਂਤੀ ਯਾਤਰਾ ਦਾ ਮਕਸਦ ਸਿੱਧੇ ਰੂਪ ਵਿੱਚ ਭਾਰਤੀ ਸੰਘਵਾਦ ਦਾ ਖਾਤਮਾ ਕਰਨਾ, ਹਿੰਦੂਤਵ ਨੂੰ ਭਾਰਤ ਵਿੱਚ ਪ੍ਰਮੁੱਖ ਵਿਚਾਰਧਾਰਾ ਬਣਾਉਣਾ, ਭਾਵ ਧਰਮ ਨਿਰਪੱਖਤਾ ਦਾ ਖਾਤਮਾ ਕਰਨਾ, ਕਲਿਆਣਕਾਰੀ ਰਾਜ ਖਤਮ ਕਰਕੇ ਪੂੰਜੀਵਾਦ ਨੂੰ ਆਰਥਿਕ ਮਾਡਲ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਨਾਲ-ਨਾਲ ਲੋਕਤੰਤਰ ਦਾ ਖਾਤਮਾ ਕਰਕੇ ਇੱਕ ਦਲੀ ਰਾਸ਼ਟਰ ਸਥਾਪਤ ਕਰਨਾ ਹੈ।
ਇਸੇ ਲਈ ਭਾਸ਼ਾਈ ਅਤੇ ਖੇਤਰੀ ਪਛਾਣ ’ਤੇ ਟਿਕੀਆਂ ਸਿਆਸੀ ਪਾਰਟੀਆਂ ਲਈ ਹਿੰਦੂਤਵ ਦੀ ਵਿਆਪਕ ਪਛਾਣ ਦੇ ਸਾਹਮਣੇ ਆਪਣਾ ਵਜੂਦ ਬਚਾਉਣਾ ਹੁਣ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਜਿਸ ਦਿੱਲੀ ਨੂੰ ਕਦੇ ਖੇਤਰੀ ਤਾਕਤਾਂ ਨੇ ਦੂਰ ਰਹਿਕੇ ਨਕਾਰ ਦਿੱਤਾ ਸੀ, ਅੱਜ ਉਸੇ ਦਿੱਲੀ ਨੇ ਉਹਨਾਂ ਸਭ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਹੈ।
ਹਿੰਦੂਤਵ ਦੀ ਸਿਆਸਤ ਨੇ ਦਿੱਲੀ ਵਿੱਚ ਇੱਕ ਅਜਿਹਾ ਵਿਸ਼ਾਲ ਬਜ਼ਾਰ ਸਜ਼ਾ ਦਿੱਤਾ ਹੈ, ਜਿੱਥੇ ਇੱਕੋ ਛੱਤ ਹੇਠ ਉੱਤਰ ਦੇ ਰਾਸ਼ਨ ਤੋਂ ਲੈ ਕੇ ਦੱਖਣ ਦੇ ਪਾਇਸਸ (ਖੀਰ) ਤਕ ਸਭ ਕੁਝ ਮੌਜੂਦ ਹੈ। ਭਾਵ ਭਾਜਪਾ ਨੇ ਇੱਕ ਅਜਿਹੀ ਸਿਆਸੀ ਵਿਵਸਥਾ ਤਿਆਰ ਕਰ ਦਿੱਤੀ ਹੈ ਜਿਸ ਵਿੱਚ ਹਰ ਖੇਤਰ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਹਿੰਦੂਤਵ ਦੇ ਇੱਕ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਖੇਤਰੀ ਪਾਰਟੀਆਂ ਦੀ ਆਪਣੀ ਵੱਖਰੀ ਹੋਂਦ ਗੁਆਚਦੀ ਜਾ ਰਹੀ ਹੈ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਭਾਜਪਾ ਦੀ ਰਣਨੀਤੀ ਸਿਰਫ ਸੱਤਾ ਪਾਉਣਾ ਨਹੀਂ, ਸਗੋਂ ਇੱਕੋ-ਇੱਕ ਵੱਡੀ ਤਾਕਤ ਬਣਨਾ ਹੈ। ਇਸ ਪ੍ਰਕਿਰਿਆ ਵਿੱਚ ਜਿਹੜੀਆਂ ਪਾਰਟੀਆਂ ਭਾਜਪਾ ਦੇ ਨਾਲ ਗਈਆਂ, ਉਹ ਹੌਲੀ-ਹੌਲੀ ਆਪਣੀ ਵੱਖਰੀ ਪਛਾਣ ਗੁਆ ਬੈਠੀਆਂ ਅਤੇ ਭਾਜਪਾ ਨੇ ਉਹਨਾਂ ਦਾ ਵੋਟ ਬੈਂਕ ਵੀ ਹਥਿਆ ਲਿਆ। ਭਾਜਪਾ ਦਾ ਹਿੰਦੂਤਵ ਸਿਰਫ ਇੱਕ ਧਾਰਮਿਕ ਏਜੰਡਾ ਨਹੀਂ ਹੈ, ਸਗੋਂ ਇੱਕ ਸਿਆਸੀ ਵੈਕਿਊਮ ਕਲੀਨਰ ਹੈ, ਜੋ ਸਾਰੀਆਂ ਖੇਤਰੀ ਵਿਚਾਰਧਾਰਾਵਾਂ ਨੂੰ ਆਪਣੇ ਅੰਦਰ ਖਿੱਚ ਰਿਹਾ ਹੈ। ਭਾਜਪਾ ਦੀ ਰਾਜਨੀਤੀ ਕੇਂਦਰੀਕਰਨ ਦੀ ਹੈ। ਜਦੋਂ ਰਾਸ਼ਟਰੀ ਮੁੱਦੇ ਭਾਰੂ ਹੋ ਜਾਂਦੇ ਹਨ ਤਾਂ ਖੇਤਰੀ ਮੁੱਦੇ ਜਿਵੇਂ ਪਾਣੀ ਦੇ ਮਸਲੇ, ਬੋਲੀ ਜਾਂ ਸਥਾਨਕ ਹੱਕ ਪਿੱਛੇ ਰਹਿ ਜਾਂਦੇ ਹਨ। ਇਹ ਖੇਤਰੀ ਪਾਰਟੀਆਂ ਦੀ ਮੌਤ ਦੇ ਬਰਾਬਰ ਹੈ। ਕੀ ਅੱਜ ਦੇ ਦੌਰ ਵਿੱਚ ਖੇਤਰੀ ਦਲ ਸੱਚਮੁੱਚ ਡਰੇ ਹੋਏ ਹਨ ਜਾਂ ਉਹ ਆਪਣੀ ਸਿਆਸੀ ਪ੍ਰਸੰਗਿਕਤਾ ਗੁਆ ਚੁੱਕੇ ਹਨ? ਇਹ ਇੱਕ ਗੰਭੀਰ ਸਵਾਲ ਹੈ।
ਇੱਕ ਸਮਾਂ ਸੀ ਜਦੋਂ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਨੇ ਖੇਤਰੀ ਤਾਕਤਾਂ ਨੂੰ ਇੱਕ ਮੁੱਠ ਕਰਕੇ ਕਾਂਗਰਸ ਦੇ ਇੱਕ-ਛਤਰ ਰਾਜ ਨੂੰ ਨਾ ਸਿਰਫ ਚੁਣੌਤੀ ਦਿੱਤੀ ਸੀ, ਸਗੋਂ ਉਸਨੂੰ ਪਛਾੜ ਕੇ ਰੱਖ ਦਿੱਤਾ ਸੀ। ਉਸ ਦੌਰ ਵਿੱਚ ਖੇਤਰੀ ਪਾਰਟੀਆਂ ਲੋਕਤੰਤਰ ਦੇ ਮਜ਼ਬੂਤ ਥੰਮ੍ਹ ਵਜੋਂ ਉੱਭਰੀਆਂ ਸਨ ਪਰ ਅੱਜ ਤਸਵੀਰ ਬਿਲਕੁਲ ਉਲਟ ਹੈ। ਭਾਜਪਾ ਨੇ ਸੱਤਾ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਹਿੰਦੂਤਵ ਇੰਜਣ ਤਿਆਰ ਕਰ ਦਿੱਤਾ ਹੈ, ਜਿਸਦੇ ਪਿੱਛੇ ਵੱਖ-ਵੱਖ ਖੇਤਰੀ ਦਲਾਂ ਦੇ ਡੱਬੇ ਇੱਕ-ਇੱਕ ਕਰਕੇ ਜੁੜਦੇ ਜਾ ਰਹੇ ਹਨ। ਆਪਣੀ ਹੋਂਦ ਬਚਾਉਣ ਦੀ ਜੱਦੋਜਹਿਦ, ਅੰਦਰੂਨੀ ਡਰ ਅਤੇ ਸੱਤਾ ਲਈ ਕੀਤੇ ਸਮਝੌਤਿਆਂ ਨੇ ਇਨ੍ਹਾਂ ਖੇਤਰੀ ਧਿਰਾਂ ਨੂੰ ਹੋਰ ਵੀ ਨਿਤਾਣਾ ਕਰ ਦਿੱਤਾ ਹੈ। ਦਿੱਲੀ ਨੇ ਉਸਦੀ ਢਾਲ ਭਾਸ਼ਾ ਅਤੇ ਸੱਭਿਆਚਾਰ ਨੂੰ ਸੱਤਾ ਦੇ ਬਜ਼ਾਰ ਵਿੱਚ ਇੱਕ ਉਤਪਾਦ ਬਣਾਕੇ ਰੱਖ ਦਿੱਤਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਫਿਲਹਾਲ ਖੇਤਰੀ ਦਲਾਂ ਦੇ ਵਿਰੁੱਧ ਭਾਜਪਾ ਦੀ ਸੰਪੂਰਨ ਕ੍ਰਾਂਤੀ ਵਾਲੀ ਨੀਤੀ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਖੇਤਰੀ ਪਾਰਟੀਆਂ ਦੇ ਕਮਜ਼ੋਰ ਹੋਣ ਨਾਲ ਦੇਸ਼ ਵਿੱਚ ‘ਇਕ ਦੇਸ਼ - ਇੱਕ ਪਾਰਟੀ’ ਦਾ ਜੋ ਮਾਹੌਲ ਸਿਰਜਿਆ ਗਿਆ ਹੈ, ਉਹ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸ ਹਾਲਤ ਨੂੰ ਦੇਖਦੇ ਹੋਏ ਇਹ ਸਪਸ਼ਟ ਦਿਸਦਾ ਹੈ ਕਿ ਭਵਿੱਖ ਵਿੱਚ ਮੌਜੂਦਾ ਸੱਤਾ ਦੇ ਸਾਹਮਣੇ ਜੋ ਵੀ ਚੁਣੌਤੀ ਖੜ੍ਹੀ ਹੋਵੇਗੀ, ਉਸਦਾ ਚਿਹਰਾ ਖੇਤਰੀ ਨਹੀਂ, ਸਗੋਂ ਲਾਜ਼ਮੀ ਤੌਰ ’ਤੇ ਰਾਸ਼ਟਰੀ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































