GurmitPalahi8ਇਹ ਵਾਰਤਾ ਤਾਂ ਉਹ ਹੈਜਿਹੜੀ ਪੰਜਾਬੀਆਂ ਅੱਖੀਂ ਸਬਰ ਕਰਕੇ ਵੇਖੀਸੁਣੀਹੰਢਾਈ। ਪਰ ਕੁਝ ...
(21 ਮਈ 2025)


ਪੰਜਾਬ ਦੇ ਜ਼ਖ਼ਮਾਂ ਦਾ ਹਿਸਾਬ ਆਖਰ ਕੌਣ ਦੇਵੇਗਾ
? ਪੰਜਾਬ ਇਸ ਵੇਲੇ ਉਬਾਲੇ ਖਾ ਰਿਹਾ ਹੈ, ਤਪਸ਼ ਨਾਲ ਭੁੱਜ ਰਿਹਾ ਹੈ, ਵੱਡੇ ਕਸ਼ਟ ਹੰਢਾ ਰਿਹਾ ਹੈ। ਪੰਜਾਬ ਦੇ ਇਨ੍ਹਾਂ ਕਸ਼ਟਾਂ ਨੇ ਪੰਜਾਬ ਅਧਮੋਇਆ ਕੀਤਾ ਹੋਇਆ ਹੈ। ਸਮੱਸਿਆਵਾਂ ਵੱਡੀਆਂ ਹਨ, ਜ਼ਖ਼ਮ ਵੱਡੇ ਹਨ, ਮਲ੍ਹਮ-ਪੱਟੀ ਲਾਉਣ ਵਾਲੇ ਗਾਇਬ ਹਨ। ਕਿੱਥੇ ਤੁਰ ਗਏ ਪੰਜਾਬ ਦੇ ਰਾਖੇ, ਛੈਲ-ਛਬੀਲੇ ਗੱਭਰੂ, ਮੁਟਿਆਰਾਂ, ਸਿਆਣੇ ਲੋਕ, ਪੰਜਾਬ ਸਿਰਫ਼ ਸਿਆਸਤਦਾਨਾਂ ਹੱਥ ਫੜਾਕੇ?

ਪੰਜਾਬ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਬਣਿਆ ਹੋਇਆ। ਤਪ ਰਿਹਾ ਹੈ ਪੰਜਾਬ, ਪੰਜਾਬ ਦੀ ਸਿਆਸਤ ਵਾਂਗਰ। ਰਤਾ ਕੁ ਕਿਸੇ ਪਾਸਿਓਂ ਖੰਗੂਰਾ ਵੱਜਦਾ ਹੈ, ਦੂਜੇ ਪਾਸਿਓਂ ਚੀਕਾਂ, ਬੜ੍ਹਕਾਂ ਸੁਣਾਈ ਦੇਣ ਲੱਗ ਲੈਂਦੀਆਂ ਹਨ। ਕੁਰੇਦੇ ਗਏ ਹਨ ਜ਼ਖ਼ਮ ਪੰਜਾਬ ਦੇ। ਪੰਜਾਬ ਨੂੰ ਸੰਨ 47 ਯਾਦ ਆਇਆ। ਪੰਜਾਬ ਨੂੰ ਸੰਨ 62, 65, 70 99 ਯਾਦ ਆਇਆ ਤੇ ਵਿਚ-ਵਿਚਾਲੇ 84 ਨੇ ਉਹਨੂੰ ਬੇਹਾਲ ਕੀਤਾ। ਸਿਤਮ ਦੇਖੋ, ਜਿਹੜਾ ਵੀ ਉੱਠਦਾ ਹੈ,ਪੰਜਾਬ ਨੂੰ ਦੱਬ ਲੈਂਦਾ ਹੈ। ਕੈਰੀ ਅੱਖ ਪੰਜਾਬ ਵੱਲ ਕਰ ਲੈਂਦਾ ਹੈਚੰਗੇ ਭਲੇ ਜੀਉ ਰਹੇ ਸਾਂ, ਪੂਰਬੋਂ-ਪੱਛਮੋਂ ਆਉਂਦੀਆਂ ਹਵਾਵਾਂ ਸੀਨਾ ਠਾਰ ਰਹੀਆਂ ਹਨ ਕਿ ਠਾਹ-ਠੂਹ, ਗੋਲੇ, ਬੰਬ, ਮਿਜ਼ਾਇਲਾਂ ਪੰਜਾਬ ’ਤੇ ਡਿਗਣ ਲੱਗ ਪਏਕੀ ਕਸੂਰ ਸੀ ਪੰਜਾਬ ਦੇ ਲੋਕਾਂ ਦਾ? ਕਈ ਰਾਤਾਂ ਜਾਗਦਿਆਂ ਕੱਟੀਆਂ। ਮਣਾਂ ਮੂੰਹੀਂ ਦਰਦ ਸੀਨੇ ਹੰਢਾਇਆ। ਪ੍ਰਮਾਣੂ ਜੰਗ ਦੇ ਡਰ ਨੇ ਸੀਨਾ ਤਾਰ-ਤਾਰ ਕੀਤਾ। ਆਖ਼ਰ ਜਿਹੜੇ ਹੁਣੇ-ਹੁਣੇ ਤਾਜ਼ੇ-ਤਾਜ਼ੇ ਜ਼ਖ਼ਮ ਪੰਜਾਬ ਦੇ ਸੀਨੇ ’ਤੇ ਆ ਪਏ ਹਨ, ਉਹਦੀ ਜ਼ਿੰਮੇਵਾਰੀ ਕਿਸਦੀ ਹੈ ਭਾਈ? “ਹਮ ਦੇਸ਼ ਕੇ ਰਖਵਾਲੇ ਹੈਂ, ਹਮ ਤਹਿਸ-ਨਹਿਸ ਕਰ ਦੇਂਗੇ” ਵਾਲਿਆਂ ਦੀ ਜਾਂ ਸਾਡੇ ਆਪਣਿਆਂ ਦੀ, ਜੋ ਮੂੰਹ ਵਿੱਚ ਘੁੰਗਣੀਆਂ ਪਾਕੇ ਬੈਠੇ ਰਹਿੰਦੇ ਹਨ, ਤਿਆਰ -ਬਰ-ਤਿਆਰ ਰਹਿੰਦੇ ਹਨ, ਲੋਕਾਂ ਨੂੰ ਝੂਠੇ ਦਲਾਸੇ ਦੇਣ ਲਈ। ਇੱਕ ਮਾਂ ਦਾ ਪੁੱਤ ਮਰ ਗਿਆ ਸਰਹੱਦ ’ਤੇ ਰਾਖੀ ਕਰਦਿਆਂ, ਉਹਨੂੰ ਦੇ ਦਿਓ ਨਾ ਵਾਪਸ ਉਸਦਾ ਪੁੱਤ, ਚਾਰ ਛਿਲੜ ਦੇ ਕੇ ਆਖਦੇ ਹੋ, ਜੈ ਜਵਾਨਤੁਸੀਂ ਕੀ ਦੇਣਾ ਹੈ? ਚਾਰ ਛਿਲੜ ਦੇ ਦਿਓਗੇ, ਮੂੰਹ ਪਲੋਸ ਦਿਓਗੇ। ਦਿੰਦੇ ਤਾਂ ਤੁਸੀਂ ਉਸ ਨੂੰ ਵੀ ਕੁਝ ਨਹੀਂ, ਜਿਹੜਾ ਪੂਰੇ ਦੇਸ਼ ਦਾ ਢਿੱਡ ਪਾਲਦਾ, ਆਪਣਾ ਢਿੱਡ ਖਾਲੀ ਰੱਖਦਾ, ਕਰਜ਼ਾਈ ਹੋਇਆ, ਛਤੀਰਾਂ ਨੂੰ ਜੱਫੇ ਜਾ ਪਾਉਂਦਾ। ਜੈ ਕਿਸਾਨ!! ਹੈ ਕਿ ਨਾ!!!

ਐਵੇਂ ਕਈ ਵਾਰ ਦੁਖੀ ਹੋ ਕੇ ਪੰਜਾਬ ਬਾਰੇ ਇਹੋ ਜਿਹੇ ਜਜ਼ਬਾਤੀ ਸ਼ਬਦ ਕਲਮ ਲਿਖ ਬਹਿੰਦੀ ਹੈ, ਖ਼ੂਨ ਦੇ ਅੱਥਰੂ ਵਹਾ ਦਿੰਦੀ ਹੈ। ਚਲੋ ਪੰਜਾਬ ਦੇ ਜ਼ਖ਼ਮਾਂ ਦੀ ਕਹਾਣੀ ਲਿਖੀਏ, ਸੁਣੀਏ, ਬੋਲੀਏ। ਦੂਰ ਨਹੀਂ ਜਾਣਾ ਆਪਾਂ! ਬੱਸ ਪੰਜਾਬ ਦੇ ਪਹਿਲੇ ਵੱਡੇ ਜ਼ਖ਼ਮ 1947 ਦੀ ਗੱਲ ਕਰ ਲੈਂਦੇ ਹਾਂ।

ਭਾਰਤ ਦੀ ਵੰਡ ਵਿੱ10 ਲੱਖ ਲੋਕ ਦੰਗਿਆਂ ਵਿੱਚ ਮਰੇ, ਕਰੋੜਾਂ ਲੋਕ ਪ੍ਰਭਾਵਤ ਹੋਏ। ਲਗਭਗ 1.46 ਕਰੋੜ ਲੋਕ ਸ਼ਰਨਾਰਥੀ ਬਣੇ। ਔਰਤਾਂ ਦੀ ਇੱਜ਼ਤ ਰੁਲੀ। ਬੱਚਿਆਂ ਦਾ ਬਚਪਨ ਗੁਆਚ ਗਿਆ। ਵੱਢ-ਟੁੱਕ ਵਿੱਚ ਲੋਕਾਂ ਦੇ ਇਹੋ ਜਿਹੇ ਅੰਦਰੂਨੀ ਫੱਟ ਲੱਗੇ ਕਿ ਜੀਵਨ ਭਰ ਉਹ ਉਨ੍ਹਾਂ ਫੱਟਾਂ-ਜ਼ਖ਼ਮਾਂ ਨੂੰ ਭੁੱਲ ਨਹੀਂ ਸਕੇ। ਸਰਹੱਦੀ ਸੂਬਾ ਹੈ ਪੰਜਾਬ। ਇਸ ਨੂੰ ਗੁਆਂਢੀਆਂ ਨਾਲ ਲੜਾਈ ਦਾ ਵੱਡਾ ਮੁੱਲ ਤਾਰਨਾ ਪਿਆ। ਸੰਨ 1962, 1970, 1999 ਅਤੇ ਫਿਰ 2025 ਦੀ ਜੰਗ ਨੇ ਪੰਜਾਬ ਵਿੱਚ ਵੱਡੀ ਤਬਾਹੀ ਮਚਾਈ, ਵੱਡੇ ਜ਼ਖ਼ਮ ਦਿੱਤੇ। ਇਨ੍ਹਾਂ ਸਾਲਾਂ ਵਿੱਚ ਪੰਜਾਬ ਨੂੰ 1984 ਦਾ ਦਰਦ ਝੱਲਣਾ ਪਿਆ। ਪੰਜਾਬ ਹਲੂਣਿਆ ਗਿਆ। ਹਰ ਪੰਜਾਬੀ ਦੀ ਰੂਹ ਜ਼ਖ਼ਮੀ ਹੋਈ। ਇਹ ਜ਼ਖ਼ਮ ਵਰ੍ਹਿਆਂ ਤਕ ਰਿਸਦੇ ਰਹੇ। ਇਨ੍ਹਾਂ ਜ਼ਖ਼ਮਾਂ ਨੂੰ ਭਰਨ, ਫੈਹੇ ਲਾਉਣ ਲਈ ਕਦੇ ਵੀ ਉਹ ਯਤਨ ਨਹੀਂ ਹੋਏ, ਜਿਹੜੇ ਹੋਣੇ ਜ਼ਰੂਰੀ ਸਨ। ਬੱਸ ਇਨ੍ਹਾਂ ’ਤੇ ਵੀ ਸਿਆਸਤ ਹੋਈ। ਹੁਣ ਤਕ ਅਦਾਲਤਾਂਵਿੱਚ ਕੇਸ ਦਰਜ਼ ਹਨ। ਦੋਸ਼ੀ ਬਾਹਰ ਹਨ। ਕਿੰਨਾ ਦਰਦਨਾਕ ਵਰਤਾਰਾ ਹੈ।

ਇਹ ਵਾਰਤਾ ਤਾਂ ਉਹ ਹੈ, ਜਿਹੜੀ ਪੰਜਾਬੀਆਂ ਅੱਖੀਂ ਸਬਰ ਕਰਕੇ ਵੇਖੀ, ਸੁਣੀ, ਹੰਢਾਈ। ਪਰ ਕੁਝ ਵਾਰਤਾਵਾਂ ਉਹ ਹਨ, ਜਿਹੜੀਆਂ “ਅਣਹੋਈਆਂ” ਦਿਸਦੀਆਂ ਹਨ। ਜਿਹੜੀ ਪੰਜਾਬੀਆਂ ਦਾ ਸਬਰ ਸੰਤੋਖ ਪਰਖਣ ਲਈ ਉਸਦੇ ਮੱਥੇ ਮੜ੍ਹ ਦਿੱਤੀਆਂ ਗਈਆਂ। ਪੰਜਾਬੀ ਸੂਬਾ ਪੰਜਾਬ ਨੂੰ ਬਖ਼ਸ਼’ ਦਿੱਤਾ ਗਿਆ, ਰਾਜਧਾਨੀ ਤੋਂ ਬਿਨਾਂਪੰਜਾਬੀ ਬੋਲਦੇ ਇਲਾਕੇ ਜਾਣ-ਬੁੱਝ ਕੇ ਹੋਰ ਸੂਬਿਆਂ ਵਿੱਚ ਰਹਿਣ ਦਿੱਤੇ ਗਏ। ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਿਆ ਗਿਆ। ਬਿਨਾਂ ਹਿੱਸੇ ਤੋਂ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਗਿਆ। ਅੱਜ ਜਦੋਂ ਪੰਜਾਬ ਪਾਣੀ ਦੀ ਆਪਣੀ ਲੋੜ ਪੂਰੀ ਕਰਨੋਂ ਵੀ ਅਸਮਰੱਥ ਹੈ, ਉਹਦਾ ਪਾਣੀ ਹਰਿਆਣਾ, ਦਿੱਲੀ ਨੂੰ ਦੇਣ ਲਈ ਕੇਂਦਰ ਪੱਬਾਂ ਭਾਰ ਹੈ। ਬਾਵਜੂਦ ਇਸ ਤੱਥ ਦੇ ਕਿ ਪੰਜਾਬ ਵਿਧਾਨ ਸਭਾ ਵਿੱਚ ਸਾਰੀਆਂ ਪਾਰਟੀਆਂ ਮਤੇ ਪਾਸ ਕਰ ਚੁੱਕੀਆਂ ਹਨ ਪਰ ਉਨ੍ਹਾਂ ਦੀ ਸੁਣਦਾ ਕੋਈ ਨਹੀਂ। ਅਦਾਲਤਾਂ ਵਿੱਚ ਪੰਜਾਬ ਧੱਕੇ ਖਾ ਰਿਹਾ ਹੈ ਆਪਣਾ ਹੱਕ ਪ੍ਰਾਪਤ ਕਰਨ ਲਈ।

ਇਸ ਕਿਸਮ ਦੀ ਬੇਇਨਸਾਫੀ-ਦਰ-ਬੇਇਨਸਾਫ਼ੀ ਪੰਜਾਬ ਵਰ੍ਹਿਆਂ ਤੋਂ ਭੁਗਤ ਰਿਹਾ ਹੈ। ਰਾਜ ਭਾਵੇਂ ਕੇਂਦਰ ਵਿੱਚ ਕਾਂਗਰਸ ਦਾ ਰਿਹਾ ਜਾਂ ਫਿਰ ਹੁਣ ਵਾਲੀ ਭਾਜਪਾ ਦਾ, ਇਨ੍ਹਾਂ ਲਈ ਤਾਂ ਪੰਜਾਬ ਦੁਪਰਿਆਰਾ ਰਿਹਾ! ਜੇਕਰ ਇੰਜ ਨਾ ਹੁੰਦਾ ਤਾਂ ਕਿਸਾਨ, ਜਿਨ੍ਹਾਂ ਆਪਣੀ ਜ਼ਮੀਨ ਤੋਂ ਸਿਰਿਆਂ ਤਕ ਪਾਣੀ ਕੱਢਦੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਭਰ ਰਿਹਾ ਹੈ, ਉਹਨੂੰ ਸਾਲ ਭਰ ਤੋਂ ਵੱਧ ਸਮਾਂ ਆਪਣੀ ਜ਼ਮੀਨ ਬਚਾਉਣ ਲਈ ਵੱਡਾ ਸੰਘਰਸ਼ ਕਿਉਂ ਕਰਨਾ ਪੈਂਦਾ? ਹਰੇ ਇਨਕਲਾਬ ਨੇ ਪੰਜਾਬ ਵਿੱਚ ਹਰਿਆਲੀ ਲਿਆਂਦੀਪਰ ਇਹ ਹਰਿਆਲੀ ਦੇਸ਼ ਦੀ ਹਰਿਆਲੀ ਤਾਂ ਬਣੀ ਪਰ ਪੰਜਾਬ ਦੀ ਧਰਤੀ ਅਧਮੋਈ ਕਰ ਗਈਸਰੀਰ ਨੂੰ ਲੱਗੇ ਨਸ਼ਿਆਂ ਵਾਂਗ ਧਰਤੀ ਖਾਦਾਂ, ਦਵਾਈਆਂ ’ਤੇ ਲੱਗ ਗਈ ਅਤੇ ਅੱਜ ਪਾਣੀ ਦੀ ਥੁੜੋਂ ਕਾਰਨ ਮਾਰੂਥਲ ਹੋਣ ਵੱਲ ਵਧ ਰਹੀ ਹੈ। ਇੱਕ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦੇ 136 ਬਲਾਕਾਂ ਵਿੱਚੋਂ 125 ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਇਹ ਵੱਡਾ ਜ਼ਖ਼ਮ ਆਖਰ ਪੰਜਾਬ ਸਹਿਣ ਕਿਵੇਂ ਕਰੇਗਾ, ਜਿਹੜਾ ਪਹਿਲਾਂ ਹੀ ਕਿਸਾਨਾਂ ਨੂੰ ਖੁਦਕੁਸ਼ੀਆਂ, ਕਰਜ਼ੇ ਵੱਲ ਅੱਗੇ ਵਧਾ ਰਿਹਾ ਹੈ ਅਤੇ ਖੇਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ?

ਪੰਜਾਬ ਦੀ ਉਪਜਾਊ ਧਰਤੀ ਦਾ ਸੀਨਾ ਪਾੜਕੇ ਜਿਵੇਂ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਵੱਡੀਆਂ ਸੜਕਾਂ ਦਾ ਜਾਲ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਵਿਛਾਇਆ ਜਾ ਰਿਹਾ ਹੈ, ਉਸ ਨਾਲ ਕਾਰਪੋਰੇਟ ਤਾਂ ਬੁੱਲੇ ਲੁੱਟਣਗੇ, ਮਾਲ ਇੱਧਰ-ਉੱਧਰ ਲਆਉਣ ਲਿਜਾਣ ਲਈ ਪਰ ਪੰਜਾਬੀਆਂ ਪੱਲੇ ਕੀ ਪਏਗਾ? ਉਜਾੜਾ? ਇੱਕ ਹੋਰ ਜ਼ਖ਼ਮ, ਉਸ ਧਰਤੀ ਨੂੰ ਖੋਹਣ ਦਾ ਜਿਸ ਨਾਲ ਉਸ ਨੂੰ ਅੰਤਾਂ ਦਾ ਪਿਆਰ ਹੈ, ਜਿਸਦੇ ਇੱਕ ਬੰਨੇ ਨੂੰ ਖੋਹਣ ਲਈ ਲੜਨ ਖ਼ਾਤਰ ਉਹ ਮਰਨ-ਮਾਰਨ ’ਤੇ ਹੋ ਤੁਰਦਾ ਹੈ? ਬਣਦੀਆਂ ਸੜਕਾਂ ਦੇ ਇਸ ਜਾਲ਼ ਨਾਲ ਪੰਜਾਬ ਇੱਕ ਰਿਪੋਰਟ ਅਨੁਸਾਰ ਲਗਭਗ ਇੱਕ ਤਿਹਾਈ ਉਪਜਾਊ ਧਰਤੀ ਗੁਆ ਬੈਠੇਗਾ। ਕਿਸਾਨ, ਖੇਤ ਮਜ਼ਦੂਰ, ਜਿਨ੍ਹਾਂ ਲਗਾਤਾਰ ਉਜਾੜਾ ਦੇਖਿਆ, ਉਹ ਇਹ ਹੋਰ ਉਜਾੜਾ ਦੇਖ ਰਹੇ ਹਨ।

ਪੰਜਾਬ ਨੂੰ ਉਜਾੜਾ ਤਾਂ ਉਦੋਂ ਵੀ ਦੇਖਣਾ ਪੈ ਰਿਹਾ ਹੈ, ਜਦੋਂ ਪੰਜਾਬ ਵਿੱਚੋਂ ਬਰੇਨ ਡਰੇਨ ਅਤੇ ਮਨੀ (ਦਿਮਾਗ ਅਤੇ ਦੌਲਤ) ਡਰੇਨ (ਬਾਹਰ) ਹੋ ਰਹੀ ਹੈ। ਲੱਖਾਂ ਪੰਜਾਬੀ ਮੁੰਡੇ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਪੰਜਾਬੋਂ ਤੁਰ ਗਏ ਹਨ, ਤੁਰੇ ਜਾ ਰਹੇ ਹਨ। ਹੈ ਕੋਈ ਉਹਨਾਂ ਦਾ ਹਮਦਰਦ? ਹੈ ਕੋਈ ਉਹਨਾਂ ਨੂੰ ਰੋਕਣ ਦੇ ਯਤਨ ਕਰਨ ਵਾਲਾ? ਸਿਆਸਤ ਹੋ ਰਹੀ ਹੈ। ਬੱਸ ਉਹਨਾਂ ਨੂੰ ਪੁਚਕਾਰਿਆ ਜਾ ਰਿਹਾ ਹੈ। ਪੰਜਾਬ ਤਪਸ਼ ਹੇਠ ਹੈ।

ਨਸ਼ਿਆਂ ਦੇ ਦਰਿਆ ਨੇ ਜਵਾਨੀ ਖਾ ਲਈ ਹੈ। ਕੀ ਇਹ ਕੋਈ ਸਾਜ਼ਿਸ਼ ਨਹੀਂ? ਪੰਜਾਬੀ ਸੂਰਬੀਰਾਂ, ਯੋਧਿਆਂ, ਸੋਚਵਾਨਾਂ ਦੀ ਧਰਤੀ ਨੂੰ ਖਾਲੀ ਕਰਨ ਦੀ ਸਾਜ਼ਿਸ਼? ਕਿੰਨੇ ਕੁ ਜ਼ਖ਼ਮ ਸਹਿ ਸਕੇਗਾ ਪੰਜਾਬ? ਨਿੱਤ-ਦਿਹਾੜੇ ਮੁਹਿੰਮਾਂ ਹਨ। ਪੰਜਾਬ ਦੀ ਧਰਤੀ ਕੁਰਲਾ ਰਹੀ ਹੈ, ਪੰਜਾਬ ਦੀ ਧਰਤੀ ਹੁਣ ਗਾ ਨਹੀਂ ਰਹੀ। ਉਹ ਰੰਗ ਜਿਹੜੇ ਪੰਜਾਬ ਦੇ ਨਵੇਕਲੇ ਹਨ, ਉਹ ਰੰਗ ਜਿਨ੍ਹਾਂ ਕਾਰਨ ਪੰਜਾਬ ਨਵੀਂਆਂ ਪੈਂੜਾ ਪਾਉਂਦਾ ਰਿਹਾ ਹੈ, ਉਹ ਪੰਜਾਬ ਜਿਹੜਾ “ਜੀਊਂਦਾ ਗੁਰਾਂ ਦੇ ਨਾ ’ਤੇ” ਉਹ ਕਿੱਧਰ ਤੋਰਿਆ ਜਾ ਰਿਹਾ ਹੈ? ਉਹਨਾਂ ਅਣਦਿਸਦੇ ਰਾਹਾਂ ’ਤੇ ਜਿੱਥੋਂ ਮੋੜਾ ਕੋਈ ਨਹੀਂ। ਜਿੱਥੇ ਉਜਾੜਾ ਹੈ, ਜਿੱਥੇ ਰੋਣਕਾਂ ਨਹੀਂ, ਸਿਆਪਾ ਹੈ। ਪੰਜਾਬ ਦਾ ਕਿਹੜਾ ਪਿੰਡ ਰਹਿ ਗਿਆ, ਜਿਸਦੇ ਵਿੱਚ ਵੱਡੀ ਗਿਣਤੀ ਘਰਾਂ ਦੇ ਦਰਵਾਜੇ ਵੱਡੇ “ਤਾਲਿਆਂ” ਨਾਲ ਬੰਦ ਨਹੀਂ? ਜਿੱਥੇ ਖੂਹਾਂ ’ਤੇ ਰੋਣਕਾਂ ਸਨ, ਸੱਥਾਂ ਬਜ਼ੁਰਗਾਂ ਨਾਲ ਭਰੀਆਂ ਸਨ ਜਿੱਥੇ ਫ਼ੈਸਲੇ ਪਰਿਆਂ ਵਿੱਚ ਹੁੰਦੇ ਸਨ, ਜਿੱਥੇ ਲੋਕ ਜੁੜਦੇ ਸਨ, ਦੁੱਖ- ਸੁਖ ਕਰਦੇ ਸਨ। ਹੁਣ ਤਾਂ ਪੰਜਾਬ ਦੀ ਨੀਂਹ, ਪੰਜਾਬ ਦਾ ਪਿੰਡ ਹੀ ਮਨਫ਼ੀ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਜ਼ਖ਼ਮਾਂ ਦੀ ਬਾਤ ਪ੍ਰਦੇਸ਼ ਵਸਦੇ ਪੁੱਤਰ, ਧੀਆਂ ਦੇ ਮਾਂ-ਬਾਪ ਖੁਸ਼ੀਆਂ ਦੇ ਉੱਜੜੇ ਘਰ ਤੋਂ ਪਾਉਂਦਾ ਹੈਪੱਗ ਦੇ ਲੜ ਨਾਲ ਅੱਖਾਂ ਪੂੰਝ ਪਿਓ ਡੁਸਕਦਾ ਹੈ, ਮਾਂ ਰੋ-ਰੋ ਅੱਖਾਂ ਚੁੰਨ੍ਹੀਆਂ ਕਰਦੀ ਹੈ। ਪ੍ਰਦੇਸ਼ ਗਏ ਪੁੱਤ, ਧੀ ਦਾ ਦਰਦ ਵੀ ਪੰਜਾਬ ਲਈ ਵੱਡਾ ਹੈ, ਤੇ ਸਰਹੱਦ ’ਤੇ ਗਏ ਪੁੱਤਾਂ ਦਾ ਵੀ। ਪੰਜਾਬ ਲਈ 47 ਦੇ ਉਜਾੜੇ ਦਾ ਦਰਦ ਵੀ ਓਡਾ ਹੀ ਹੈ, ਜਿੱਡਾ 84 ਦਾ, 65, 71, 99 ਅਤੇ 2025 ਦੀ ਜੰਗ ਦਾ। ਜਦੋਂ ਪੰਜਾਬ ਦੇ ਜਾਇਆਂ ਦਾ ਦਰਦ ਉਛਲਦਾ ਹੈ, ਪੰਜਾਬ ਦਾ ਖ਼ੂਨ ਖੌਲਦਾ ਹੈ। ਉਬਾਲੇ ਮਾਰਦਾ ਹੈ। ਪਰ ਉਹਦੀਆਂ ਰਗਾਂ ਵਿੱਚ ਭਰਿਆ ਜਾ ਰਿਹਾ ਜ਼ਹਿਰ, ਉਹਦੇ ਖੋਹੇ ਜਾ ਰਹੇ ਹੱਕ, ਕਲੇਜਾ ਧੂਹ ਲੈਂਦੇ ਹਨ, ਉਹ ਜਿਊਂਦਾ ਵੀ ਮਰਿਆ-ਮਰਿਆ ਮਹਿਸੂਸ ਕਰਦਾ ਹੈ।

ਹੈ ਕੋਈ ਦਵਾਈ ਜੋ ਉਸਦੇ ਪਿੰਡੇ ਦੇ ਦਰਦ ਨੂੰ ਹਟਾ, ਘਟਾ ਸਕੇ? ਉਹਦੀਆਂ ਚੀਸਾਂ ਦਾ ਨਿਵਾਰਨ ਕਰ ਸਕੇ? “ਮਿੱਠੀਆਂ ਗੋਲੀਆਂ” ਦੇਣ ਵਾਲੇ ਸਿਆਸਤਦਾਨ ਆਖ਼ਰ ਉਹਦੇ ਜ਼ਖ਼ਮਾਂ ਦੀ ਸਾਰ ਕਿਉਂ ਨਹੀਂ ਲੈਂਦੇ? ਰਿਸਦੇ ਜ਼ਖ਼ਮਾਂ ’ਤੇ “ਫੂਕਾਂ” ਕਿਉਂ ਨਹੀਂ ਮਾਰਦੇ? ਕਿਉਂ ਕਦੇ ਚੁੱਪ ਕਰਕੇ ਅਤੇ ਕਦੇ ਵੱਡੀਆਂ ਟਾਹਰਾਂ ਮਾਰਕੇ ਆਪਣੀ ਕੁਰਸੀ ਦੀਆਂ ਚਾਰੇ ਟੰਗਾਂ ਬਚਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ?

ਐ ਪੰਜਾਬ। ਉੱਠ! ਸਮਝ! ਹੰਭਲਾ ਮਾਰ! ਜ਼ਖ਼ਮ ਤੇਰੇ ਲਈ ਨਵੇਂ ਨਹੀਂ! ਤੂੰ ਸਭ ਕੁਝ ਸਹਿੰਦਾ, ਲੜਦਾ, ਮੁੜ ਨਵਾਂ ਨਰੋਆ ਰੰਗਲਾ ਪੰਜਾਬ ਬਣਦਾ ਰਿਹਾ ਹੈਂ। ਐ ਪੰਜਾਬ! ਕਰਾਂ ਕੀ ਸਿਫ਼ਤ ਤੇਰੀ, ਤੇਰੇ ਜਿਹਾ ਕੋਈ ਹੋਰ ਨਾ! ਵੱਢਿਆ-ਟੁੱਕਿਆ ਤੂੰ ਮੁੜ ਸੁਰਜੀਤ ਹੁੰਦਾ ਰਿਹਾ ਹੈਂ! ਹੁਣ ਵੀ ਹੋਵੇਂਗਾ।

ਤੂੰ ਉੱਠ ਜਗਾ ਦੇ ਮੋਮਬੱਤੀਆਂ,
ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ।             ... ( ਸੁਰਜੀਤ ਪਾਤਰ)

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author