“ਭਾਈਚਾਰੇ ਵਿੱਚ ਪਈਆਂ ਤ੍ਰੇੜਾਂ, ਨਫ਼ਰਤੀ ਵਰਤਾਰਾ, ਅਵਿਸ਼ਵਾਸ ਨੂੰ ਜਦੋਂ ਕਮਲ ਬੰਗਾ ਮਨੁੱਖੀ ਕਾਲੀਨ ਉੱਤੇ ...”
(19 ਸਤੰਬਰ 2023)
ਦਮਨ, ਪੀੜ, ਪੀੜ ਦਾ ਅਹਿਸਾਸ, ਪੀੜ ਦੀ ਅਵਚੇਤਨੀ ਸੂਝ ਅਤੇ ਪੀੜ ਦਾ ਸੰਦਰਭ ਪ੍ਰਸਿੱਧ ਕਵੀ ਕਮਲ ਬੰਗਾ ਦੀ ਪੁਸਤਕ ‘ਨਵੀਂ-ਬੁਲਬੁਲ’ ਦਾ ਅਧਾਰ ਹੈ।
ਕਿਸੇ ਵੀ ਅਧਾਰ ’ਤੇ ਕੀਤਾ ਪੱਖਪਾਤ, ਅਨਿਆਂ ਅਤੇ ਦਮਨ ਮਨੁੱਖ ਨੂੰ ਪੀੜਾ ਦਿੰਦਾ ਹੈ। ਇਸ ਪੱਖਪਾਤ, ਦਮਨ ਅਤੇ ਅਨਿਆਂ ਦੇ ਬੀਜਾਂ ਨੂੰ ਚਿੰਤਕ ਅਤੇ ਅਦੀਬ ਲੋਕ ਪਹਿਚਾਣਦੇ ਹਨ ਅਤੇ ਇਸ ਉੱਪਰ ਚਿੰਤਨੀ ਸੰਵਾਦ ਰਚਾਉਂਦੇ ਹਨ। ਕਮਲ ਬੰਗਾ ਉਹਨਾਂ ਚਿੰਤਕਾਂ ਵਿੱਚੋਂ ਇੱਕ ਹੈ, ਜੋ ਪੌੜੀ-ਦਰ-ਪੌੜੀ 2008 ਤੋਂ 2023 ਤਕ 17 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਇਹ ਸੰਵਾਦ ਰਚਾਉਂਦਾ ਰਿਹਾ ਹੈ।
“ਜਿਵੇਂ ਦੀਵੇ ਨਾਲ ਦੀਵਾ ਲਾ ਕੇ ਰੌਸ਼ਨ ਕਰੀਦਾ ਬਨੇਰਾ,
ਉਵੇਂ ਦਿਲ ਤੋਂ ਦਿਲ ਤੀਕ, ਮੇਰਾ ਪਹੁੰਚ ਜਾਂਦਾ ਸੁਨੇਹਾ।”
ਪੁਰਤਗਾਲ ਦੇ ਨੋਬਲ ਪੁਰਸਕਾਰ ਜੇਤੂ ਜੋਸੇ ਸਰਾਮਾਗੋ ਨੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵੇਲੇ ਲਿਖਿਆ ਸੀ, “ਅਸੀਂ ਤਰਕ ਦਾ ਵਿਨਾਸ਼ ਕਰਦੇ ਹਾਂ। ਜੇ ਤੁਸੀਂ ਵੇਖ ਸਕਦੇ ਹੋ ਤਾਂ ਘੋਖੋ, ਜੇ ਤੁਸੀਂ ਘੋਖ ਸਕਦੇ ਹੋ ਤਾਂ ਨਿਰਖੋ।” ਅਸਲ ਵਿੱਚ ਇਹ ਨਿਰਖਣਾ ਹੀ ਸਾਹਿਤਕ ਰਚਨਾ ਨੂੰ ਜਨਮ ਦਿੰਦਾ ਹੈ। ਸਾਹਿਤਕਾਰ ਦੀ ਇਹੀ ਦੂਰਦ੍ਰਿਸ਼ਟੀ ਹੁੰਦੀ ਹੈ।
ਦੂਰਦ੍ਰਿਸ਼ਟੀ ਵਾਲਾ ਕਮਲ ਬੰਗਾ ਆਪਣੀ ਕਵਿਤਾ ਵਿੱਚ ਮਨੁੱਖੀ ਮਾਨਸਿਕਤਾ, ਰਿਸ਼ਤਿਆਂ, ਘਰ-ਪਰਿਵਾਰ, ਪਿਆਰ/ਮੁਹੱਬਤ ਆਦਿ ਦੀ ਗੱਲ ਕਰਦਾ ਹੈ। ਜੀਵਨ ਵਿੱਚ ਦਰਪੇਸ਼ ਸਮਾਜਿਕ, ਮਾਨਸਿਕ, ਆਰਥਿਕ ਮੁਸ਼ਕਲਾਂ ਉੱਤੇ ਉਸ ਦੀ ਕਵਿਤਾ ਦਾ ਫੋਕਸ ਹੈ। ਉਹਦੀ ਕਵਿਤਾ ਝਰਨੇ ਵਾਂਗ ਵਹਿੰਦੀ ਹੈ, ਲਗਾਤਾਰ ਤੁਰਦੀ ਹੈ, ਅਡੋਲ।
“ਖ਼ਿਆਲਾਂ ਵਿੱਚ ਪਾਣੀ ਵਾਂਗ ਵਹਿ ਰਿਹਾ ਹਾਂ।
ਬੱਸ ਉੱਚੇ ਤੋਂ ਨੀਵੇਂ ਵੱਲ ਪੈ ਰਿਹਾ ਹਾਂ।
ਮੈਥੋਂ ਖੁਸ਼ਕ ਜ਼ਮੀਨ ਵਾਂਗ, ਤਿੜ ਨਹੀਂ ਹੁੰਦਾ।
ਨਾਲੇ ਗੁਲਾਮੀ ਵਿੱਚ ਮੈਥੋਂ, ਖਿੜ ਨਹੀਂ ਹੁੰਦਾ।
ਕਮਲ ਬੰਗਾ ਦੀ ਕਵਿਤਾ ਸੁਹਜ ਰੂਪ ਵਿੱਚ ਪਾਠਕਾਂ ਸਾਹਮਣੇ ਆਉਂਦੀ ਹੈ। ਉਸਦੀ ਕਵਿਤਾ ਵਿੱਚ ਸਮਾਜਕ ਊਣਤਾਈਆਂ ਦਾ ਖਾਸ ਤੌਰ ’ਤੇ ਜ਼ਿਕਰ ਹੈ। ਕਵਿਤਾ ਦੀ ਵੰਨਗੀ ਗ਼ਜ਼ਲ ਵਿੱਚ ਕਮਲ ਬੰਗਾ ਨੇ ਅਲੱਗ ਥਾਂ ਹਾਸਲ ਕੀਤੀ ਹੈ। ਉਸ ਦੀ ਰਚਨਾ ਸਮਰੱਥ ਹੈ। ਉਹ ਵੱਡੀਆਂ-ਵੱਡੀਆਂ ਪੁਲਾਘਾਂ ਪੁੱਟਦੀ ਹੈ, ਤੇਜ਼ੀ ਨਾਲ ਆਪਣੇ ਨਿਸ਼ਾਨੇ ਵੱਲ ਝਪਟਦੀ ਹੈ, ਅਤੇ ਫਿਰ ਮਨੁੱਖੀ ਭਾਵਨਾਵਾਂ ਉੱਤੇ ਚੋਟ ਕਰਦੀ ਹੈ। ਇਹੀ ਉਹਦੀ ਵਿਲੱਖਣਤਾ ਹੈ।
ਭਾਈਚਾਰੇ ਵਿੱਚ ਪਈਆਂ ਤ੍ਰੇੜਾਂ, ਨਫ਼ਰਤੀ ਵਰਤਾਰਾ, ਅਵਿਸ਼ਵਾਸ ਨੂੰ ਜਦੋਂ ਕਮਲ ਬੰਗਾ ਮਨੁੱਖੀ ਕਾਲੀਨ ਉੱਤੇ ਵਿਛਿਆ ਵੇਖਦਾ ਹੈ ਤਾਂ ਤੜਪ ਉੱਠਦਾ ਹੈ। ਉਹ ਕਹਿੰਦਾ ਹੈ, ਆਖਿਰ ਮਨੁੱਖ ਇਸ ਵਰਤਾਰੇ ਵਿੱਚੋਂ ਕਦੋਂ ਬਾਹਰ ਆਏਗਾ? ਕਦੋਂ ਇੱਕ ਧਰਮ ਦੂਜੇ ਧਰਮ ਨੂੰ ਪਿਆਰ ਕਰੇਗਾ? ਕਦੋਂ ਮਨੁੱਖ ਜ਼ਿੰਦਗੀ ਦੀ ਖੂਬਸੂਰਤੀ ਨੂੰ ਪਛਾਣ ਸਕੇਗਾ?
ਜਦੋਂ ਉਹ ਧਰਮ ਦੇ ਨਾਮ ਉੱਤੇ ਪਾੜੇ, ਦੰਗੇ, ਕਤਲ ਵੇਖਦਾ ਹੈ ਤਾਂ ਉਹ ਤ੍ਰਾਹ ਉੱਠਦਾ ਹੈ। ਉਹ ਨੋਬਲ ਪੁਰਸਕਾਰ ਜੇਤੂ ਵਿਸਲਾਵਾ ਸ਼ਿੰਬੋਰਸਕਾ ਦੇ ਉਹਨਾਂ ਸ਼ਬਦਾਂ ਦਾ ਚਿੰਤਨ ਕਰਦਾ ਹੈ, “ਕੀ ਉਹ ‘ਬੰਦੇ’ ਕਹਾਉਣ ਦੇ ਲਾਇਕ ਵੀ ਹਨ ਜਾਂ ਨਹੀਂ? ਉਨ੍ਹਾਂ ਨੂੰ ‘ਜਾਨਵਰ’ ਕਹਿਣਾ ਤਾਂ ਵਿਚਾਰੇ ਜਾਨਵਰਾਂ ਦੀ ਬੇਅਦਬੀ ਹੈ। ਜਾਨਵਰ ਕਦੇ ਇੰਜ ਨਹੀਂ ਕਰਦੇ।” ਉਸਦੀ ਇਸੇ ਚੇਤਨਾ ਕਾਰਨ ਉਹ ਉੱਚ ਪਾਏ ਦੇ ਸ਼ਿਅਰ ਲਿਖਦਾ ਹੈ, ਸੰਕੇਤਾਂ ਵਿੱਚ ਗੱਲ ਕਰਦਾ ਹੈ।
ਖ਼ਾਲੀ ਸੜਕ - ਖ਼ਾਲੀ ਰਾਹ ’ਤੇ, ਕੋਈ ਕੋਈ ਦੌੜਦੈ,
ਕਾਰਾਂ ਵਿੱਚ ਤਾਂ ਦੌੜਦੇ, ਸਾਰੇ ਜਣੇ ਨੇ।
ਗਰੀਬ ਦੇਸ਼ਾਂ ਨੂੰ ਮਾਰਿਆ, ਰੋਟੀ-ਕੱਪੜੇ-ਮਕਾਨ ਨੇ,
ਨਾਲ ਨਾਲ ਝੰਬਿਆ ਹੈ, ਮੰਗਿਆਈ ਦੇ ਤੂਫ਼ਾਨਾਂ।
ਕਮਲ ਬੰਗਾ ਦੀ ਕਵਿਤਾ ਉੱਚ ਪਾਏ ਦੀ ਹੈ। ਲੋਕਾਂ ਦੀ ਗੱਲ ਕਰਦੀ ਹੈ। ਮਨੁੱਖੀ ਭਾਵਨਾਵਾਂ ਦੀ ਗੱਲ ਕਰਦੀ ਹੈ। ਉਸ ਦੀ ਕਵਿਤਾ, ਗ਼ਜ਼ਲ, ਉਸਦੇ ਜੀਵਨ ਦਾ ਅਨੁਭਵ ਹੈ, ਜੋ ਉਸਦੇ ਅੰਗ-ਸੰਗ ਰਹਿੰਦੀ ਹੈ, ਵਿਚਰਦੀ ਹੈ।
ਕਮਲ ਬੰਗਾ ਦੀ 17ਵੀਂ ਪੁਸਤਕ ਨੂੰ ਪੰਜਾਬੀ ਸੰਸਾਰ ਵਿੱਚ ‘ਜੀ ਆਇਆਂ’।
ਪੁਸਤਕ ‘ਨਵੀਂ-ਬੁਲਬੁਲ’ ਬਨਾਮ ਨਵੀਂ ਉੱਡਾਰੀ ’ਤੇ ਫ਼ਖ਼ਰ ਹੈ।
ਕਮਲ ਬੰਗਾ ਸ਼ਬਦਾਂ ਅਤੇ ਸੋਚਾਂ ਦਾ ਜਾਦੂਗਰ ਹੈ।
**
ਪ੍ਰਕਾਸ਼ਕ: ਪੰਜਾਬੀ ਵਿਰਸਾ ਟ੍ਰਸਟ (ਰਜਿ:) ਫਗਵਾੜਾ। ਕੀਮਤ : 300 ਰੁਪਏ। ਪੰਨੇ : 240.
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4232)
(ਸਰੋਕਾਰ ਨਾਲ ਸੰਪਰਕ ਲਈ: (