GurmitPalahi7ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ, ਪਰਦੇਸ ਵਸਦੇ ਬਹੁਤੇ ਪਰਿਵਾਰਾਂ ਦੀ ਹੈ, ਜਿਹਨਾਂ ਦੇ ਵਡੇਰੇ ...
(9 ਅਪਰੈਲ 2022)

 

ਪੀੜ੍ਹੀ ਦਰ ਪੀੜ੍ਹੀ ਨਵੀਆਂ ਪੁਲਾਂਘਾਂ - ਮਹਿੰਦਰ ਸਿੰਘ ਸੱਲ

GurmitPalahiBook2ਪੰਜਾਬ ਦੇ ਖਿੱਤੇ ਦੁਆਬੇ ਦੀ ਧਰਤੀ ਕਪੂਰਥਲਾ ਰਿਆਸਤ ਦੀ ਫਗਵਾੜਾ ਤਹਿਸੀਲ ਦੇ ਇਤਿਹਾਸਕ ਪਿੰਡ ਪਲਾਹੀ ਦੇ ਕੁਝ ਲੋਕ ਅਮਰੀਕਾ, ਕੈਨੇਡਾ ਦੀ ਧਰਤੀ ਪੁੱਜੇ, ਉੱਥੇ ਖੇਤਾਂ ਵਿੱਚ ਕੰਮ ਕੀਤਾ। ਲੱਕੜ ਦੇ ਆਰਿਆਂ ਉੱਤੇ ਮਜ਼ਦੂਰੀ ਕੀਤੀ। ਕਈ ਵਰ੍ਹੇ ਇਕੱਲ ਵਿੱਚ ਵਿਦੇਸ਼ੀ ਲੋਕਾਂ ਵਿੱਚ ਭੈੜੀਆਂ ਹਾਲਤਾਂ ਵਿੱਚ ਜ਼ਿੰਦਗੀ ਦੇ ਸਾਲ ਬਸਰ ਕੀਤੇ, ਫਿਰ ਪਰਿਵਾਰਾਂ ਨੂੰ ਸੱਦਿਆ। ਰੈਣ ਵਸੇਰੇ ਤਿਆਰ ਕੀਤੇ। ਇਹਨਾਂ ਪਰਿਵਾਰਾਂ ਵਿਚੋਂ ਕਈ ਪਰਿਵਾਰ ਹੁਣ ਆਪਣੇ ਕਾਰੋਬਾਰ ਕਰਦੇ ਹਨ, ਉਹਨਾਂ ਦੀ ਔਲਾਦ ਚੰਗੀਆਂ ਨੌਕਰੀਆਂ ’ਤੇ ਹੈ। ਇਹ ਪਿੰਡ ਪਲਾਹੀ ਦੀ ਕਹਾਣੀ ਨਹੀਂ, ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੀ ਕਹਾਣੀ ਹੈ।

ਮੱਲਾ ਸਿੰਘ ਸੱਲ ਅਮਰੀਕਾ ਪੁੱਜੇ, ਬਜ਼ੁਰਗ ਠਾਕੁਰ ਸਿੰਘ ਸੱਲ, ਜਗਤ ਸਿੰਘ ਉਰਫ ਜਰਨੈਲ ਸਿੰਘ ਕੈਨੇਡਾ ਪੁੱਜਣ ਵਾਲੇ ਕੁਝ ਲੋਕਾਂ ਵਿਚੋਂ ਸਨ। ਇਹਨਾਂ ਵਿੱਚੋਂ ਜਗਤ ਸਿੰਘ ਉਰਫ ਜਰਨੈਲ ਸਿੰਘ ਸੱਲ 1931 ਵਿੱਚ ਕਲੱਕਤਾ ਰਾਹੀਂ ਹਾਂਗਕਾਂਗ ਅਤੇ ਹਾਂਗਕਾਂਗ ਤੋਂ ਕੈਨੇਡਾ ਪੁੱਜਿਆ। ਮਿਹਨਤ ਕੀਤੀ, ਪਤਨੀ ਗੰਗੋ ਕੌਰ ਨੂੰ ਇੰਡੀਆ ਤੋਂ ਕੈਨੇਡਾ ਸੱਦਿਆ। ਉਪਰੰਤ ਉਹਨਾਂ ਦੇ ਪੁੱਤਰ ਸੁਰੈਣ ਸਿੰਘ 23 ਵਰ੍ਹਿਆਂ ਦੀ ਉਮਰ ਵਿੱਚ ਕੈਨੇਡਾ ਪਹੁੰਚੇ। ਪਤਨੀ ਪ੍ਰਕਾਸ਼ ਕੌਰ ਨੂੰ ਬੁਲਾਇਆ। ਆਪਣੇ ਪਿਤਾ ਵਾਂਗ ਸੁਰੈਣ ਸਿੰਘ ਨੂੰ ਵੀ ਸਿੱਖ ਕਮਿਊਨਿਟੀ ਨਾਲ ਜੁੜਨ ਦੀ ਜਾਗ ਲੱਗੀ। ਉਹਨਾਂ ਆਪਣੇ ਸਾਅ (ਆਰਾ) ਮਿਲ ਕਾਰੋਬਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ। ਕੈਨੇਡਾ ਦੇ ਵੈਨਕੋਵਰ ਵਿੱਚ ਹੀ ਨਹੀਂ, ਆਪਣੀ ਜਨਮ ਭੂਮੀ ਪਲਾਹੀ ਦੇ ਵਿਕਾਸ ਕਾਰਜਾਂ ਵਿੱਚ ਵੀ ਨਿਰੰਤਰ ਹਿੱਸਾ ਲਿਆ। ਉਹਨਾਂ ਦੇ ਇਸ ਦੁਨੀਆ ਤੋਂ ਤੁਰ ਜਾਣ ਉਪਰੰਤ ਉਹਨਾਂ ਦੇ ਪੁੱਤਰ ਮਹਿੰਦਰ ਸਿੰਘ ਸੱਲ ਵਲੋਂ ਬਣਾਈ ਪਰਿਵਾਰਕ “ਪਲਾਹੀ ਫਾਊਂਡੇਸ਼ਨ” ਵਲੋਂ ਲਗਾਤਾਰ ਸਮਾਜਕ ਕਾਰਜਾਂ, ਜਿਹਨਾਂ ਵਿੱਚ ਸਿੱਖਿਆ, ਸਿਹਤ ਅਤੇ ਵਾਤਾਵਰਨ ਸਬੰਧੀ ਪ੍ਰਾਜੈਕਟ ਹਨ ਲਈ ਸਹਾਇਤਾ, ਸਹਿਯੋਗ ਦਿੱਤਾ ਜਾਂਦਾ ਹੈ। ਉਹ “ਕੈਨੇਸ਼ੀਆ ਫੌਰੇਸਟ ਇੰਡਸਟਰੀ ਲਿਮਿਟਿਡ” ਦਾ ਮਾਲਕ ਹੈ ਅਤੇ ਵੱਡਾ ਕਾਰੋਬਾਰੀ ਹੈ।

ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ, ਪਰਦੇਸ ਵਸਦੇ ਬਹੁਤੇ ਪਰਿਵਾਰਾਂ ਦੀ ਹੈ, ਜਿਹਨਾਂ ਦੇ ਵਡੇਰੇ ਪਰਾਈ ਧਰਤੀ ’ਤੇ ਗਏ, ਟਿਕੇ, ਪਰਿਵਾਰਾਂ ਨੂੰ ਵਿਦੇਸ਼ਾਂ ਵਿੱਚ ਸੱਦਿਆ ਅਤੇ ਉੱਥੇ ਹੀ ਸਥਾਪਿਤ ਕਰ ਦਿੱਤਾ।

***

ਬਰਤਾਨੀਆ ਦੀ ਪੰਜਾਬੀ ਕਮਿਊਨਿਟੀ ਦੀ ਸ਼ਾਨ – ਪ੍ਰੋ. ਰਣਜੀਤ ਧੀਰ

ਪ੍ਰੋ. ਰਣਜੀਤ ਧੀਰ ਸਾਲ 1966 ਵਿੱਚ ਮੁਕਤਸਰ ਸਰਕਾਰੀ ਕਾਲਜ ਤੋਂ ਪ੍ਰੋਫੈਸਰੀ ਛੱਡਕੇ ਵਲਾਇਤ ਪਹੁੰਚਿਆ। ਪਹਿਲਾਂ ਮਜ਼ਦੂਰੀ ਕੀਤੀ, ਫਿਰ ਪੜ੍ਹਿਆਂ-ਲਿਖਿਆਂ ਵਾਲੀ ਨੌਕਰੀ। ਹੌਲੀ-ਹੌਲੀ ਜੜ੍ਹ ਲੱਗ ਗਈ ਅਤੇ ਹੁਣ ਉਹ ਬਰਤਾਨੀਆ ਦੀ ਪੰਜਾਬੀ ਕਮਿਊਨਿਟੀ ਵਿੱਚ ਜਾਣਿਆਂ-ਪਛਾਣਿਆਂ ਸਿਰਕੱਢ ਨਾਉਂ ਹੈ। ਪਰਵਾਸ ਦੇ ਹੁਣ ਤੱਕ ਦੇ ਸਫ਼ਰ ਦੇ ਲੰਮੇ ਵਰ੍ਹਿਆਂ ਵਿੱਚ ਉਹਨੇ ਆਪਣੇ ਘਰ ਵਿੱਚ ਸਾਹਿਤਕ, ਸਿਆਸੀ, ਵਿੱਦਿਅਕ, ਅਦਾਲਤੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸਾਂਝ ਪਾਈ ਹੈ। ਲੰਦਨ ਵਿੱਚ ਮੇਅਰ, ਮਜਿਸਟਰੇਟ, ਲੀਡਰ ਵਰਗੇ ਉੱਚ ਅਹੁਦਿਆਂ ਉੱਤੇ ਕੰਮ ਕਰਕੇ ਮਾਣ-ਸਨਮਾਨ ਖੱਟਿਆ ਹੈ। ਦੁਨੀਆ ਦੇ ਦਰਜਨਾਂ ਖੇਤਰਾਂ ਵਿੱਚ ਉਹਨਾਂ ਨੇ ਸਫ਼ਰ ਕੀਤੇ ਹਨ।

ਉਹ ਉੱਚ ਕੋਟੀ ਦਾ ਪੰਜਾਬੀ ਲੇਖਕ ਹੈ। ਸਾਲ 1980 ਵਿੱਚ ਉਸਨੇ ਵਿਸ਼ਵ ਪੰਜਾਬੀ ਲੇਖਕ ਕਾਨਫਰੰਸ ਬਰਤਾਨੀਆ ਵਿੱਚ ਆਪਣੇ ਸਾਥੀ ਲੇਖਕਾਂ ਦੀ ਸਹਾਇਤਾ ਨਾਲ ਆਯੋਜਿਤ ਕਰਵਾਈ, ਜਿਸ ਨਾਲ ਵਿਸ਼ਵ ਦੇ ਪੰਜਾਬੀ ਲੇਖਕਾਂ ਨੂੰ ਸਾਂਝਾ ਪਲੇਟਫਾਰਮ ਮਿਲਿਆ। ਉਸਨੇ ਨੇ ਵਤਨੋਂ ਦੂਰ, ਪਰਦੇਸ ਨਾਮਾ, ਸਾਊਥਾਲ ਦਾ ਸੂਰਜ, ਜੇਰੂਸੱਲਮ ਹਾਲੇ ਦੂਰ ਹੈ, ਵਲਾਇਤੋਂ ਨਿਕ-ਸੁਕ ਕਿਤਾਬਾਂ ਲਿਖਕੇ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਸ ਨੂੰ ਬੁੱਲ੍ਹੇਸ਼ਾਹ ਇਨਾਮ - ਏਸ਼ੀਅਨ ਲੇਖਕ ਸਭਾ ਡੈਨਮਾਰਕ ਵਲੋਂ 1998 ਵਿੱਚ, ਪੰਜਾਬੀਅਤ ਦਾ ਮਾਣ ਸਨਮਾਨ - ਪੰਜਾਬੀ ਕੌਂਸਲ ਆਫ ਅਸਟਰੇਲੀਆ ਵਲੋਂ 2009 ਵਿੱਚ ਅਤੇ ਪੰਜਾਬੀ ਸਾਹਿਬ ਸਭਾ ਦਿੱਲੀ ਵਲੋਂ 2014 ਵਿੱਚ ਸਨਮਾਣ ਮਿਲਿਆ। ਸਾਲ 2018 ਵਿੱਚ ਬਰਤਾਨੀਆ ਦੀ ਮਲਿਕਾ ਨੇ ਸਥਾਨਕ ਸਰਕਾਰ ਵਿੱਚ ਸੇਵਾਵਾਂ ਬਦਲੇ ਆਪ ਨੂੰ “ਆਰਡਰ ਆਫ਼ ਦੀ ਬ੍ਰਿਟਿਸ਼ ਐਮਪਾਇਰ (ਓ.ਬੀ.ਈ.) ਦੇ ਖਿਤਾਬ ਨਾਲ ਨਿਵਾਜਿਆ।

ਰਣਜੀਤ ਧੀਰ ਪੰਜਾਬੀ ਲੇਖਕ ਹੈ, ਸਮਾਜ ਸੇਵਕ ਹੈ, ਸਿਆਸਤਦਾਨ ਹੈ। ਰਣਜੀਤ ਧੀਰ ਦੇ ਵਿਚਾਰਾਂ ਵਿੱਚ ਸਪਸ਼ਟਤਾ ਉਸਦੀ ਸਖਸ਼ੀਅਤ ਨੂੰ ਨਿਖਾਰਦੀ ਹੈ। ਉਹ ਬਰਤਾਨੀਆ ਵਿੱਚ ਆਪਣੀ ਪਤਨੀ ਹਰਭਜਨ ਕੌਰ, ਜੋ ਬਰਤਾਨੀਆ ਵਿੱਚ ਮੇਅਰ ਵੀ ਚੁਣੇ ਗਏ, ਨਾਲ ਯੂ.ਕੇ. ਵਿੱਚ ਵਸਦਾ ਹੈ।

***

ਡਾ. ਤੇਜਦੀਪ ਸਿੰਘ ਰਤਨ

ਗੁਰੂ ਕੀ ਨਗਰੀ ਤੇ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਦੇ ਕੋਟ ਬਾਬਾ ਦੀਪ ਸਿੰਘ ਦਾ ਜੰਮਪਲ ਡਾ. ਤੇਜਦੀਪ ਸਿੰਘ ਰਤਨ ਇਸ ਸਮੇਂ ਅਮਰੀਕਾ ਦੀ ਫੌਜ ਵਿਚ ਲੈਫਟੀਨੈਂਟ ਕਰਨਲ ਦੇ ਅਹੁਦੇ ਦੀ ਸੇਵਾ ਨਿਭਾ ਰਿਹਾ ਹੈ। ਸਾਲ 1995 ਵਿੱਚ 12ਵੀਂ ਜਮਾਤ ਪਾਸ ਕਰਕੇ ਅਮਰੀਕਾ ਦੇ ਓਹਾਇਹੋ ਸੂਬੇ ਦੇ ਡੇਟਨ ਸ਼ਹਿਰ, ਜਿਸ ਨੂੰ ਹਵਾਈ ਜਹਾਜ਼ਾਂ ਦਾ ਜਨਮਦਾਤਾ ਸ਼ਹਿਰ ਕਿਹਾ ਜਾਂਦਾ ਹੈ, ਦੀ ਰਾਈਟ (Wright) ਸਟੇਟ ਯੂਨੀਵਰਸਿਟੀ ਵਿੱਚ ਅਗਲੇਰੀ ਪੜ੍ਹਾਈ ਲਈ ਦਾਖਲਾ ਲਿਆ। ਉਸਦਾ ਤਾਇਆ jI ਡਾ. ਕੁਲਦੀਪ ਸਿੰਘ ਰਤਨ ਇਸ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੇ ਸਨ। ਉਸ ਦੇ ਪਿਤਾ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਵਿੱਚ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਵਜੋਂ ਰਿਟਾਇਰ ਹੋਏ। ਰਾਈਟ ਸਟੇਟ ਯੂਨੀਵਰਸਿਟੀ ਤੋਂ 2001 ਵਿੱਚ ਬਾਇਓ ਮੈਡੀਕਲ ਇੰਜਨੀਰਿੰਗ ਵਿੱਚ ਗਰੈਜੂਏਸ਼ਨ ਕਰਨ ਉਪਰੰਤ ਐੱਮ.ਬੀ.ਏ. ਤੇ ਫਿਰ 2009 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਦੰਦਾਂ ਦੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ।

ਇਸੇ ਡਿਗਰੀ ਕਰਨ ਦੌਰਾਨ ਉਹ ਅਮਰੀਕੀ ਫੌਜ ਵਿੱਚ ਭਰਤੀ ਹੋ ਗਿਆ। ਪਰ ਜਦ ਡਿਗਰੀ ਕਰਨ ਤੋਂ ਬਾਅਦ ਫੌਜ ਦੀ ਨੌਕਰੀ ਸ਼ੁਰੂ ਕਰਨ ਲੱਗੇ ਤਾਂ ਉਸ ਨੂੰ ਫੌਜ ਦੇ ਸੰਬੰਧਤ ਅਧਿਕਾਰੀ ਨੇ ਫੌਜ ਦੇ ਨਿਯਮਾਂ ਅਨੁਸਾਰ ਕੇਸ ਕਟਾ ਕੇ ਅਤੇ ਬਿਨਾਂ ਦਸਤਾਰ ਤੋਂ ਹਾਜ਼ਰ ਹੋਣ ਲਈ ਕਿਹਾ। ਉਸ ਨੂੰ 1998 ਵਿੱਚ ਵੀ ਆਪਣੀ ਪੜ੍ਹਾਈ ਦੌਰਾਨ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਿਆ ਸੀ ਪਰ ਉਸ ਨੂੰ ਕਿਹਾ ਗਿਆ ਸੀ ਕਿ ਉਹ ਸਿੱਖੀ ਸਰੂਪ ਵਿੱਚ ਭਰਤੀ ਨਹੀਂ ਹੋ ਸਕਦਾ ਕਿਉਂਕਿ 1980 ਦੇ ਦਹਾਕੇ ਵਿੱਚ ਅਮਰੀਕੀ ਫੌਜ ਨੇ ਦਾੜ੍ਹੀ ਰੱਖਣ ਤੋਂ ਇਲਾਵਾ ਸਿਰ ਉੱਪਰ ਕੋਈ ਵੀ ਚੀਜ਼ ਪਹਿਨਣ ’ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਮੇਂ ਫੌਜ ਵਿੱਚ ਸੇਵਾ ਨਿਭਾ ਰਹੇ ਕਰਨਲ ਡਾ. ਅਰਜਿੰਰਪਾਲ ਸਿੱਖ ਸੇਖੋਂ ਅਤੇ ਕਰਨਲ ਡਾ. ਜੀ.ਬੀ. ਸਿੰਘ ਨੂੰ ਇਸ ਪਾਬੰਦੀ ਤੋਂ ਰਾਹਤ ਦੇ ਦਿੱਤੀ ਗਈ ਸੀ। ਤੇਜਦੀਪ ਨੇ ਡਾ. ਕਮਲਜੀਤ ਸਿੰਘ ਕਲਸੀ ਸਣੇ ਇਸ ਪਾਬੰਦੀ ਨੂੰ ਹਟਾਉਣ ਲਈ ਸਿੱਖ ਕੋਲੀਸ਼ਨ ਦੀ ਸਹਾਇਤਾ ਨਾਲ ਸੰਘਰਸ਼ ਕੀਤਾ ਤੇ ਅੰਤ ਵਿੱਚ ਉਹਨਾਂ ਨੂੰ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾ ਨਿਭਾਉਣ ਦੀ ਆਗਿਆ ਮਿਲ ਗਈ। ਇਸ ਉਪਰੰਤ ਹੁਣ ਵੱਡੀ ਗਿਣਤੀ ਵਿੱਚ ਸਿੱਖ ਹੁਣ ਅਮਰੀਕੀ ਫੌਜ ਵਿੱਚ ਆਪਣੇ ਧਾਰਮਿਕ ਚਿੰਨ ਰੱਖ ਕੇ ਸੇਵਾ ਨਿਭਾ ਰਹੇ ਹਨ।

ਉਹ ਦੰਦਾਂ ਦੇ ਡਾਕਟਰ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ 22 ਮਾਰਚ 2010 ਵਿੱਚ ਬਤੌਰ ਕੈਪਟਨ ਰੈਂਕ ਡੈਂਟਲ ਕਾਰਪਸ ਵਿੱਚ ਭਰਤੀ ਹੋਇਆ। ਤਕਰੀਬਨ 25 ਸਾਲ ਬਾਅਦ ਦਸਤਾਰਧਾਰੀ ਤੇ ਸਿੱਖੀ ਸਰੂਪ ਵਿੱਚ ਟਰੇਨਿੰਗ ਪੂਰੀ ਕਰਨ ਵਾਲਾ ਉਹਨੇ ਪਹਿਲਾ ਸਿੱਖ ਫੌਜੀ ਬਣ ਕੇ ਇਕ ਨਵਾਂ ਇਤਿਹਾਸ ਸਿਰਜਿਆ ਅਤੇ ਕੌਮ ਦਾ ਨਾਮ ਰੋਸ਼ਨ ਕੀਤਾ। ਉਸ ਦੀ ਟਰੇਨਿੰਗ ਖਤਮ ਹੋਣ ਦੀ ਰਸਮ ਨੂੰ ਸੀ ਐੱਨ ਐੱਨ, ਨਿਊਯਾਰਕ ਟਾਇਮਜ਼, ਤੇ ਭਾਰਤ ਸਮੇਤ ਵਿਸ਼ਵ ਭਰ ਦੇ ਮੀਡੀਆ ਨੇ ਦਿਖਾਇਆ। ਸੀ ਐਨ ਐਨ ਨੇ ਉਸ ਨੂੰ “ਦਿਨ ਦਾ ਸਭ ਤੋਂ ਦਿਲਚਸਪ ਵਿਅਕਤੀ” ਦਾ ਨਾਮ ਵੀ ਦਿੱਤਾ। ਉਸ ਨੇ ਟਰੇਨਿੰਗ ਦੌਰਾਨ ਦਾੜ੍ਹੀ ਉੱਪਰ ਮਾਸਕ ਪਾ ਕੇ ਲੜਾਈ ਵਿੱਚ ਜ਼ਹਿਰੀਲੀਆਂ ਗੈਸਾਂ ਵਿੱਚ ਫਸੇ ਫੌਜੀਆਂ ਵਲੋਂ ਸਫਤਾਪੂਰਵਕ ਬਾਹਰ ਆ ਕੇ ਇਹ ਦਰਸਾ ਦਿੱਤਾ ਕਿ ਸਿੱਖ ਦੀ ਦਸਤਾਰ ਅਤੇ ਕੇਸ ਇਸ ਵਿੱਚ ਰੁਕਾਵਟ ਨਹੀਂ ਪਾਉਂਦੇ। ਇਸ ਨੂੰ ਦੇਖਕੇ ਉਸ ਦੇ ਕਈ ਅਫਸਰਾਂ ਨੇ ਫਿਰ ਫੌਜ ਨੂੰ ਦੱਸਿਆ ਕਿ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਬਤੌਰ ਦੰਦਾਂ ਦੇ ਡਾਕਟਰ ਉਸ ਨੇ ਅਫਗਾਨਿਸਤਾਨ ਵਿੱਚ ਲੜਾਈ ਵਾਲੇ ਖੇਤਰ ਵਿੱਚ ਸੇਵਾ ਕੀਤੀ ਅਤੇ ਫੌਜ ਤੋਂ ਸਨਮਾਨ ਵੀ ਹਾਸਲ ਕੀਤੇ।

ਰਾਈਟ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਵੀ ਉਸ ਨੇ ਆਪਣੇ ਭੂਆ ਦੇ ਲੜਕੇ ਸਮੀਪ ਸਿੰਘ ਗੁਮਟਾਲਾ ਤੇ ਹੋਰਨਾਂ ਨਾਲ ਮਿਲ ਕੇ 11 ਸਤੰਬਰ 2011 (9/11) ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਵਿਸ਼ੇਸ਼ ਪਛਾਣ ਲਈ ਅਮਰੀਕਨਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਕੀਤੇ। 2003 ਵਿੱਚ ਉਹ ਏਸ਼ੀਅਨ ਸਟੂਡੈਂਟ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਵੀ ਚੁਣਿਆ ਗਿਆ। ਫਿਰ ਇਹਨਾਂ ਦੋਨਾਂ ਨੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੀ ਵੀ ਸ਼ੁਰੂਆਤ ਕੀਤੀ ਅਤੇ ਏਸ਼ੀਅਨ ਹਿਸਪੈਨਿਕ ਨੇਟਿਵ ਅਮੈਰਿਕਨ ਸੈਂਟਰ ਦੀ ਸਹਾਇਤਾ ਨਾਲ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਵਿਸਾਖੀ ਦੇ ਮੌਕੇ ’ਤੇ ਸਿੱਖ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ, ਅਮਰੀਕੀ ਅਤੇ ਹੋਰਨਾਂ ਮੁਲਕਾਂ ਦੇ ਵਿਅਕਤੀਆਂ ਦੇ ਦਸਤਾਰਾਂ ਵੀ ਸਜਾਈਆਂ। ਉਹਨਾਂ 2005 ਤੱਕ ਆਪਣੀ ਪੜ੍ਹਾਈ ਖਤਮ ਹੋਣ ਤੱਕ ਇਸ ਨੂੰ ਜਾਰੀ ਰੱਖਿਆ।

ਅੱਜ ਕੱਲ੍ਹ ਉਹ ਕੈਲੀਫੋਰਨੀਆ ਵਿੱਚ ਆਪਣੀ ਦੰਦਾਂ ਦੀ ਇਕ ਕਲੀਨਿਕ ਵੀ ਚਲਾ ਰਿਹਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3490)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author