“ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ ਵਿੱਚ ਵੱਖੋ-ਵੱਖਰੇ ਹਨ”
(20 ਫਰਵਰੀ 2025)
ਨਿੱਤ ਦਿਹਾੜੇ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਬਰੀ ਹੱਥਾਂ ਵਿੱਚ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ ਨਾਲ ਜਕੜ ਕੇ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚੋਂ ਕੱਢੇ ਜਾ ਰਹੇ ਹਨ। ਅਮਰੀਕਾ ਵਸਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਮੈਕਸੀਕੋ, ਭਾਰਤ ਅਤੇ ਹੋਰ ਦੇਸ਼ਾਂ ਦੇ ਬਾਸ਼ਿੰਦੇ ਰੁਜ਼ਗਾਰ ਅਤੇ ਚੰਗੇ ਭਵਿੱਖ ਖ਼ਾਤਰ ਏਜੰਟਾਂ ਦੇ ਢਹੇ ਚੜ੍ਹਕੇ ਅਮਰੀਕਾ ਪੁੱਜੇ, ਗ਼ੈਰ-ਕਾਨੂੰਨੀ ਹੋਣ ਕਾਰਨ ਸਰਕਾਰੀ ਸ਼ਿਕੰਜੇ ਵਿੱਚ ਜਕੜੇ ਗਏ।
ਅਮਰੀਕਾ ਦੀ ਨਵੀਂ ਹਕੂਮਤ ਆਉਣ ’ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਡਿਟੈਨਸ਼ਨ ਸੈਂਟਰ ਵਿੱਚ ਧੱਕ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਮੁੜ ਉਹਨਾਂ ਨੂੰ ਉੱਥੋਂ ਦੇ ਸਖ਼ਤ ਕਾਨੂੰਨ ਅਨੁਸਾਰ ਫੌਜੀ ਹਵਾਈ ਜਹਾਜ਼ਾਂ ਰਾਹੀਂ ਉਹਨਾਂ ਦੇ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਹ ਉਹ ਪ੍ਰਵਾਸੀ ਹਨ, ਜਿਹੜੇ ਲੱਖਾਂ ਰੁਪਏ ਖ਼ਰਚਕੇ ਵੱਡੇ ਕਸ਼ਟ ਝੱਲਕੇ ਡੌਂਕੀ ਰੂਟਾਂ ਰਾਹੀਂ ਅਮਰੀਕਾ ਪੁੱਜੇ ਸਨ। ਇੱਕ ਰਿਪੋਰਟ ਮੁਤਾਬਕ ਕੁਝ ਸਮੇਂ ਵਿੱਚ ਹੀ ਲਗਭਗ 18000 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਦੇਸ਼ ਪਰਤਾ ਦਿੱਤੇ ਜਾਣਗੇ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਪ੍ਰਤੱਖ ਸਿੱਟਾ ਦੁਖਦਾਇਕ ਹੈ।
ਇਸ ਤੋਂ ਵੱਧ ਪੀੜਾਦਾਇਕ ਕੈਨੇਡਾ, ਅਮਰੀਕਾ ਵਸਦੇ ਉਹਨਾਂ ਲੋਕਾਂ ਦੇ ਡਗਮਗਾਉਂਦੇ ਭਵਿੱਖ ਦੀ ਵਾਰਤਾ ਹੈ, ਜੋ ਉਹਨਾਂ ਦੇਸ਼ਾਂ ਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ, ਜਿਹੜੇ ਉਹਨਾਂ ਦੇਸ਼ਾਂ ਵਿੱਚ ਚੰਗੇਰੇ ਭਵਿੱਖ ਲਈ ਵਿਦਿਆਰਥੀ ਬਣ ਕੇ ਜਾਂ ਨੌਕਰੀਆਂ ਕਰਨ ਦੀ ਆਸ ਵਿੱਚ ਗਏ ਸਨ ਅਤੇ ਉਹ ਹੁਣ ਬਦਲਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ। ਇਨ੍ਹਾਂ ਦੀ ਚਿੰਤਾ ਉੱਥੋਂ ਦੇਸ-ਨਿਕਾਲੇ ਦੀ ਹੈ।
ਅਸਲ ਵਿੱਚ ਪ੍ਰਵਾਸ ਦਾ ਦਰਦ ਇੰਨਾ ਡੂੰਘਾ ਹੈ ਕਿ ਉਸ ਨੂੰ ਝੱਲਣਾ ਬਹੁਤ ਔਖਾ ਹੈ। ਪਿੰਡ ਤੋਂ ਸ਼ਹਿਰ ਦਾ ਪ੍ਰਵਾਸ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਸੂਬੇ ਦਾ ਪ੍ਰਵਾਸ, ਜਿੱਥੋਂ ਦੀ ਬੋਲੀ, ਸੱਭਿਆਚਾਰ ਦਾ ਆਪਸੀ ਵਖਰੇਵਾਂ ਹੈ ਅਤੇ ਫਿਰ ਦੇਸ ਤੋਂ ਪ੍ਰਦੇਸ ਦੇ ਪ੍ਰਵਾਸ ਦਾ ਦਰਦ ਮਨੁੱਖ ਨੂੰ ਭਰੇ ਮਨ ਨਾਲ ਮਜਬੂਰੀ ਬੱਸ ਹੰਡਾਉਣਾ ਪੈਂਦਾ ਹੈ। ਇਹੋ ਜਿਹੇ ਪ੍ਰਵਾਸ ਦੇ ਦਰਦ ਦੀ ਇੱਕ ਵੰਨਗੀ ਪਿਛਲੇ ਸਾਲਾਂ ਵਿੱਚ ਉਸ ਵੇਲੇ ਦੇਸ਼ ਵਿੱਚ ਵੇਖਣ ਨੂੰ ਮਿਲੀ ਜਦੋਂ ਕਰੋਨਾ ਆਫ਼ਤ ਨੇ ਦੇਸਾਂ-ਵਿਦੇਸ਼ਾਂ ਵਿੱਚ ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ। ਸ਼ਹਿਰਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਲੋਕ ਪਿੰਡਾਂ ਵੱਲ ਪਰਤਾ ਦਿੱਤੇ। ਇਨ੍ਹਾਂ ਪ੍ਰਵਾਸੀਆਂ ਦੇ ਹਾਲਾਤ ਬਦ ਤੋਂ ਬਦਤਰ ਹੋਏ, ਜਿਹੜੇ ਵਰ੍ਹਿਆਂ ਬਾਅਦ ਵੀ ਸੌਖੇ ਨਹੀਂ ਹੋ ਸਕੇ। ਵੱਡੀਆਂ ਉਜਾੜੇ ਦੀਆਂ ਇਹ ਹਾਲਤਾਂ ਭੁੱਖਮਰੀ ਦੀਆਂ ਪ੍ਰਸਥਿਤੀਆਂ ਪੈਦਾ ਕਰਦੀਆਂ ਹਨ, ਉਦੋਂ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਤੋਂ ਉੱਖੜਨ ਲਈ ਬੇਵੱਸ ਹੋ ਜਾਂਦਾ ਹੈ। ਵਸਿਆ-ਰਸਿਆ ਘਰ, ਪਰਿਵਾਰ, ਆਲਾ-ਦੁਆਲਾ ਛੱਡਣ ਲਈ ਉਹ ਮਜਬੂਰ ਹੋ ਜਾਂਦਾ ਹੈ।
ਅੱਜ ਵਿਸ਼ਵ ਭਰ ਵਿੱਚ ਜ਼ਬਰਨ ਘਰ ਛੱਡਣ-ਛਡਾਉਣ ਦੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਅੱਠ ਕਰੋੜ ਚਾਲੀ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਨ੍ਹਾਂ ਵਿੱਚ ਚਾਰ ਕਰੋੜ ਅੱਸੀ ਲੱਖ ਲੋਕ ਤਾਂ ਆਪਣੇ ਦੇਸ਼ਾਂ ਵਿੱਚ ਹੀ ਉਜਾੜੇ ਦਾ ਸ਼ਿਕਾਰ ਹਨ। ਪਰ ਅਸਲ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਸੀਆਂ ਦੀ ਗਿਣਤੀ ਸਤਾਈ ਕਰੋੜ ਵੀਹ ਲੱਖ ਪੁੱਜ ਚੁੱਕੀ ਹੈ। ਇਨ੍ਹਾਂ ਵਿੱਚੋਂ 9 ਕਰੋੜ 50 ਲੱਖ ਲੋਕ ਹੇਠਲੇ ਅਤੇ ਵਿਚਕਾਰਲੀ ਆਮਦਨ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਹ ਉਜਾੜੇ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਜਲਵਾਯੂ ਆਫ਼ਤ, ਭੁਚਾਲ, ਹਿੰਸਕ ਝੜਪਾਂ, ਯੁੱਧ, ਮਹਿੰਗਾਈ-ਬੇਰੁਜ਼ਗਾਰੀ, ਸਿਆਸੀ ਹਾਲਾਤ, ਸੋਕਾ ਅਤੇ ਹੜ੍ਹਾਂ ਦੇ ਚਲਦਿਆਂ ਦੁਨੀਆਂ ਦੇ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਗਿਆਰਾਂ ਕਰੋੜ ਤੋਂ ਵੀ ਵੱਧ ਹੈ, ਜਿਨ੍ਹਾਂ ਵਿੱਚ 40 ਫ਼ੀਸਦੀ ਬੱਚੇ ਹਨ। ਉਹ ਰਾਸ਼ਟਰੀਅਤਾ, ਸਿੱਖਿਆ, ਸਿਹਤ, ਰੁਜ਼ਗਾਰ, ਆਵਾਗਮਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋ ਚੁੱਕੇ ਹਨ। 2024 ਵਿੱਚ ਇੱਕ ਰਿਪੋਰਟ ਇਹੋ ਜਿਹੇ ਹਾਲਾਤ ਬਾਰੇ ਛਪੀ ਹੈ, ਜੋ ਦਰਸਾਉਂਦੀ ਹੈ ਕਿ 2024 ਉਜਾੜੇ ਅਤੇ ਪ੍ਰਵਾਸ ਦੀ ਦ੍ਰਿਸ਼ਟੀ ਤੋਂ ਅਤਿਅੰਤ ਚੁਣੌਤੀ ਭਰਪੂਰ ਰਿਹਾ ਹੈ।
ਸੀਰੀਆ ਵਿੱਚ ਉਜਾੜੇ ਦੀ ਸਥਿਤੀ ਗੰਭੀਰ ਹੈ। ਯੁਕਰੇਨ ਜੰਗ ਕਾਰਨ ਇੱਕ ਕਰੋੜ ਤੇਰਾਂ ਲੱਖ ਲੋਕ ਬੇਘਰ ਹੋ ਗਏ ਹਨ। ਪੋਲੈਂਡ, ਰੁਮਾਨੀਆ, ਹੰਗਰੀ ਅਤੇ ਬੇਲਾਰੂਸ ਦੇ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨਾਰਥੀ ਬਣੇ ਹੋਏ ਹਨ। ਅਫਗਾਨਿਸਤਾਨ ਦੇ ਇੱਕ ਕਰੋੜ ਨੱਬੇ ਲੱਖ ਲੋਕ ਭੁੱਖਮਰੀ ਵਰਗੇ ਹਾਲਾਤ ਵਿੱਚ ਹਨ। ਵੈਨੇਜ਼ੁਏਲਾ ਵਿੱਚ ਤੇਈ ਲੱਖ ਲੋਕ ਭੁੱਖਮਰੀ ਦੀ ਗੰਭੀਰ ਸਥਿਤੀ ਸੰਕਟ ਵਿੱਚ ਹਨ। ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਦੱਖਣੀ ਸੁਡਾਨ ਦੇ ਹਾਲਾਤ ਅਤਿਅੰਤ ਗੰਭੀਰ ਹਨ। ਮੀਆਂਮਾਰ ਵਿੱਚੋਂ ਉੱਜੜੇ ਸਤਾਰਾਂ ਲੱਖ ਲੋਕ ਆਪਣੀ ਨਾਗਰਿਕਤਾ ਗੁਆ ਕੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤੰਗੀ ਵਾਲੀ ਸਥਿਤੀ ਵਿੱਚ ਘੱਟ ਗਿਣਤੀਆਂ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਇਨ੍ਹਾਂ ਦੇਸ਼ਾਂ ਦੇ ਬੱਚਿਆਂ ਦੇ ਹਾਲਾਤ ਅਤਿਅੰਤ ਤਰਸਯੋਗ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਕਾਰਨ ਬੌਨੇਪਨ ਦਾ ਸ਼ਿਕਾਰ ਹਨ। ਦੁਨੀਆਂ ਵਿੱਚ ਇਸ ਸਮੇਂ ਸਭ ਤੋਂ ਵੱਧ ਅਬਾਦੀ ਸ਼ਰਨਾਰਥੀਆਂ ਦੀ ਹੈ, ਜਿਨ੍ਹਾਂ ਵਿੱਚ ਦੋ ਕਰੋੜ ਪੰਜਾਹ ਲੱਖ ਤੋਂ ਜ਼ਿਆਦਾ ਆਪਣੇ ਘਰਾਂ ਵਿੱਚੋਂ ਉਜੜਕੇ ਵਿਦੇਸ਼ਾਂ ਵਿੱਚ ਦਿਨ ਕੱਟੀ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਕਰੋੜ ਦਸ ਲੱਖ ਬੱਚੇ ਹਨ। ਪਿਛਲੇ ਦਸ ਸਾਲਾਂ ਵਿੱਚ ਇਹ ਸੰਖਿਆ ਦੁੱਗਣੀ ਹੋ ਗਈ ਹੈ।
ਵਿਸ਼ਵ ਭਰ ਵਿੱਚ ਟੈਕਨੌਲੋਜੀ ਦੇ ਵਿਕਾਸ ਦੇ ਫੋਕੇ ਨਾਅਰਿਆਂ ਵਿਚਕਾਰ ਬੀਤੇ ਸਾਲ 2024 ਵਿੱਚ ਲਗਭਗ ਪੰਦਰਾਂ ਕਰੋੜ ਲੋਕ ਭੁੱਖਮਰੀ ਤੋਂ ਬੇਹਾਲ ਰਹੇ। ਕੋਵਿਡ ਦੇ ਬਾਅਦ ਹੁਣ ਤਕ ਇਸ ਗਿਣਤੀ ਵਿੱਚ ਪੰਦਰਾਂ ਕਰੋੜ ਦਾ ਹੋਰ ਵਾਧਾ ਹੋਇਆ। ਇੱਕ ਅਧਿਐਨ ਅਨੁਸਾਰ ਸਤਾਠ ਕਰੋੜ ਲੋਕਾਂ ਨੂੰ 2030 ਤਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ ਵਿੱਚ ਵੱਖੋ-ਵੱਖਰੇ ਹਨ। ਇਨ੍ਹਾਂ ਦਾ ਕਾਰਨ ਸੋਕਾ, ਹੜ੍ਹ ਭੋਜਨ ਦੀ ਘਾਟ ਅਤੇ ਹਿੰਸਾ ਹਨ। ਡਾਊਨ ਟੂ ਅਰਥ ਸਟੇਟ ਆਫ ਇੰਡੀਅਨਜ਼ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਇਹ ਦਾਅਵਾ ਕਰਦੀ ਹੈ ਕਿ ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ ਪਚਾਸੀ ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ। ਅਸਾਮ, ਮਿਜ਼ੋਰਮ, ਕਸ਼ਮੀਰ, ਮੇਘਾਲਿਆ, ਮਨੀਪੁਰ, ਤ੍ਰਿਪੁਰਾ ਵਿੱਚ ਸਾਲ 2022 ਦੇ ਅੰਤ ਤਕ ਸੱਤ ਲੱਖ ਲੋਕਾਂ ਨੂੰ ਆਪਣੇ ਘਰ ਛਡਣੇ ਪਏ।
ਵਿਕਾਸ ਦੀਆਂ ਕਈ ਯੋਜਨਾਵਾਂ ਵੀ ਉਜਾੜੇ ਦਾ ਕਾਰਨ ਬਣ ਰਹੀਆਂ ਹਨ। ਸੈਂਟਰ ਫਾਰ ਸਾਇੰਜ ਐਂਡ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਹੜ੍ਹ, ਸੋਕੇ ਅਤੇ ਚੱਕਰਵਾਤ ਤੂਫਾਨਾਂ ਕਾਰਨ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਉਜਾੜਾ ਹੋ ਰਿਹਾ ਹੈ। ਦੇਸ਼ ਦੇ ਪਹਾੜੀ ਅਤੇ ਸਮੁੰਦਰੀ ਤੱਟ ਵਰਤੀ ਖੇਤਰਾਂ ਤੋਂ ਬਿਨਾਂ ਬਿਹਾਰ, ਛੱਤੀਸਗੜ੍ਹ, ਝਾਰਖੰਡ ਵਿੱਚ ਵੀ ਲਗਾਤਾਰ ਇਹੋ ਜਿਹੀਆਂ ਸਥਿਤੀਆਂ ਵੇਖਣ ਨੂੰ ਮਿਲਦੀਆਂ ਹਨ।
ਬਿਨਾਂ ਸ਼ੱਕ ਮਨੁੱਖ ਨੂੰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁਦਰਤੀ ਆਫ਼ਤਾਂ ਹਨ, ਜਿਨ੍ਹਾਂ ਦਾ ਕਾਰਨ ਵਾਤਾਵਰਣ ਨਾਲ ਵੱਡੀ ਛੇੜ-ਛਾੜ ਹੈ, ਜਿਸਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਵਿੱਚੋਂ ਵੀ ਘੱਟ ਤਾਕਤਵਰ, ਕਮਜ਼ੋਰ ਲੋਕ, ਖ਼ਾਸ ਕਰਕੇ ਔਰਤਾਂ ਤੇ ਬੱਚੇ ਆਫ਼ਤਾਂ, ਯੁੱਧਾਂ ਦੇ ਸਿੱਟਿਆਂ ਦਾ ਵੱਧ ਸ਼ਿਕਾਰ ਹੁੰਦੇ ਹਨ।
ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ, ਸਾਧਨਾਂ ਦੀ ਲੁੱਟ ਇਹੋ ਜਿਹੇ ਕਾਰਨ ਹਨ, ਜੋ ਸਾਧਨਹੀਣ ਮਨੁੱਖ ਲਈ ਵਧੇਰੇ ਮੁਸੀਬਤਾਂ ਖੜ੍ਹੀਆਂ ਕਰਦੇ ਹਨ। ਹੇਠਲੇ ਵਰਗ ਵਾਲੇ, ਘੱਟ ਆਮਦਨੀ ਵਾਲੇ ਲੋਕਾਂ ਨੂੰ ਪ੍ਰਵਾਸ ਦਾ ਵੱਧ ਦਰਦ ਸਹਿਣਾ ਪੈਂਦਾ ਹੈ। ਘਰੋਂ ਬੇਘਰ ਹੋਣਾ, ਭੁੱਖਮਰੀ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ ਦੀ ਮਾਰ ਹੇਠ ਆਉਣਾ, ਇਹ ਵਰਤਮਾਨ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਦੀ ਤਾਕਤ ਅਤੇ ਧਨ ਹਥਿਆਉਣ ਦਾ ਸਿੱਟਾ ਹੈ, ਜੋ ਕੁਦਰਤ ਦੇ ਨਾਲ ਖਿਲਵਾੜ ਕਰਕੇ ਨਵੇਂ ਪ੍ਰਾਜੈਕਟ ਲਗਾਕੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਭੜੌਲੇ ਭਰਦੇ ਹਨ, ਹਾਕਮਾਂ ਨਾਲ ਰਲਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ, ਸ਼ੋਸ਼ਣ ਕਰਦੇ ਹਨ। ਇਹ ਵਰਤਾਰਾ ਦੇਸ-ਪ੍ਰਦੇਸ ਵਿੱਚ ਲਗਾਤਾਰ ਵਧ ਰਿਹਾ ਹੈ।
ਮਨੁੱਖ ਮੁੱਢ ਕਦੀਮ ਤੋਂ ਪ੍ਰਵਾਸ ਹੰਢਾਉਂਦਾ, ਜੰਗਲ ਬੇਲੇ ਘੁੰਮਦਾ, ਸੁਰੱਖਿਅਤ ਟਿਕਾਣਿਆਂ ਅਤੇ ਚੰਗੇ ਸੁਖਾਵੇਂ ਜੀਵਨ ਦੀ ਭਾਲ ਅਤੇ ਲਾਲਸਾ ਤਹਿਤ ਆਪਣੀ ਜਨਮ ਭੂਮੀ ਤੋਂ ਦੂਰ ਜਾਂਦਾ ਰਿਹਾ ਹੈ। ਜੀਵਨ ਦਾ ਉਸਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਉਸਦੀ ਤਾਂਘ ਬ੍ਰਹਿਮੰਡ ਵਿੱਚ ਵਿਸ਼ਵ ਨਾਗਰਿਕਤਾ ਪ੍ਰਾਪਤ ਕਰਨ ਨਾਲ ਜੁੜੀ ਹੈ। ਉਸਦੀ ਸੋਚ, ਭੁੱਖਮਰੀ ਤੋਂ ਛੁਟਕਾਰਾ ਪਾਕੇ ਚੰਗੀ ਸੁਖਾਵੀਂ ਜ਼ਿੰਦਗੀ ਜੀਊਣ ਨਾਲ ਬੱਝੀ ਹੋਈ ਹੈ। ਦੇਸਾਂ-ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਿਯਮ ਉਸ ਨੂੰ ਆਪਣੀ ਖੁੱਲ੍ਹੀ ਸੋਚ ਵਿੱਚ ਰੁਕਾਵਟ ਜਾਪਦੇ ਹਨ। ਉਹ ਕਈ ਵਾਰ ਵੱਡੇ ਜ਼ੋਖ਼ਮ ਉਠਾਕੇ ਕਾਨੂੰਨੀ ਸੰਗਲਾਂ ਨੂੰ ਤੋੜਦਾ-ਤੋੜਦਾ ਕਈ ਵਾਰ ਆਪ ਇਨ੍ਹਾਂ ਸੰਗਲਾਂ ਵਿੱਚ ਜਕੜਿਆ ਜਾਂਦਾ ਹੈ।
ਉਂਜ ਮਨੁੱਖ ਲਈ ਉਜਾੜਾ ਅਤੇ ਪ੍ਰਵਾਸ ਦੋਵੇਂ ਹੀ ਅਤਿਅੰਤ ਖ਼ਤਰਨਾਕ ਪੀੜਾਦਾਇਕ ਹਨ, ਜਿਨ੍ਹਾਂ ਤੋਂ ਨਿਜਾਤ ਪਾਉਣ ਲਈ ਮਨੁੱਖ ਨੂੰ ਨਵੇਕਲੀ ਸੋਚ ਨਾਲ ਨਵੇਂ ਦਿਸਹੱਦੇ ਸਿਰਜਣੇ ਪੈਣਗੇ ਤਾਂ ਕਿ ਚੰਗੇਰਾ ਮਨੁੱਖੀ ਜੀਵਨ ਜੀਊਣ ਦੀਆਂ ਉਸਦੀਆਂ ਆਸਾਂ ਨੂੰ ਬੂਰ ਪਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)