“ਇਸ ਵੇਲੇ ਦੇਸ਼ ਦੀਆਂ 2024 ਦੀਆਂ ਚੋਣਾਂ ਵੇਲੇ 100 ਕਰੋੜ ਵੋਟਰ ਦੇਸ਼ ਦੇ ਚੋਣ ਕਮਿਸ਼ਨ ਨੇ ਰਜਿਸਟਰਡ ਕੀਤੇ ਹਨ ...”
(4 ਜੂਨ 2024)
ਇਸ ਸਮੇਂ ਪਾਠਕ: 635.
ਪ੍ਰਧਾਨ ਮੰਤਰੀ ਨਰੇਂਦਰ ਮੋਦੀ 2014-2024 ਦੌਰਾਨ ਆਪਣੇ ਭਾਸ਼ਣਾਂ, ਆਪਣੇ ਕੀਤੇ ਕੰਮਾਂ ਕਾਰਨ ਦੇਸ਼-ਵਿਦੇਸ਼ ਵਿੱਚ ਪੂਰੀ ਤਰ੍ਹਾਂ ਛਾਇਆ ਰਿਹਾ। ਇਹਨਾਂ ਦਸ ਵਰ੍ਹਿਆਂ ਵਿੱਚ ਦੇਸ਼ ਵਿੱਚ ਤਿੰਨ ਲੋਕ ਸਭਾ ਚੋਣਾਂ ਅਤੇ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੋ ਜਾਂ ਤਿੰਨ ਵਾਰ ਹੋਈਆਂ ਅਤੇ ਭਾਜਪਾ ਦੇ ਮੁੱਖ ਵਕਤਾ ਵਜੋਂ ਉਸਨੇ ਹਜ਼ਾਰਾਂ ਭਾਸ਼ਨ ਦਿੱਤੇ। ਉਸਦੇ ਭਾਸ਼ਨਾਂ ਦੀ ਵੰਨਗੀ ਵੇਖੋ, “ਮਹਾਤਮਾ ਗਾਂਧੀ ਨੂੰ ਦੁਨੀਆ ਵਿੱਚ ਉਦੋਂ ਤਕ ਕੋਈ ਨਹੀਂ ਸੀ ਜਾਣਦਾ, ਜਦੋਂ ਤਕ ਉਸ ਉੱਤੇ “ਗਾਂਧੀ” ਫਿਲਮ ਨਹੀਂ ਸੀ ਬਣੀ। ... ਕਾਂਗਰਸ ਦੇ ਸੱਤਾ ਵਿੱਚ ਆਉਣ ਨਾਲ ਔਰਤਾਂ ਦੇ ਮੰਗਲਸੂਤਰ ਨੂੰ ਖ਼ਤਰਾ ਪੈਦਾ ਹੋ ਜਾਏਗਾ।”
ਵਿਰੋਧੀ ਧਿਰਾਂ ਉਸ ਨੂੰ ਝੂਠ ਦੀ ਪੰਡ ਗਰਦਾਨਦੀਆਂ ਹਨ, ਉਸ ਨੂੰ ‘ਬਾਦਸ਼ਾਹ’ ਦਾ ਖਿਤਾਬ ਦਿੰਦੀਆਂ ਹਨ, ਕਿਉਂਕਿ ਉਸਨੇ ਦੇਸ਼ ਵਿੱਚ ‘ਰਾਜਾਸ਼ਾਹੀ’ ਦਾ ਦੌਰ ਲਿਆਉਣ ਲਈ ਪੂਰੀ ਵਾਹ ਲਾਈ ਹੋਈ ਹੈ। ਧਰਮ ਦਾ ਸਿੱਕਾ ਚਲਾਕੇ, ਧਾਰਮਿਕ ਵੰਡੀਆਂ ਪਾਕੇ ਉਹ ਹਰ ਹੀਲੇ ਦੇਸ਼ ਦੇ ਲੋਕਾਂ, ਦੇਸ਼ ਦੇ ਧੰਨ ਦੌਲਤ, ਦੇਸ਼ ਦੇ ਕੁਦਰਤੀ ਵਸੀਲਿਆਂ ਅਤੇ ਇੱਥੋਂ ਤਕ ਕਿ ਲੋਕ ਮਨਾਂ ਉੱਤੇ ਆਪਣੀ ਨਵੇਕਲੀ ਛਾਪ ਛਡਣਾ ਚਾਹੁੰਦਾ ਹੈ। ਉਹ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਚੋਣ ਦਾ ਮੁਦਈ ਹੈ ਅਤੇ ਆਰ.ਐੱਸ.ਐੱਸ. ਦੇ ਅਜੰਡੇ ਹਿੰਦੀ, ਹਿੰਦੂ ਅਤੇ ਹਿੰਦੋਸਤਾਨ ਨੂੰ ਦੇਸ਼ ਦੇ ਲੋਕਾਂ ਉੱਤੇ ਹਰ ਹੀਲੇ ਲਾਗੂ ਕਰਨਾ ਚਾਹੁੰਦਾ ਹੈ।
ਗਰੰਟੀਆਂ ਦੇਣ ਵਾਲਾ ਦੇਸ਼ ਦਾ ਸਭ ਤੋਂ ਵੱਧ ਵਿਵਾਦਤ ਪ੍ਰਧਾਨ ਮੰਤਰੀ ਮੋਦੀ, ਇਹਨਾਂ ਦਸ ਵਰ੍ਹਿਆਂ ਵਿੱਚ ਦੇਸ਼ ਦੇ ਸੰਵਿਧਾਨ ਦੇ ਪ੍ਰਖਚੇ ਉਡਾਉਣ ਵਾਲੇ ਪ੍ਰਧਾਨ ਮੰਤਰੀ ਵਜੋਂ ਜਾਣਿਆ ਜਾਣ ਲੱਗ ਪਿਆ। ਇੱਕ ਇਹੋ ਜਿਹਾ ਚਿਹਰਾ ਜਿਸਨੇ ਆਪਣੀ ਹਕੂਮਤ ਪ੍ਰਧਾਨ ਮੰਤਰੀ ਦਫਤਰੋਂ ਚਲਾਈ, ਕਿਸੇ ਦੀ ਪ੍ਰਵਾਹ ਨਹੀਂ ਕੀਤੀ, ਇੱਥੋਂ ਤਕ ਵੀ ਚਰਚੇ ਹਨ ਕਿ ਉਹਨਾ ਆਪਣੀ ਆਕਾ ‘ਆਰ.ਐੱਸ.ਐਸ.’ ਨੂੰ ਵੀ ਅੱਖਾਂ ਵਿਖਾਈਆਂ ਅਤੇ ਥਾਂ ਸਿਰ ਕਰਕੇ ਰੱਖ ਦਿੱਤਾ। ਉਹਨਾਂ ਨੇ ਆਪਣੇ ਨਿਵਾਸ ਅਤੇ ਦਫਤਰ ਦੀਆਂ ਬਰੂਹਾਂ ਮੀਡੀਆ ਕਰਮੀਆਂ ਲਈ ਘੁੱਟਕੇ ਬੰਦ ਕਰੀ ਰੱਖੀਆਂ। ਸਾਥੀ ਮੰਤਰੀਆਂ ਅਤੇ ਸਰਕਾਰੀ ਅਹਿਲਕਾਰਾਂ ਨੂੰ ਵੀ ਇਸੇ ਤਰ੍ਹਾਂ ਹੀ ਤਾੜਕੇ ਰੱਖਿਆ ਗਿਆ।
ਮੋਦੀ ਦੀਆਂ ‘ਮਨ ਦੀਆਂ ਬਾਤਾਂ’ ਮੋਦੀ ਹੀ ਜਾਣੇ। ਬਾਹਰੀ ਤੌਰ ’ਤੇ ‘ਮਨ ਕੀ ਬਾਤ’ ਕਰਦਿਆਂ ਉਹ ਇਵੇਂ ਜਾਪਦਾ ਹੈ, ਜਿਵੇਂ ਉਹ ਸੱਚਮੁੱਚ ਲੋਕ-ਨੁਮਾਇੰਦਾ ਹੋਵੇ ਪਰ ਅਸਲ ਅਰਥਾਂ ਵਿੱਚ ਮੋਦੀ ਆਪਣੇ ਆਪ ਨੂੰ ਰੱਬ ਦਾ ਭੇਜਿਆ ‘ਰਾਜਾ’ ਸਮਝਦਾ ਰਿਹਾ, ਜਿਸ ਨੂੰ ਦੈਵੀ ਸ਼ਕਤੀਆਂ ਨੇ ਦੇਵ-ਭੂਮੀ ਉੱਤੇ ਸ਼ਾਸਨ ਕਰਨ ਲਈ ਭੇਜਿਆ ਹੋਵੇ। ਸੱਚਮੁੱਚ ਬੰਦ ਕਮਰੇ ਦੀ ਬੰਦ ਮਨ ਵਾਲੀ ਸ਼ਖਸੀਅਤ, ਕਾਫੀ ਲੰਮਾ ਸਮਾਂ ਲੋਕਾਂ ਲਈ ਬੁਝਾਰਤ ਬਣੀ ਰਹੀ, ਪਰ ਜਦੋਂ ਆਮ ਲੋਕ ਗਰੀਬੀ ਵਿੱਚ ਗ੍ਰਸੇ ਗਏ, ਬੇਰੁਜ਼ਗਾਰੀ ਦੇ ਪੁੜ ਵਿੱਚ ਹੋਰ ਪੀਸੇ ਗਏ ਤਾਂ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਦੇਸ਼ ਮੁੜ ਰਜਵਾੜਾਸ਼ਾਹੀ, ਰਾਜਾਸ਼ਾਹੀ ਦੇ ਪੁੜਾਂ ਵਿੱਚ ਪੀਸਿਆ ਜਾ ਰਿਹਾ ਹੈ, ਜਿੱਥੇ ਰਾਜੇ ਦੀ ਕਹਿਣੀ ਅਤੇ ਕਥਨੀ ਵਿੱਚ ਢੇਰ ਸਾਰਾ ਅੰਤਰ ਹੈ।
ਬਿਨਾਂ ਸ਼ੱਕ ਨਰੇਂਦਰ ਮੋਦੀ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਬਣੇ, ਮੋਦੀ ਲਹਿਰ ਵੀ ਪੰਜਾਬ ਨੂੰ ਛੱਡਕੇ ਉੱਤਰੀ ਭਾਰਤ ਖ਼ਾਸਕਰ ਬਿਹਾਰ, ਯੂ.ਪੀ., ਮੱਧ ਪ੍ਰਦੇਸ਼ ਆਦਿ ਵਿੱਚ ਚੱਲੀ, ਪਰ ਪੱਛਮੀ ਬੰਗਾਲ, ਕੇਰਲਾ ਅਤੇ ਕਈ ਹੋਰ ਦੱਖਣੀ ਰਾਜਾਂ ਵਿੱਚ ਉਸ ਨੂੰ ਇਸ ਕਰਕੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹਨਾਂ ਨੇ ਵਿਵਾਦਿਤ ਬਿਆਨ ਹੀ ਨਹੀਂ ਦਿੱਤੇ, ਸਗੋਂ ਵਿਵਾਦਿਤ ਕਾਨੂੰਨ ਵੀ ਪਾਸ ਕੀਤੇ, ਜਿਹਨਾਂ ਵਿੱਚ ਖੇਤੀ ਕਾਨੂੰਨ, ਸੀ.ਏ.ਏ. ਅਤੇ ਧਾਰਾ 370 ਸ਼ਾਮਲ ਸੀ, ਜਿਸਨੇ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਹਾਹਾਕਾਰ ਮਚਾ ਦਿੱਤੀ।
ਮੋਦੀ ਸ਼ਾਸਨ ਦੌਰਾਨ ਦਿੱਲੀ ਵਿੱਚ ਦੰਗੇ ਹੋਏ, ਮਨੀਪੁਰ ਵਿੱਚ ਸ਼ਰਮਨਾਕ ਘਟਨਾਵਾਂ ਵਾਪਰੀਆਂ। ਇਨ੍ਹਾਂ ਨਾਲ ਨਰੇਂਦਰ ਮੋਦੀ ਦਾ ਅਕਸ ਭਾਰਤ ਵਿੱਚ ਹੀ ਨਹੀਂ, ਸਮੁੱਚੇ ਵਿਸ਼ਵ ਵਿੱਚ ਧੁੰਦਲਾ ਹੋਇਆ। ਮਨੀਪੁਰ ਹਾਲੇ ਵੀ ਕੁਰਲਾ ਰਿਹਾ ਹੈ। ਉੱਥੋਂ ਦੇ ਲੋਕਾਂ ਵਿੱਚ ਪਾਈਆਂ ਗਈਆਂ ਵੰਡੀਆਂ ਦੇਸ਼ ਦੇ ਲੋਕਤੰਤਰਿਕ ਢਾਂਚੇ ਉੱਤੇ ਧੱਬਾ ਹਨ, ਜਿਸਨੇ ਉੱਥੋਂ ਦੇ ਲੋਕਾਂ ਦੀ ਆਪਸੀ ਸਾਂਝ ਤਾਂ ਖ਼ਤਮ ਕੀਤੀ ਹੀ ਪਰ ਨਾਲ ਵਿਸ਼ਵ ਵਿੱਚ ਇਹ ਸੰਦੇਸ਼ ਵੀ ਗਿਆ ਕਿ ਭਾਰਤ ਵਿੱਚ ਫਿਰਕੂ ਫਸਾਦ ਆਮ ਗੱਲ ਬਣ ਗਈ ਹੈ ਤੇ ਭਾਰਤ ਹੁਣ ਧਰਮ ਨਿਰਪੱਖ ਦੇਸ਼ ਵੀ ਨਹੀਂ ਰਿਹਾ। ਦੇਸ਼ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਜਿਹੜਾ ਵੀ ਮੋਦੀ ਰਾਜ ਵਿਰੁੱਧ ਬੋਲਿਆ, ਉਸ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ। ਸਿਆਸੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਈ.ਡੀ., ਸੀ.ਬੀਆਈ. ਦੀ ਦੁਰਵਰਤੋਂ ਹੋਈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਆਯੋਧਿਆ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਸਮੇਂ ਮੁੱਖ ਭੂਮਿਕਾ ਨਿਭਾਉਣਾ ਤੇ ਫਿਰ ਇਹਨਾਂ ਰਾਮ ਭਗਤਾਂ ਨੂੰ ਆਪਣੇ ਵੋਟ ਬੈਂਕ ਵਿੱਚ ਬਦਲਣ ਦਾ ਯਤਨ ਦੇਸ਼ ਦੇ ਚੇਤੰਨ ਲੋਕਾਂ ਨੂੰ ਚੰਗਾ ਨਹੀਂ ਲੱਗਾ। ਇਸ ਸਭ ਕੁਝ ਦਾ ਸਿੱਧਾ ਅਸਰ ਆਮ ਲੋਕਾਂ ਵਿੱਚ ਫੈਲੀ ਨਿਰਾਸ਼ਾ ਵਜੋਂ ਵੇਖਿਆ ਜਾ ਸਕਦਾ ਹੈ।
ਭਾਰਤ ਵੱਡਾ ਲੋਕਤੰਤਰ ਹੈ, ਇਸਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਹਨ। ਇਸ ਵੇਲੇ ਦੇਸ਼ ਦੀਆਂ 2024 ਦੀਆਂ ਚੋਣਾਂ ਵੇਲੇ 100 ਕਰੋੜ ਵੋਟਰ ਦੇਸ਼ ਦੇ ਚੋਣ ਕਮਿਸ਼ਨ ਨੇ ਰਜਿਸਟਰਡ ਕੀਤੇ ਹਨ, ਜਿਹਨਾਂ ਵਿੱਚੋਂ 64 ਕਰੋੜ ਲੋਕਾਂ ਨੇ ਹੀ ਵੋਟ ਪਾਈ ਹੈ, ਇਸ ਵਿੱਚੋਂ ਵੀ ‘ਨੋਟਾ’ ਵੋਟਰਾਂ ਦੀ ਗਿਣਤੀ ਹੋਏਗੀ। ਭਾਵ ਸਿਰਫ਼ 60 ਕੁ ਕਰੋੜ ਲੋਕਾਂ ਨੇ ਵੋਟ ਪਾਈ ਹੈ। ਆਮ ਲੋਕ ਜਿਹੜੇ ਗਰੀਬੀ ਦੇ ਸਤਾਏ ਹੋਏ ਹਨ, ਬੇਰੁਜ਼ਗਾਰੀ ਦੇ ਮਾਰੇ ਹੋਏ ਹਨ, ਉਹ ਹਾਕਮਾਂ ਦੀਆਂ ਨੀਤੀਆਂ ਕਾਰਨ ਇਸ ‘ਚੋਣ-ਕੁੰਭ’ ਵਿੱਚ ਹਿੱਸਾ ਲੈਣ ਤੋਂ ਇਨਕਾਰੀ ਹੋ ਗਏ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਹਾਕਮ, ਜਿਹੜੇ ਇਹ ਆਖਦੇ ਹਨ ਕਿ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਪੰਜਵੀਂ ਵਿਸ਼ਵ ਅਰਥ ਵਿਵਸਥਾ ਬਣਿਆ ਹੈ, ਇਹ ਦੱਸਦੇ ਕੰਨੀ ਕਤਰਾਉਂਦੇ ਹਨ ਕਿ ਦੇਸ਼ ਦੇ ਆਮ ਆਦਮੀ ਦੀਆਂ ਜੀਊਣ ਹਾਲਤਾਂ ਕਿਹੋ ਜਿਹੀਆਂ ਹਨ। ਹਾਲਾਂਕਿ ਨਰੇਂਦਰ ਮੋਦੀ ਗਰੰਟੀ ਦਿੰਦਿਆਂ ਆਮ ਆਦਮੀ ਨੂੰ ਚੰਗੇ ਭਵਿੱਖ ਅਤੇ ਚੰਗੇ ਦਿਨਾਂ ਦੇ ਸੁਪਨੇ ਵਿਖਾਉਂਦਾ ਰਿਹਾ, ਉਸ ਨੇ ਦਰਜਨਾਂ ਭਰ ਕਲਿਆਣਕਾਰੀ ਯੋਜਨਾਵਾਂ, ਜਿਹਨਾਂ ਵਿੱਚ ਬੇਟੀ ਬਚਾਓ - ਬੇਟੀ ਪੜ੍ਹਾਓ, ਸਵੱਛ ਭਾਰਤ ਮਿਸ਼ਨ, ਪੀ.ਐੱਮ. ਮੁਦਰਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਸਮਾਰਟ ਸਿਟੀ ਯੋਜਨਾ, ਮੇਕ ਇਨ ਇੰਡੀਆ ਯੋਜਨਾਵਾਂ ਸਮੇਤ 26 ਮਹੱਤਵਪੂਰਨ ਯੋਜਨਾਵਾਂ ਸ਼ਾਮਲ ਸਨ, ਸ਼ੁਰੂ ਕੀਤੀਆਂ ਪਰ ਲਗਭਗ ਸਾਰੀਆਂ ਠੁੱਸ ਹੋ ਕੇ ਰਹਿ ਗਈਆਂ। ਕਿਸਾਨਾਂ ਦੀ ਮੰਦੀ ਹਾਲਤ ਸੁਧਾਰਨ ਲਈ 6 ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ, ਪਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਰਾਜਾਂ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਆਪਣੀਆਂ ਮੰਗਾਂ ਲਈ ਬੈਠੇ ਹਨ। ਉਹਨਾਂ ਨੂੰ ਆਮ ਲੋਕਾਂ ਦਾ ਸਮਰਥਨ ਵੀ ਮਿਲਿਆ ਹੈ ਪਰ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਗਿਆ। ਅਸਲ ਵਿੱਚ ਨਰੇਂਦਰ ਮੋਦੀ ਦਾ ਉਦੇਸ਼ ਖੇਤੀ ਕਾਰਪੋਰੇਟ ਹੱਥਾਂ ਵਿੱਚ ਸੌਂਪਣ ਦਾ ਹੈ। ਜਿਵੇਂ ਉਹਨਾਂ ਨੇ ਦੇਸ਼ ਦੀਆਂ ਖੁਦਮੁਖਤਾਰ ਸੰਸਥਾਵਾਂ ਦੀ ਆਜ਼ਾਦੀ ਖ਼ਤਮ ਕਰਕੇ ਆਪਣੇ ਹਿਤਾਂ ਲਈ ਵਰਤਿਆਂ, ਉਵੇਂ ਹੀ ਸਰਕਾਰੀ ਸਰਵਜਨਕ ਸੰਸਥਾਵਾਂ ਦਾ ਨਿੱਜੀਕਰਨ ਕਰਕੇ ਦੇਸ਼ ਨੂੰ ਕਾਰਪੋਰੇਟਾਂ ਹੱਥ ਵੇਚਿਆ ਗਿਆ।
ਅਡਾਨੀ ਅਤੇ ਅੰਬਾਨੀ ਨੂੰ ਜਿਸ ਢੰਗ ਨਾਲ ਦੇਸ਼ ਦੇ ਅਦਾਰੇ ਸਪੁਰਦ ਕੀਤੇ ਗਏ ਅਤੇ ਜਿਸ ਢੰਗ ਨਾਲ ਸਿੱਖਿਆ, ਸਿਹਤ ਸਹੂਲਤਾਂ ਤੋਂ ਹੱਥ ਖਿੱਚਕੇ ਤਿੰਨ ਤਾਰਾ ਹਸਪਤਾਲ, ਪੰਜ ਤਾਰਾ ਸਕੂਲ, ਹਸਪਤਾਲ ਬਣਾਉਣ ਹਿਤ ਕਦਮ ਚੁੱਕੇ ਗਏ, ਉਸ ਨਾਲ ਦੇਸ਼ ਵਿੱਚ ਗਰੀਬ-ਅਮੀਰ ਦਾ ਪਾੜਾ ਵਧਿਆ ਹੈ। ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਵਾਧਾ ਹੋਇਆ ਹੈ। ਕਰੋੜਾਂ ਲੋਕਾਂ ਦਾ ਜੀਵਨ ਬਦ ਤੋਂ ਬਦਤਰ ਹੋਇਆ ਹੈ। ਸਰਕਾਰੀ ਸਕੂਲਾਂ, ਹਸਪਤਾਲਾਂ ਦੇ ਹਾਲਾਤ ਦੇਸ਼ ਭਰ ਵਿੱਚ ਖਰਾਬ ਹੋਏ ਹਨ। ਟੀਚਰਾਂ, ਡਾਕਟਰਾਂ ਅਤੇ ਡਾਕਟਰੀ ਅਮਲੇ ਦੀ ਘਾਟ ਸਪਸ਼ਟ ਦਿਖਦੀ ਹੈ। ਇਹੋ ਜਿਹੇ ਹਾਲਾਤ ਵਿੱਚ 2014 ਤੋਂ 2024 ਤਕ ਕਿਹੜੀਆਂ ਪ੍ਰਾਪਤੀਆਂ ਗਿਣੀਆਂ ਜਾ ਸਕਦੀਆਂ ਹਨ, ਜਿਹਨਾਂ ’ਤੇ ਨਰੇਂਦਰ ਮੋਦੀ ਖੁਸ਼ ਹੋ ਸਕਦੇ ਹਨ?
ਕੀ ਇਹੋ ਪ੍ਰਾਪਤੀ ਹੈ ਕਿ ਧਰਮ ਦੇ ਨਾਂਅ ’ਤੇ ਧਰੁਵੀਕਰਨ ਕਰ ਦਿੱਤਾ ਗਿਆ ਤੇ ਵੋਟਾਂ ਅਟੇਰੀਆਂ ਗਈਆਂ?
ਕੀ ਕੁਦਰਤੀ ਸਾਧਨ ਧੰਨ ਕੁਬੇਰਾਂ ਦੇ ਹੱਥ ਫੜਾ ਕੇ ਦੇਸ਼ ਦੇ ਕੁਝ ਹਿੱਸਿਆਂ ਨੂੰ ਚਮਕਾ ਦਿੱਤਾ ਗਿਆ ਅਤੇ ਬਾਕੀਆਂ ਨੂੰ ਵੱਡਿਆਂ ਵੱਲੋਂ ਮਸਲਣ ਲਈ ਉਹਨਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ?
ਕੀ ਇਹੋ ਪ੍ਰਾਪਤੀ ਹੈ ਕਿ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਦੇ ਨਾਂਅ ਉੱਤੇ ਵੱਡੇ ਵੱਡੇ ਹਸਪਤਾਲ, ਸਕੂਲ ਸਿਰਜ ਦਿੱਤੇ ਗਏ ਤੇ ਆਮ ਲੋਕਾਂ ਲਈ ਤੱਪੜ, ਦਰੀਆਂ ਵਾਲੇ, ਬਿਨਾਂ ਬੁਨਿਆਦੀ ਢਾਂਚੇ ਵਾਲੇ ਸਕੂਲ, ਹਸਪਤਾਲ ਛੱਡ ਦਿੱਤੇ ਗਏ?
ਕੀ ਇਹੋ ਪ੍ਰਾਪਤੀ ਹੈ ਕਿ 82 ਕਰੋੜ ਲੋਕਾਂ ਨੂੰ ਅਨਾਜ ਦੇ ਕੇ ਖੁਸ਼ ਕਰਨ ਦਾ ਯਤਨ ਹੋਇਆ ਤੇ ਉਹਨਾਂ ਨੂੰ ਨੌਕਰੀਆਂ ਤੋਂ ਵੇਰਵੇ ਰੱਖਕੇ ਸਿਰਫ਼ ਉਹਨਾਂ ਹੱਥ ਠੂਠਾ ਫੜਾ ਦਿੱਤਾ ਗਿਆ?
ਕੀ ਇਹੋ ਪ੍ਰਾਪਤੀ ਹੈ ਕਿ ਵੱਡੇ ਹਾਈਵੇ, ਮੌਲਜ਼ ਆਦਿ ਬਣਾ ਦਿੱਤੇ ਗਏ ਅਤੇ ਪਿੰਡਾਂ ਦੀਆਂ ਸੜਕਾਂ, ਰਸਤਿਆਂ, ਪੁਲਾਂ, ਸਕੂਲਾਂ ਨੂੰ ਅਣਗੌਲਿਆ ਗਿਆ?
ਕੀ ਇਹੋ ਪ੍ਰਾਪਤੀ ਹੈ ਕਿ ਕੁਦਰਤੀ ਖਜ਼ਾਨੇ ਜੰਗਲ, ਖਾਣਾਂ ਕਾਰਪਰੇਟਾਂ ਨੂੰ ਸੌਂਪ ਦਿੱਤੇ ਗਏ ਤੇ ਵਾਤਾਵਰਣ ਦਾ ਘਾਣ ਕਰ ਦਿੱਤਾ ਗਿਆ ਤੇ ਦੇਸ਼ ਨੂੰ ਹੜ੍ਹਾਂ, ਸੋਕੇ ਅਤੇ ਅਤਿਅੰਤ ਗਰਮੀ ਨਾਲ ਮਰਨ ਲਈ ਉਵੇਂ ਹੀ ਛੱਡ ਦਿੱਤਾ ਗਿਆ, ਜਿਵੇਂ ਕਰੋਨਾ ਕਾਲ ਸਮੇਂ ਹਾਕਮਾਂ ਨੂੰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਮਰਨ ਲਈ ਛੱਡ ਦਿੱਤਾ ਸੀ ਅਤੇ ਉਹਨਾਂ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਵੀ ਨਸੀਬ ਨਹੀਂ ਸਨ ਹੋਏ, ਸਗੋਂ ਲਾਸ਼ਾਂ ਗੰਗਾ ਦਰਿਆ ਸਪੁਰਦ ਕਰਨ ਲਈ ਲੋਕ ਮਜਬੂਰ ਹੋਏ ਸਨ?
ਕੀ ਇਹੋ ਪ੍ਰਾਪਤੀ ਹੈ ਨਰੇਂਦਰ ਮੋਦੀ ਦੀ ਕਿ ਦੇਸ਼ ਵਿੱਚ ਅਰਬਪਤੀਆਂ, ਖਰਬਪਤੀ ਲੋਕਾਂ ਦੀ ਗਿਣਤੀ ਵਧਾ ਦਿੱਤੀ ਗਈ ਅਤੇ ਗਰੀਬ-ਅਮੀਰ ਦੀ ਆਮਦਨ ਵਿੱਚ ਪਾੜਾ ਹੋਰ ਵੀ ਵਧ ਗਿਆ?
2014 ਤੇ 2024 ਦਾ ਦਹਾਕਾ ਦੇਸ਼ ਦੇ ਲੋਕਤੰਤਰੀ ਇਤਿਹਾਸ ਵਿੱਚ ਕਾਲੇ ਦੌਰ ਵਜੋਂ ਤਾਂ ਵੇਖਿਆ ਹੀ ਜਾ ਰਿਹਾ ਹੈ, ਆਮ ਲੋਕਾਂ ਦੀ ਗੁਰਬਤੀ ਹਾਲਤ, ਬੇਰੁਜ਼ਗਾਰੀ ਭਰਪੂਰ ਜ਼ਿੰਦਗੀ, ਭ੍ਰਿਸ਼ਟਾਚਾਰ ਯੁਕਤ ਧੱਕੇ-ਧੌਂਸ ਵਾਲੀ ਰਜਵਾੜਾਸ਼ਾਹੀ ਸਿਆਸਤ ਵਜੋਂ ਵੀ ਜਾਣਿਆ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5025)
ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)