GurmitPalahi8ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆਂ ਵਿੱਚੋਂ ਬਾਹਰ ...
(18 ਮਾਰਚ 2025)

 

ਦੁਨੀਆ ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਸਿਮਟਦੀ ਜਾ ਰਹੀ ਹੈਇਹੀ ਮੁੱਠੀ ਭਰ ਲੋਕ ਮਨੁੱਖ ਦੇ ਅਧਿਕਾਰਾਂ ਦਾ ਹਨਨ ਕਰਕੇ ਉਹਨਾਂ ਨੂੰ ਇੱਕ ਬਿੰਦੂ ਬਣਾਉਣ ਦੀ ਚਾਲ ਚੱਲ ਰਹੇ ਹਨਪਿਛਲੇ ਕੁਝ ਸਾਲਾਂ ਵਿੱਚ ਜਿਵੇਂ ਦੁਨੀਆ ਦੇ ਸਭ ਤੋਂ ਵੱਡੇ ਸੌਦਾਗਰਾਂ ਨੇ ਸੌਦੇਬਾਜ਼ੀ ਕੀਤੀ, ਆਪਣੇ ਹਿਤਾਂ ਦੀ ਪੂਰਤੀ ਲਈ ਘਿਨਾਉਣੇ ਯਤਨ ਕੀਤੇ, ਹਰ ਹੀਲਾ-ਵਸੀਲਾ ਵਰਤਿਆ, ਇਹ ਦੁਨੀਆ ’ਤੇ ਕਾਲੇ ਸ਼ਾਹ ਬੱਦਲਾਂ ਦੀ ਦਸਤਕ ਹੈਸਵਾਲ ਉੱਠਦਾ ਹੈ ਕਿ ਇਹੋ ਜਿਹੇ ਹਾਲਾਤ ਵਿੱਚ ਦੁਨੀਆ ਕਿੱਥੇ ਜਾਏਗੀ?

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਹਥੌੜਾ ਨਿਰਵਿਘਨ ਚੱਲ ਰਿਹਾ ਹੈਉਹ ਦੁਨੀਆ ਨੂੰ ਇੱਕ ਸਵਾਰਥੀ ਢਾਂਚੇ ਵਿੱਚ ਢਾਲਣ ਦੀ ਧੌਂਸ ਦੇ ਰਹੇ ਹਨਆਪਣੇ ਅੱਠ ਹਫ਼ਤਿਆਂ ਦੇ ਕਾਰਜਕਾਲ ਵਿੱਚ ਉਸਨੇ ਡਬਲਯੂ.ਐੱਚ.ਓ. ਨੂੰ ਤਿਆਗ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ (ਯੂ.ਐੱਨ.ਐੱਚ.ਆਰ.ਸੀ) ਸੰਯੁਕਤ ਰਾਸ਼ਟਰ ਰਾਹਤ ਏਜੰਸੀ (ਯੂ.ਐੱਨ.ਐੱਚ.ਆਰ.ਡਬਲਯੂ.ਏ) ਨੂੰ ਵਿੱਤੀ ਸਹਾਇਤਾ ਦੇਣ ਤੋਂ ਨਾਂਹ ਕਰ ਦਿੱਤੀਯੂ.ਐੱਸ.ਏਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੁਨੀਆ ਭਰ ਵਿੱਚ ਚੱਲ ਰਹੇ ਅਮਰੀਕਾ ਦੇ ਦਰਜਨਾਂ ਸਹਾਇਤਾ ਕੰਮਾਂ ਨੂੰ ਰੋਕ ਦਿੱਤਾ ਗਿਆਸਥਿਤੀ ਜੇਕਰ ਇਵੇਂ ਹੀ ਰਹੀ ਤਾਂ ਉਹ ਨਾਟੋ ਅਤੇ ਯੂਰਪੀ ਸਹਿਯੋਗੀਆਂ ਨੂੰ ਵੀ ਛੱਡ ਸਕਦੇ ਹਨਉਂਜ ਵੀ ਆਪਣੇ ਹਿਤਾਂ ਖ਼ਾਤਰ ਅਮਰੀਕਾ ਨੇ ਵਪਾਰਕ ਜੰਗ ਛੇੜ ਦਿੱਤੀ ਹੋਈ ਹੈ

ਸੰਵਿਧਾਨਿਕ ਇਤਿਹਾਸ ਦੇ ਮਹਾਨ ਅਤੇ ਬਿਹਤਰੀਨ ਪਾਠ ਪੜ੍ਹਾਉਣ ਵਾਲਾ ਅਮਰੀਕਾ, ਮਨੁੱਖੀ ਅਧਿਕਾਰਾਂ ਦਾ ਕਦੇ ਰਾਖਾ ਵੀ ਕਹਿਲਾਉਂਦਾ ਰਿਹਾ ਹੈਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸੰਵਿਧਾਨ ਬਣਾਉਣ ਵਾਲਿਆਂ ਨੇ ਅਮਰੀਕਾ ਦੇ ਸੰਵਿਧਾਨ ਦੀ ਨਕਲ ਕੀਤੀ, ਕਿਉਂਕਿ ਅਮਰੀਕਾ ਆਜ਼ਾਦ ਅਤੇ ਲੋਕਤੰਤਰਿਕ ਨੀਤੀਆਂ ਵਾਲਾ ਦੇਸ਼ ਮੰਨਿਆ ਗਿਆ ਸੀ, ਜਿਹੜਾ ਗਰੀਬੀ ਅਤੇ ਬਿਮਾਰੀ ਨੂੰ ਖ਼ਤਮ ਕਰਨ ਦਾ ਸੰਕਲਪ ਲੈਂਦਾ ਸੀਇਸ ਸੰਕਲਪ ਨੂੰ ਪੂਰਿਆਂ ਕਰਨ ਲਈ ਅਮਰੀਕਾ ਨੇ ਗੰਭੀਰ ਯਤਨ ਵੀ ਕੀਤੇ ਇੱਥੋਂ ਦੇ ਚੁਣੇ ਰਾਸ਼ਟਰਪਤੀਆਂ ਨੇ ਆਪਣੇ ਸੰਵਿਧਾਨ ਦੀ ਰਾਖੀ ਕਰਦਿਆਂ ਅਮਰੀਕਾ ਨੂੰ ਇੱਕ ਅਮੀਰ ਮੁਲਕ ਬਣਾਉਣ ਲਈ ਦਹਾਕਿਆਂ ਤਕ ਯਤਨ ਕੀਤੇਕਈ ਰਾਸ਼ਟਰਪਤੀਆਂ ਨੇ ਆਪਣੇ ਅਦੁੱਤੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਰੀਕੀ ਖੇਤਰ ਵਿੱਚ ਜਾਇਜ਼, ਨਜਾਇਜ਼ ਵਾਧਾ ਕੀਤਾ ਅਤੇ ਗੁਆਮ, ਫਿਲੀਪਨਜ਼ ਅਤੇ ਹਵਾਈ ਉੱਤੇ ਕਬਜ਼ਾ ਕੀਤਾਕਈ ਦੇਸ਼ਾਂ ਨਾਲ ਸਿੱਧੇ-ਅਸਿੱਧੇ ਯੁੱਧ ਲੜੇ ਪਰ ਦੇਸ਼ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਕਿਸੇ ਵੀ ਹੋਰ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦਾ ਬਿਨਾਂ ਵਜਾਹ ਇਸਤੇਮਾਲ ਨਹੀਂ ਕੀਤਾ

ਮੌਜੂਦਾ ਰਾਸ਼ਟਰਪਤੀ ਆਪਣੇ ਅਧਿਕਾਰਾਂ ਦੀਆਂ ਹੱਦਾਂ ਤੋੜ ਬਿਨਾਂ ਜਾਂਚ-ਪਰਖ ਦੇ ਆਪਣੀਆਂ ਸ਼ਕਤੀਆਂ ਦਾ ਹਥੌੜਾ ਚਲਾ ਰਹੇ ਹਨ ਅਤੇ ਸਮੁੱਚੀ ਦੁਨੀਆ ਸਾਹਵੇਂ ਇੱਕ ਵੱਖਰਾ ਬਿਰਤਾਂਤ ਸਿਰਜ ਰਹੇ ਹਨ ਉਹਨਾਂ ਦਾ ਇਹ ਕਥਨ ਮੌਜੂਦਾ ਦੌਰ ਵਿੱਚ ਵੇਖਣ, ਪਰਖਣ, ਵਿਚਰਨ ਯੋਗ ਹੈ, “ਮੈਂ ਆਪਣੀ ਸਾਰੀ ਜ਼ਿੰਦਗੀ ਸੌਦੇਬਾਜ਼ੀ ਕੀਤੀ ਹੈ।”

ਅਮਰੀਕਾ ਦੀ ਵਿਸਥਾਰਵਾਦੀ ਨੀਤੀ ਦਾ ਤਰਜਮਾਨ ਬਣਦਿਆਂ ਉਹ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ ਉਹਨਾਂ ਨੇ ਗਰੀਨਲੈਂਡ ਨੂੰ ਆਪਣੇ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤੇ ਹੈ ਅਤੇ ਕਿਹਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਰੀਨਲੈਂਡ ਹਾਸਲ ਕਰ ਲਵਾਂਗੇਸੌਦਾਗਰੀ, ਵਿਸਥਾਰਵਾਦੀ, ਧੌਂਸ ਭਰੀਆਂ ਨੀਤੀਆਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਸ਼ਾਸਨ ਦੀ ਭੁੱਖ ਅਤੇ ਆਪਣੇ ਆਪ ਨੂੰ ਸਰਬ ਸ੍ਰੇਸ਼ਟ ਬਣਾਉਣ ਦੀ ਥਾਣੇਦਾਰੀ ਸੋਚ ਦਾ ਪ੍ਰਤੀਕ ਹੈ

ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਪਹਿਲਾ ਚਾਰਟਰ “ਮੈਗਨਾ ਕਾਰਟਾ” ਸੰਨ 1215 ਵਿੱਚ ਇੰਗਲੈਂਡ ਦੇ ਬਾਦਸ਼ਾਹ ਨੇ ਪ੍ਰਵਾਨ ਕੀਤਾਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਪਹਿਲੀ ਸੰਸਦ ਆਈਲੈਂਡ ਵਿੱਚ 1262 ਵਿੱਚ ਸਥਾਪਿਤ ਹੋਈ, ਜਿਸਨੂੰ ਅਲਥਿੰਗ ਕਿਹਾ ਗਿਆਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ 1600 ਵਿੱਚ ਸੈਨ ਮੈਰੀਨੋ ਗਣਰਾਜ ਵਿੱਚ ਤਿਆਰ ਕੀਤਾ ਗਿਆ ਸੀਫਰਾਂਸੀਸੀ ਦਾਰਸ਼ਨਿਕ ਮਾਟੈਂਸਕਿਊ ਵੱਲੋਂ 1748 ਵਿੱਚ ਪ੍ਰਕਾਸ਼ਿਤ “ਕਾਨੂੰਨ ਦੀ ਭਾਵਨਾ” ਨੂੰ ਮਨੁੱਖੀ ਸ਼ਕਤੀਆਂ ਦਾ ਸਿਧਾਂਤਕਾਰ ਮੰਨਿਆ ਜਾਂਦਾ ਹੈਪਰ ਅਮਰੀਕਾ ਹੀ ਦੁਨੀਆ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜੋ ਨਿਆਇਕ ਸ਼ਕਤੀ ਨੂੰ 24 ਸਤੰਬਰ 1789 ਨੂੰ ਲਾਗੂ ਕਰਨ ਵਾਲਾ ਮੰਨਿਆ ਗਿਆ ਤੇ ਇੱਥੇ ਹੀ ਸਰਬ ਉੱਚ ਅਦਾਲਤ ਸਥਾਪਿਤ ਹੋਈ

ਅੱਜ ਇਹੀ ਅਮਰੀਕਾ ਘਰੇਲੂ ਪੱਧਰ ’ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਢਹੇ ਚੜ੍ਹਕੇ ਅਮਰੀਕੀ ਸਰਕਾਰ ਦੇ ਢਾਂਚੇ ਨੂੰ ਖ਼ਤਮ ਕਰਨ ਦੇ ਰਾਹ ਤੁਰ ਰਿਹਾ ਹੈਉਹ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਅਤੇ ਖਦਸ਼ਾ ਹੈ ਕਿ ਅਮਰੀਕੀ ਸਿੱਖਿਆ ਵਿਭਾਗ ਨੂੰ ਹੀ ਬੰਦ ਕਰ ਦੇਵੇਗਾਰਾਸ਼ਟਰਪਤੀ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕੀ ਅਰਥ ਵਿਵਸਥਾ ਨੂੰ ਗਲਤ ਪਾਸੇ ਲੈ ਜਾ ਸਕਦੀਆਂ ਹਨ।ਅਮਰੀਕਾ ਫਸਟ ਨੀਤੀ”, ਭਾਰਤ ਦੀ ਹਿੰਦੀ, ਹਿੰਦੂ, ਹਿੰਦੋਸਤਾਨ ਵਰਗੀ ਨੀਤੀ ਹੈ, ਜੋ ਲੋਕਤੰਤਰ ਅਮਰੀਕਾ ਦੇ ਸੀਨੇ ’ਤੇ ਵੱਡੀਆਂ ਚੋਭਾਂ ਲਾਏਗੀਟਰੰਪ ਦੇ ਪਿਛਲੇ 50 ਦਿਨਾਂ ਦੇ ਫੈਸਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਂਕਾ ਦਿੱਤਾ ਹੈਉਸਦੇ ਫੈਸਲੇ ਸਮਾਜਿਕ ਸੁਰੱਖਿਆ ਵਿੱਚ ਕਟੌਤੀ ਵਾਲੇ ਹਨ, ਜੋ ਅਮਰੀਕੀ ਉਪਭੋਗਤਾਵਾਂ ਉੱਤੇ ਹੀ ਨਹੀਂ, ਦੁਨੀਆ ਭਰ ਦੇ ਉਪਭੋਗਤਾਵਾਂ ਦਾ ਹਿਸਾਬ-ਕਿਤਾਬ ਖਰਾਬ ਕਰਨ ਵਾਲੇ ਹਨ ਇਨ੍ਹਾਂ ਨਾਲ ਮਹਿੰਗਾਈ ਵਿੱਚ ਵਾਧਾ ਤਾਂ ਹੋਏਗਾ ਹੀ, ਸਗੋਂ ਅਸਥਿਰਤਾ ਵੀ ਪੈਦਾ ਕਰੇਗਾਅਮਰੀਕਾ ਦੇ ਟੈਰਿਫ ਦੁਨੀਆ ਨੂੰ ਮੰਦੀ ਵੱਲ ਧੱਕ ਸਕਦੇ ਹਨਇਹ ਆਪਣੇ-ਆਪ ਵਿੱਚ ਇੱਕ ਖ਼ਤਰਨਾਕ ਖੇਡ ਹੈ

ਰਾਸ਼ਟਰਪਤੀ ਟਰੰਪ ਨੇ ਸ਼ਾਸਨ ਸੰਭਾਲਦਿਆਂ ਹੀ ਗ਼ੈਰ-ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਪ੍ਰਵਾਸੀਆਂ ਵਿੱਚ ਇੱਕ ਵੱਡਾ ਡਰ ਪੈਦਾ ਕੀਤਾਹਜ਼ਾਰਾਂ ਲੋਕਾਂ ਨੂੰ ਫੌਜੀ ਜਹਾਜ਼ਾਂ ਵਿੱਚ ਬੇੜੀਆਂ, ਹੱਥ ਕੜੀਆਂ ਨਾਲ ਜਕੜਕੇ ਦੇਸ਼ ਤੋਂ ਕੱਢ ਦਿੱਤਾਹੁਣ ਦੁਨੀਆ ਭਰ ਦੇ 41 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਮਰੀਕੀ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਏਗਾ

ਅਸਲ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਇਹ ਸਮੁੱਚੀਆਂ ਕਾਰਵਾਈਆਂ ਧੱਕਾ-ਧੌਂਸ ਭਰੀਆਂ ਹਨ ਅਤੇ ਮਾਨਵਤਾ ਦੇ ਮੱਥੇ ’ਤੇ ਕਲੰਕ ਹਨਦੁਨੀਆ ਭਰ ਦੇ ਮਾਨਵਵਾਦੀ ਵਿਚਾਰਾਂ ਵਾਲੇ ਲੋਕਾਂ ਦੀ ਪਹੁੰਚ ਤਾਂ ਹੁਣ ਵਿਸ਼ਵ ਨਾਗਰਿਕਤਾ ਵਾਲੀ ਹੈ, ਪਰ ਅਮਰੀਕੀ ਹਾਕਮ ਦੀ ਸੌੜੀ ਸੋਚ ਆਪਣੇ-ਆਪ ਨੂੰ ‘ਸ੍ਰੇਸ਼ਟ’ ਅਤੇ ਦੂਜਿਆਂ ਨੂੰ ਘਟੀਆ ਸਮਝਣ ਵਾਲੀ ਹੈ

ਇਸੇ ਯਤਨ ਤਹਿਤ ਰਾਸ਼ਟਰਪਤੀ ਟਰੰਪ ਨੇ ਦੋਸਤ, ਦੁਸ਼ਮਣ ਦਾ ਫ਼ਰਕ ਮਿਟਾਕੇ ਸਿਰਫ਼ ਸੌਦਿਆਂ ਨੂੰ ਤਰਜੀਹ ਦਿੱਤੀ ਹੈਟੈਰਿਫ ਲਗਾਉਣ ਲੱਗਿਆਂ ਭਾਰਤ ਵਰਗੇ ਮਿੱਤਰ ਦੇਸ਼ਾਂ ਨੂੰ ਵੀ ਨਹੀਂ ਬਖ਼ਸ਼ਿਆਜੈਲੇਂਸਕੀ ਦੀ ਬਾਂਹ ਮਰੋੜਦਿਆਂ, ਆਪਣੇ ਵੱਲੋਂ ਦਿੱਤੇ ਹਥਿਆਰਾਂ ਬਦਲੇ ਉੱਥੋਂ ਦੇ ਖਣਿਜ ਪਦਾਰਥ ਖੋਹਣ ਲਈ ਜ਼ਬਰਦਸਤੀ ਕਬਜ਼ਾ-ਸਮਝੌਤਾ ਕਰਨ ਦੀ ਨੀਤੀ ਅਪਣਾਈਆਪਣੇ ਵੱਡੇ ਦੁਸ਼ਮਣ ਚੀਨ ਨਾਲ ਥੋੜ੍ਹਾ ਨਿੱਘਾ ਹੱਥ ਮਿਲਾਉਣ ਦੀ ਨੀਤੀ ਅਪਣਾਈਟਰੰਪ ਸ਼ਾਸਨ ਦਾ ਸਿੱਧਾ ਅਤੇ ਸਪਸ਼ਟ ਧਿਆਨ ਅਮਰੀਕਾ ਨੂੰ ਸਰਵ ਸ੍ਰੇਸ਼ਟ ਬਣਾਉਣ ਦਾ ਹੈ, ਇਸ ਵਾਸਤੇ ਉਹ ਹਰ ਕਿਸਮ ਦੀ ਸੌਦੇਬਾਜ਼ੀ-ਧੱਕੇਸ਼ਾਹੀ ਕਰਨ ਲਈ ਤਿਆਰ ਹੈਟੈਰਿਫ ਯੁੱਧ, ਜੋ ਅਮਰੀਕਾ ਨੇ ਛੇੜਿਆ ਹੈ, ਭਾਰਤ ਇਸਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਸਕਦਾ ਹੈਆਪਣੀਆਂ ਫੌਜੀ ਲੋੜਾਂ ਪੂਰੀਆਂ ਕਰਨ ਲਈ ਸਮਾਨ ਖਰੀਦਣ ਵਾਸਤੇ ਉਸ ਨੂੰ ਭਾਰੀ ਭਰਕਮ ਟੈਰਿਫ ਦੇਣਾ ਪਵੇਗਾ, ਜਿਸਦਾ ਭੈੜਾ ਅਸਰ ਭਾਰਤੀ ਅਰਥ ਵਿਵਸਥਾ ’ਤੇ ਪਵੇਗਾਭਾਰਤ ਦਾ ਵਿਸ਼ਵ ਗੁਰੂ ਬਣਨ ਦਾ ਸੁਪਨੇ ਢਹਿ-ਢੇਰੀ ਹੋ ਜਾਵੇਗਾ

ਅੱਜ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਸ਼ਾਸਕ ਟਰੰਪ ’ਤੇ ਲੱਗੀਆਂ ਹੋਈਆਂ ਹਨਉਹ ਇੱਕ ਪਾਸੇ ਕੁਸ਼ਲ ਵਪਾਰੀ ਵਾਂਗ ਵਿਚਰ ਰਿਹਾ ਹੈ, ਦੂਜੇ ਪਾਸੇ ਥਾਣੇਦਾਰ ਬਣਕੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਿਹਾਇਵੇਂ ਲਗਦਾ ਹੈ ਕਿ ਉਹਦੀ ਮਨਸ਼ਾ ਇੱਕ ਡਿਕਟੇਟਰ ਵਾਂਗ ਦੁਨੀਆ ’ਤੇ ਰਾਜ ਕਰਨ ਦੀ ਹੈ

ਅਮਰੀਕਾ ਦੇ ਵੱਡੇ ਦੁਸ਼ਮਣ ਰੂਸ ਵੱਲੋਂ ਯੂਕਰੇਨ ਨਾਲ ਛੇੜੀ ਜੰਗ ਵਿੱਚ ਉੱਥੋਂ ਦੇ ਡਿਕਟੇਟਰ ਰਾਸ਼ਟਰਪਤੀ ਪੁਤਿਨ ਨਾਲ ਡੋਨਲਡ ਟਰੰਪ ਦੀ ਮੌਜੂਦਾ ਸਾਂਝ ਭਿਆਲੀ ਸਿਰਫ ਜੰਗ ਖ਼ਤਮ ਕਰਨ ਤਕ ਸੀਮਤ ਨਹੀਂ, ਇਹ ਸਾਂਝ ਭਿਆਲੀ ਦੁਨੀਆ ਦੀਆਂ ਮਹਾਂ ਸ਼ਕਤੀਆਂ ਅਮਰੀਕਾ ਅਤੇ ਰੂਸ ਦੀਆਂ ਆਪਸੀ ਵਿਵਸਥਾਰਵਾਦੀ ਨੀਤੀਆਂ ਨੂੰ ਅੱਗੇ ਕਰਨ ਦਾ ਇੱਕ ਸਮਝੌਤਾ ਹਨਇਵੇਂ ਦੀ ਹੀ ਸਾਂਝ ਭਿਆਲੀ ਦੁਨੀਆ ਦੀ ਤੀਜੀ ਤਾਕਤ ਚੀਨ ਨਾਲ ਅਮਰੀਕਾ ਦੀ ਬਣਦੀ ਦਿਸਦੀ ਹੈਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਚੀਨ ਉੱਤੇ ਟੈਰਿਫ ਦਰ ਵਾਧਾ ਸੀਮਤ ਰੱਖਿਆਵੈਰੀ ਗਿਣੇ ਜਾਂਦੇ ਚੀਨ ਲਈ ਟਰੰਪ ਨੇ ਨਰਮ ਰੁਖ਼ ਅਪਣਾਇਆ ਹੈਇਹ ਵੀ ਅਸਲ ਵਿੱਚ ਉਸਦੀ ਵਪਾਰਕ ਸੋਚ ਅਤੇ ਅਧਿਕਾਰਾਂ ਦਾ ਤਿੰਨ ਕੇਂਦਰਾਂ ਰੂਸ, ਅਮਰੀਕਾ ਅਤ ਚੀਨ ਤਕ ਕੇਂਦਰੀਕਰਨ ਹੈਜਿਵੇਂ ਵਪਾਰੀ ਆਪਣੇ ਹਿਤਾਂ ਦੀ ਖ਼ਾਤਰ, ਲੋਕਾਂ ਦੀ ਲੁੱਟ ਦੀ ਖ਼ਾਤਰ, ਆਪਸੀ ਸਮਝੌਤੇ ਕਰਦੇ ਹਨ, ਇਵੇਂ ਦੇ ਸਮਝੌਤੇ ਕਰਨ ਲਈ ਰਾਸ਼ਟਰਪਤੀ ਟਰੰਪ ਅੱਗੇ ਵਧ ਰਿਹਾ ਹੈ

ਇਸ ਵੇਲੇ ਦੁਨੀਆ ਨੂੰ ਕਾਬੂ ਕਰਨ ਲਈ ਸੱਤਾਧਾਰੀ ਸ਼ਾਸਕ ਟਰੰਪ (ਅਮਰੀਕਾ) ਪੁਤਿਨ (ਰੂਸ) ਅਤੇ ਸ਼ੀ ਜਿਨਪਿੰਗ (ਚੀਨ) ਦੁਨੀਆ ਵਿੱਚ ਇੱਕ ਕਲੱਬ ਬਣਾਉਣ ਲਈ ਯਤਨਸ਼ੀਲ ਹਨਉਹ ਆਪਣੇ ਮਨਚਾਹੇ ਇਲਾਕਿਆਂ ਨੂੰ ਹੜੱਪ ਲੈਣ ਦੀ ਤਾਕ ਵਿੱਚ ਹਨਅਮਰੀਕਾ ਦੀ ਨਜ਼ਰ ਪਨਾਮਾ ਨਹਿਰ ’ਤੇ ਹੈ। ਕੈਨੇਡਾ, ਗ੍ਰੀਨਲੈਂਡ ਅਤੇ ਗਾਜ਼ਾਪੱਟੀ ਹਥਿਆਉਣਾ ਉਸਦਾ ਨਿਸ਼ਾਨਾ ਹੈਰੂਸ ਪਹਿਲਾਂ ਹੀ ਕਰੀਮੀਆ, ਅਬਖਾਜਿਆ ਅਤੇ ਦੱਖਣੀ ਔਸ਼ੇਸ਼ਿਆ ਉੱਤੇ ਕਬਜ਼ਾ ਕਰ ਚੁੱਕਾ ਹੈ ਅਤੇ ਸ਼ਾਇਦ ਜਾਰਜੀਆ ’ਤੇ ਕਬਜ਼ਾ ਚਾਹੁੰਦਾ ਹੈਚੀਨ, ਤਿੱਬਤ, ਹਾਂਗਕਾਂਗ ਨੂੰ ਆਪਣੇ ਵਿੱਚ ਜਬਰਦਸਤੀ ਮਿਲਾਉਣ ਉਪਰੰਤ, ਤਾਇਵਾਨ ਅਤੇ ਭਾਰਤ ਦੇ ਕੁਝ ਮਹੱਤਵਪੂਰਨ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦੀ ਇੱਛਾ ਕਰ ਰਿਹਾ ਹੈਇਹ ਤਿੰਨੇ ਸ਼ਕਤੀਆਂ ਆਪਣੇ ਪ੍ਰਭਾਵ ਦੇ ਖੇਤਰਾਂ ਉੱਤੇ ਕਬਜ਼ਾ ਕਰਕੇ ਉੱਥੋਂ ਦੇ ਕੁਦਰਤੀ ਸਾਧਨਾਂ ਨੂੰ ਹਥਿਆਉਣ ਦੇ ਚੱਕਰ ਵਿੱਚ ਆਪਸੀ ਸੌਦਾਗਿਰੀ ਕਰ ਸਕਦੇ ਹਨ ਅਤੇ ਆਪਣੇ ਵਪਾਰਕ ਹਿਤਾਂ ਨੂੰ ਸੁਰੱਖਿਅਤ ਕਰਨਗੇ

ਟਰੰਪ ਦੀ ਨੀਤੀ ਸਪਸ਼ਟ ਹੈ ਇਹ ਵਪਾਰਕ ਹੈ, ਸਵਾਰਥੀ ਹੈਉਸਦਾ ਸੁਭਾਅ ਹੰਕਾਰੀ ਹੈਉਹ ਆਪਣੇ ਹਿਤਾਂ ਦੀ ਪੂਰਤੀ ਲਈ ਕਿਸੇ ਦੀ ਪ੍ਰਵਾਹ ਨਾ ਹੁਣ ਕਰ ਰਿਹਾ ਹੈ ਅਤੇ ਨਾ ਕਰੇਗਾਉਸ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਉਸਦੀਆਂ ਨੀਤੀਆਂ ਦੁਨੀਆ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਣਗੀਆਂ

ਇਸ ਸਮੇਂ ਦੁਨੀਆ ਉੱਤੇ ਕਾਲੇ ਸ਼ਾਹ ਬੱਦਲ ਛਾਏ ਹੋਏ ਹਨਵੱਡੀਆਂ ਸ਼ਕਤੀਆਂ ਦਾ ਬੋਲ-ਬਾਲਾ ਵਧ ਰਿਹਾ ਹੈਲੋਕਤੰਤਰੀ ਕਦਰਾਂ-ਕੀਮਤਾਂ ਤਹਿਸ-ਨਹਿਸ ਕੀਤੀਆਂ ਜਾ ਰਹੀਆਂ ਹਨ ਲੋਕ-ਸ਼ਕਤੀ ਹੀ ਇਸ ਹਨੇਰੀ, ਇਸ ਗੁਬਾਰ ਨੂੰ ਠੱਲ੍ਹ ਪਾ ਸਕੇਗੀ ਪਰ ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆਂ ਵਿੱਚੋਂ ਬਾਹਰ ਆਉਣ ਲਈ, ਇਹੋ ਜਿਹੀ ਹੁੰਮਸ ਤੋਂ ਨਿਜਾਤ ਪਾਉਣ ਲਈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author