“ਪਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ...”
(11 ਨਵੰਬਰ 2025)
ਜਦੋਂ ਵਿਸ਼ਵ ਭਰ ਵਿੱਚ ਪ੍ਰਵਾਸੀਆਂ ਬਾਰੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ, ਸੌੜੀ ਸੋਚ ਵਾਲੇ ਰਾਸ਼ਟਰਵਾਦੀ ਲੋਕ ਬ੍ਰਹਿਮੰਡੀ ਅਤੇ ਮਨੁੱਖੀ ਸਾਂਝੀਵਾਲਤਾ ਦੀ ਧਾਰਨਾ ਅਤੇ ਸੋਚ ਨਕਾਰ ਕੇ “ਆਪਣੇ ਲੋਕਾਂ” ਅਤੇ ਆਪੋ-ਆਪਣੇ ਹਿਤ ਸਾਧਣ ਦੇ ਰਾਹ ਤੁਰੇ ਹੋਏ ਹਨ, ਉਸ ਵੇਲੇ ਪ੍ਰਵਾਸੀ ਲੋਕਾਂ ਦੀਆਂ ਵੱਖੋ-ਵੱਖਰੇ ਦੇਸ਼ਾਂ ਵਿੱਚ ਜਾਕੇ ਕੀਤੀਆਂ ਪ੍ਰਾਪਤੀਆਂ ਬਾਰੇ ਵੱਡਾ ਜ਼ਿਕਰ ਕਰਨਾ ਬਣਦਾ ਹੈ। ਇਸਦੇ ਨਾਲ-ਨਾਲ ਇਹ ਗੱਲ ਵੀ ਵਿਚਾਰੀ ਜਾਣੀ ਬਣਦੀ ਹੈ ਕਿ ਸੌੜੀ ਸੋਚ ਵਾਲੇ ਲੋਕ, ਜਿਹੜੇ ਮਨੁੱਖ ਨੂੰ ਨਸਲ, ਦੇਸ਼ ਅਤੇ ਧਰਮ ਦੇ ਅਧਾਰ ’ਤੇ ਵੰਡਣਾ ਚਾਹੁੰਦੇ ਹਨ, ਆਮ ਲੋਕ ਅਜਿਹੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਕਾਰ ਰਹੇ ਹਨ।
ਅਮਰੀਕਾ ਵਿੱਚ ਨਿਊਯਾਰਕ ਦੇ ਵੋਟਰਾਂ ਨੇ 34 ਵਰ੍ਹਿਆਂ ਦੇ ਜ਼ੋਹਰਾਨ ਮਮਦਾਨੀ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਦੇ ਕੇ ਨਿਊਯਾਰਕ ਦਾ ਮੇਅਰ ਚੁਣ ਲਿਆ। ਜ਼ੋਹਰਾਨ ਮਮਦਾਨੀ 34 ਵਰ੍ਹਿਆਂ ਦਾ ਹੈ, ਉਸਦੀ ਮਾਂ ਮੀਰਾ ਨਾਇਰ ਭਾਰਤੀ ਹੈ, ਉਸਦਾ ਪਿਤਾ ਮਹਿਮੂਦ ਮਮਦਾਨੀ ਯੁਗਾਂਡਾ ਵਿੱਚ ਜਨਮਿਆ ਵਿਦਵਾਨ ਹੈ। ਮਮਦਾਨੀ ਲਗਭਗ 7 ਵਰ੍ਹੇ ਪਹਿਲਾਂ ਅਮਰੀਕਾ ਪੁੱਜਿਆ। ਉਸਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਮਜ਼ਬੂਤ ਸਥਿਤੀ ਦਰਜ਼ ਕੀਤੀ ਅਤੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਮੀਦਵਾਰ ਨੂੰ ਹਰਾਕੇ ਡੈਮੋਕਰੈਟਿਕ ਉਮੀਦਵਾਰ ਦੇ ਤੌਰ ’ਤੇ ਮੇਅਰ ਦਾ ਅਹੁਦਾ ਹੀ ਪ੍ਰਾਪਤ ਨਹੀਂ ਕੀਤਾ ਸਗੋਂ ਟਰੰਪ ਦੀ ਰਾਸ਼ਟਰਵਾਦੀ ਸੋਚ ਨੂੰ ਚੈਲਿੰਜ ਕੀਤਾ ਅਤੇ ਇੱਕ ਨਵੇਂ ਰਾਸ਼ਟਰ ਦੇ ਪੁਨਰ ਜਨਮ ਦੀ ਗੱਲ ਕੀਤੀ।
ਜ਼ੋਹਰਾਨ ਮਮਦਾਨੀ ਵਾਂਗ ਦੁਨੀਆਂ ਭਰ ਦੇ 29 ਦੇਸ਼ਾਂ ਵਿੱਚ 260 ਤੋਂ ਜ਼ਿਆਦਾ ਭਾਰਤਵੰਸ਼ੀ ਜਨ ਪ੍ਰਤੀਨਿਧਤਾ ਨਿਭਾਅ ਚੁੱਕੇ ਹਨ ਜਾਂ ਨਿਭਾ ਰਹੇ ਹਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਬਰਤਾਨੀਆ, ਮਾਰੀਸ਼ਸ, ਫਰਾਂਸ, ਅਮਰੀਕਾ, ਕੈਨੇਡਾ ਆਦਿ ਮੁੱਖ ਤੌਰ ’ਤੇ ਜਾਣੇ ਜਾਂਦੇ ਹਨ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਇਹ ਭਾਰਤੀ ਸਿਖ਼ਰਾਂ ’ਤੇ ਪੁੱਜੇ ਨਜ਼ਰ ਆਉਂਦੇ ਹਨ।
ਦੁਨੀਆਂ ਦੇ ਹੋਰ ਦੇਸ਼ਾਂ ਵਿੱਚ 3.43 ਕਰੋੜ ਤੋਂ ਵੱਧ ਭਾਰਤੀ ਰਹਿੰਦੇ ਹਨ। ਹੁਣੇ ਜਿਹੇ ਸਰਕਾਰ ਨੇ 29 ਦੇਸ਼ਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਜਨ ਪ੍ਰਤੀਨਿਧੀਆਂ ਦੀ ਸੰਖਿਆ ਅਤੇ ਸੂਚੀ ਦਿੱਤੀ ਗਈ ਹੈ।
ਮਾਰੀਸ਼ਸ ਵਿੱਚ ਸਭ ਤੋਂ ਜ਼ਿਆਦਾ 45 ਭਾਰਤੀ ਮੂਲ ਦੇ ਲੋਕ, ਲੋਕ-ਪ੍ਰਤੀਨਿਧਾਂ ਵਜੋਂ ਚੁਣੇ ਗਏ। ਭਾਰਤੀ ਮੂਲ ਦੇ ਨਵੀਨ ਰਾਮ ਗੁਲਾਮ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਹਨ। ਇਸੇ ਤਰ੍ਹਾਂ ਗਇਆਨਾ ਵਿੱਚ ਭਾਰਤੀ ਮੂਲ ਦੇ 33 ਲੋਕ ਜਨ ਪ੍ਰਤੀਨਿਧ ਚੁਣੇ ਗਏ। ਬਰਤਾਨੀਆ ਵਿੱਚ 31, ਫਰਾਂਸ ਵਿੱਚ 24, ਸੂਰੀਨਾਮ ਵਿੱਚ 21, ਫਿਜ਼ੀ ਅਤੇ ਮਲੇਸ਼ੀਆ ਵਿੱਚ 17-17 ਹਨ। ਅਮਰੀਕਾ ਵਿੱਚ ਭਾਰਤੀ ਮੂਲ ਦੇ 6 ਲੋਕ ਉੱਚ ਅਹੁਦਿਆਂ ’ਤੇ ਜਨ ਪ੍ਰਤੀਨਿਧ ਹਨ।
ਕਮਲਾ ਸੁਸ਼ੀਲਾ ਪ੍ਰਸਾਦ ਵਿਸ਼ੇਸ਼ਰ ਭਾਰਤੀ ਮੂਲ ਦੀ ਪ੍ਰਤੀਨਿਧ ਟਰਿਨੀਡੈਡ ਅਤੇ ਟੋਬੈਗੋ ਵਿੱਚ ਪ੍ਰਧਾਨ ਮੰਤਰੀ 2010 ਤੋਂ 2015 ਤਕ ਚੁਣੀ ਗਈ। ਹੁਣ ਫਿਰ 2025 ਵਿੱਚ ਟਰਿਨੀਡੈਡ ਦੀ ਪ੍ਰਧਾਨ ਮੰਤਰੀ ਹੈ।
ਸਿੰਗਾਪੁਰ ਵਿੱਚ 2023 ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਥਰਮਨ ਸ਼ਾਨਮੁਗਰਥਨਮ ਨੇ ਜਿੱਤ ਹਾਸਲ ਕੀਤੀ ਤੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣੇ। ਇਸ ਚੋਣਾਂ ਵਿੱਚ ਉਹਨਾਂ ਨੇ 70.4 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਭਾਰਤੀ ਥਰਮਨ ਦਾ ਜਨਮ 25 ਫਰਵਰੀ 1957 ਵਿੱਚ ਸਿੰਗਾਪੁਰ ਵਿੱਚ ਹੋਇਆ ਅਤੇ ਉਹਨਾਂ ਦੇ ਦਾਦਾ ਤਾਮਿਲਨਡੂ ਦੇ ਮੂਲ ਨਿਵਾਸੀ ਸਨ। ਪਿਤਾ ਵਿਗਿਆਨੀ ਸਨ। ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਦਨ ਤੋਂ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਦੇਵੇਨ ਨਾਗਰ ਅਤੇ ਐੱਸ.ਆਰ. ਨਾਥਨ ਸਿੰਘਾਪੁਰ ਦੇ ਰਾਸ਼ਟਰਪਤੀ ਰਹੇ।
42 ਦੇਸ਼ ਵਿਸ਼ਵ ਵਿੱਚ ਇਹੋ ਜਿਹੇ ਹਨ, ਜਿੱਥੇ ਸਰਕਾਰ ਵਿੱਚ ਜਾਂ ਵਿਰੋਧੀ ਧਿਰਾਂ ਵਿੱਚ ਭਾਰਤੀਵੰਸ਼ੀ ਲੋਕ ਪ੍ਰਤੀਨਿਧੀ ਬਣੇ ਹਨ। ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਪਾਰਲੀਮੈਂਟ ਮੈਂਬਰ ਹਨ। ਇਨ੍ਹਾਂ ਵਿੱਚ ਤਿੰਨ ਕੈਬਨਿਟ ਮੰਤਰੀ ਭਾਰਤੀ ਮੂਲ ਦੇ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਭਾਰਤੀ ਮੂਲ ਦੀ ਸੀ। ਰਿਸ਼ੀ ਸੂਨਕ ਬਰਤਾਨੀਆ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸਨ ਅਤੇ 200 ਸਾਲ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ।
ਇਸ ਵੇਲੇ ਗਇਆਨਾ ਦੇਸ਼ ਦੀ ਨੁਮਾਇੰਦਗੀ ਵੀ ਭਾਰਤੀ ਮੂਲ ਦੇ ਮੁਹੰਮਦ ਇਰਫਾਨ ਅਲੀ ਕੋਲ ਹੈ ਅਤੇ ਉਹ ਰਾਸ਼ਟਰਪਤੀ ਹਨ। ਭਾਰਤਵੰਸ਼ੀ ਰਾਜਨੇਤਾ ਪਰਵਿੰਦਰ ਕੁਮਾਰ 2017-18 ਤੋਂ 2024 ਤਕ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਰਹੇ। ਆਇਰਲੈਂਡ ਦੇ ਮੁਖੀ ਵੀ 2022 ਤੋਂ 2024 ਤਕ ਭਾਰਤੀ ਮੂਲ ਦੇ ਨੇਤਾ ਏਰਿਕ ਬਰਾਡਕਰ ਸਨ। ਪ੍ਰਿਥਵੀਰਾਜ ਸਿੰਘ 2019 ਤੋਂ 2024 ਤਕ ਮਾਰੀਸ਼ਸ ਦੇ ਸੱਤਵੇਂ ਰਾਸ਼ਟਰਪਤੀ ਰਹੇ। ਵਿਕਾਸਸ਼ੀਲ ਦੇਸ਼ਾਂ ਅਮਰੀਕਾ, ਕੈਨੇਡਾ, ਬਰਤਾਨੀਆ, ਅਸਟਰੇਲੀਆ, ਨਿਊਜ਼ੀਲੈਂਡ ਸਮੇਤ 15 ਮੁਲਕਾਂ ਵਿੱਚ 200 ਤੋਂ ਜ਼ਿਆਦਾ ਭਾਰਤੀ ਮੂਲ ਦੇ 200 ਤੋਂ ਵੱਧ ਵਿਅਕਤੀ ਅਗਵਾਈ ਵਾਲੇ ਅਹੁਦਿਆਂ ’ਤੇ ਪਹੁੰਚੇ ਹੋਏ ਹਨ। ਇਹ ਰਿਪੋਰਟ ਭਾਰਤੀ ਭਾਈਚਾਰੇ ਦਰਮਿਆਨ ਕੰਮ ਕਰ ਰਹੇ ਅਮਰੀਕੀ ਸੰਗਠਨ ਦੀ ਹੈ, ਜੋ ਪਹਿਲੀ ਵਾਰ ਛਾਪੀ ਗਈ ਹੈ। ਇਨ੍ਹਾਂ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚੋਂ 60 ਵਿਅਕਤੀ ਕੈਬਨਿਟ ਰੈਂਕ ਦੇ ਅਹੁਦਿਆਂ ਉੱਤੇ ਬਿਰਾਜਮਾਨ ਹਨ। ਇਸੇ ਤਰ੍ਹਾਂ ਟਾਈਮ ਪੱਤ੍ਰਿਕਾ ਨੇ 100 ਉੱਭਰਦੀਆਂ ਸ਼ਕਤੀਸ਼ਾਲੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਅਨੇਕਾਂ ਭਾਰਤੀ ਮੂਲ ਦੇ ਸਿਆਸਤਦਾਨ, ਕਾਰੋਬਾਰੀ ਟੈਕਨੋਕਰੈਟ ਹਨ। ਇੱਥੇ ਹੀ ਬੱਸ ਨਹੀਂ, ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸਰਕਾਰ ਵਿੱਚ ਪ੍ਰਤੀਨਿਧਤਾ ਵਧ ਰਹੀ ਹੈ। ਵਰਜੀਨੀਆ ਸਟੇਟ ਵਿੱਚ ਇਨ੍ਹੀਂ ਦਿਨੀਂ ਡੈਮੋਕਰੈਟ ਗ਼ਜ਼ਾਲਾ ਹਾਸ਼ਮੀ ਗਵਰਨਰ ਚੁਣੀ ਗਈ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਰਾਜ-ਭਾਗ ਵਿੱਚ 130 ਤੋਂ ਜ਼ਿਆਦਾ ਭਾਰਤੀ ਚੰਗੇ ਅਹੁਦਿਆਂ ’ਤੇ ਸਨ ਅਤੇ ਟਰੰਪ ਦੀ ਪ੍ਰਧਾਨਗੀ ਵਿੱਚ 80 ਤੋਂ ਵੱਧ ਲੋਕ ਚੰਗੇ ਰਾਜਨੀਤਿਕ ਪ੍ਰਬੰਧਕੀ ਅਹੁਦਿਆਂ ’ਤੇ ਕੰਮ ਕਰ ਰਹੇ ਸਨ।
ਬਰਤਾਨੀਆ ਵਿੱਚ ਰਿਸ਼ੀ ਸੂਨਕ ਤੋਂ ਬਿਨਾਂ ਪ੍ਰੀਤੀ ਪਟੇਲ, ਗਗਨ ਮਹਿੰਦਰਾ, ਸੀਮਾ ਮਲਹੋਤਰਾ, ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ, ਸੋਜਨ ਜੋਸੇਫ ਲੋਕ-ਪ੍ਰਤੀਨਿਧੀ ਵਜੋਂ ਸੇਵਾ ਨਿਭਾ ਰਹੇ ਹਨ।
ਭਾਰਤ ਵਿੱਚੋਂ ਪ੍ਰਵਾਸ 18-19ਵੀਂ ਸਦੀ ਵਿੱਚ ਵਿਸ਼ੇਸ਼ ਤੌਰ ’ਤੇ ਗਿਣਿਆ ਜਾਂਦਾ ਹੈ, ਜਦੋਂ ਭਾਰਤੀ ਲੋਕ ਆਪਣਾ ਚੰਗੇਰੇ ਭਵਿੱਖ ਲਈ ਦੇਸ਼ ਛੱਡਕੇ ਵਿਦੇਸ਼ ਗਏ। ਇਨ੍ਹਾਂ ਪ੍ਰਵਾਸੀਆਂ ਨੇ ਮਿਹਨਤ ਕਰਕੇ ਓਪਰੇ ਸੱਭਿਆਚਾਰ ਵਿੱਚ ਆਪਣੀ ਥਾਂ ਬਣਾਈ ਅਤੇ ਫਿਰ ਮੋਹਰੀ ਬਣਕੇ ਨਾਮਣਾ ਖੱਟਿਆ। ਖੇਤਰ ਭਾਵੇਂ ਖੇਤੀਬਾੜੀ ਦਾ ਸੀ ਜਾਂ ਇੰਜਨੀਅਰਿੰਗ ਦਾ, ਲੇਖਣੀ ਦਾ ਸੀ, ਜਾਂ ਪੱਤਰਕਾਰੀ ਦਾ, ਕਾਰੋਬਾਰ ਦਾ ਸੀ ਜਾਂ ਸਿਆਸਤ ਦਾ, ਪ੍ਰਵਾਸੀਆਂ ਨੇ ਨਵੀਂਆਂ ਪੈੜਾਂ ਪਾਈਆਂ ਅਤੇ ਹੋਰ ਲੋਕਾਂ ਲਈ ਰਾਹ ਦਸੇਰਾ ਬਣੇ। ਅੱਜ ਵੀ ਜਦੋਂ ਪੂਰਾ ਬ੍ਰਹਿਮੰਡ ਇੱਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਭਾਰਤੀ ਪ੍ਰਭਾਵਸ਼ਾਲੀ ਲੋਕ ਇਸ ਵਿਸ਼ਵ ਪਿੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਪਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ ਵਿੱਚ ਵਸੇ ਪਰਵਾਸੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਆਮ ਤੌਰ ’ਤੇ ਅਨਪੜ੍ਹ ਜਾਂ ਬਹੁਤੀਆਂ ਪੜ੍ਹੀਆਂ-ਲਿਖੀਆਂ ਨਹੀਂ ਸਨ, ਪਰ ਇਨ੍ਹਾਂ ਪਰਵਾਸੀ ਭਾਰਤੀਆਂ ਨੇ ਵੱਡੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਉੱਥੋਂ ਦੀ ਸਭਿਅਤਾ ਵਿੱਚ ਵਿਚਰਨ ਦਾ ਮੌਕਾ ਦਿੱਤਾ।
ਬਿਨਾਂ ਸ਼ੱਕ ਅੱਜ ਪ੍ਰਵਾਸੀਆਂ ਦੇ ਵਿਰੋਧ ਵਿੱਚ ਅਮਰੀਕਾ, ਕੈਨੇਡਾ, ਬਰਤਾਨੀਆ ਵਿੱਚ ਉੱਥੋਂ ਦੇ ਕੁਝ ਨਾਗਰਿਕਾਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ, ਪ੍ਰਵਾਸੀਆਂ ਨੂੰ ਦੇਸ਼ੋਂ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਨਸਲੀ ਟਿੱਪਣੀਆਂ ਵੀ ਹੋ ਰਹੀਆਂ ਹਨ, ਉਹਨਾਂ ਖ਼ਿਲਾਫ ਵੱਡੇ ਗਰੁੱਪ ਬਣ ਰਹੇ ਹਨ। ਅਮਰੀਕਾ, ਕੈਨੇਡਾ, ਯੂ.ਕੇ. ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਵੀ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਪ੍ਰਵਾਸੀਆਂ ਵਿੱਚ ਡਰ ਦੀ ਭਾਵਨਾ ਬਣੀ ਹੋਈ ਹੈ। ਖ਼ਾਸ ਤੌਰ ’ਤੇ ਉਹਨਾਂ ਪ੍ਰਵਾਸੀਆਂ ਲਈ, ਜਿਹੜੇ ਵਿੰਗੇ-ਟੇਢੇ ਢੰਗ ਨਾਲ, ਜਾਂ ਸਿਆਸੀ ਸ਼ਰਨ ਲੈਕੇ ਉੱਥੇ ਪੁੱਜੇ। ਗ਼ਲਤ ਬਿਆਨੀ ਕਰਕੇ ਉੱਥੇ ਦੇ ਕਾਨੂੰਨੀ ਦਸਤਾਵੇਜ਼ ਹਾਸਲ ਕੀਤੇ। ਪਰ ਵੇਖਣਾ ਹੋਵੇਗਾ ਕਿ ਪ੍ਰਵਾਸੀਆਂ ਤੋਂ ਬਿਨਾਂ ਇਹ ਦੇਸ਼ ਤਰੱਕੀ ਕਰਨ ਦੇ ਸਮਰੱਥ ਰਹਿਣਗੇ? ਸਵਾਲ ਉੱਠਦਾ ਹੈ ਕਿ ਵਪਾਰ ਨੂੰ ਸਭਨਾਂ ਮੁਲਕਾਂ ਤਕ ਪਹੁੰਚਾਉਣ ਦੀ ਤਰਜੀਹ ਦੇਣਾ ਪਰ ਉੱਥੋਂ ਦੀ ਮਨੁੱਖੀ ਸ਼ਕਤੀ ਨੂੰ ਨਕਾਰਨਾ ਕਿੱਥੋਂ ਤਕ ਸਹੀ ਹੈ।
ਅਸਲ ਵਿੱਚ ਸਮੇਂ-ਸਮੇਂ ਰੂੜ੍ਹੀਵਾਦੀ ਸੋਚ ਵਾਲੇ ਲੋਕ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਿਆਂ ਕੁਝ ਇਹੋ ਜਿਹੇ ਕਾਰਜ ਕਰਦੇ ਹਨ, ਜਿਹੜੇ ਕਿਸੇ ਵੀ ਹਾਲਤ ਵਿੱਚ ਲੋਕ-ਹਿਤੈਸ਼ੀ ਨਹੀਂ ਹੁੰਦੇ। ਦੌਰ ਭਾਵੇਂ ਡਿਕਟੇਟਰਾਨ ਸੋਚ ਵਾਲੇ ਲੋਕਾਂ ਦਾ ਕਦੇ ਉੱਭਰਦਾ ਰਿਹਾ ਹੋਵੇ, ਪਰ ਅੰਤ ਜਿੱਤ ਹੱਥੀਂ ਕੰਮ ਕਰਨ ਵਾਲਿਆਂ, ਸੂਝਵਾਨ ਲੋਕਾਂ ਦੀ ਹੁੰਦੀ ਹੈ, ਜੋ ਧਰਮ, ਨਸਲ, ਜਾਤ, ਦੇਸ਼ ਦੇ ਪਾੜੇ ਨੂੰ ਨਕਾਰਦੇ ਹਨ।
ਭਾਰਤੀ ਪ੍ਰਵਾਸੀਆਂ ਦੀ ਤੂਤੀ ਦੇਸ਼-ਵਿਦੇਸ਼ ਵਿੱਚ ਇਸ ਕਰਕੇ ਬੋਲਦੀ ਹੈ ਕਿਉਂਕਿ ਉਹ ਲੋਕ-ਭਲਾਈ ਹਿਤ ਕਾਰਜ ਕਰਨ ਨੂੰ ਸਦਾ ਤਰਜੀਹ ਦਿੰਦੇ ਰਹੇ ਹਨ ਅਤੇ ਜਿੱਥੇ-ਜਿੱਥੇ ਵੀ ਜਾਕੇ ਉਹ ਵਸੇ, ਉਹਨਾਂ ਉੱਥੋਂ ਦੇ ਲੋਕਾਂ ਨਾਲ ਡੂੰਘੀ ਸਾਂਝ ਪਾਕੇ ਉਸ ਖਿੱਤੇ ਦੀ ਤਰੱਕੀ ਲਈ ਜੀਊਣਾ-ਮਰਨਾ ਆਪਣਾ ਫਰਜ਼ ਸਮਝਿਆ। ਇਹ ਗੱਲ ਵੀ ਵਰਨਣਯੋਗ ਹੈ ਕਿ ਵਿਸ਼ਵ ਰਾਜਨੀਤੀ ਵਿੱਚ ਕਈ ਥਾਂਵਾਂ ਉੱਥੇ ਭਾਰਤਵੰਸ਼ੀ ਸਿਆਸਤਦਾਨਾਂ ਨੇ ਉੱਥੋਂ ਦੇ ਸਿਆਸੀ ਮਾਹੌਲ ਨੂੰ ਹੀ ਬਦਲਕੇ ਰੱਖ ਦਿੱਤਾ ਅਤੇ ਉੱਥੋਂ ਦੇ ਰਾਸ਼ਟਰ ਦੇ ਨਿਰਮਾਣ ਜਾਂ ਪੂਨਰ ਗਠਨ ਵਿੱਚ ਬਣਦਾ ਯੋਗਦਾਨ ਪਾਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (