GurmitPalahi7ਪ੍ਰੋ. ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ...JaswantSGandam7
(15 ਦਸੰਬਰ 29024)


JaswantSGandhamBookBullh1‘ਅੱਖ’ ਤਾਂ ਹਰ ਲੇਖਕ ਕੋਲ ਹੁੰਦੀ ਹੈ
, ਪਰ ਸੱਚ-ਝੂਠ, ਸੋਨਾ-ਤਾਂਬਾ, ਕਣਕ-ਤੂੜੀ ਨੂੰ ਵੱਖ-ਵੱਖ ਕਰਨ ਦੇ ਯੋਗ ਹੋਣ ਲਈ ਉਸ ਨੂੰ ਬੁੱਧੀ ਅਤੇ ਗਿਆਨ ਦੀ ਲੋੜ ਹੁੰਦੀ ਹੈ। ਤਦ ਹੀ ਤਾਂ ਰਸੂਲ ਹਮਜ਼ਾਤੋਵ ਕਹਿੰਦਾ ਹੈ:

ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ, ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦਿਓ।”

ਪ੍ਰੋ. ਜਸਵੰਤ ਸਿੰਘ ਗੰਡਮ ਜਦੋਂ ਆਪਣੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਵਿੱਚ ਇਹ ਕਹਿਕੇ ਅੱਗੇ ਤੁਰਦਾ ਹੈ ਕਿ ਭਾਵੇਂ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪ ਮੁਹਾਰਾ ਵਹਿਣ ਹੈ ਪਰ ਮੇਰੇ ਲਈ ਲਿਖਣਾ ਇੱਕ ਥੈਰਾਪਿਊਟਿਕ (ਵੈਦਿਕ, ਔਸ਼ਧੀਜਨਕ) ਅਤੇ ਕੈਥਾਰਟਿਕ (ਸ਼ੁੱਧੀ ਕਾਰਕ, ਵਿਰੇਚਕ) ਵਰਤਾਰਾ ਹੈ, ਤਾਂ ਉਹਦੀ ਕਵਿਤਾ ਸਿਰਜਣਾਤਮਕ ਸੋਚ, ਦ੍ਰਿਸ਼ਟੀਕੋਣ, ਪ੍ਰਸੰਗਕਤਾ, ਪ੍ਰਤੀਬੱਧਤਾ, ਬੁੱਧੀ ਅਤੇ ਗਿਆਨ ਨਾਲ ਓਤਪੋਤ ਦਿਸਦੀ ਹੈ। ਉਸਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਹੀਂ ਕਰਦੀ ਸਗੋਂ ਪ੍ਰਸੰਗਕਤਾ ਦੀ ਸਥਿਤੀ ਵਿੱਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ।

ਬੁੱਲ੍ਹ ਸੀਤਿਆਂ ਸਰਨਾ ਨਈਂ, ਕੁਛ ਤਾਂ ਕਹਿਣਾ ਪੈਣਾ ਏਂ।” (ਬੁੱਲ੍ਹ ਸੀਤਿਆਂ ਸਰਨਾ ਨਹੀਂ)

ਅਤੇ ਉਹ ਕਹਿੰਦਾ ਹੈ, ਬੋਲਦਾ ਹੈ, ਮਿਹਣਾ ਦਿੰਦਾ ਹੈ। ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਦੇ ਪ੍ਰਖਚੇ ਉਡਾਉਂਦਾ ਹੈ। ਸਮਕਾਲ ਵਿੱਚ ਫਿਰਕਾਪ੍ਰਸਤੀ, ਧਾਰਮਿਕ ਜਨੂੰਨ, ਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪੁੜਾਂ ਵਿਚਾਲੇ ਪਿਸ ਰਹੇ ਲੋਕਾਂ ਨੂੰ ਟੁੰਬਦਾ ਹੈ, ਲਲਕਾਰਦਾ ਹੈ।

“ਸੱਚ ਤਾਂ ਆਖਰ ਬੋਲਣਾ ਪਊ,
ਅਣਖ ਨਾਲ ਜੇ ਰਹਿਣਾ ਏਂ।” (ਬੁੱਲ੍ਹ ਸੀਤਿਆਂ ਸਰਨਾ ਨਹੀਂ)

ਪ੍ਰਸਿੱਧ ਰੂਸੀ ਕਵੀ ਕੈਸਿਨ ਕੁਲਈ ਆਖਦਾ ਹੈ:

ਕਵਿਤਾ ਸੁੰਦਰ, ਸਦੀਵੀ, ਕੀਮਤੀ ਅਤੇ ਉਪਯੋਗੀ ਵੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਣਿਆਂ ਦੇ ਸਿੱਟੇ ਅਤੇ ਤਾਰੇ। ਇਹ ਜਿਊਂਦਿਆਂ ਲਈ ਹੈ, ਮੋਇਆਂ ਲਈ ਨਹੀਂ। ਇਹ ਲੋਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਸੇਵਾ ਵੀ।”

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਸਾਡੀ ਚੁੱਪ ਅਤੇ ਅੰਨ੍ਹੀ ਸੰਤੁਸ਼ਟਤਾ, ਜੋ ਮਨੁੱਖੀ ਜੀਵਨ ਲਈ ਘਾਤਕ ਹੈ, ਤੋਂ ਦੂਰ ਰਹਿਣ ਲਈ ਪ੍ਰੇਰਦੀ ਹੈ।

ਡਿਗਕੇ ਨਾ ਉੱਠਣਾ ਮਿਹਣਾ ਹੈ,
ਉਂਝ ਤਾਂ ਬੰਦਾ ਡਿਗਦਾ ਹੀ ਹੈ।” --- (ਠੋਕਰ-ਠੇਡਾ)

ਰਸਤਾ ਨਹੀਂ ਤਾਂ ਰਸਤਾ ਬਣਾ
ਸਾਬਤ ਕਦਮੀ ਚਲਦਾ ਜਾ।” ---  (ਰਸਤਾ ਬਣਾ)

ਮਨੁੱਖੀ ਜ਼ਿੰਦਗੀ ਇੱਕ ਪ੍ਰਵੇਸ਼-ਗੁਣ ਭਰਪੂਰ ਗਤੀਸ਼ੀਲਤਾ ਹੈ ਜੋ ਟਿਮਟਿਮਾਉਣ, ਉੱਗਣ, ਵਿਗਸਣ, ਬਿਣਸਣ ਦੇ ਨਾਲ-ਨਾਲ ਸ਼ਬਦ ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਣ ਦੀ ਸਿਰਜਣਾ ਅਤੇ ਸੰਭਾਲ ਕਰਦੀ ਹੈ। ਇਸ ਲਈ ਮਾਨਵ ਪ੍ਰਕਿਰਤਿਕ ਆਵੇਸ਼ ਦਾ ਭਾਗ ਹੁੰਦਿਆਂ ਹੋਇਆਂ ਵੀ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਉਲਟ ਸਥਿਤੀਆਂ ਨਾਲ ਨਿਰੰਤਰ ਤਣਾਓ, ਟਕਰਾਓ, ਸੰਘਰਸ਼ ਵਿੱਚ ਰਹਿੰਦਾ ਹੈ। ਲੇਖਕ ਇਸ ਸਮੁੱਚੇ ਵਰਤਾਰੇ ਅਤੇ ਸਮੇਂ ਦੇ ਸੱਚ ਨੂੰ ਆਪਣਾ ਫਰਜ਼ ਨਿਭਾਉਂਦਿਆਂ ਵਧੇਰੇ ਚੇਤੰਨ ਹੋਕੇ ਬਿਆਨਦਾ ਹੈ।

ਕਵੀ ਪ੍ਰੋ. ਜਸਵੰਤ ਗੰਡਮ ਦੇ ਕਾਵਿ-ਬੋਲ ਸਮੇਂ ਦੇ ਸੱਚ ਦੇ ਹਾਣ ਦੇ ਹਨ:

ਮਹਿਲਾਂ ਵਾਲਾ ਕੀ ਜਾਣੇ, ਕਿਸ ਭਾਅ ਵਿਕਦੀ ਕੱਕਰ ਵਿੱਚ?” --- (ਕੱਕਰ ਵਿੱਚ)

ਅਸੀਂ ਸਰਕਾਰੀ ਨੌਕਰ ਹਾਂ, ਰੱਜ ਕੇ ਸੌਂਈਏ ਦਫਤਰ ਵਿੱਚ” --- (ਕੱਕਰ ਵਿੱਚ)

ਜੰਗਲ ਵੀ ਸ਼ਰਮਾ ਜਾਵੇਗਾ, ਕਿੰਨਾ ਸੁੰਨ-ਮਸਾਨ ਨਗਰ ਹੈ। --- (ਗੁਆਚਾ ਘਰ)

ਪ੍ਰੋ. ਜਸਵੰਤ ਸਿੰਘ ਗੰਡਮ ਸਮਝਦਾ ਹੈ ਕਿ ਮਨੁੱਖੀ ਜੀਵਨ ਦੇ ਆਦਰਸ਼ ਦਾ ਮਹਾ-ਪ੍ਰਕਾਸ਼ ਹੁੰਦਾ ਹੈ। ਆਸ਼ਾਵਾਦ ਦੀ ਇਹੀ ਵਿਸ਼ੇਸ਼ਤਾ ਜੀਵਨ ਦੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨ ਲਈ ਮਨੁੱਖ ਨੂੰ ਨਿਰੰਤਰ ਸੰਘਰਸ਼ਮਈ ਸਥਿਤੀ ਵਿੱਚ ਰੱਖਦੀ ਹੈ। ਇਹ ਸੰਘਰਸ਼ ਕਦੇ ਆਪਣੇ ਅੰਦਰ ਅਤੇ ਕਦੇ ਆਪਣੇ ਬਾਹਰ ਚਲਦਾ ਰਹਿੰਦਾ ਹੈ। ਕੁਦਰਤ ਦੀ ਵਿਰਾਟ ਗੋਦ ਵਿੱਚ ਬੈਠੇ ਮਨੁੱਖ ਦਾ ਖਾਸਾ ਹੈ ਕਿ ਉਹ ਆਪਣੇ ਵਿਪਰੀਤ ਸਥਿਤੀਆਂ ਨਾਲ ਜੰਗ ਕੀਤੇ ਬਿਨਾਂ ਨਹੀਂ ਰਹਿ ਸਕਦਾ। ਉਸਾਰੀਆਂ, ਤਬਾਹੀਆਂ, ਮੁੜ ਉਸਾਰੀਆਂ ਦਾ ਸਿਲਸਿਲਾ ਮਾਨਵ ਨੂੰ ਆਪਣੇ ਇਤਿਹਾਸਕ ਅਤੇ ਸਮਾਜਿਕ ਕਾਰਜ ਦਾ ਬੋਧ ਕਰਾਉਂਦਾ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਾਵਿ-ਸਿਰਜਣਾ ਵਿੱਚ ਅਜਿਹੀ ਨਿਆਰੀ ਸ਼ਕਤੀ ਦਾ ਮਹਾਤਮੀ ਸਰੂਪ ਲੋਕ-ਹਿਤੈਸ਼ੀ ਪ੍ਰਤੀਕ ਵਜੋਂ ਉੱਭਰਦਾ ਹੈ।

ਬਿਗਲ ਵੱਜੂ ਜੰਗ ਦਾ ਇੰਝ ਹੀ,
ਜਦੋਂ ਤਕ ਜ਼ੁਲਮ
, ਸਿਤਮ ਜਬਰ ਹੈ।” --- (ਗੁਆਚਾ ਘਰ)

ਮਿੱਧ ਸੱਪਾਂ ਦੀਆਂ ਸਿਰੀਆਂ, ਛੇੜਨਗੇ ਸਾਂਝੇ ਰਾਗ ਨੂੰ,
ਕਈ ਆਏ ਤੇ ਕਈ ਗਏ
, ਨਾ ਮਾਰ ਸਕੇ ਪੰਜਾਬ ਨੂੰ।” --- (ਕਮਲ ਅਤੇ ਗੁਲਾਬ ਦੀ ਨੋਕ-ਝੋਕ - ਕਿਸਾਨ ਸੰਘਰਸ਼)

ਪੰਜਾਬੀ ਦੇ ਨਵੇਕਲੇ ਵਾਰਤਕਕਾਰ ਦੇ ਤੌਰ ’ਤੇ ਆਪਣੀ ਪੈਂਠ ਬਣਾ ਚੁੱਕੇ ਪ੍ਰੋ. ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਕੁੱਲ ਮਿਲਾਕੇ 88 ਕਵਿਤਾਵਾਂ ਹਨ, ਜਿਹਨਾਂ ਵਿੱਚ ਨੈੱਟ-ਨਾਮਾ, ਦੋਹੇ/ਨਵੀਨ ਦੋਹੇ ਅਤੇ ਵਿਅੰਗ ਕਵਿਤਾਵਾਂ ਸ਼ਾਮਲ ਹਨ। ਆਪਣੀਆਂ ਇਹਨਾਂ ਕਾਵਿ-ਰਚਨਾਵਾਂ ਵਿੱਚ ਪ੍ਰੋ. ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਉਹ ਸਵਾਲ-ਦਰ-ਸਵਾਲ ਖੜ੍ਹੇ ਕਰਦਾ ਹੈ ਕਿ ਕੀ ਇਹ ਇੱਦਾਂ ਹੀ ਚਲਦਾ ਰਹੇ ਅਤੇ ਅਸੀਂ ਚੁੱਪ ਧਾਰਨ ਕਰਕੇ ਇਹ ਸਭ ਕੁਝ ਵੇਖੀ ਜਾਈਏ। ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਚੇਤਨ ਮਨੁੱਖ ਕਦੇ ਅਜਿਹੀ ਪ੍ਰਾਪਤ ਸਥਿਤੀ ਦੇ ਘਿਨਾਉਣੇ ਨਕਾਰਾਤਮਕ ਕਰਮ ਨੂੰ ਵੇਖਕੇ, ਅਨੁਭਵ ਕਰਕੇ ਨਿੱਸਲਤਾ ਦੀ ਨਿਸਕਿਰਿਆਵੀ ਸੋਚ ਧਾਰਨ ਨਹੀਂ ਕਰ ਸਕਦਾ। ਇਸ ਸਥਿਤੀ ਵਿੱਚ ਬਦਲਾਵ ਕੇਵਲ ਭਾਵੁਕ-ਰੁਦਨ, ਹਉਕੇ ਹਾਵੇ ਭਰਨ, ਕਰੁਣਾ ਭਰਪੂਰ ਪਾਠ ਤਕ ਸੀਮਤ ਰਹਿਕੇ ਨਹੀਂ ਹੋ ਸਕਦਾ। ਸਗੋਂ ਇਸ ਸਥਿਤੀ ਦੇ ਕਾਰਨਾਂ ਦੀ ਵਿਗਿਆਨਕ ਦਿਮਾਗੀ ਸਮਝ ਲੈਣੀ ਹੋਵੇਗੀ।

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਦੀ ਹਰ ਸਤਰ ਦਾ ਇੱਕ ਵੱਖਰਾ ਰੰਗ ਹੈ, ਭਾਵ ਹੈ। ਉਹ ਭਾਵੇਂ ਸੈੱਲ ਫੋਨ ਦੀ ਗੱਲ ਕਰੇ, ਜਾਂ ਕਿਸਾਨ ਅੰਦੋਲਨ ਦੀ, ਉਹ ਭਾਵੇਂ ਪਾਤਰ ਦੀ ਬਾਤ ਕਰੇ, ਜਾਂ ਪ੍ਰਵਾਸ ਹੰਢਾ ਰਹੇ ਪ੍ਰਵਾਸੀਆਂ ਦੀ ਜਾਂ ਫਿਰ ਪ੍ਰਦੇਸ ਗਈ ਔਲਾਦ ਕਾਰਨ ਇਕਲਾਪਾ ਹੰਢਾ ਰਹੇ ਬੁੱਢੇ ਮਾਪਿਆਂ ਦੀ, ਠੱਗਾਂ ਦੇ ਡੇਰਿਆਂ ਦੀ ਗੱਲ ਕਹੇ ਜਾਂ ਕਿਸੇ ਖੱਬੀ ਖਾਨ ਦੀ, ਉਹ ਕੋਰਾ ਸੱਚ ਕਹਿੰਦਾ ਹੈ।

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਾਵਿ-ਮਾਨਸਿਕਤਾ ਬਾਪੂ-ਬੇਬੇ, ਰੱਖੜੀ-ਭੈਣ, ਪਾਣੀ-ਪ੍ਰਾਣੀ, ਠੋਕਰ-ਠੇਡੇ, ਗੈਰਤ-ਔਕੜਾਂ, ਪ੍ਰਦੇਸਨਾਮਾ, ਬਣਵਾਸ/ਇਕਲਾਪਾ, ਬਿਰਖਾਂ/ਪੰਖੇਰੂਆਂ, ਕੁਦਰਤ ਦੇ ਰਾਗਾਂ-ਰੰਗਾਂ, ਮੰਡੀ ਦੇ ਦੌਰ, ਕਾਰੋਬਾਰੀ ਰਿਸ਼ਤਿਆਂ ਅਤੇ ਵੇਲੇ ਦੇ ਸੁਪਨਿਆਂ ਦੀ ਸਚਾਈ ਬਿਆਨਦੀ ਹੈ, ਅੰਬਰੋਂ ਅਗਲੀ ਸੋਚ ਵਿੱਚ ਵਹਿੰਦੀ ਨੱਚ-ਨੱਚ ਧੂੜਾਂ ਪੁੱਟਦੀ ਜ਼ਿੰਦਗੀ ਨਾਲ ਅੱਖਾਂ ਚਾਰ ਕਰਦੀ ਹੈ।

ਆਉ ਉਸਦੀ ਕਵਿਤਾ ਦੇ ਕੁਝ ਅੰਗਾਂ ਨਾਲ ਆਪਣੇ ਮਨ ਮਸਤਕ ਦੀ ਸਾਂਝ ਪਾਈਏ:

ਭੁੱਖ, ਗਰੀਬੀ, ਅਤੇ ਦੁੱਖ-ਦਰਦ
ਧਰਤੀ ਉੱਪਰੋਂ ਸਭ ਮਿਟਾਦੇ।” --- (ਦੁਆ)

ਤੇਰੇ ਮਿੱਠੜੇ ਬੋਲ ਨੇ ਏਂਦਾ,
ਨੇਤਾ ਦੀ ਜਿਉਂ ਜੁਮਲੇਬਾਜ਼ੀ।” --- (ਸੱਚ ਬੋਲਦੇ ਰਹਿ ਗਏ)

ਬੁੱਢੀ ਦੇਹ ਹੈ ਖਿੰਡਰੀ ਪੁੰਡਰੀ,
ਕਮਰ ਕਿਧਰੇ ਤੇ ਕੂਹਣੀ ਕਿਧਰੇ।” --- (ਸਾਧੂ ਕਿਧਰੇ - ਧੂਣੀ ਕਿਧਰੇ)

ਟੌਹਰਾਂ ਕੱਢ ਕੇ ਆਉਂਦੇ ਹਾਂ,
ਮੰਗਵੇਂ ਕੱਪੜੇ ਪਾਉਂਦੇ ਹਾਂ।” --- (ਟੌਹਰਾਂ)

ਮਾਂ-ਬਾਪ ਤਰਸ ਗਏ,
ਕਦੋਂ ਪੁੱਤ ਪ੍ਰਦੇਸੋਂ ਆਵੇ।” --- (ਟੱਪੇ)

ਰਾਤੀਂ ਨੀਂਦਾਂ ਉਡੀਆਂ, ਪੱਥਰ ਹੋ ਗਏ ਨੈਣ,
ਕੋਇਲਾਂ ਦੇ ਗੀਤ ਹੁਣ
, ਲਗਦੇ ਪਏ ਨੇ ਵੈਣ।” --- (ਤਲਖ਼-ਹਕੀਕੀ ਦੋਹੇ)

ਲੁੱਟ ਰਹੇ ਨੇ ਹੱਥੋ-ਹੱਥੀ,
ਲੀਡਰ, ਬਾਬੇ ਤੇ ਮਨਮੁੱਖ” --- (ਰੁੱਖ ਡਟਿਆ ਰਿਹਾ)

*   *   *

ਪ੍ਰੋ. ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਦੇ 104 ਸਫ਼ੇ ਹਨ। ਇਹ ਪੁਸਤਕ ਪੰਜਾਬੀ ਵਿਰਸਾ ਟ੍ਰਸਟ (ਰਜਿ.) ਵੱਲੋਂ ਇਸ ਆਸ ਨਾਲ ਛਾਪੀ ਗਈ ਹੈ ਕਿ ਇਹ ਪੰਜਾਬੀ ਕਾਵਿ-ਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗੀ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5531)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author