ਪੰਜਾਬ ਸਰਕਾਰ ਦੀ ਖੇਡ ਪਾਲਿਸੀ ਕਿੱਥੇ ਹੈਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿੱਚ ਹੋਏਗਾਅਮਲਾਂ ਵਿੱਚ ਪੰਜਾਬ ...
(9 ਸਤੰਬਰ 2024)

 

ਖੇਡਾਂ ਖੇਡਣੀਆਂ ਪੰਜਾਬੀਆਂ ਦਾ ਸੁਭਾਅ ਹੈਖੇਡ, ਖੇਡ ਦੇ ਮੈਦਾਨ ਦੀ ਹੋਵੇ, ਖੇਡ ਸਿਆਸਤ ਦੀ ਹੋਵੇ, ਖੇਡ ਪੰਜਾਬੀ ਗ੍ਰਹਿਸਥੀ ਜੀਵਨ ਦੀ ਹੋਵੇਪੰਜਾਬੀਆਂ ਦੀ ਖੇਡ ਨਿਰਾਲੀ ਹੈ, ਨਵੇਕਲੀ ਹੈ, ਕਿਧਰੇ ਦਿਲ-ਮਨ ਨੂੰ ਛੂਹ ਲੈਣ ਵਾਲੀ ਹੈ, ਕਿਧਰੇ ਜਾਨ ਲੇਵਾ ਹੈ, ਅਤੇ ਕਿਧਰੇ ਦੂਸਰਿਆਂ ਨੂੰ ਸਬਕ ਸਿਖਾਉਣ ਵਾਲੀ ਹੈਕਿਧਰੇ ਆਪਣਾ ਉਜਾੜਾ ਆਪ ਪਾਉਣ ਵਾਲੀ ਹੈ

ਸਿਆਸਤ ਦੀਆਂ ਅੰਦਰਲੀਆਂ ਪੇਚਦਗੀਆਂ ਜਾਂ ਗੁੰਝਲਾਂ ਤੋਂ ਅਨਜਾਣ, ਕਿਸੇ ਦੂਜੇ ਦੀ ਗੱਲ ਨੂੰ ਸਹਿਜ-ਸੁਭਾਅ ਮੰਨ ਲੈਣ ਵਾਲੇ ਪੰਜਾਬੀ, ਖੇਡ ਖੇਤਰ ਵਿੱਚ ਮੱਲਾਂ ਮਾਰਨ ਲਈ ਮਸ਼ਹੂਰ ਤਾਂ ਹੋਏ ਹੀ, ਦੇਸੀਂ-ਪ੍ਰਦੇਸੀਂ ਜੁੱਸਿਆਂ ਦੇ ਬੱਲ ’ਤੇ, ਸੋਚ ਦੇ ਜ਼ੋਰ ਨਾਲ, ਤਰਕੀਬਾਂ ਅਤੇ ਮਿਲਾਪੜੇ ਸੁਭਾਅ ਨਾਲ ਆਪਣੇ ਕੱਦ ਕਾਠ ਵਧਾਉਣ ਵਿੱਚ ਸਫ਼ਲ ਹੋਏਇੰਜ ਵਿਸ਼ਵ ਪੱਧਰ ’ਤੇ ਵਿਚਰਦਿਆਂ ਉਹਨਾਂ ਨਾ ਆਪਣੀ ਮਾਂ-ਬੋਲੀ ਛੱਡੀ, ਨਾ ਆਪਣੀ ਮਾਂ-ਖੇਡ ਕਬੱਡੀ ਨੂੰ ਤੱਜਿਆ, ਨਾ ਪਹਿਲਵਾਨੀ ਤੋਂ ਮੂੰਹ ਮੋੜਿਆ, ਨਾ ਆਪਣੇ ਰੰਗਲੇ ਸੱਭਿਆਚਾਰ ਨੂੰ ਤਿਲਾਂਜਲੀ ਦਿੱਤੀਆਪਣੇ ਸੱਭਿਆਚਾਰ, ਆਪਣੇ ਨਿੱਜੀ ਧਰਮ ਨੂੰ ਤਾਂ ਉਨ੍ਹਾਂ ਆਪਣੀ ਜ਼ਿੰਦਗੀ ‘ਤੋਂ ਬਾਹਰ ਹੋਣ ਹੀ ਨਹੀਂ ਸੀ ਦੇਣਾ!

ਪੰਜਾਬੀਆਂ ਦਾ ਖੇਡਾਂ ਨਾਲ ਮੋਹ, ਆਪਣੇ ਖੇਤਾਂ ਨਾਲ ਮੋਹ ਜਿਹਾ ਹੈਖੇਤ ਦੀ ਵੱਟ ਲਈ ਸ਼ਰੀਕਾਂ ਨਾਲ ਵੱਢ-ਟੁੱਕ, ਗਾਲੀ ਗਲੋਚ, ਆਪਣੇ ਹੱਕ ਲਈ ਲੜਾਈ ਉਨ੍ਹਾਂ ਕਣ-ਕਣ ਵਿੱਚ ਵਸੀ ਹੋਣ ਕਰਕੇ ਜੁੱਸਿਆਂ ਦੀ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ, ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਕਰਨਾ ਪੰਜਾਬੀਆਂ ਦਾ ਸ਼ੌਕ ਹੈਬੱਦਲਾਂ ਦੀ ਗਰਜਣ, ਬਿਜਲੀ ਦੀ ਗੜ੍ਹਕਣ ਅਤੇ ਲਿਸ਼ਕਣ ਦਾ ਕਦੇ ਉਹਨਾਂ ਦੇ ਮਨ ਵਿੱਚ ਡਰ ਨਹੀਂ ਰਿਹਾਉਹ ਜਦੋਂ ਲੜਦੇ-ਭਿੜਦੇ ਹਨ, ਕਬੱਡੀ ਦੇ ਮੈਦਾਨ ਵਿੱਚ, ਪਹਿਲਵਾਨੀ ਅਖਾੜੇ ਵਿੱਚ, ਸ਼ੈਲ-ਛਬੀਲੇ ਗੱਭਰੂ ਦਹਾੜਦੇ ਹਨ ਤਾਂ ਮੋਰ ਦੀ ਪੈਲਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ, ਸ਼ੇਰਾਂ ਦੀ ਗਰਜਣਾਂ ਵੀ ਲੋਕਾਂ ਨੂੰ ਭੁੱਲ ਜਾਂਦੀ ਹੈਖੇਡ ਤਾਂ ਪੰਜਾਬੀਆਂ ਲਈ ਉਹਨਾਂ ਦਾ ਵਿਰਸਾ ਹੈ, ਬਾਬੇ ਨਾਨਕ ਦੀ ਬਾਣੀ ਦਾ ਸੱਚ ਹੈ, ਜਿਹਨੂੰ ਉਹ ਪੱਲੇ ਬੰਨ੍ਹ ਜ਼ਿੰਦਗੀ ਵਿੱਚ ਵਿਚਰਦਾ ਹੈ, ਪ੍ਰਾਪਤੀਆਂ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹਦਾ ਲੱਖ-ਲੱਖ ਸ਼ੁਕਰ ਮਨਾਉਂਦਾ ਹੈ

ਪਿੰਡ ਦੀ ਸ਼ਾਮ ਵੇਖ ਲਓ, ਭਾਵੇਂ ਸਵੇਰ! ਖੇਡਾਂ ਦਾ ਝਲਕਾਰਾ ਪਿੰਡਾਂ ਦੀ ਬਰੂਹਾਂ ਵਿੱਚ ਦਿਸਦਾ ਹੈ ਬਿਨਾਂ ਸ਼ੱਕ ਪੰਜਾਬੀ ਜੁੱਸਿਆਂ ਅਤੇ ਸੁਭਾਅ ਨੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨਮੁੰਡੇ, ਮੋਟਰਸਾਈਕਲ, ਮੋਬਾਇਲ, ਵਿਦੇਸ਼ੀ ਰਾਹ ਪਾਉਣ ਦੇ ਰਾਹ ਪਾ ਦਿੱਤੇ ਗਏ ਹਨ। ਮੁਟਿਆਰਾਂ ਵੀ ਕਿਸੇ ਤਰ੍ਹਾਂ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨ, ਜੋ ਮੁੰਡੇ ਹੰਢਾਉਂਦੇ ਹਨ, ਪਰ ਖੇਡਾਂ ਹਾਲੇ ਵੀ ਪੰਜਾਬੀਆਂ ਲਈ ਜੀਵਨ-ਜਾਚ ਹਨ, ਉਹਨਾਂ ਦੇ ਖ਼ੂਨ ਵਿੱਚ ਰਚੀਆਂ ਹੋਈਆਂ ਹਨਖੇਡਾਂ ਅਤੇ ਭੰਗੜੇ ਦੀ ਤਾਲ-ਸੁਰ, ਗਿੱਧੇ ਦੀ ਧਮਾਲ ਤੇ ਬੋਲੀਆਂ ਨੂੰ, ਬਾਬੇ ਦੀ ਬਾਣੀ ਨੂੰ, ਕਿਹੜਾ ਸਿਆਸੀ ਦਲਾਲ, ਕਿਹੜਾ ਸਿਆਸੀ ਭਗਵਾਂਪਨ, ਕਿਹੜਾ ਸਿਆਸੀ ਡਿਕਟੇਟਰ, ਪੰਜਾਬੀਆਂ ਤੋਂ ਖੋਹ ਸਕਦਾ ਹੈ, ਜਾਂ ਖੋਹ ਸਕਿਆ ਹੈ? ਭਾਵੇਂ ਇਹ ਖੋਹਣ ਦੇ ਯਤਨ ’47 ਵਿੱਚ ਵੀ ਹੋਏ, 84 ਵਿੱਚ ਵੀ ਹੋਏ, ਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨ, ਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ ਅਤੇ ਹੁਣ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਪਾਸ ਕਰਕੇ, ਉਹਨਾਂ ਦੀ ਜ਼ਮੀਨ ਨੂੰ, ਉਹਨਾਂ ਦੀ ਹੋਂਦ ਨੂੰ, ਉਹਨਾਂ ਦੀ ਅਣਖ਼ ਨੂੰ ਖ਼ਤਰਾ ਪੈਦਾ ਕਰਕੇ ਵੀ ਹੋਏ! ਪਰ, ਪੰਜਾਬੀ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿੱਚ “ਟੈਂਅ ਨਾ ਮੰਨਣ ਕਿਸੇ ਦੀ”

ਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈ, ਕਦੇ ਹੁਲਾਸ ਨਾਲ ਭਰਦਾ ਹੈਉਦਾਸ ਹੁੰਦਾ ਹੈ ਉਦੋਂ ਜਦੋਂ ਕੋਈ ਜਵਾਨ ਨਸ਼ੇ ਦੀ ਬਲੀ ਚੜ੍ਹਦਾ ਹੈ, ਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈ, ਖ਼ੁਦਕੁਸ਼ੀ ਕਰ ਜਾਂਦਾ ਹੈ। ਪਰ ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਹਾਕੀ ਜਿੱਤ ਪੰਜਾਬੀ ਖਿਡਾਰੀ ਵਰ੍ਹਿਆਂ ਬਾਅਦ ਦੇਸ਼ ਨੂੰ ਖੁਸ਼ੀ ਦਿੰਦੇ ਹਨਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਉਦੋਂ ਜਦੋਂ ਧੀਆਂ ਦਾ ਕੁੱਖ ਵਿੱਚ ਕਤਲ ਕੀਤਾ ਜਾਂਦਾ ਹੈ, ਖੁਸ਼ ਹੁੰਦਾ ਹੈ ਉਦੋਂ ਜਦੋਂ ਧੀਆਂ ਖੇਡਾਂ, ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਦੀਆਂ ਹਨ ਅਤੇ ਮਾਪਿਆਂ ਤੇ ਸਮਾਜ ਦੀ ਖੁਸ਼ੀ ਦਾ ਬਰਾਬਰ ਦਾ ਹਿੱਸਾ ਬਣਦੀਆਂ ਹਨ

ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਤੇ ਕਬੱਡੀ ਦੇ ਅਖ਼ਾੜੇ, ਫੁੱਟਬਾਲ, ਬਾਲੀਵਾਲ ਦੇ ਮੈਦਾਨ, ਪਿੰਡ ਦਾ ਸ਼ਿੰਗਾਰ ਹਨਸਵੇਰੇ, ਸ਼ਾਮੀ ਬੱਚੇ, ਨੌਜਵਾਨ ਜਦੋਂ ਖੇਡ ਮੈਦਾਨ ਵਿੱਚ ਬੁੱਕਦੇ ਹਨ, ਪ੍ਰੈਕਟਿਸ ਕਰਦੇ ਹਨ, ਜੁੱਸਿਆਂ ਨੂੰ ਤਕੜਾ ਸੁਡੌਲ ਕਰਦੇ ਹਨ ਅਤੇ ਫਿਰ ਕਬੱਡੀ, ਫੁੱਟਬਾਲ, ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਵੇਖਿਆਂ ਹੀ ਬਣਦਾ ਹੈਖੁਸ਼ੀ ਦੇ ਪਲ ਤਾਂ ਖੇਡ ਮੈਦਾਨ ਉਦੋਂ ਹੰਡਾਉਂਦਾ ਹੈ, ਜਦੋਂ ਪਿੰਡਾਂ ਵਿੱਚ ਫੁੱਟਬਾਲ ਟੂਰਨਾਮੈਂਟ, ਵੇਟ ਲਿਫਟਿੰਗ ਮੁਕਾਬਲੇ ਅਤੇ ਕਬੱਡੀ ਦੇ ਵਿਸ਼ਵ-ਪੱਧਰੀ ਮੁਕਾਬਲੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕਰਵਾਏ ਜਾਂਦੇ ਹਨਨੌਜਵਾਨਾਂ ਨੂੰ ਖੇਡਾਂ ਵਿੱਚ ਰੁਚਿਤ ਹੋਣ ਦਾ ਹੁਲਾਰਾ ਦਿੰਦੇ ਹਨਇਹ ਹੁਲਾਸ ਵਰ੍ਹੇ ਭਰ ਅਗਲੇ ਸਾਲ ਵਿੱਚ ਇੱਕ ਨਵੀਂ ਆਸ ਨਾਲ ਜੀਉਂਦਾ ਜਾਗਦਾ ਹੈ, ਪਿੰਡ ਦੇ ਜਾਗਣ ਵਾਂਗ, ਜੋ ਕਦੇ ਸੌਂਦਾ ਨਹੀਂ, ਖ਼ਬਰਦਾਰ ਰਹਿੰਦਾ ਹੈ, ਆਪਣੇ ਬੱਚਿਆਂ ਲਈ, ਆਪਣੇ ਪੁੱਤਾਂ, ਧੀਆਂ ਲਈ, ਆਪਣੇ ਵਿਰਸੇ-ਸੱਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇ-ਭੈੜੇ ਉਹਨਾਂ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈ ਜਿਹੜੇ ਉਹਨਾਂ ਪੱਲੇ ਭ੍ਰਿਸ਼ਟਾਚਾਰ ਪਾ ਰਹੇ ਹਨ, ਉਹਨਾਂ ਵਿੱਚ ਧੜੇਬੰਦੀ ਦੇ ਬੀਅ ਬੀਜ ਰਹੇ ਹਨ, ਜਿਹੜੇ ਨਫ਼ਰਤ-ਸਾੜੇ ਦੀ ਸਿਆਸਤ ਕਰਕੇ ਧਰਮ-ਜਾਤ ਦੀ ਵੰਡ ਦਾ ਵਖਰੇਵਾਂ ਪਾਕੇ, ਵੋਟ ਰਾਜੀਨੀਤੀ ਦੀ ਖਾਤਰ ਸਭ ਕੁਝ ਹਥਿਆਉਣਾ ਚਾਹੁੰਦੇ ਹਨ, ਪਿੰਡ ਵੀ, ਖੇਤ ਵੀ, ਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ

ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈਬਚਪਨ, ਜਵਾਨੀ, ਬੁਢਾਪਾ ਉਹਨਾਂ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾਇਹੋ ਖੇਡ ਦਾ ਰੰਗ ਉਹਨਾਂ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ, ਇਹੋ ਖੇਡ ਦਾ ਰੰਗ ਉਹਨਾਂ ਨੂੰ ਨਿਹੱਕਿਆਂ ਦੇ ਹੱਕ ਵਿੱਚ ਖੜ੍ਹਨ, ਉਹਨਾਂ ਲਈ ਜਾਨ ਵਾਰਨ ਅਤੇ ਆਪਣੀ ਹੱਕ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਦਾ ਹੈਖੇਡ ਖੇਡ ਵਿੱਚ ਪੰਜਾਬੀ ਵੱਡੀਆਂ ਪ੍ਰਾਪਤੀਆਂ ਕਰਦੇ ਹਨਪਰ ਖੇਡ, ਖੇਡ ਵਿੱਚ ਅਤੀਤ ਵਿੱਚ ਉਹਨਾਂ ਬਹੁਤ ਕੁਝ ਗੁਆਇਆ ਹੈਸਿਆਸੀ ਖੇਡਾਂ ਵਿੱਚ ਦਿੱਲੀ ਹੱਥੋਂ ਪੰਜਾਬੀ ਮਾਤ ਖਾਂਦੇ ਰਹੇ ਹਨ, ਪਰ ਕਦੇ ਝੁਕੇ ਨਹੀਂ, ਅੜੇ ਰਹੇ, ਖੜ੍ਹੇ ਰਹੇ, ਬੜਾ ਕੁਝ ਗੁਆਇਆ, ਧਨ, ਦੌਲਤ, ਸਰੀਰ, ਮਨ ਦਾ ਚੈਨ ਪਰ ਬੜਾ ਕੁਝ ਪਾਇਆ ਅਣਖ਼, ਸੰਤੁਸ਼ਟੀ ਅਤੇ ਟੌਹਰ-ਟੱਪਾ ਬਿਨਾਂ ਸ਼ੱਕ ਅਫਗਾਨੇ-ਕਸ਼ਮੀਰੇ-ਦਿੱਲੀ ਤਕ ਰਾਜ ਕੀਤਾ, ਪਰ ਇਮਾਨਦਾਰ ਖੇਡ ਦੀ ਕਰਾਮਾਤ ਹੀ ਕਹਾਂਗੇ, ਸੱਭੋ ਕੁਝ ਸਿਮਟ ਪੰਜ ਦਰਿਆਵਾਂ ਨੂੰ ਸੰਭਾਲ ਲਿਆਪਰ ਸਿਆਸੀ ਰੰਗ ਢੰਗ ਦੀ ਖੇਡ ਨੇ ਉਹਦੇ ਢਾਈ ਦਰਿਆ ਹੀ ਪੱਲੇ ਰਹਿਣ ਦਿੱਤੇਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਤਾਂ ਸਾਜ਼ਿਸ਼ਨ ਉਹਨਾਂ ਹਥਿਆਉਣੇ ਹੀ ਸਨ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਖੋਹ ਲਿਆਪੰਜਾਬੀ, ਜਿਹੜੇ ਅਧਾਰ ’ਤੇ ਸੂਬਾ ਪੰਜਾਬ ਬਣਿਆ ਸੀ, ਸਿਆਸਤਦਾਨਾਂ ਦੀ ਬੇਰੁਖ਼ੀ ਕਾਰਨ ਪੰਜਾਬੀ ਮਾਂ ਬੋਲੀ, ਮਤਰੇਈ ਮਾਂ ਵਾਲਾ ਸਲੂਕ ਹੰਢਾ ਰਹੀ ਹੈਇਹ ਖੇਡਾਂ, ਇਹ ਚਾਲਾਂ ਇਹ ਸਾਜ਼ਿਸ਼ਾਂ ਹੰਢਾਉਣ ਲਈ ਆਦੀ ਹੋ ਚੁੱਕੇ ਪੰਜਾਬੀ ਫਿਰ ਵੀ ਖੇਡਾਂ ਨਹੀਂ ਭੁੱਲੇ, ਮੇਲੇ ਨਹੀਂ ਭੁੱਲੇ, ਸੱਭਿਆਚਾਰ ਨਹੀਂ ਭੁੱਲੇ! ਆਪਣਾ ਵਿਰਸਾ ਉਹਨਾਂ ਦੀ ਕੁੱਖ ਵਿੱਚ ਪਲ ਰਿਹਾ ਹੈ

ਪਰ ਸਰਕਾਰਾਂ ਖੇਡਾਂ ਨਾਲ ਮਜ਼ਾਕ ਕਰ ਰਹੀਆਂ ਹਨਕਦੇ ਕਦਾਈਂ ਖੇਡਾਂ ਨੂੰ ਸਿਆਸਤ ਲਈ ਵਰਤਦੀਆਂ ਨਜ਼ਰ ਆਉਂਦੀਆਂ ਹਨਪਿਛਲੇ ਵਰ੍ਹਿਆਂ ਵਿੱਚ ਵਿਸ਼ਵ ਕਬੱਡੀ ਟੂਰਨਾਮੈਂਟ ਕਿਸੇ ਸਿਆਸੀ ਧਿਰ ਵਾਲੀ ਸਰਕਾਰ ਨੇ ਕਰਵਾਏ, ਆਪਣੀ ਸਿਆਸੀ ਹਿਤਾਂ ਦੀ ਪੂਰਤੀ ਲਈ, ਉਵੇਂ ਹੀ ਜਿਵੇਂ ਵਰ੍ਹਿਆਂ-ਬੱਧੀ ਪੰਜਾਬੀ ਵਿੱਚ ਪ੍ਰਵਾਸੀ ਸੰਮੇਲਨ ਕਰਵਾਏ ਵੋਟਾਂ ਦੀ ਪ੍ਰਾਪਤੀ ਲਈ! ਪਰ ਪੰਜਾਬੀਆਂ ਕੀ ਖੱਟਿਆ?

ਪੰਜਾਬ ਸਰਕਾਰਾਂ ਨੇ ਕਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਨਜ਼ਰ ਸਵੱਲੀ ਨਹੀਂ ਕੀਤੀ ਕਿੱਥੇ ਗਏ ਹਰ ਵਰ੍ਹੇ ਪੰਚਾਇਤਾਂ, ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਬਲਾਕ, ਜ਼ਿਲ੍ਹਾ, ਸੂਬਾ ਪੱਧਰੀ ਖੇਡ ਮੁਕਾਬਲੇ? ਸਿਰਫ਼ ਸਕੂਲਾਂ ਵਿੱਚ ਸਿਮਟਕੇ ਰਹਿ ਗਏ ਹਨ ਇਹ ਖੇਡ ਮੁਕਾਬਲੇ, ਖੋਹ-ਖੋਹ, ਕਬੱਡੀ, ਫੁੱਟਬਾਲ, ਵਾਲੀਬਾਲ, ਟੇਬਲ ਟੈਨਿਸ ਦੇ ਮੁਕਾਬਲਿਆਂ ਤਕ ਸੀਮਤ, ਉਹ ਵੀ ਖ਼ਾਨਾ ਪੂਰਤੀ ਲਈਕਿੰਨੇ ਸਟੇਡੀਅਮ ਹਨ ਸਰਕਾਰ ਦੇ ਸੂਬੇ ਵਿੱਚ? ਕਿੰਨੀਆਂ ਜਿੰਮਾਂ ਹਨ ਪੰਜਾਬ ਵਿੱਚ? ਕਿੰਨੇ ਕੋਚ ਭਰਤੀ ਕੀਤੇ ਹਨ ਖੇਡ ਵਿਭਾਗ ਵਿੱਚ? ਕਿੰਨੇ ਪੀ.ਟੀ.ਆਈ., ਡੀ.ਪੀ.ਆਈ. ਸਿੱਖਿਆ ਵਿਭਾਗ ਵਿੱਚ ਤਾਇਨਾਤ ਹਨ? ਕਿੰਨਾ ਬੱਜਟ ਹੈ ਖੇਡ ਵਿਭਾਗ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ? ਪਰ ਤਸੱਲੀ ਵਾਲੀ ਗੱਲ ਹੈ ਪਿੰਡ ਸੰਸਾਰਪੁਰ ਵਿੱਚ ਹਾਕੀ ਮੈਦਾਨ ਦਾ ਅੰਤਰਰਾਸ਼ਟਰੀ ਪੱਧਰ ਦਾ ਮੈਦਾਨ ਹੈਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨਇਹ ਉਹਨਾਂ ਦੀ ਲਗਨ, ਮਿਹਨਤ, ਸਿਰੜ ਦਾ ਸਿੱਟਾ ਹੈਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ ਤੇ ਪੰਜਾਬੀਆਂ ਮਾਣ-ਸਨਮਾਨ ਕੀਤਾ ਹੈਬਹੁਤ ਸਾਰੇ ਪਿੰਡਾਂ ਵਿੱਚ ਖੇਡ ਸਟੇਡੀਅਮ ਹਨ, ਜਿੰਮਾਂ ਹਨ, ਪਹਿਲਵਾਨਾਂ ਦੇ ਅਖਾੜੇ ਹਨਰਾਏਕੋਟ ਵਿੱਚ ਲੋਕ-ਖੇਡਾਂ ਹੁੰਦੀਆਂ ਹਨਜਲੰਧਰ ਵਿੱਚ ਹਾਕੀ ਟੂਰਨਾਮੈਂਟ ਹੁੰਦੇ ਹਨ

ਪਰ ਪੰਜਾਬ ਸਰਕਾਰ ਦੀ ਖੇਡ ਪਾਲਿਸੀ ਕਿੱਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿੱਚ ਹੋਏਗਾ, ਅਮਲਾਂ ਵਿੱਚ ਪੰਜਾਬ ਵਿੱਚ ਕਿਧਰੇ ਵਿਖਾਈ ਨਹੀਂ ਦਿੰਦਾਪਿੰਡਾਂ ਦੀਆਂ ਬਰੂਹਾਂ ਵਿੱਚ ਤਾਂ ਉਸਦੀ ਦਸਤਕ ਨਾ-ਮਾਤਰ ਹੈਇੰਜ ਕਿਵੇਂ ਚੱਲੇਗਾ ਪੰਜਾਬ ਦਾ ਖੇਡ ਸੱਭਿਆਚਾਰ? ਇੰਜ ਕਿਵੇਂ ਬਚੇਗਾ ਪੰਜਾਬ? ਇਕੱਲੀ ਸਰਕਾਰ ਹੀ ਕਿਉਂ, ਸਾਡੇ ਪੰਜਾਬੀ ਧੁਰੰਤਰ, ਪੰਜਾਬੀ-ਬੁੱਧੀਜੀਵੀ, ਸੁਚੇਤ ਪੰਜਾਬੀ ਆਪਣੇ ਮਾਮਲਿਆਂ, ਆਪਣੇ ਨਾਲ ਹੁੰਦੇ ਧੱਕਿਆਂ, ਪੰਜਾਬੀਆਂ ਦੀ ਰੂਹ ਖੇਡਾਂ ਨਾਲ ਹੋ ਰਹੇ ਵਿਤਕਰੇ ਸੰਬੰਧੀ ਚੁੱਪ ਕਿਉਂ ਧਾਰੀ ਬੈਠੇ ਹਨ? ਅਸੀਂ ਜਿਹੜੇ ਢੁੱਠਾਂ ਵਾਲੇ, ਵੱਡੇ ਉੱਦਮੀ, ਬਾਬੇ ਨਾਨਕ ਦੇ ਪੈਰੋਕਾਰ ਕਹਾ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਂ ਰਹੇ, ਆਖ਼ਿਰ ਆਪਣੀ ਹਾਲਤ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ “ਅਸੀਂ ਵੱਡੇ ਵੱਡੇ ਪਹਿਲਵਾਨ” ਵਾਲੀ ਕਿਉਂ ਬਣਾ ਬੈਠੇ ਹਾਂ? ਲਉ ਪੜ੍ਹੋ ਕਵੀ ਦੇ ਬੋਲ:

ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕੱਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁੱਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਡੀ ਕਸਰਤ ਹੈ।

ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ

ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਨ ’ਤੇ ਗੋਡਾ ਧਰ ਕੇ
ਖੇਤ ਪਏ ਗਧੇ ਵਾਲੀ ਜੂਨ ਭੋਗਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕੱਸ ਲੈਂਦੇ ਹਾਂ ਲੰਗੋਟੇ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5283)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author