“ਕੀ ਪੰਜਾਬ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਰਹੇਗਾ? ਕੀ ਪੰਜਾਬ ਦੀ ਜਵਾਨੀ ਇੰਜ ਹੀ ਰੁਲਦੀ ਰਹੇਗੀ? ਅੱਜ ਪੰਜਾਬ ...”
(2 ਜੁਲਾਈ 2024)
ਇਸ ਸਮੇਂ ਪਾਠਕ: 305.
ਸੂਬੇ ਪੰਜਾਬ ਦੇ ਸਿਆਸੀ ਹਾਲਾਤ ਨਿੱਤ ਪ੍ਰਤੀ ਬਦਲ ਰਹੇ ਹਨ। ਪਾਰਲੀਮੈਂਟ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਹੁਤ ਕੁਝ ਗੁਆ ਲਿਆ ਹੈ। ਹੁਣ ਉਹ ਵੋਟ ਪ੍ਰਤੀਸ਼ਤ ਸ਼੍ਰੋਮਣੀ ਅਕਾਲੀ ਦੇ ਪੱਲੇ ਨਹੀਂ ਰਹੀ, ਜੋ ਕਦੇ ਉਸਦਾ ਇੱਕ ਇਲਾਕਾਈ ਪਾਰਟੀ ਦੇ ਤੌਰ ’ਤੇ ਪ੍ਰਭਾਵੀ ਸਿਆਸੀ ਪਾਰਟੀ ਵਾਲਾ ਅਕਸ ਉਭਾਰਦੀ ਸੀ।
ਪਾਰਲੀਮੈਂਟ ਚੋਣਾਂ ਉਪਰੰਤ ਪੰਜਾਬ ਵਿੱਚ ਪੰਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਹੁਜਨ ਸਮਾਜ ਪਾਰਟੀ ਨਾਲ ਮੁੜ ਸਾਂਝ ਭਿਆਲੀ ਪਾਈ ਹੈ ਅਤੇ ਜਲੰਧਰ ਪੱਛਮੀ, ਚੱਬੇਵਾਲ (ਦੋਵੇਂ ਰਾਖਵੇਂ ਹਲਕੇ) ਚੋਣ ਹਲਕੇ ਤੋਂ ਬਸਪਾ ਚੋਣ ਲੜੇਗੀ ਅਤੇ ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਗਿੱਦੜਵਾਹਾ ਤੋਂ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਚੋਣ ਲੜਨਗੇ। ਇਹ ਜ਼ਿਮਨੀ ਚੋਣਾਂ ਅਗਲੇ ਛੇ ਮਹੀਨਿਆਂ ਵਿੱਚ ਹੋਣਗੀਆਂ। ਸ਼ਾਇਦ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹ ਸਾਂਝ ਭਿਆਲੀ ਜਾਰੀ ਰਹੇ ਅਤੇ ਸਾਰੀਆਂ ਰਾਖਵੀਆਂ ਸੀਟਾਂ ਬਸਪਾ ਅਤੇ ਅਣ-ਰਾਖਵੀਆਂ ਸੀਟਾਂ ਉੱਤੇ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਖੜ੍ਹੇ ਹੋਣ। ਪਰ ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿ ਹੁਣ ਨਾ ਬਸਪਾ ਦਾ ਰਾਖਵੀਆਂ ਸੀਟਾਂ ਉੱਤੇ ਕੋਈ ਵੱਡਾ ਬੋਲਬਾਲਾ ਹੈ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਆਪਣਾ ਅਧਾਰ ਬਚਾਕੇ ਰੱਖ ਸਕਿਆ ਹੈ।
ਪਿਛਲੀਆਂ ਦੋ-ਤਿੰਨ ਚੋਣਾਂ ਵਿੱਚ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਉਸ ਦੀ ਪਾਰਟੀ ਦੇ ਵੱਡੇ ਨੇਤਾ ਉਸਦਾ ਸਾਥ ਛੱਡ ਰਹੇ ਹਨ, ਬਾਗੀ ਹੋ ਰਹੇ ਹਨ। ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਕਾਟੋ-ਕਲੇਸ਼ ਇੱਥੋਂ ਤਕ ਵਧ ਚੁੱਕਾ ਹੈ ਕਿ ਜਲੰਧਰ ਪੱਛਮੀ ਤੋਂ ਸੁਖਬੀਰ ਸਿੰਘ ਬਾਦਲ ਨੇ ਬੀਬੀ ਸੁਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਥਾਪਿਆ ਸੀ, ਇਹ ਨਾਂਅ ਬੀਬੀ ਜਗੀਰ ਕੌਰ ਨੇ ਸੁਝਾਇਆ ਸੀ ਪਰ ਕਿਉਂਕਿ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬਮਧਕ ਕਮੇਟੀ ਹੁਣ ਵਿਰੋਧੀਆਂ ਦੇ ਖੇਮੇ ਦੀ ਮੁੱਖ ਨੇਤਾ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਨੇ ਸੁਰਜੀਤ ਕੌਰ ਨੂੰ ਆਪਣੇ ਉਮੀਦਵਾਰ ਵਜੋਂ ਹਿਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਸਪਾ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਇਸ ਸਥਿਤੀ ਨਾਲ ਸੁਖਬੀਰ ਸਿੰਘ ਬਾਦਲ ਪ੍ਰਤੀ ਪਾਰਟੀ ਦੇ ਵਿਰੋਧੀ ਖੇਮੇ ਵਿੱਚ ਵੱਡਾ ਰੋਸ ਹੈ।
ਖਡੂਰ ਸਾਹਿਬ ਅਤੇ ਫਰੀਦਕੋਟ ਪਾਰਲੀਮਾਨੀ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਉਪਰੰਤ ਉਤਸ਼ਾਹਿਤ ਹੋਈਆਂ ਪੰਥਕ ਧਿਰਾਂ ਵੱਲੋਂ ਭਗਵੰਤ ਸਿੰਘ ਬਾਜੇਕੇ ਉਰਫ਼ ਪ੍ਰਧਾਨ ਮੰਤਰੀ ਗਿੱਦੜਵਾਹਾ, ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਅਤੇ ਕੁਲਵੰਤ ਸਿੰਘ ਰਾਊਕੇ ਬਰਨਾਲਾ ਵਿਧਾਨ ਸਭਾ ਚੋਣ ਹਲਕੇ ਤੋਂ ਚੋਣ ਲੜਨਗੇ। ਚੱਬੇਵਾਲ ਰਾਖਵਾਂ ਹਲਕਾ ਹੈ, ਇਸ ਧਿਰ ਵੱਲੋਂ ਇੱਥੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਹੈ।
ਇੱਥੇ ਵੇਖਣ ਯੋਗ ਗੱਲ ਇਹ ਵੀ ਹੋਵੇਗੀ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬ) ਦੋ ਫਾੜ ਹੋ ਜਾਏਗਾ ਤੇ ਇੱਕ ਹੋਰ ਨਵਾਂ ਅਕਾਲੀ ਦਲ ਬਣੇਗਾ, ਕੀ ਇਹ ਅਕਾਲੀ ਦਲ ਦੀ ਦੂਜੀਆਂ ਪੰਥਕ ਧਿਰਾਂ ਨਾਲ ਹੱਥ ਮਿਲਾਏਗਾ? ਸਿਮਰਨਜੀਤ ਸਿੰਘ ਮਾਨ ਦਾ ਧੜਾ ਵੀ ਪਹਿਲਾਂ ਦੀ ਤਰ੍ਹਾਂ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਖੱਬੀਆਂ ਧਿਰਾਂ ਵੀ ਮੈਦਾਨ ਵਿੱਚ ਆਉਣਗੀਆਂ ਕਿਉਂਕਿ ਪੰਜਾਬ ਵਿੱਚ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਪਾਰਲੀਮਾਨੀ ਚੋਣਾਂ ਸਮੇਂ ਕੁਝ ਨਾ ਕੁਝ ਖੱਟਿਆ ਹੈ, ਇਸ ਕਰਕੇ ਕਿ ਇਹ ਚੋਣਾਂ ਆਹਮੋ-ਸਾਹਮਣੇ ਨਹੀਂ ਪੰਜ ਕੋਨੀਆਂ ਲੜੀਆਂ ਗਈਆਂ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਉਪਰੰਤ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਪੰਜਾਬ ਵਿੱਚ ਅਗਲੀਆਂ ਚੋਣਾਂ ਵਿੱਚ ‘ਆਪ’ ਨਾਲ ਉਹ ਕੋਈ ਭਾਈਵਾਲੀ ਨਹੀਂ ਕਰਨਗੇ। ਪੰਜਾਬ ਵਿੱਚ ਵੱਖਰੀਆਂ ਚੋਣਾਂ ਲੜਕੇ ਕਾਂਗਰਸ ਨੇ ਕੁਝ ਖੱਟਿਆ ਹੀ ਹੈ, ਗੁਆਇਆ ਨਹੀਂ।
ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪਾਰਲੀਮਾਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਵੋਟ ਪ੍ਰਤੀਸ਼ਤ ਪ੍ਰਾਪਤ ਕਰਕੇ ਉਤਸ਼ਾਹਿਤ ਹੈ ਅਤੇ ਜ਼ਿਮਨੀ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਪਾਰਟੀ ਵੱਲੋਂ ਦੂਜੇ ਖੇਮਿਆਂ ਵਿੱਚ ਸੰਨ੍ਹ ਲਾਉਣ ਦੀਆਂ ਤਰਕੀਬਾਂ ਲਗਾਤਾਰ ਜਾਰੀ ਹਨ। ਸਿਆਸੀ ਹਲਕੇ ਤਾਂ ਇਹ ਵੀ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੌਜੂਦਾ ਭੰਨਤੋੜ ਵੀ ਆਰ.ਐੱਸ.ਐਸ., ਭਾਜਪਾ ਦੀ ਸ਼ਹਿ ਉੱਤੇ ਹੋ ਰਹੀ ਹੈ।
ਆਮ ਆਦਮੀ ਪਾਰਟੀ ਦਾ ਚੋਣ ਗ੍ਰਾਫ ਘਟਿਆ ਹੈ। ਵੋਟ ਪ੍ਰਤੀਸ਼ਤ ਵਿੱਚ ਵੀ ਗੜਬੜ ਹੋਈ ਹੈ ਅਤੇ ਪਾਰਲੀਮੈਂਟ ਵਿੱਚ ਉਸਦੇ ਸਿਰਫ਼ ਤਿੰਨ ਉਮੀਦਵਾਰ ਜੇਤੂ ਰਹੇ ਹਨ, ਹਾਲਾਂਕਿ ਉਸ ਵੱਲੋਂ ਆਪਣੇ ਕੰਮ ਦੇ ਅਧਾਰ ’ਤੇ 13 ਸੀਟਾਂ ਜਿੱਤਣ ਦਾ ਦਾਅਵਾ ਸੀ। ਇਹ ਦਾਅਵਾ ਉਂਜ ਕਾਂਗਰਸ ਵੱਲੋਂ ਵੀ ਕੀਤਾ ਗਿਆ ਸੀ। ਪੰਜਾਬ ਦੀ ਹਾਕਮ ਧਿਰ ਪੰਜਾਬ ਵਿੱਚ ਪੂਰੀਆਂ ਸੀਟਾਂ ਜਿੱਤਣ ਦੇ ਮਾਮਲੇ ਵਿੱਚ ਉਸੇ ਤਰ੍ਹਾਂ ਭਰੋਸੇ ਵਿੱਚ ਸੀ, ਜਿਵੇਂ ਦਿੱਲੀ ਦਾ ਹਾਕਮ 400 ਸੀਟਾਂ ਜਿੱਤਣ ਦੀ ਗੱਲ, ਦੇਸ਼ ਵਿੱਚ ਵਿਕਾਸ, ਲੋਕ ਹਿਤੂ ਕਾਰਜਾਂ ਅਤੇ ਧਾਰਮਿਕ ਪੱਤਾ ਖੇਲ੍ਹਣ ਉਪਰੰਤ ਕਰ ਰਿਹਾ ਸੀ। ਪਰ ਦਿੱਲੀ ਵਿੱਚ ਵੀ ਅਤੇ ਇੱਥੇ ਪੰਜਾਬ ਵਿੱਚ ਵੀ ਹਾਕਮ ਧਿਰ ਦੀ ਕਾਰਗੁਜ਼ਾਰੀ ਨੇ ਦਰਸਾ ਦਿੱਤਾ ਕਿ ਲੋਕ ਕੰਮ ਚਾਹੁੰਦੇ ਹਨ, ਰੁਜ਼ਗਾਰ ਚਾਹੁੰਦੇ ਹਨ, ਚੰਗਾ ਜੀਵਨ ਚਾਹੁੰਦੇ ਹਨ, ਸਿਰਫ਼ ਮੁਫ਼ਤ ਬਿਜਲੀ, ਪਾਣੀ ਜਾਂ ਕੁਝ ਲੋਕ ਲੁਭਾਊ ਨਾਅਰੇ ਜਾਂ ਸਹੂਲਤਾਂ ਤਕ ਸੀਮਤ ਨਹੀਂ ਰਹਿ ਸਕਦੇ।
ਪੰਜਾਬ ਇਸ ਵੇਲੇ ਸਿਆਸੀ ਦੁਬਿਧਾ ਵਿੱਚ ਹੈ। ਪੰਜਾਬ ਧੱਕਾ ਨਹੀਂ ਚਾਹੁੰਦਾ। ਪੰਜਾਬ ਵਾਸੀ ਫਰੇਬ ਵਾਲੀ ਰਾਜਨੀਤੀ ਨਹੀਂ ਚਾਹੁੰਦੇ। ਸਿੱਧਾ ਸਾਦਾ ਉਹਨਾਂ ਦਾ ਸਵਾਲ ਹੈ ਕਿ ਪੰਜਾਬ ਮੌਜੂਦਾ ਸਥਿਤੀ ਵਿੱਚੋਂ ਨਿਕਲੇਗਾ ਕਿਵੇਂ? ਕਿਵੇਂ ਪੰਜਾਬ ਬਚਿਆ ਰਹੇਗਾ ਪ੍ਰਵਾਸ ਤੋਂ? ਇਸ ਧਰਤੀ ਦੇ ਉਜਾੜੇ ਤੋਂ? ਆਰਥਿਕ ਮੰਦਹਾਲੀ ਤੋਂ? ਪੰਜਾਬ ਨਾਲ ਜੋ ਨਿਰੰਤਰ ਧੱਕਾ ਹੋਇਆ ਹੈ, ਉਸ ਦਾ ਇਨਸਾਫ ਕੌਣ ਕਰੇਗਾ?
ਜਦੋਂ ਇਹਨਾਂ ਸਵਾਲਾਂ ਦੇ ਜਵਾਬ ਜਾਂ ਆਸ ਕਿਸੇ ਸਿਆਸੀ ਧਿਰ ਵੱਲੋਂ ਮਿਲਦਾ ਹੈ ਜਾਂ ਉਸ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੀ ਆਸ ਬੱਝਦੀ ਹੈ, ਉਹ ਉਸ ਵੱਲ ਹੀ ਉੱਲਰ ਪੈਂਦਾ ਹੈ। ਮਿਸਾਲ ਆਮ ਆਦਮੀ ਪਾਰਟੀ ਦੀ ਪਿਛਲੀ ਸਰਕਾਰ ਦੀ ਹੈ, ਜਦੋਂ 2022 ਵਿੱਚ 92 ਵਿਧਾਨ ਸਭਾ ਪ੍ਰਤੀਨਿਧ ਉਸਦੇ ਹੀ ਪੰਜਾਬੀਆਂ ਚੁਣ ਦਿੱਤੇ ਤੇ ਧੁਰੰਤਰ ਸਿਆਸਤਦਾਨਾਂ ਨੂੰ, ਸਮੇਤ ਪ੍ਰਕਾਸ਼ ਸਿੰਘ ਬਾਦਲ ਦੇ ਚਿੱਤ ਕਰ ਦਿੱਤਾ। ਦੋ ਵਰ੍ਹੇ ਹੀ ਬੀਤੇ ਹਨ, ਹਾਲਾਤ ਮੁੜ ਗੇੜ ਖਾ ਗਏ ਹਨ, ਉਲਾਰੂ ਸਿਆਸਤ ਨੇ ਫਿਰ ਖੰਭ ਫੈਲਾ ਲਏ ਹਨ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਿਆਸਤ ਨਾਲ ਪੰਜਾਬ ਦਾ ਕੁਝ ਸੌਰੇਗਾ? ਕੀ ਪੰਜਾਬ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਰਹੇਗਾ? ਕੀ ਪੰਜਾਬ ਦੀ ਜਵਾਨੀ ਇੰਜ ਹੀ ਰੁਲਦੀ ਰਹੇਗੀ? ਅੱਜ ਪੰਜਾਬ ਨਸ਼ਿਆਂ ਦੀ ਲਪੇਟ ਵਿੱਚ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਦੇ ਕੇਸਾਂ ਵਿੱਚ, ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਬੈਠੇ ਹਨ। ਕਾਰਨ ਪੰਜਾਬ ਵਿੱਚ ਫੈਲਿਆ ਗੈਂਗਸਟਰ ਮਾਫੀਆ ਤੇ ਨਸ਼ਿਆਂ ਦੇ ਸੌਦਾਗਰ ਹਨ। ਕੀ ਇਹ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਵਧ-ਫੁੱਲ ਸਕਦੇ ਹਨ, ਕਦਾਚਿਤ ਵੀ ਨਹੀਂ। ਕੀ ਇਹ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ?
ਹੁਣ ਸਵਾਲ ਉੱਠਦੇ ਹਨ ਕਿ ਕੀ ਫ਼ਰੀਦਕੋਟ ਤੇ ਖਡੂਰ ਸਾਹਿਬ ਤੋਂ ਉੱਠਦੀਆਂ ਗਰਮ ਹਵਾਵਾਂ ਕੀ ਪੰਜਾਬ ਵਿੱਚ ਭਗਵਿਆਂ ਨੂੰ ਆਪਣੀ ਸਿਆਸਤ ਜ਼ਰਖੇਜ਼ ਕਰਨ ਦਾ ਕਾਰਨ ਨਹੀਂ ਬਣਨਗੀਆਂ? ਤਾਂ ਫਿਰ ਪੰਜਾਬ ਦਾ ਭਵਿੱਖ ਕੀ ਹੋਵੇਗਾ? ਜੇਕਰ ਇੰਜ ਨਹੀਂ ਹੁੰਦਾ ਤਾਂ ਕੀ ਪੰਜਾਬ ਵੀ ਜੰਮੂ-ਕਸ਼ਮੀਰ ਵਾਂਗ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਜਾਏਗਾ?
ਜੇਕਰ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਅਸਤੀਫ਼ਾ ਲੈ ਵੀ ਲੈਂਦੇ ਹਨ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਬਚ ਜਾਏਗਾ? ਕੀ ਪੰਜਾਬ ਦੇ ਬਾਗੀ ਆਪਣੀਆਂ ਗਲਤੀਆਂ ਦੀ ਮੁਆਫ਼ੀ ਲਈ ਅਕਾਲ ਤਖ਼ਤ ਪੇਸ਼ ਹੋਕੇ ਸਜ਼ਾਵਾਂ ਲਗਵਾਕੇ ਆਪ ਦੁੱਧ ਧੋਤੇ ਹੋ ਜਾਣਗੇ? ਕੀ ਸੁਖਬੀਰ ਸਿੰਘ ਬਾਦਲ ਪਿਛਲੇ ਕੀਤਿਆਂ ਦੀਆਂ ਭੁੱਲਾਂ ਬਖ਼ਸ਼ਾਕੇ ਸਾਫ਼ ਸੁਥਰਾ ਹੋ ਗਿਆ ਹੈ? ਕੀ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਹੋਏਗਾ?
ਕਦੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਾਕਤਵਰ ਇਲਾਕਈ ਪਾਰਟੀ ਵਜੋਂ ਚਿਤਵਿਆ ਸੀ, ਜਿਹੜੀ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂਦਰਦਾਂ ਦੀ ਭਾਈਵਾਲ ਬਣੇ, ਦੇਸ਼ ਦੇ ਸੰਘਵਾਦ ਢਾਂਚੇ ਵਿੱਚ ਰਾਜਾਂ ਲਈ ਵਧ ਅਧਿਕਾਰ ਲੈਕੇ ਸੂਬੇ ਦਾ ਕੁਝ ਸੁਆਰ ਸਕੇ। ਇਸ ਧਿਰ ਨੇ ਬਹੁਤ ਕੁਝ ਸਾਰਥਿਕ ਕੀਤਾ, ਪਰ ਹਿੰਦੂ ਰਾਸ਼ਟਰ ਦੀ ਮੁਦਈ ਭਾਜਪਾ ਨਾਲ ਸਾਂਝ ਭਿਆਲੀ ਪਾਕੇ ਆਪਣੇ ਆਪ ਨੂੰ ਰਾਸ਼ਟਰੀ ਪਾਰਟੀ ਬਣਾਉਣ ਦੇ ਚੱਕਰ ਵਿੱਚ ਸਭ ਕੁਝ ਗੁਆ ਲਿਆ। ਹੁਣ ਸਥਿਤੀ ਇਹ ਬਣੀ ਹੋਈ ਹੈ ਕਿ 100 ਸਾਲ ਪੁਰਾਣੀ ਪਾਰਟੀ ਦੀ ਹੋਂਦ ਉੱਤੇ ਸਵਾਲ ਖੜ੍ਹੇ ਹੋ ਗਏ ਹਨ।
ਪੰਜਾਬ ਦੇ ਕੁਝ ਵਿਰਾਸਤੀ ਮੁੱਦੇ ਹਨ। ਇਹ ਮੁੱਦੇ ਪੰਜਾਬ ਦੇ ਅਣਖੀਲੇ ਲੋਕਾਂ ਦੀ ਸੋਚ ਨਾਲ ਜੁੜੇ ਹੋਏ ਹਨ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਪਿਛਲੇ ਕੁਝ ਦਹਾਕਿਆਂ ਤੋਂ ਇਹਨਾਂ ਦੇ ਹੱਲ ਲਈ ਯਤਨਸ਼ੀਲ ਨਹੀਂ ਰਹੀ। ਸਿਆਸੀ ਧਿਰਾਂ ਬੱਸ ਓਪਰੇ-ਓਪਰੇ ਇਹਨਾਂ ਮੁੱਦਿਆਂ ਨੂੰ ਹੱਥ ਤਾਂ ਲਾਉਂਦੀਆਂ ਰਹੀਆਂ, ਪਰ ਇਹਨਾਂ ਦੇ ਹੱਲ ਕਰਨ ਲਈ ਹੌਸਲਾ ਨਹੀਂ ਕਰ ਰਹੀਆਂ। ਸਗੋਂ ਕਈ ਹਾਲਤਾਂ ਵਿੱਚ ਇਹਨਾਂ ਮੁੱਦਿਆਂ ਨੂੰ ਉਲਝਾ ਰਹੀਆਂ ਹਨ, ਜਿਸ ਨਾਲ ਪੰਜਾਬ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਸਥਿਤੀ ਪੇਚੀਦਾ ਹੁੰਦੀ ਜਾ ਰਹੀ ਹੈ।
ਪੰਜਾਬ ਵਿੱਚ ਇਸ ਵੇਲੇ ਵੱਡਾ ਸਿਆਸੀ ਖਿਲਾਅ ਹੈ, ਜੋ ਵਧਦਾ ਜਾ ਰਿਹਾ ਹੈ। ਲੋਕ ਵੱਡੀ ਵਿੱਵ ਗਿਣਤੀ ਪੰਜਾਬੀ ਸੂਬੇ ਦੀਆਂ ਹਾਲਤਾਂ ਕਾਰਨ ਮੌਜੂਦਾ ਹਾਕਮਾਂ ਅਤੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਪੰਜਾਬੀਆਂ ਦੇ ਮਨਾਂ ਨੂੰ ਕੋਈ ਸਿਆਸੀ ਪਾਰਟੀ ਪੜ੍ਹ ਹੀ ਨਹੀਂ ਰਹੀ ਅਤੇ ਪੰਜਾਬੀ ਜਿੱਧਰੋਂ ਵੀ ਰਤਾ ਕੁ ਆਸ ਦੀ ਕਿਰਨ ਉਹਨਾਂ ਨੂੰ ਦਿਸਦੀ ਹੈ, ਉੱਧਰ ਹੀ ਤੁਰ ਪੈਂਦੇ ਦਿਸਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5099)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.