GurmitPalahi8ਇਸ ਘਾਟ ਨੂੰ ਪੂਰਾ ਕਰਨ ਲਈ ਭਾਜਪਾ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਕੁਝ ...
(30 ਮਈ 2026)


ਪੰਜਾਬ ਦੀ ਮੌਜੂਦਾ ਸਿਆਸੀ ਅਤੇ ਸਮਾਜਿਕ ਸਥਿਤੀ ਇਸ ਵੇਲੇ ਬੇਹੱਦ ਨਾਜ਼ਕ ਅਤੇ ਡਾਵਾਂਡੋਲ ਦੌਰ ਵਿੱਚੋਂ ਲੰਘ ਰਹੀ ਹੈ
ਸੂਬੇ ਵਿੱਚ ਇੱਕ ਅਜਿਹਾ ਗੰਭੀਰ ਸਿਆਸੀ ਅਤੇ ਬੌਧਿਕ ਖਲਾਅ ਪੈਦਾ ਹੋ ਚੁੱਕਾ ਹੈ, ਜਿਸਨੇ ਹਰ ਦਰਦਮੰਦ ਪੰਜਾਬੀ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ2022 ਵਿੱਚ ‘ਬਦਲਾਅ’ ਦੇ ਵੱਡੇ ਦਾਅਵਿਆਂ ਅਤੇ ਇਤਿਹਾਸਕ ਬਹੁਮਤ ਨਾਲ ਸੱਤਾ ਵਿੱਚ ਆਈ ‘ਆਮ ਆਦਮੀ ਪਾਰਟੀ’ (ਆਪ) ਜਿਸ ਢੰਗ ਨਾਲ ਅੱਜ ਲੋਕਾਂ ਵਿੱਚ ਆਪਣਾ ਅਧਾਰ ਗੁਆ ਰਹੀ ਹੈ, ਉਹ ਚਿੰਤਾਜਨਕ ਹੈਹਾਲਾਂਕਿ ਸਰਕਾਰ ਵੱਲੋਂ ਨਿੱਤ ਦਿਨ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੇ 300 ਯੂਨਿਟ ਮੁਫਤ ਬਿਜਲੀ, ਔਰਤਾਂ ਨੂੰ 1000 ਰੁਪਏ ਮਹੀਨਾ ਅਤੇ ਡਿਜਿਟਲ ਸੇਵਾਵਾਂ ਦੇ ਕੇ ਪੰਜਾਬ ਨੂੰ ਸਵਾਰਿਆ ਹੈ, ਪਰ ਕੀ ਜ਼ਮੀਨੀ ਸਚਾਈ ਇਨ੍ਹਾਂ ਸਰਕਾਰੀ ਦਾਅਵਿਆਂ ਤੋਂ ਕੋਹਾਂ ਦੂਰ ਨਹੀਂ ਹੈ?

‘ਆਪ’ ਲੋਕਾਂ ਵਿੱਚ ਉਹ ਵਿਸ਼ਵਾਸ ਅਤੇ ਉਮੀਦ ਬਰਕਰਾਰ ਨਹੀਂ ਰੱਖ ਸਕੀ, ਜਿਸਦੀ ਤਵੱਕੋ ਪੰਜਾਬ ਦੇ ਲੋਕਾਂ ਨੇ ਕੀਤੀ ਸੀਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਇਸ ਉਮੀਦ ਨਾਲ ਵੋਟ ਪਾਈ ਸੀ ਕਿ ਇਹ ਪਾਰਟੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜੇਗੀ, ਕਿਸਾਨਾਂ ਦੀ ਬਾਂਹ ਫੜੇਗੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇਗੀਪਰ ਅੱਜ ਹਾਲਾਤ ਉਲਟ ਹਨ

ਸੂਬੇ ਦੇ ਸਰਕਾਰੀ ਮੁਲਾਜ਼ਮ ਲਗਾਤਾਰ ਆਪਣੇ 18% ਡੀਏ ਅਤੇ ਹੋਰ ਭੱਤਿਆਂ ਲਈ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਕਿਸਾਨਾਂ ਦੀਆਂ ਫਸਲਾਂ ਦੇ ਲਾਹੇਵੰਦ ਮੁੱਲ ਦੇਣ ਵਿੱਚ ਸਰਕਾਰ ਨਾਕਾਮ ਰਹੀ ਹੈ, ਸਗੋਂ ਆਪਣੇ ਹੱਕ ਮੰਗਦੇ ਕਿਸਾਨਾਂ ’ਤੇ ਲਾਠੀਚਾਰਜ ਤਕ ਕੀਤਾ ਗਿਆ

ਸਾਰੀ ਸਥਿਤੀ ਦੇ ਬਾਵਜੂਦ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਮੁੱਖ ਵਿਰੋਧੀ ਧਿਰ ਕਾਂਗਰਸ ਖੁਦ ਕਈ ਧੜਿਆਂ ਵਿੱਚ ਵੰਡੀ ਹੋਈ ਹੈਉਸਦੇ ਆਗੂ ਆਪਸ ਵਿੱਚ ਹੀ ਉਲਝੇ ਹੋਏ ਹਨ ਅਤੇ ਹਰ ਕੋਈ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਬਣਿਆ ਬੈਠਾ ਹੈਕੀ ਜਨਤਾ ਦੇ ਬੁਨਿਆਦੀ ਮਸਲਿਆਂ ’ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਕੋਈ ਠੋਸ ਲਾਮਬੰਦੀ ਜਾਂ ਸਾਰਥਕ ਵਿਰੋਧ ਦੇਖਣ ਨੂੰ ਨਹੀਂ ਮਿਲ ਰਿਹਾ ਹੈ?

ਪੰਜਾਬ ਦੀ ਸਿਆਸਤ ਦਾ ਇਹ ਇਤਿਹਾਸ ਰਿਹਾ ਹੈ ਕਿ ਇੱਥੋਂ ਦੇ ਲੋਕਾਂ ਨੇ ਹਮੇਸ਼ਾ ਖੇਤਰੀ ਪਾਰਟੀਆਂ ਉੱਤੇ ਵੱਡਾ ਯਕੀਨ ਕੀਤਾ ਹੈਸ਼੍ਰੋਮਣੀ ਅਕਾਲੀ ਦਲ ਉਹਨਾਂ ਇਤਿਹਾਸਕ ਖੇਤਰੀ ਪਾਰਟੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪੰਜਾਬੀਆਂ ਨੇ ਬੇਹੱਦ ਮਾਣ ਬਖਸ਼ਿਆ, ਕਿਉਂਕਿ ਪੰਜਾਬੀ ਮਾਨਸਿਕਤਾ ਹਮੇਸ਼ਾ ਆਪਣੀ ਖੇਤਰੀ ਲੀਡਰਸ਼ਿੱਪ ਦੇ ਹੱਕ ਵਿੱਚ ਭੁਗਤਦੀ ਰਹੀ ਹੈਪਰ ਅਫਸੋਸ ਕਿ ਸਮਾਂ ਪਾ ਕੇ ਅਕਾਲੀ ਦਲ ਵੱਲੋਂ ਕੁਝ ਇਹੋ ਜਿਹੀਆਂ ਇਤਿਹਾਸਕ ਗ਼ਲਤੀਆਂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਉਸ ਨੂੰ ਆਪਣਾ ਰਾਜ ਭਾਗ ਗੁਆਉਣਾ ਪਿਆ ਅਤੇ ਪਾਰਟੀ ਲਗਾਤਾਰ ਪਛੜਦੀ ਗਈਕੀ ਅੱਜ ਵੀ ਸ਼੍ਰੋਮਣੀ ਅਕਲੀ ਦਲ ਆਪਣਾ ਅਧਾਰ ਮੁੜ ਬਣਾਉਣ ਵਿੱਚ ਕਾਮਯਾਬ ਹੋ ਰਿਹਾ ਹੈ?

ਅਕਾਲੀ ਦਲ ਦੀ ਸਭ ਤੋਂ ਵੱਡੀ ਭੁੱਲ ਪੰਜਾਬ ਵਿੱਚ ਭਾਜਪਾ ਨਾਲ ਲੰਮਾ ਗੱਠਜੋੜ ਕਰਨਾ ਗਿਣਿਆ ਜਾਂਦਾ ਹੈ, ਜੋ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਮਨੋ-ਚਿਤੋਂ ਕਦੇ ਵੀ ਪ੍ਰਵਾਨ ਨਹੀਂ ਸੀਭਾਜਪਾ ਵਰਗੀ ਪਾਰਟੀ, ਜੋ ਕੇਂਦਰੀਕਰਨ ਦੀ ਸਿਆਸਤ ਕਰਦੀ ਹੈ ਅਤੇ ਦੇਸ਼ ਭਰ ਦੀਆਂ ਖੇਤਰੀ ਪਾਰਟੀਆਂ ਨੂੰ ਆਪਣੇ ਵਿੱਚ ਜਜ਼ਬ ਕਰਕੇ ਖਤਮ ਕਰਦੀ ਆ ਰਹੀ ਹੈ, ਉਸ ਕੋਲੋਂ ਇਹ ਤਵੱਕੋ ਨਹੀਂ ਸੀ ਕੀਤੀ ਜਾ ਸਕਦੀ ਕਿ ਉਹ ਪੰਜਾਬ ਦੇ  ਹਿਤਾਂ, ਪਾਣੀਆਂ ਅਤੇ ਖੇਤੀਬਾੜੀ ਦੀ ਰਾਖੀ ਕਰੇਗੀਅਕਾਲੀ ਦਲ ਨੇ ਸੱਤਾ ਦੇ ਮੋਹ ਵਿੱਚ ਇਸ ਖਤਰੇ ਨੂੰ ਨਜ਼ਰਅੰਦਾਜ਼ ਕੀਤਾ, ਜਿਸਦਾ ਖਮਿਆਜ਼ਾ ਉਸ ਨੂੰ ਆਪਣਾ ਵਜੂਦ ਗੁਆ ਕੇ ਭੁਗਤਣਾ ਪੈ ਰਿਹਾ ਹੈ

ਸ਼੍ਰੋਮਣੀ ਅਕਾਲੀ ਦਲ ਵੱਖੋ-ਵੱਖਰੇ ਧੜਿਆਂ ਵਿੱਚ ਵੰਡਿਆ ਗਿਆ ਹੈਪਾਰਟੀ ਦੇ ਕਮਜ਼ੋਰ ਹੁੰਦਿਆਂ ਹੀ ਪੈਦਾ ਹੋਏ ਖਲਾਅ ਵਿੱਚ ਇੱਕ ਪਾਸੇ ‘ਤੱਤੇ ਦਲ’ ਅਤੇ ਗਰਮ-ਖਿਆਲੀ ਲੋਕ ਸ਼ਾਮਲ ਹੋ ਗਏ ਹਨ, ਜੋ ਕੱਟੜਤਾ ਦੀਆਂ ਗੱਲਾਂ ਕਰਦੇ ਹਨਪਰ ਪੰਜਾਬ ਦੇ ਅਸਲ ਹਿਤ ਇਸ ਕੱਟੜਤਾ ਤੋਂ ਬਿਲਕੁਲ ਵੱਖਰੇ ਹਨਬਿਨਾਂ ਸ਼ੱਕ, ਪੰਜਾਬ ਵਿੱਚ ਮੁੜ ਉਹੀ ਖੇਤਰੀ ਪਾਰਟੀ ਅੱਗੇ ਆ ਸਕਦੀ ਹੈ, ਜਿਹੜੀ ਪੰਜਾਬ ਦੇ ਹਿਤਾਂ ਦੀ ਸੱਚੀ ਰਾਖੀ ਕਰੇ, ਲੋਕਾਂ ਦੀ ਸਹੀ ਤਰਜਮਾਨੀ ਕਰੇ ਅਤੇ ਸਭ ਤੋਂ ਅਹਿਮ ‘ਅਨੰਦਪੁਰ ਸਾਹਿਬ ਦੇ ਮਤੇ’ ਦੇ ਉਸ ਮੂਲ ਸੰਕਲਪ ਨੂੰ ਮੁੜ ਸੁਰਜੀਤ ਕਰੇ ਜਿਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖੁਦਮੁਖਤਿਆਰੀ ਦੇਣ ਦੀ ਵਕਾਲਤ ਕੀਤੀ ਗਈ ਸੀਪੰਜਾਬੀਆਂ ਦਾ ਮੰਨਣਾ ਹੈ ਕਿ ਕੇਂਦਰ ਦੀਆਂ ਬੇੜੀਆਂ ਵਿੱਚ ਜਕੜ ਹੋਕੇ ਕੇ ਨਹੀਂ, ਸਗੋਂ ਵੱਧ ਅਧਿਕਾਰਾਂ ਨਾਲ ਹੀ ਕੋਈ ਸੂਬਾ ਸੱਚੀ ਆਰਥਿਕ ਅਤੇ ਸਮਾਜਿਕ ਤਰੱਕੀ ਕਰ ਸਕਦਾ ਹੈਕੀ ਇਸ ਗੱਲ ਨੂੰ ਸਿਆਸੀ ਧਿਰਾਂ ਸਮਝ ਰਹੀਆਂ ਹਨ?

ਇਸੇ ਸਿਆਸੀ ਅਸਥਿਰਤਾ ਅਤੇ ਖੇਤਰੀ ਪਾਰਟੀਆਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਲਈ ਭਾਜਪਾ ਪੰਜਾਬ ਵਿੱਚ ਹਮਲਾਵਰ ਰੁਖ ਇਖਤਿਆਰ ਕਰ ਰਹੀ ਹੈਪਿੰਡਾਂ ਵਿੱਚ ਅਧਾਰ ਨਾ ਹੋਣ ਕਰਕੇ ਭਾਜਪਾ ਕੇਂਦਰੀਕਰਨ ਦੀ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਦੂਜੀਆਂ ਪਾਰਟੀਆਂ ਦੇ ਵੱਡੇ, ਖਾਸ ਕਰਕੇ ਸਿੱਖ ਅਤੇ ਪਗੜੀਧਾਰੀ ਨੇਤਾਵਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਅਧਾਰ ਵਧਾਇਆ ਜਾ ਸਕੇ, ਜਿੱਥੇ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਦਾ ਬਾਈਕਾਟ ਹੋਇਆ ਸੀਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ (ਸਾਬਕਾ ਕਾਂਗਰਸੀ ਨੇਤਾ, ਜੋ ਕੁਝ ਸਮਾਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ) ਨੂੰ ਭਾਜਪਾ ਦਾ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ

ਪਰ ਪੰਜਾਬ ਵਿੱਚ ਭਾਜਪਾ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਸੂਬੇ ਦੀ ਭੂਗੋਲਿਕ ਬਣਤਰ ਹੈਪੰਜਾਬ ਵਿੱਚ ਬਹੁਤਾ ਪੇਂਡੂ ਖਿੱਤਾ ਹੋਣ ਕਾਰਨ ਅਤੇ ਸ਼ਹਿਰੀ ਖਿੱਤਾ ਬਹੁਤ ਘੱਟ ਹੋਣ ਕਾਰਨ, ਇੱਥੇ ਆਰ.ਐੱਸ.ਐੱਸ. ਦਾ ਸੰਗਠਨਾਤਮਕ ਪ੍ਰਭਾਵ ਬੇਹੱਦ ਘੱਟ ਹੈਭਾਵੇਂ ਕਿ ਸ਼ਹਿਰੀ ਇਲਾਕਿਆਂ ਵਿੱਚ ਆਰ.ਐੱਸ.ਐੱਸ. ਆਪਣੀਆਂ ਸ਼ਾਖਾਵਾਂ ਲਾਉਂਦੀ ਹੈ ਅਤੇ ਚੋਣਾਂ ਵੇਲੇ ਪੂਰੇ ਯਤਨਾਂ ਨਾਲ ਭਾਜਪਾ ਦੇ ਪਿੱਛੇ ਖੜ੍ਹਦੀ ਹੈ, ਪਰ ਪੰਜਾਬ ਦੇ ਵਿਸ਼ਾਲ ਪਿੰਡਾਂ ਵਿੱਚ ਆਰ.ਐੱਸ.ਐੱਸ. ਦਾ ਕੋਈ ਵਜੂਦ ਜਾਂ ਪ੍ਰਭਾਵ ਨਹੀਂ ਹੈ

ਇਸ ਘਾਟ ਨੂੰ ਪੂਰਾ ਕਰਨ ਲਈ ਭਾਜਪਾ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਕੁਝ ਅਜਿਹੇ ਮਾੜੇ ਡੰਗ ਤਰੀਕੇ ਵਰਤੇ ਜਾ ਰਹੇ ਹਨ, ਜੋ ਬਿਲਕੁਲ ਉਸੇ ਖੇਡ ਦੀ ਯਾਦ ਦਿਵਾਉਂਦੇ ਹਨ ਜਿਹੜੇ ਉਨ੍ਹਾਂ ਨੇ ਬੰਗਾਲ ਵਿੱਚ ਖੇਡੀ ਸੀਭਾਜਪਾ ਵੱਲੋਂ ਲਗਾਤਾਰ ਆਈ.ਬੀ., ਈ.ਡੀ. ਅਤੇ ਹੋਰ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਹਨਵਿਰੋਧੀ ਧਿਰਾਂ ਦੇ ਨੇਤਾਵਾਂ ਉੱਤੇ ਕੇਸ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਾ ਸਕੇਇਸ ਤੋਂ ਵੀ ਅਗਲਾ ਹੱਥਕੰਡਾ ਪੰਜਾਬ ਦੇ ਡੇਰਿਆਂ ’ਤੇ ਕੀਤੀ ਜਾ ਰਹੀ ਸਿਆਸਤ ਹੈਭਾਜਪਾ ਵੱਲੋਂ ਪ੍ਰਮੁੱਖ ਡੇਰਿਆਂ, ਜਿਵੇਂ ਕਿ ਡੇਰਾ ਸੱਚਖੰਡ ਬੱਲਾਂ, ਰਾਧਾ ਸੁਆਮੀ ਡੇਰਾ ਬਿਆਸ, ਅਤੇ ਡੇਰਾ ਸੱਚਾ ਸੌਦਾ (ਰਾਮ ਰਹੀਮ) ਦੇ ਮੁਖੀਆਂ ਤਾਈਂ ਪਹੁੰਚ ਕਰਨ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਪੇਂਡੂ ਅਤੇ ਦਲਿਤ ਵੋਟਰਾਂ ਵਿੱਚ ਸੰਨ੍ਹ ਲਾਈ ਜਾ ਸਕੇਪਰ ਇਹ ਸਮਝਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਵੇਲੇ ਪੇਂਡੂ, ਖਾਸ ਕਰਕੇ ਕਿਸਾਨ ਭਾਜਪਾ ਤੋਂ ਮਨੋਂ ਦੂਰ ਹੋ ਚੁੱਕੇ ਹਨ

ਇਸਦੇ ਬਾਵਜੂਦ ਵੀ ਭਾਜਪਾ ਚੁੱਪ ਨਹੀਂ ਬੈਠੀਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਰਾਹੀਂ ਪੰਜਾਬ ਵਿੱਚ ਰਹਿ ਰਹੇ ਲਗਭਗ 30 ਲੱਖ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੂੰ ਪੱਕਾ ਕਰਨਾ ਅਤੇ 15 ਲੱਖ ਐੱਨ.ਆਰ.ਆਈ. ਵੋਟਰਾਂ ਦੀਆਂ ਵੋਟਾਂ ਨੂੰ ਕੱਟਣ-ਕਟਾਉਣ ਦੀ ਸਿਆਸਤ ਚੱਲ ਰਹੀ ਹੈ ਤਾਂ ਜੋ ਪੇਂਡੂ ਖੇਤਰਾਂ ਦੇ ਵੋਟ ਸਮੀਕਰਨਾਂ ਨੂੰ ਬਦਲਿਆ ਜਾ ਸਕੇਪਰ ਭਾਜਪਾ ਭਾਵੇਂ ਇਹ ਸਾਰੇ ਹੱਥਕੰਡੇ ਅਪਣਾ ਲਵੇ, ਪੰਜਾਬ ਦੀ ਵੱਖਰੀ ਸਮਾਜਿਕ ਤਾਸੀਰ ਅਤੇ ਪਿੰਡਾਂ ਵਿੱਚ ਆਰ.ਐੱਸ.ਐੱਸ. ਦੇ ਅਧਾਰ ਦੀ ਘਾਟ ਕਾਰਨ ਉਸ ਨੂੰ ਇੱਥੇ ਇੱਕ ਦਮ ਸਫਲਤਾ ਮਿਲਣੀ ਬਿਲਕੁਲ ਅਸੰਭਵ ਲਗਦੀ ਹੈ

ਇਸ ਸਾਰੇ ਸਿਆਸੀ ਜੋੜ-ਤੋੜ, ਏਜੰਸੀਆਂ ਦੇ ਡਰ ਅਤੇ ਡੇਰਾ ਸਿਆਸਤ ਦੇ ਸ਼ੋਰ-ਗੁਲ ਵਿੱਚ ਪੰਜਾਬ ਦੇ ਅਸਲ ਮੁੱਦੇ ਪੂਰੀ ਤਰ੍ਹਾਂ ਹਾਸ਼ੀਏ ’ਤੇ ਧੱਕ ਦਿੱਤੇ ਗਏ ਹਨਪੰਜਾਬ ਦਾ ਜ਼ਮੀਨਦੋਜ਼ ਪਾਣੀ ਨਿੱਤ ਦਿਨ ਖਤਰਨਾਕ ਪੱਧਰ ਤਕ ਮੁੱਕਦਾ ਜਾ ਰਿਹਾ ਹੈਪਾਣੀ ਜ਼ਹਿਰੀਲਾ ਹੋਣ ਕਰਕੇ ਮਾਲਵਾ ਪੱਟੀ ਵਿੱਚ ਕੈਂਸਰ ਮਹਾਂਮਾਰੀ ਵਾਂਗ ਫੈਲ ਰਿਹਾ ਹੈਰੁਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਪੰਜਾਬੀ ਨੌਜਵਾਨ ਲੱਖਾਂ ਰੁਪਏ ਦੇ ਕੇ ਕਰਜ਼ੇ ਚੁੱਕ ਕੇ ‘ਆਈਲੈਟਸ’ ਦੇ ਸਹਾਰੇ ਬਾਹਰਲੇ ਮੁਲਕਾਂ ਵੱਲ ਹਿਜਰਤ ਕਰ ਰਿਹਾ ਹੈਨੌਜਵਾਨਾਂ ਦੇ ਬਾਹਰ ਜਾਣ ਅਤੇ ਦੂਜੇ ਸੂਬਿਆਂ ਤੋਂ ਆ ਰਹੀ ਅਬਾਦੀ ਦੇ ਇੱਥੇ ਪੱਕੇ ਤੌਰ ’ਤੇ ਵਸਣ ਕਾਰਨ ਪੰਜਾਬ ਦੀ ਸਮਾਜਿਕ, ਸੱਭਿਆਚਾਰਕ ਅਤੇ ਡੈਮੋਗ੍ਰਾਫਿਕ ਬਣਤਰ ਵਿੱਚ ਬਹੁਤ ਵੱਡਾ ਬਦਲਾਅ ਆ ਰਿਹਾ ਹੈਮਾਂ-ਬੋਲੀ ਪੰਜਾਬੀ ਨੂੰ ਅਜੇ ਤਕ ਪ੍ਰਸ਼ਾਸਨ ਅਤੇ ਅਦਾਲਤਾਂ ਵਿੱਚ ਬਣਦਾ ਰੁਤਬਾ ਨਹੀਂ ਮਿਲਿਆਕਾਨੂੰਨ ਵਿਵਸਥਾ ਦੀ ਸਥਿਤੀ ਇੰਨੀ ਨਾਜ਼ਕ ਹੋ ਚੁੱਕੀ ਹੈ ਕਿ ਦਿਨ-ਦਿਹੜੇ ਹੁੰਦੀਆਂ ਵਾਰਦਾਤਾਂ ਨੇ ਆਮ ਨਾਗਰਿਕ ਦੇ ਮਨ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈਸੂਬਾ ਲਗਭਗ 3.5 ਲੱਖ ਕਰੋੜ ਤੋਂ ਵਧੇਰੇ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈਜਿਹੜੀ ਵੀ ਧਿਰ ਰਾਜ ਕਰਨ ਆਉਂਦੀ ਹੈ, ਉਹ ਨਵਾਂ ਕਰਜ਼ਾ ਚੁੱਕ ਕੇ ਰਾਜ-ਭਾਗ ਚਲਾਉਂਦੀ ਹੈ ਅਤੇ ਵੋਟਾਂ ਲਈ ਮੁਫਤ ਦੀਆਂ ਸਹੂਲਤਾਂ ਵੰਡਦੀ ਹੈਲੋਕਾਂ ਨੂੰ ਮੁਫਤ ਦੀਆਂ ਚੀਜ਼ਾਂ ਦੇ ਕੇ ਮੰਗਤੇ ਬਣਾਉਣ ਦੀ ਲੋੜ ਨਹੀਂ, ਸਗੋਂ ਚੰਗੀ ਸਿੱਖਿਆ ਅਤੇ ਸਨਮਾਨਜਨਕ ਰੁਜ਼ਗਾਰ ਦੇਣ ਦੀ ਲੋੜ ਹੈਪਰ ਇਸ ਮਾਮਲੇ ਵਿੱਚ ਕਾਂਗਰਸ, ਅਕਾਲੀ ਦਲ ਅਤੇ ਹੁਣ ਆਪ, ਕੀ ਇਹ ਸਾਰੀਆਂ ਪਾਰਟੀਆਂ ਹਮਾਮ ਵਿੱਚ ਨੰਗੀਆਂ ਨਹੀਂ ਹਨ?

ਕੇਂਦਰੀ ਸੱਤਾ (ਭਾਜਪਾ) ਇਹ ਸੋਚਦੀ ਹੈ ਕਿ ਪੰਜਾਬ ਵਿੱਚ ਏਜੰਸੀਆਂ ਦੇ ਡਰ, ਡੇਰਾ ਸਿਆਸਤ ਅਤੇ ਜੋੜ-ਤੋੜ ਰਾਹੀਂ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਰਲਾ ਕੇ ਉਹ ਪੰਜਾਬ ’ਤੇ ਮੁਕੰਮਲ ਕਾਬੂ ਪਾ ਲਵੇਗੀ, ਜਿਵੇਂ ਕਿ ਉਨ੍ਹਾਂ ਨੇ ਬੰਗਾਲ ਵਿੱਚ ਮੁੱਖ ਵਿਰੋਧੀ ਧਿਰ ਬਣ ਕੇ ਵੱਡੀ ਸੰਨ੍ਹ ਲਾਈ ਸੀਪਰ ਦਿੱਲੀ ਦੇ ਹਾਕਮ ਇਹ ਸਚਾਈ ਭੁੱਲ ਰਹੇ ਹਨ ਕਿ ਪੰਜਾਬ ਕਦੇ ਵੀ ਬੰਗਾਲ ਨਹੀਂ ਬਣ ਸਕਦਾਬੰਗਾਲ ਦੀ ਸਿਆਸਤ ਦਾ ਸੁਭਾਅ ਬਿਲਕੁਲ ਵੱਖਰਾ ਸੀ, ਜਿੱਥੇ ਆਰ.ਐੱਸ.ਐੱਸ. ਦੇ ਕਾਡਰ ਨੇ ਲੰਮਾ ਸਮਾਂ ਕੰਮ ਕੀਤਾਪੰਜਾਬ ਦੀ ਤਾਸੀਰ, ਇੱਥੋਂ ਦਾ ਇਤਿਹਾਸ, ਪਿੰਡਾਂ ਦੀ ਬਣਤਰ ਅਤੇ ਲੋਕਾਂ ਦੀ ਮਾਨਸਿਕਤਾ ਬਿਲਕੁਲ ਵੱਖਰੀ ਹੈਪੰਜਾਬ ਦੇ ਲੋਕਾਂ ਦੀ ਸੋਚ ਕਦੇ ਵੀ ਫਿਰਕੂ ਨਹੀਂ ਰਹੀਪੰਜਾਬੀਆਂ ਨੇ ਹਮੇਸ਼ਾ ਆਪਸੀ ਭਾਈਚਾਰਕ ਸਾਂਝ (ਸਾਂਝੀਵਾਲਤਾ) ਨੂੰ ਪਹਿਲ ਦਿੱਤੀ ਹੈ

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੰਜਾਬ ਅਤੇ ਦਿੱਲੀ (ਕੇਂਦਰੀ ਹਕੂਮਤ) ਦਾ ਟਕਰਾਅ ਸਦੀਆਂ ਪੁਰਾਣਾ ਹੈਪੰਜਾਬ ਦੇ ਲੋਕਾਂ ਨੇ ਸਦਾ ਦਿੱਲੀ ਦੇ ਤਖਤ ਨਾਲ ਲੋਹਾ ਲਾ ਕੇ ਰੱਖਿਆ ਹੈ ਅਤੇ ਕਦੇ ਵੀ ਆਪਣੀ ਅਣਖ ਦਾ ਸੌਦਾ ਨਹੀਂ ਕੀਤਾ1975 ਦੀ ਐਮਰਜੈਂਸੀ ਵੇਲੇ ਜਦੋਂ ਪੂਰੇ ਦੇਸ਼ ਵਿੱਚ ਡਰ ਕਾਰਨ ਖਾਮੋਸ਼ੀ ਛਾਈ ਹੋਈ ਸੀ, ਉਦੋਂ ਪੰਜਾਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਰੁੱਧ ਸਭ ਤੋਂ ਵੱਡਾ ਮੋਰਚਾ ਲਾਇਆ ਸੀਜਦੋਂ ਵੀ ਕੇਂਦਰ ਵਿੱਚ ਕੋਈ ਬਹੁਤ ਤਾਕਤਵਰ ਹਾਕਮ ਆਇਆ, ਪੰਜਾਬ ਦੇ ਲੋਕਾਂ ਨੇ ਹਮੇਸ਼ਾ ਉਸਦੇ ਵਿਰੁੱਧ ਭੁਗਤ ਕੇ ਸੂਬੇ ਦੀ ਖੇਤਰੀ ਖੁਦਮੁਖਤਿਆਰੀ ਦਾ ਪਰਚਮ ਬੁਲੰਦ ਕੀਤਾ

ਪੰਜਾਬੀ ਸੁਭਾਅ ਤੋਂ ਹੀ ਬਾਗੀ, ਗ਼ੈਰਤਮੰਦ ਅਤੇ ਸੰਘੀ ਢਾਂਚੇ ਦੇ ਹਾਮੀ ਹਨ। ਉਹ ਦਿੱਲੀ ਦੀ ਅਧੀਨਗੀ, ਕੇਂਦਰੀ ਏਜੰਸੀਆਂ ਦੇ ਡਰ ਜਾਂ ਕੇਂਦਰੀ ਧੱਕੇਸ਼ਾਹੀ ਨੂੰ ਕਦੇ ਪ੍ਰਵਾਨ ਨਹੀਂ ਕਰਦੇਭਾਜਪਾ ਭਾਵੇਂ ਪੰਜਾਬ ਵਿੱਚ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਭਾਵੇਂ ਉਹ ਕਾਂਗਰਸ ਨੂੰ ਮੁੜ ਕਾਬਜ਼ ਹੋਣ ਤੋਂ ਰੋਕਣ ਲਈ ਪਿੱਛੇ ਰਹਿ ਕੇ ਆਪਦੇ ਰਾਜ-ਭਾਗ ਨੂੰ ਸਵੀਕਾਰ ਕਰਨ ਦੀ ਰਣਨੀਤੀ ਅਪਣਾ ਲਵੇ, ਪਰ ਉਹ ਪੰਜਾਬੀ ਮਾਨਸਿਕਤਾ, ਇੱਥੋਂ ਦੀ ਪੇਂਡੂ-ਸਮਾਜਿਕ ਬਣਤਰ ਅਤੇ ਅਣਖ ਨੂੰ ਖਰੀਦ ਨਹੀਂ ਸਕਦੀਪੰਜਾਬੀ ਮੁਫਤਖੋਰੀ ਦੇ ਜਾਲ, ਡੇਰਾਵਾਦ ਦੇ ਭੁਲੇਖਿਆਂ, ਆਰ.ਐੱਸ.ਐੱਸ. ਦੇ ਪ੍ਰਭਾਵ ਜਾਂ ਕੇਂਦਰੀ ਡਰ ਅੱਗੇ ਕਦੇ ਨਹੀਂ ਝੁਕਦੇਦਿੱਲੀ ਦੀ ਹਮਲਾਵਰ ਸਿਆਸਤ ਪੰਜਾਬ ਦੀ ਸਾਂਝੀਵਾਲਤਾ ਅਤੇ ਅਣਖੀਲੇ ਇਤਿਹਾਸ ਦੀ ਕੰਧ ਨਾਲ ਟਕਰਾ ਕੇ ਹਮੇਸ਼ਾ ਨਾਕਾਮ ਹੁੰਦੀ ਰਹੀ ਹੈ, ਅਤੇ ਇਸ ਵਾਰ ਵੀ ਪੰਜਾਬ ਆਪਣੀ ਵੱਖਰੀ ਹੋਂਦ, ਸੂਬਾਈ ਖੁਦਮੁਖਤਿਆਰੀ ਅਤੇ ਪਛਾਣ ਨੂੰ ਹਰ ਕੀਮਤ ’ਤੇ ਬਰਕਰਾਰ ਰੱਖੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author