JatinderPannu7ਪਰ ਜਦੋਂ ਦੇਸ਼ ਦੀ ਜੜ੍ਹ ਕਹੇ ਜਾਂਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਤਾਂ ‘ਭੱਠ ਪਵੇ ਸੋਨਾ ...
(16 ਅਗਸਤ 2020)

 

ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਪਣੀ ਆਜ਼ਾਦੀ ਦੇ ਤਿਹੱਤਰ ਸਾਲ ਗੁਜ਼ਾਰ ਚੁੱਕਾ ਹੈ। ਇਹ ਆਬਾਦੀ ਪੱਖੋਂ ਤਾਂ ਸਭ ਤੋਂ ਵੱਡਾ ਲੋਕਤੰਤਰ ਹੈ, ਅਮਲਾਂ ਦੇ ਪੱਖ ਤੋਂ ਸਭ ਤੋਂ ਵੱਡਾ ਬਣਨ ਵਿੱਚ ਅਜੇ ਵੀ ਸਫਲ ਨਹੀਂ ਹੋ ਸਕਿਆ।

ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਇਸ ਨੇ ਆਜ਼ਾਦੀ ਮਿਲਣ ਦੀ ਘੜੀ ਤੋਂ ਕੁਝ ਕੀਤਾ ਹੀ ਨਹੀਂ, ਸਗੋਂ ਸਪਸ਼ਟ ਕਹਿਣਾ ਚਾਹੀਦਾ ਹੈ ਅਤੇ ਕਹਿਣਾ ਵੀ ਪੈਂਦਾ ਹੈ ਕਿ ਬਹੁਤ ਕੁਝ ਕੀਤਾ ਹੈ। ਪਰ ਜਿੰਨਾ ਕੁਝ ਕੀਤਾ ਜਾਣਾ ਚਾਹੀਦਾ ਸੀ, ਜਾਂ ਕੀਤਾ ਜਾ ਸਕਦਾ ਸੀ, ਉਹ ਅਜੇ ਤੱਕ ਨਹੀਂ ਕੀਤਾ ਗਿਆ। ਆਜ਼ਾਦੀ ਮਿਲਣ ਵੇਲੇ ਭਾਰਤ ਦੀ ਆਬਾਦੀ ਚੌਤੀ ਕਰੋੜ ਨੇੜੇ ਸੀ, ਚਾਰ ਸਾਲ ਬਾਅਦ ਪਹਿਲੀ ਮਰਦਮ ਸ਼ੁਮਾਰੀ ਵੇਲੇ ਛੱਤੀ ਕਰੋੜ ਤੋਂ ਟੱਪ ਗਈ। ਵੀਹ ਸਾਲਾਂ ਬਾਅਦ ਚੁਰਵੰਜਾ ਕਰੋੜ ਹੋ ਕੇ ਚਾਲੀ ਸਾਲਾਂ ਤੱਕ ਇਹ ਚੁਰਾਸੀ ਕਰੋੜ ਤੇ ਸੱਠ ਸਾਲਾਂ ਤੱਕ ਇੱਕ ਸੌ ਇੱਕੀ ਕਰੋੜ ਹੋ ਗਈ ਸੀ। ਦੇਸ਼ ਦੀ ਸਰਕਾਰ ਇਸ ਦੀ ਆਬਾਦੀ ਅੱਜਕੱਲ੍ਹ ਕਦੀ ਇੱਕ ਸੌ ਪੈਂਤੀ ਕਰੋੜ ਤੇ ਕਦੀ ਉਸ ਨਾਲੋਂ ਵੱਧ ਦੱਸਦੀ ਹੈ। ਪ੍ਰਧਾਨ ਮੰਤਰੀ ਇਸ ਦੇਸ਼ ਦੀ ਆਬਾਦੀ ਇੱਕ ਸੌ ਤੀਹ ਕਰੋੜ ਦੱਸੀ ਜਾਂਦਾ ਹੈ। ਪੈਂਤੀ-ਛੱਤੀ ਕਰੋੜ ਦੀ ਆਬਾਦੀ ਵੇਲੇ ਇਸ ਦੇਸ਼ ਵਿੱਚ ਅਨਾਜ ਘੱਟ ਹੁੰਦਾ ਸੀ ਤੇ ਸਰਕਾਰ ਖੇਤੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦੇਂਦੀ ਸੀ, ਅੱਜ ਅਨਾਜ ਗੋਦਾਮਾਂ ਅਤੇ ਹੋਰ ਥਾਂਵਾਂ ਉੱਤੇ ਨੰਗਾ ਪਿਆ ਖਰਾਬ ਹੁੰਦਾ ਹੈ, ਕੋਈ ਸੰਭਾਲਣ ਵਾਲਾ ਨਹੀਂ, ਪਰ ਲੋਕ ਅਜੇ ਤੱਕ ਕਈ ਰਾਜਾਂ ਵਿੱਚ ਅਨਾਜ ਦੇ ਦਾਣੇ-ਦਾਣੇ ਨੂੰ ਤਰਸਦੇ ਹਨ। ਕਾਣੀ ਵੰਡ ਨਹੀਂ ਰੋਕੀ ਗਈ, ਉਲਟਾ ਵਧਦੀ ਗਈ ਤੇ ਸਟੋਰਾਂ ਵਿੱਚ ਅਨਾਜ ਪਿਆ ਰੱਖ ਕੇ ਬਾਜ਼ਾਰ ਵਿੱਚ ਨਕਲੀ ਥੁੜ ਪੈਦਾ ਕਰਨ ਪਿੱਛੋਂ ਮਹਿੰਗੇ ਭਾਅ ਵੇਚਣ ਦੀ ਬਿਮਾਰੀ ਇਸ ਦੇਸ਼ ਦੇ ਲੋਕਾਂ ਲਈ ਮੌਤ ਦਾ ਫੰਦਾ ਅਜੇ ਵੀ ਬਣੀ ਪਈ ਹੈ। ਕਿਸਾਨ ਅਨਾਜ ਪੈਦਾ ਕਰਦਾ ਹੈ, ਪਰ ਉਸ ਦੀ ਫਸਲ ਦਾ ਪੂਰਾ ਭਾਅ ਦੇਣ ਲਈ ਕਿਸੇ ਰੰਗ ਦੀ ਸਰਕਾਰ ਵੀ ਤਿਆਰ ਨਹੀਂ। ਇਸ ਦੀ ਥਾਂ ਅੰਕੜਿਆਂ ਦੀ ਜਾਦੂਗਰੀ ਕਰ ਕੇ ਕਿਸਾਨ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੇਰੀ ਫਸਲ ਦੀ ਤਾਂ ਲੋੜ ਹੀ ਨਹੀਂ, ਸਰਕਾਰ ਐਵੇਂ ਲਿਹਾਜ ਕਰ ਕੇ ਤੈਨੂੰ ਥੋੜ੍ਹਾ-ਬਹੁਤ ਭਾਅ ਦੇ ਰਹੀ ਹੈ।

ਸਨਅਤੀ ਪਹੀਆ ਗੇੜਨ ਵਾਲਾ ਮਜ਼ਦੂਰ ਮੱਧ ਯੁੱਗ ਦੀ ਗੁਲਾਮੀ ਵਾਲੀ ਹਾਲਤ ਵਿੱਚ ਕੰਮ ਕਰਦਾ ਹੈ। ਮਜ਼ਦੂਰ ਦੀ ਇਹ ਤਸਵੀਰ ਕੋਰੋਨਾ ਦੇ ਪਹਿਲੇ ਹੱਲੇ ਵਿੱਚ ਹੀ ਸਾਹਮਣੇ ਆ ਗਈ ਸੀ, ਜਦੋਂ ਨਾ ਸਨਅਤਕਾਰਾਂ ਨੇ ਆਪਣਾ ਫਰਜ਼ ਸਮਝਦੇ ਹੋਏ ਉਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਲੋੜ ਜੋਗਾ ਕੁਝ ਦਿੱਤਾ ਅਤੇ ਨਾ ਸਰਕਾਰਾਂ ਨੇ ਬਾਂਹ ਫੜੀ। ਇਸੇ ਲਈ ਮਜ਼ਦੂਰ ਪਰਵਾਰਾਂ ਸਮੇਤ ਪੰਜਾਬ ਤੋਂ ਵੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਖੁਸ਼ਹਾਲ ਕਹੇ ਜਾਂਦੇ ਗੁਜਰਾਤ ਤੋਂ ਇੱਕ-ਇੱਕ ਹਜ਼ਾਰ ਕਿਲੋਮੀਟਰ ਪੈਦਲ ਤੁਰ ਕੇ ਰਾਹ ਵਿੱਚ ਸੌ ਮੁਸੀਬਤਾਂ ਭੋਗਦੇ ਹੋਏ ਮੱਧ ਭਾਰਤ ਦੇ ਰਾਜਾਂ ਵਿੱਚ ਆਪਣੇ ਘਰੀਂ ਪਹੁੰਚੇ ਸਨ। ਜਦੋਂ ਮਜ਼ਦੂਰ ਪੈਦਲ ਜਾ ਰਹੇ ਸਨ ਤਾਂ ਕਿਸੇ ਨੇ ਬਾਂਹ ਨਹੀਂ ਸੀ ਫੜੀ ਤੇ ਜਦੋਂ ਸਰਕਾਰ ਨੇ ਕਾਰਖਾਨੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਸੀ ਤਾਂ ਸਨਅਤਾਂ ਚਲਾ ਕੇ ਇਨ੍ਹਾਂ ਤੋਂ ਪੈਸਾ ਕਮਾਉਣ ਦੇ ਚਾਹਵਾਨਾਂ ਨੇ ਉਨ੍ਹਾਂ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਵਾਈ ਜਹਾਜ਼ਾਂ ਉੱਤੇ ਵਾਪਸ ਲਿਆਂਦਾ ਹੈ। ਦੁਨੀਆ ਭਰ ਵਿੱਚ ਕੋਰੋਨਾ ਦੀ ਮੁਸੀਬਤ ਆਈ ਹੈ, ਪਰ ਜਿਹੜੇ ਹਾਲ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਭਾਰਤ ਦੇ ਲੋਕਾਂ ਨੂੰ ਵੇਖਿਆ ਹੈ, ਇਹ ਹਾਲਾਤ ਸੰਸਾਰ ਦੇ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਹੰਢਾਉਣੇ ਨਹੀਂ ਪਏ ਹੋਣਗੇ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਕਹਿਰ ਦੌਰਾਨ ਵੀ ਭਾਰਤ ਵਿੱਚ ਵਿਦੇਸ਼ੀ ਪੂੰਜੀ ਆਉਂਦੀ ਰਹੀ ਹੈ, ਸਰਕਾਰ ਨੇ ਆਰਥਿਕਤਾ ਸੰਭਾਲੀ ਰੱਖੀ ਹੈ, ਪਰ ਜਦੋਂ ਦੇਸ਼ ਦੀ ਜੜ੍ਹ ਕਹੇ ਜਾਂਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਤਾਂ ‘ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’ ਵਾਲੀ ਗੱਲ ਕਹੀ ਜਾਣੀ ਹੈ।

ਆਜ਼ਾਦੀ ਮਿਲਣ ਵੇਲੇ ਦੇਸ਼ ਦੇ ਬਹੁਤੇ ਲੋਕ ਕੱਚੇ ਘਰਾਂ ਵਿੱਚ ਰਹਿੰਦੇ ਸਨ। ਅਸੀਂ ਵੀ ਕੱਚੇ ਘਰਾਂ ਵਿੱਚ ਪੈਦਾ ਹੋਈ ਪੀੜ੍ਹੀ ਵਿੱਚੋਂ ਹਾਂ। ਅੱਜ ਕਿਸੇ ਵਿਰਲੇ ਦਾ ਘਰ ਕੱਚਾ ਹੋਵੇਗਾ ਪਰ ਦੂਸਰੇ ਪਾਸੇ ਹਰ ਛੋਟੇ-ਵੱਡੇ ਸ਼ਹਿਰ ਦੇ ਅੰਦਰ-ਬਾਹਰ ਬਣੀਆਂ ਝੁੱਗੀਆਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਉਨ੍ਹਾਂ ਕੋਲ ਜਦੋਂ ਘਰ ਹੀ ਨਹੀਂ ਤਾਂ ਬਾਥਰੂਮ ਤੇ ਹੋਰ ਸਹੂਲਤਾਂ ਵੀ ਕਿੱਥੋਂ ਹੋਣੀਆਂ ਹਨ ਪਰ ਸਵੱਛ ਭਾਰਤ ਦੇ ਪ੍ਰਚਾਰ ਵਿੱਚ ਲੱਗੀ ਹੋਈ ਦੇਸ਼ ਦੀ ਸਰਕਾਰ ਉਨ੍ਹਾਂ ਵੱਲ ਝਾਕੇ ਬਿਨਾਂ ਸਾਰੀ ਦੁਨੀਆ ਨੂੰ ਇਹ ਦੱਸਣ ਲੱਗੀ ਹੋਈ ਹੈ ਕਿ ਅਸੀਂ ਸਭ ਤੋਂ ਹੇਠਲੇ ਪੱਧਰ ਤੱਕ ਦੇ ਲੋਕਾਂ ਦਾ ਏਨਾ ਵਿਕਾਸ ਕਰ ਚੁੱਕੇ ਹਾਂ ਕਿ ਲੋਕ ਸੰਤੁਸ਼ਟ ਹਨ।

ਦੂਸਰੇ ਦੇਸ਼ਾਂ ਦੇ ਜਿਨ੍ਹਾਂ ਲੋਕਾਂ ਨੂੰ ਚਾਰ-ਚਾਰ ਮਹੀਨੇ ਤੋਂ ਕੰਮ ਨਹੀਂ ਮਿਲਿਆ, ਉਨ੍ਹਾਂ ਦੇਸ਼ਾਂ ਦੇ ਰਾਜ ਕਰਤੇ ਜਿਸ ਤਰ੍ਹਾਂ ਭੱਤੇ ਵੰਡ ਰਹੇ ਹਨ, ਭਾਰਤ ਵਿੱਚ ਓਦਾਂ ਨਹੀਂ ਵੰਡੇ ਗਏ, ਸਿਰਫ ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਜੋਗੀ ਮਦਦ ਕੀਤੀ ਗਈ ਹੈ ਤੇ ਬਾਕੀ ਕੰਮ ਸਮਾਜ ਸੇਵੀ ਸੰਸਥਾਵਾਂ ਦੇ ਜ਼ਿੰਮੇ ਛੱਡ ਦਿੱਤਾ ਗਿਆ। ਸਮਾਜੀ ਸੇਵੀਆਂ ਦੇ ਵੀ ਸਾਰੇ ਗਰੁੱਪ ਨਿਰ-ਸੁਆਰਥ ਸੇਵਾ ਕਰਨ ਵਾਲੇ ਨਹੀਂ, ਕਈਆਂ ਨੇ ਇਸ ਦੌਰਾਨ ਸੇਵਾ ਕੀਤੀ ਅਤੇ ਕਈ ਹੋਰ ਇਸ ਦੌਰ ਵਿੱਚੋਂ ਵੀ ਕਮਾਈਆਂ ਕਰਦੇ ਰਹੇ ਹਨ। ਇਹ ਸਭ ਸਰਕਾਰੀ ਮਸ਼ੀਨਰੀ ਦੀ ਮਿਲੀਭੁਗਤ ਨਾਲ ਹੁੰਦਾ ਹੈ ਤੇ ਜਿਨ੍ਹਾਂ ਦੀ ਜ਼ਿਮੇਵਾਰੀ ਇਹ ਭ੍ਰਿਸ਼ਟਾਚਾਰ ਰੋਕਣ ਦੀ ਹੈ, ਉਹ ਇਸ ਦੌਰ ਵਿੱਚ ਵੀ ਸਿਰੇ ਦੀਆਂ ਬਦਨਾਮ ਸੰਸਥਾਵਾਂ ਦੇ ਰਾਹਤ ਵੰਡਣ ਦੇ ਖੇਖਣ ਕਰਦੇ ਸਮਾਗਮਾਂ ਵਿੱਚ ਜਾਂਦੇ ਅਤੇ ਫੋਟੋ ਖਿਚਵਾਉਂਦੇ ਰਹੇ ਹਨ। ਇਨ੍ਹਾਂ ਵਿੱਚ ਕਿਸੇ ਇੱਕ ਪਾਰਟੀ ਜਾਂ ਰਾਜਨੀਤੀ ਦੇ ਆਗੂ ਨਹੀਂ, ਲਗਭਗ ਹਰ ਉਸ ਪਾਰਟੀ ਦੇ ਲੀਡਰ ਇਹੋ ਕਰਦੇ ਰਹੇ ਹਨ, ਜਿਹੜੀ ਰਾਜ ਕਰਦੀ ਹੈ, ਕਰ ਚੁੱਕੀ ਹੈ ਜਾਂ ਉਸ ਦੀ ਅੱਖ ਕਿਸੇ ਰਾਜ ਵਿੱਚ ਅਗਲੀ ਵਾਰ ਦੀਆਂ ਚੋਣਾਂ ਉੱਤੇ ਹੈ। ਲੋਕ ਸਭ ਜਾਣਦੇ ਹੋਏ ਵੀ ਚੁੱਪ ਰਹਿੰਦੇ ਹਨ।

ਅੱਜ ਜਦੋਂ ਇਹ ਦੇਸ਼ ਆਜ਼ਾਦ ਹੋਂਦ ਦੇ ਤਿਹੱਤਰ ਸਾਲ ਗੁਜ਼ਾਰ ਚੁੱਕਾ ਹੈ, ਸਿਰਫ ਭਾਸ਼ਣਾਂ ਵਿੱਚ ਉਨ੍ਹਾਂ ਸੰਗਰਾਮੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਜੇਲ੍ਹਾਂ ਵਿੱਚ ਜ਼ਿੰਦਗੀਆਂ ਗਾਲ਼ੀਆਂ ਸਨ, ਇਸ ਤੋਂ ਬਗੈਰ ਉਨ੍ਹਾਂ ਦਾ ਚੇਤਾ ਨਹੀਂ ਕੀਤਾ ਜਾਂਦਾ। ਦੇਸ਼ ਦੇ ਲੋਕਾਂ ਦਾ ਧਿਆਨ ਇਨ੍ਹਾਂ ਹਕੀਕਤਾਂ ਵੱਲ ਜਾਣੋਂ ਰੋਕਣ ਲਈ ਕਿਧਰੇ ਮੰਦਰ-ਮਸਜਿਦ ਦਾ ਰੌਲਾ ਪਵਾ ਦਿੱਤਾ ਜਾਂਦਾ ਹੈ ਤੇ ਕਦੇ ਕਿਤੇ ਹਿੰਦੂ-ਸਿੱਖ ਦਾ ਮੁੱਦਾ ਬਣਾਇਆ ਜਾਂਦਾ ਹੈ। ਜਿਹੜੇ ਦੇਸ਼ ਵਿੱਚ ਲੋਕ ਏਦਾਂ ਦੇ ਮੁੱਦੇ ਉੱਤੇ ਰੁੱਝੇ ਰੱਖੇ ਜਾ ਸਕਦੇ ਹਨ, ਉਸ ਦੇਸ਼ ਵਿੱਚ ਕੁਝ ਕਰਨ ਦੀ ਲੋੜ ਸਰਕਾਰਾਂ ਨੂੰ ਨਹੀਂ। ਇਹੋ ਕਾਰਨ ਹੈ ਕਿ ਲੋਕਾਂ ਦੀ ਸੂਝ ਦਾ ਪੱਧਰ ਉੱਚਾ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਨੂੰ ਕੰਪਿਊਟਰ ਅਤੇ ਹਰ ਕਿਸਮ ਦੀ ਉਹ ਹੀ ਤਕਨੀਕ ਸਿਖਾਈ ਜਾਂਦੀ ਹੈ, ਜਿਹੜੀ ਇਸ ਵੇਲੇ ਦੁਨੀਆ ਭਰ ਵਿੱਚ ਛਾ ਚੁੱਕੀ ਹੈ ਤੇ ਜਿਸ ਤਕਨੀਕ ਦੇ ਨਾਲ ਜੁੜਿਆ ਮਾਲ ਵੇਚਣ ਲਈ ਲੋਕਾਂ ਕੋਲ ਓਨਾ ਕੁ ਗਿਆਨ ਹੋਣਾ ਜ਼ਰੂਰੀ ਹੈ, ਪਰ ਜਿਹੜੀ ਸੂਝ ਨਿੱਤ ਦਿਨ ਹੁੰਦੇ ਧੋਖੇ ਸਮਝਣ ਜੋਗੇ ਕਰ ਸਕਦੀ ਹੋਵੇ, ਉਹ ਨਹੀਂ ਦਿੱਤੀ ਜਾਂਦੀ। ਜਦੋਂ ਤੱਕ ਭਾਰਤ ਦੇ ਲੋਕਾਂ ਨੂੰ ਓਦਾਂ ਦੀ ਸਮਾਜੀ ਸੂਝ ਨਹੀਂ ਮਿਲ ਜਾਂਦੀ, ਭਾਰਤ ਦੇ ਲੋਕ ਓਦੋਂ ਤੀਕਰ ਨਿਗੂਣੀਆਂ ਗੱਲਾਂ ਉੱਤੇ ਭੜਕਦੇ ਤੇ ਇੱਕ ਦੂਸਰੇ ਨੂੰ ਮਾਰਦੇ-ਮਰਦੇ ਰਹਿਣਗੇ, ਪਰ ਪੇਟ ਦੀ ਅੱਗ ਬੁਝਾਉਣ ਦੇ ਉਸ ਵੱਡੇ ਮੁੱਦੇ ਬਾਰੇ ਕਦੀ ਨਹੀਂ ਸੋਚਣਗੇ, ਜਿਸ ਬਾਰੇ ਬਾਬਿਆਂ ਨੇ ਕਿਹਾ ਸੀ ਕਿ ‘ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ’। ਭੁੱਖੇ ਢਿੱਡਾਂ ਨੂੰ ਜਸ਼ਨਾਂ ਦੇ ਢੋਲ-ਢਮੱਕੇ ਦੀ ਨਹੀਂ, ਰੋਟੀ ਦੀ ਉਡੀਕ ਹੁੰਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2298)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author