“ਇਹ ਕਾਲਜ ਪਿੰਡ ਤੋਂ ਕਰੀਬ 25 ਕੁ ਕਿਲੋਮੀਟਰ ਦੂਰੀ ’ਤੇ ਸੀ। ਪਿੰਡੋਂ ਪਟਿਆਲੇ ਜਾਂਦਿਆਂ ...”
(17 ਦਸੰਬਰ 2025)
ਪੜ੍ਹਦੇ ਵਕਤ ਕੁਝ ਵਾਕਿਆ ਅਜਿਹੇ ਹੁੰਦੇ ਹਨ ਜੋ ਬੰਦੇ ਨੂੰ ਆਖ਼ਰੀ ਸਾਹਾਂ ਤਕ ਯਾਦ ਰਹਿੰਦੇ ਹਨ ਜਾਂ ਇਹ ਆਖ ਲਵੋ ਕੇ ਉਹ ਨਾ ਭੁੱਲਣਯੋਗ ਹੁੰਦੇ ਹਨ। ਗੱਲ ਤਿੰਨ ਦਹਾਕੇ ਤੋਂ ਵੱਧ ਪੁਰਾਣੀ ਹੈ। ਉਦੋਂ ਮੈਂ ਗੌਰਮਿੰਟ ਮਹਿੰਦਰਾ ਕਾਲਜ ਪਟਿਆਲੇ ਪੜ੍ਹਦਾ ਸਾਂ ਤੇ ਮੇਰਾ ਪਿੰਡ ਵੀ ਉਸੇ ਸੜਕ ਉੱਤੇ ਪੈਂਦਾ ਸੀ ਨਿਜ਼ਾਮਨੀ ਵਾਲਾ, ਜਿਸਦਾ ਦੂਜਾ ਨਾਂ ਅਮਾਮ ਨਗਰ ਸੀ। ਲੋਕਾਂ ਵਿੱਚ ਉਹ ਪਹਿਲੇ ਨਾਂ ਨਾਲ ਹੀ ਮਸ਼ਹੂਰ ਸੀ। ਇਹ ਕਾਲਜ ਪਿੰਡ ਤੋਂ ਕਰੀਬ 25 ਕੁ ਕਿਲੋਮੀਟਰ ਦੂਰੀ ’ਤੇ ਸੀ। ਪਿੰਡੋਂ ਪਟਿਆਲੇ ਜਾਂਦਿਆਂ ਪਹਿਲਾ ਬੱਸ ਸਟੌਪ ਵੀ ਕਾਲਜ ਕੋਲ ਠੰਢੀ ਖੂਹੀ ਹੁੰਦਾ ਸੀ, ਜਿੱਥੇ ਬੱਸੋਂ ਉੱਤਰਕੇ ਅਸੀਂ ਨਾਲ ਹੀ ਕਾਲਜ ਜਾ ਵੜਦੇ ਸਾਂ। ਪਰ ਜਿਸ ਦਿਨ ਫਿਲਮ ਵੇਖਣੀ ਹੁੰਦੀ, ਉਸ ਦਿਨ ਅਸੀਂ ਠੰਢੀ ਖੂਹੀ ਨਾ ਉੱਤਰਦੇ। ਅਗਲਾ ਸਟਾਪ ਮੋਦੀ ਕਾਲਜ ਹੁੰਦਾ ਸੀ ਤੇ ਫਿਰ ਤੀਜ਼ਾ ਸਟੌਪ ਹੁੰਦਾ ਸੀ ਫੁਹਾਰਾ ਚੌਂਕ। ਅਸੀਂ ਫਿਲਮ ਦੇਖਣ ਵਾਲੇ ਯਾਰ ਦੋਸਤ ਉੱਥੇ ਉੱਤਰ ਜਾਂਦੇ। ਫੁਹਾਰਾ ਚੌਂਕ ਤੋਂ ਤਿੰਨ ਚਾਰ ਸਿਨੇਮਾ ਘਰ ਨੇੜੇ ਪੈਂਦੇ ਸਨ, ਜਿਨ੍ਹਾਂ ਵਿੱਚ ਫੂਲ, ਮਾਲਵਾ, ਕੈਪੀਟਲ ਤੇ ਹਰਬੰਸ ਸਿਨੇਮਾਘਰ ਸਨ। ਜਿਸ ਵਿੱਚ ਵੀ ਫਿਲਮ ਦੇਖਣ ਦਾ ਪ੍ਰੋਗਰਾਮ ਬਣਦਾ, ਉਸ ਸਿਨੇਮਾ ਵਿੱਚ ਜਾ ਵੜਦੇ।
ਅਸੀਂ ਜ਼ਿਆਦਤਰ ਪੰਜਾਬੀ ਫਿਲਮ ਹੀ ਦੇਖਦੇ ਸਾਂ। ਹਾਂ, ਕਦੇ ਕਦਾਈਂ ਹਿੰਦੀ ਫਿਲਮ ਵੀ ਦੇਖ ਲੈਂਦੇ ਸਾਂ। ਪੰਜਾਬੀ ਫਿਲਮ ਦੇਖਣ ਦਾ ਕਾਰਨ ਇਹ ਹੁੰਦਾ ਸੀ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਫਿਲਮ ਦਾ ਟੈਕਸ ਮੁਆਫ ਕਰ ਦਿੰਦੀ ਸੀ, ਜਿਸ ਨਾਲ ਟਿਕਟ ਸਸਤੀ ਮਿਲ ਜਾਂਦੀ ਸੀ। ਕਾਲਜ ਦੇ ਆਈ ਕਾਰਡ ਉੱਤੇ ਵਿਦਿਆਰਥੀਆਂ ਨੂੰ ਟੈਕਸ ਮੁਆਫ ਹੁੰਦਾ ਸੀ, ਜਿਸ ਕਰਕੇ ਪੌਣੇ ਦੋ ਰੁਪਏ ਵਾਲੀ ਟਿਕਟ ਸਾਨੂੰ ਇੱਕ ਰੁਪਏ ਵਿੱਚ ਟਿਕਟ ਮਿਲ ਜਾਣੀ। ਸਰਕਾਰ ਦਾ ਜੋ 75 ਪੈਸੇ ਟੈਕਸ ਹੁੰਦਾ, ਉਹ ਵਿਦਿਆਰਥੀ ਹੋਣ ਨਾਤੇ ਮੁਆਫ ਹੋ ਜਾਂਦਾ। ਇਸ ਤਰ੍ਹਾਂ ਇੱਕ ਰੁਪਏ ਵਿੱਚ ਫਿਲਮ ਦੇਖ ਲੈਣੀ, ਜਿਸ ਨਾਲ ਖੁਸ਼ੀ ਦੁੱਗਣੀ ਹੋ ਜਾਣੀ। ਉਸ ਸਮੇਂ 75 ਪੈਸੇ ਬੜੀ ਵੱਡੀ ਗੱਲ ਹੁੰਦੀ ਸੀ ਤੇ ਪੰਝੱਤਰ ਪੈਸਿਆਂ ਦੀ ਚੋਖੀ ਅਹਿਮੀਅਤ ਹੁੰਦੀ ਸੀ।
ਉਹ ਦਿਨ ਵੀ ਕਦੇ ਨਹੀਂ ਭੁੱਲਦੇ ਜਦੋਂ ਫਿਲਮ ਦੇਖਣ ਮਗਰੋਂ ਅਸੀਂ ਕਾਲਜ ਨਾ ਜਾਣਾ ਤੇ ਫਿਰ ਪੈਦਲ ਤੁਰ ਕੇ ਬਜ਼ਾਰ ਵਿੱਚੋਂ ਹੁੰਦੇ ਹੋਏ ਪਟਿਆਲਾ ਬੱਸ ਅੱਡੇ ਪਹੁੰਚਣਾ, ਭਾਵੇਂ ਕਿ ਪਿੰਡ ਜਾਣ ਲਈ ਬੱਸ ਫੁਹਾਰਾ ਚੌਂਕ ਤੋਂ ਮਿਲ ਜਾਂਦੀ ਸੀ ਅਤੇ ਅਸੀਂ ਉੱਥੋਂ ਵਾਪਸ ਪਿੰਡ ਪਰਤ ਸਕਦੇ ਸਾਂ। ਪਰ ਸਾਡੇ ਤੁਰ ਕੇ ਜਾਣ ਦਾ ਮਕਸਦ ਇਹ ਹੁੰਦਾ ਕਿ ਇੱਕ ਤਾਂ ਸਮਾਂ ਸੌਖਾ ਲੰਘ ਜਾਂਦਾ ਤੇ ਦੂਜਾ ਬੱਸ ਅੱਡੇ ਤੋਂ ਸੀਟ ਉੱਤੇ ਬੈਠਣ ਦਾ ਮੌਕਾ ਮਿਲ ਜਾਂਦਾ। ਸਾਡੇ ਕੋਲ ਬੱਸ ਪਾਸ ਹੋਣ ਕਰਕੇ ਬੱਸ ਡਰਾਈਵਰ ਬਹੁਤੀ ਵਾਰ ਦੁਖੀ ਵੀ ਹੁੰਦਾ ਕਿਉਂਕਿ ਸਾਡੇ ਸੀਟਾਂ ਉੱਤੇ ਬੈਠ ਜਾਣ ਕਰਕੇ ਸਵਾਰੀਆਂ ਨੂੰ ਸੀਟ ਨਾ ਮਿਲਦੀ। ਬੱਸ ਡਰਾਈਵਰ ਨੇ ਬੱਸ ਦੀ ਛੱਤ ਉੱਤੇ ਸਪੀਕਰ ਲਵਾ ਕੇ ਗਾਣੇ ਲਾ ਦਿਆ ਕਰਨੇ ਤਾਂ ਜੋ ਸਟੂਡੈਂਟ ਛੱਤ ’ਤੇ ਬੈਠ ਜਾਇਆ ਕਰਨ। ਸਾਡੀ ਕਈ ਵਾਰ ਡਰਾਈਵਰ ਨਾਲ ਸੀਟਾਂ ’ਤੇ ਬੈਠਣ ਨੂੰ ਲੈ ਕੇ ਲੜਾਈ ਵੀ ਹੋ ਜਾਇਆ ਕਰਨੀ। ਪਰ ਇੱਕ ਦੋ ਦਿਨ ਪਿੱਛੋਂ ਆਮ ਵਾਂਗ ਹੋ ਜਾਣਾ। ਉਸ ਵੇਲੇ ਅਤੇ ਅੱਜ ਦੇ ਵੇਲੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਹੈ। ਸਾਡੇ ਵਿਦਿਆਰਥੀ ਵੇਲੇ ਦੇ ਉਹ ਸਿਨੇਮਾ ਘਰ ਅੱਜ ਸਿਰਫ ਵੱਡੀਆਂ ਵੱਡੀਆਂ ਇਮਾਰਤਾਂ ਦੇ ਰੂਪ ਵਿੱਚ ਖਲੋਤੇ ਵਿਖਾਈ ਦਿੰਦੇ ਹਨ।
ਮੈਨੂੰ ਯਾਦ ਹੈ ਚੰਗੀ ਫਿਲਮ ਲੱਗਣ ’ਤੇ ਉਦੋਂ ਸਿਨਮੇ ਘਰਾਂ ਵਿੱਚ ਪਹਿਲਾਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਟਿਕਟ ਲੈਣੀ ਤੇ ਫਿਰ ਅੰਦਰ ਸੀਟ ਲੈਣ ਲਈ ਵੀ ਪੂਰੀ ਧੱਕਾ ਮੁੱਕੀ ਹੁੰਦੀ ਸੀ। ਫਿਰ ਵੀ ਉਹ ਨਜ਼ਾਰਾ ਵੱਖਰਾ ਅਤੇ ਖੁਸ਼ੀ ਦੇਣ ਵਾਲਾ ਹੁੰਦਾ। ਪਰ ਅੱਜ ਜਦੋਂ ਫਿਲਮ ਦੇਖਣ ਲਈ ਵੱਡੇ ਵੱਡੇ ਸ਼ੌਪ ਕੰਪਲੈਕਸਾਂ ਵਿੱਚ ਬਣੇ ਪੀਵੀਆਰ, ਫਨ ਸਿਨੇਮਾ ਵਿੱਚ ਜਾਈਦਾ ਹੈ ਤਾਂ ਉਦੋਂ ਬੜਾ ਚੁੱਭਦਾ ਹੈ। ਬੇਸ਼ਕ ਟਿਕਟ ਖ਼ਰੀਦਣ ਲਈ ਨਾ ਲਾਈਨ ਵਿੱਚ ਲੱਗਣਾ ਪੈਂਦਾ ਅਤੇ ਨਾ ਹੀ ਸਿਨੇਮਾ ਵਿੱਚ ਸੀਟ ਲੈਣ ਲਈ ਧੱਕਾ-ਮੁੱਕੀ ਕਰਨੀ ਪੈਂਦੀ ਹੈ ਕਿਉਂਕਿ ਹੁਣ ਸੀਟ ਤੁਹਾਨੂੰ ਅਲਾਟ ਹੁੰਦੀ ਹੈ, ਕੋਈ ਹੋਰ ਉਸ ਉੱਤੇ ਜਾ ਕੇ ਨਹੀਂ ਬਹਿ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਫਿਲਮ ਦੀ ਟਿਕਟ ਚਾਰ ਪੰਜ ਸੌ ਰੁਪਏ ਵਿੱਚ ਖਰੀਦਣੀ ਪੈਂਦੀ ਹੈ। ਹੁਣ ਮੋਬਾਇਲ ਉੱਤੇ ਅਨੇਕਾਂ ਐਪ ਹਨ ਤੇ ਬਹੁਤੇ ਲੋਕ ਮੋਬਾਇਲ ਜਾਂ ਘਰਾਂ ਵਿੱਚ ਐਲ ਈ ਡੀ ਉੱਤੇ ਹੀ ਫਿਲਮ ਦੇਖਣ ਨੂੰ ਤਰਜੀਹ ਦਿੰਦੇ ਹਨ। ਫਿਰ ਵੀ ਬਹੁਤ ਸਾਰੇ ਲੋਕ ਮਾਲਾਂ ਵਿੱਚ ਬਣੇ ਪੀਵੀਆਰ ਜਾਂ ਫਨ ਸਿਨੇਮਾ ਵਗੈਰਾ ਵਿੱਚ ਵੱਡੇ ਪਰਦੇ ਉੱਤੇ ਮੂਵੀ ਦੇਖਣ ਦੇ ਸ਼ੌਕੀਨ ਹਨ।
ਇਸ ਸਭ ਕੁਝ ਦੇ ਬਾਵਜੂਦ ਪੁਰਾਣਾ ਵੇਲਾ ਯਾਦ ਕਰਕੇ ਕਾਲਜ ਦੇ ਦਿਨ ਮੱਲੋਮੱਲੀ ਯਾਦ ਆ ਜਾਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (