“ਤਵਾਰੀਖ ਹਾਮੀ ਭਰਦੀ ਹੈ ਕਿ ਅਜ਼ਲ ਤੋਂ ਹੀ ਹਨੇਰੀਆਂ ਰਾਤਾਂ ਵਿੱਚ ਦੀਵਾ ਬਾਲਣ ਵਾਲੇ, ਚੌਧਰੀਆਂ ਦੀ ...”
(15 ਸਤੰਬਰ 2023)
ਇਮਾਰਤਸਾਜ਼ੀ ਦੇ ਮਾਹਰ ਪਰੇ ਤੋਂ ਪਰੇ
* * *
ਚੁੱਪ ਬੰਦਗੀ ਹੈ … ਅਰਾਧਨਾ … ਇਬਾਦਤ। ਚੁੱਪ ਦੀ ਬੁੱਕਲ ਵਿੱਚ ਅਥਾਹ ਭੰਡਾਰ ਛੁਪਿਆ ਹੁੰਦਾ ਹੈ … ਮਣਾਂ-ਮੂੰਹੀਂ ਖਜ਼ਾਨਾ, ਜਿਸਦਾ ਕੋਈ ਥਾਹ ਨਹੀਂ ਪਾ ਸਕਿਆ। ਸ਼ਾਇਦ ਸ਼ਾਂਤੀ ਤੇ ਸਕੂਨ ਦੀ ਜਨਮ ਦਾਤੀ ਹੈ ਚੁੱਪ। ਗੁਰਬਾਣੀ ਨੇ ਵੀ ਸਲਾਹਿਆ ਹੈ, “ਜਿਥੈ ਬੋਲਣਿ ਹਾਰੀਹੈ ਤਿਥੈ ਚੰਗੀ ਚੁੱਪ॥” ਚੁੱਪ ਰਹਿਣਾ ਇੱਕ ਕਲਾ ਹੈ, ਕੋਮਲ ਭਾਵਨਾਵਾਂ ਦੀ ਸੌਗਾਤ, ਸਬਰ, ਸਹਿਣਸੀਲਤਾ ਦਾ ਸੁੰਦਰ ਸਰੂਪ। ਇੱਕ ਅਹਿਸਾਸ ਹੁੰਦਾ ਹੈ ਕਿਸੇ ਦੇ ਜਜ਼ਬਾਤਾਂ ਨੂੰ ਸਮਝਣ ਦਾ, ਕਿਸੇ ਦੇ ਵਲਵਲਿਆਂ ਨੂੰ ਮਹਿਸੂਸ ਕਰਨ ਦਾ। ਕਹਿੰਦੇ ਨੇ, ਇਕੱਲ ਤੇ ਚੁੱਪ ਦਾ ਸੰਘਣਾ ਰਿਸ਼ਤਾ ਹੁੰਦਾ ਹੈ। ਚੁੱਪ ਰਹਿ ਕੇ ਆਪਣੇ ਆਪ ਨਾਲ ਗੱਲਾਂ ਕਰ ਸਕੀਦੀਆਂ ਨੇ, ਖੁਦ ਨੂੰ ਮਿਲਿਆ ਜਾਂਦਾ ਹੈ।
ਤੁਹਾਡੀ ਸ਼ਖ਼ਸੀਅਤ ਨੂੰ ਨਿਹਾਰਨ ਦਾ ਹੁਨਰ ਚੁੱਪ ਵਿੱਚ ਹੀ ਹੈ। ਜਿੰਨਾ ਚਿਰ ਤੁਸੀਂ ਮੌਨ ਹੋ, ਕੋਈ ਤੁਹਾਡੇ ਵਿਅਕਤਿਤਵ ਬਾਰੇ ਜਾਣੂ ਨਹੀਂ ਹੁੰਦਾ, ਕਮੀਆਂ ਛੁਪੀਆਂ ਰਹਿੰਦੀਆਂ ਨੇ, ਵਿਵਾਦ ਨਾਲ ਵਾਹ ਨਹੀਂ ਪੈਂਦਾ। ਸ਼ਬਦਾਂ ਤੋਂ ਹੀ ਮਨੁੱਖੀ ਮਨ ਦੀਆਂ ਪਰਤਾਂ ਖੁੱਲ੍ਹਦੀਆਂ ਨੇ। ਸੁਹਣੇ ਸ਼ਬਦ ਸੁਹਜ, ਸਲੀਕਾ ਤੇ ਸੁੰਦਰਤਾ ਦਰਸਾਉਂਦੇ ਹਨ। ਸੁੱਖ ਸਮੇਂ ਚੰਗਾ ਬੋਲਣਾ, ਦੁੱਖ ਮੌਕੇ ਘੱਟ ਬੋਲਣਾ ਲਿਆਕਤ ਦੀ ਨਿਸ਼ਾਨੀ ਗਿਣੀ ਜਾਂਦੀ ਹੈ। ਵਿਖਿਆਤ ਸੂਫੀ ਕਲਮਕਾਰ ਰੂਮੀ ਦਾ ਮੱਤ ਹੈ, “ਚੁੱਪ ਇੱਕ ਸਮੁੰਦਰ ਵਾਂਗ ਹੈ, ਬੋਲੀ ਇਸਦਾ ਦਰਿਆਈ ਵਹਾਅ ਹੈ। ਜਦੋਂ ਸਮੁੰਦਰ ਤੁਹਾਨੂੰ ਲੱਭ ਰਿਹਾ ਹੋਵੇ, ਤਾਂ ਨਦੀ ਵੱਲ ਨਾ ਜਾਉ … ਸਮੁੰਦਰ ਨੂੰ ਸੁਣੋ।” ਸਿਆਣਿਆਂ ਦਾ ਕਥਨ ਹੈ ਕਿ ਜਿਸਨੂੰ ਸੁਣਨਾ ਆ ਜਾਵੇ, ਉਸ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ।
ਚੁੱਪ ਦੀ ਆਪਣੀ ਭਾਸ਼ਾ ਹੁੰਦੀ ਹੈ, ਆਪਣਾ ਅੰਦਾਜ਼-ਏ-ਬਿਆਂ। ਜੇ ਸੁਣ ਸਕੀਏ ਤਾਂ ਰੁੱਖ ਵੀ ਗੱਲਾਂ ਕਰਦੇ ਨੇ ਅਤੇ ਜੇ ਨਾ ਸੁਣੀਏ ਤਾਂ ਲਫ਼ਜ਼ ਵੀ ਗੂੰਗੇ ਨੇ। ਚੁੱਪ ਕਦੇ ਖਾਲੀ ਨਹੀਂ ਹੁੰਦੀ; ਇਹ ਸਵਾਲ ਵੀ ਹੁੰਦੀ ਏ ਤੇ ਜਵਾਬ ਵੀ। ਇੰਗਲੈਂਡ ਦੀ ਲੇਖਕਾ ਸਾਰਾ ਮੈਟਲੈਂਡ ਆਪਣੀ ਪੁਸਤਕ ‘ਚੁੱਪ ਦੀ ਕਿਤਾਬ’ ਵਿੱਚ ਲਿਖਦੀ ਹੈ ਕਿ ਚੁੱਪ ਸਿਰਫ ਆਵਾਜ਼ ਦੀ ਅਣਹੋਂਦ ਨਹੀਂ ਹੈ, ਇਹ ਕੁਦਰਤੀ ਵਰਤਾਰਾ ਹੈ, ਜੋ ਰਚਨਾਤਮਕ ਊਰਜਾ ਦਾ ਸਰੋਤ ਹੋ ਸਕਦਾ ਹੈ। ਰਚਨਾਤਮਕਤਾ ਨੂੰ ਚੁੱਪ ਅਤੇ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ। ਸਾਡੇ ਬਹੁਤ ਸਾਰੇ ਵਿਦਵਾਨ ਲੇਖਕਾਂ ਨੇ ਪਹਾੜੀ ਸਥਾਨਾਂ ’ਤੇ ਚੁੱਪ ਦੀ ਗੋਦ ਵਿੱਚ ਬੈਠ ਕੇ ਸ਼ਾਹਕਾਰ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਨਾਵਲਕਾਰ ਨਾਨਕ ਸਿੰਘ ਅਤੇ ਖੁਸ਼ਵੰਤ ਸਿੰਘ ਇਸ ਪ੍ਰਸੰਗ ਦੇ ਗਵਾਹ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਬਾਰਤ ਚੁੱਪ ਦੀ ਉਪਜ ਹੈ। ਚਿੰਤਕ ਓਸ਼ੋ ਦਾ ਕਥਨ ਹੈ, “ਕੁਦਰਤ ਦਾ ਇੱਕ ਭੇਦ ਹੈ ਕਿ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਬਿਰਖ ਤੁਹਾਡੀ ਖੁਸ਼ੀ ਨੂੰ ਵੀ ਮਹਿਸੂਸ ਕਰਦੇ ਹਨ ਤੇ ਗ਼ਮੀ ਨੂੰ ਵੀ। ਪੰਛੀ ਤੁਹਾਡੀ ਖ਼ਾਮੋਸ਼ੀ ਨੂੰ ਉੰਨਾ ਹੀ ਮਹਿਸੂਸ ਕਰਦੇ ਹਨ, ਜਿੰਨਾ ਤੁਹਾਡੇ ਸੰਗੀਤ ਨੂੰ।” ਦਸਤਕ ਅਤੇ ਆਵਾਜ਼ ਤਾਂ ਕੰਨਾਂ ਲਈ ਹਨ। ਜਿਹੜੀ ਰੂਹ ਨੂੰ ਸੁਣਾਈ ਦੇਵੇ, ਉਸ ਨੂੰ ਖ਼ਾਮੋਸ਼ੀ ਕਹਿੰਦੇ ਨੇ।
ਚੁੱਪ ਰਹਿਣਾ ਇੱਕ ਤਪੱਸਿਆ ਹੈ, ਇੱਕ ਸਾਧਨਾ ਹੈ, ਇੱਕ ਕਲਾ ਹੈ। ਖੋਜ ਦੱਸਦੀ ਹੈ ਕਿ ਤੁਸੀਂ ਜਿੰਨਾ ਚੁੱਪ ਰਹਿਣ ਲੱਗ ਜਾਉਗੇ, ਉੰਨਾ ਹੀ ਤੁਹਾਡੀ ਸੁਣਨ ਦੀ ਯੋਗਤਾ ਵਧਦੀ ਜਾਵੇਗੀ। ਚੁੱਪ ਰਹਿ ਕੇ ਸੁਣਨ ਨਾਲ ਤੁਹਾਨੂੰ ਕੁਝ ਨਵਾਂ, ਕੁਝ ਨਵੇਕਲਾ ਸਿੱਖਣ ਨੂੰ ਮਿਲਦਾ ਹੈ। ਗੱਲਬਾਤ ਦੌਰਾਨ ਖ਼ਾਮੋਸ਼ੀ ਇੱਕ ਸਤਿਕਾਰਤ ਚਿੰਨ੍ਹ ਮੰਨਿਆ ਗਿਆ ਹੈ। ਪਾਇਥਾਗੋਰਸ ਦਾ ਮੱਤ ਹੈ ਕਿ ਮੂਰਖ ਆਦਮੀ ਬੋਲਣ ਤੋਂ ਪਛਾਣਿਆ ਜਾਂਦਾ ਹੈ ਅਤੇ ਸਮਝਦਾਰ ਉਸਦੀ ਚੁੱਪ ਤੋਂ। ਕਹਿੰਦੇ ਨੇ, ਸਮੁੰਦਰ ਵਿੱਚ ਸਿੱਪੀ ਦੇ ਮੂੰਹ ਵਿੱਚ ਜਦੋਂ ਬੂੰਦ ਡਿਗਦੀ ਹੈ ਤਾਂ ਸਿੱਪੀ ਦਾ ਮੂੰਹ ਬੰਦ ਹੋ ਜਾਂਦਾ ਹੈ। ਜਿੰਨੇ ਡੂੰਘੇ ਪਾਣੀ ਵਿੱਚ ਸਿੱਪੀ ਡੁੱਬਦੀ ਹੈ, ਉੰਨੇ ਕੀਮਤੀ ਮੋਤੀ ਦਾ ਜਨਮ ਹੁੰਦਾ ਹੈ। ਇਹ ਵੀ ਆਮ ਵਰਤਾਰਾ ਹੈ ਕਿ ਬੋਲਣ ’ਤੇ ਕੋਈ ਪਾਬੰਦੀ ਲੱਗ ਸਕਦੀ ਹੈ, ਪਰ ਖ਼ਾਮੋਸ਼ੀ ਤੇ ਕੋਈ ਪਾਬੰਦੀ ਨਹੀਂ ਲਗਾ ਸਕਦਾ। ਸਚਾਈ ਇਹ ਵੀ ਹੈ ਕਿ ਬੋਲਣ ਨਾਲੋਂ ਚੁੱਪ ਰਹਿਣਾ ਔਖਾ ਕਾਰਜ ਹੈ।
ਬ੍ਰਹਿਮੰਡ ਵਿੱਚ ਚੁੱਪ ਦੇ ਪਸਾਰ ਦਾ ਬਹੁਤ ਵੱਡਾ ਬਿਰਤਾਂਤ ਸਿਰਜਿਆ ਗਿਆ ਹੈ। ਰਿਸ਼ੀ ਮੁਨੀ, ਪੀਰ ਪੈਗੰਬਰ ਮੌਨ ਰਹਿ ਕੇ ਆਪਣੇ ਅੰਤਰੀਵ ਨਾਲ ਸੰਵਾਦ ਰਚਾਉਂਦੇ ਰਹੇ ਨੇ। ਕਿਸੇ ਦਰਖਤ ਦੇ ਤਣੇ ਵਿੱਚ ਸਮਾਧੀ ਲਗਾ ਕੇ, ਕਿਸੇ ਗੁਫਾ ਵਿੱਚ ਅੰਤਰ ਧਿਆਨ ਹੋ ਕੇ ਕੁਝ ਨਵਾਂ ਸਿਰਜਣ ਦੀ ਸ਼ਕਤੀ ਸਾਡੇ ਵੇਦਾਂ-ਗ੍ਰੰਥਾਂ ਵਿੱਚ ਬਿਆਨੀ ਗਈ ਹੈ। ਸਵੇਰ ਤੋਂ ਸ਼ਾਮ ਤਕ ਆਵਾਜ਼ਾਂ ਦੇ ਹੜ੍ਹ ਅੱਗੇ ਮਨੁੱਖ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਹੈ ਤੇ ਇਕਾਂਤ ਭਾਲਦਾ ਹੈ।
ਸਾਡਾ ਸਮਾਜਿਕ ਵਰਤਾਰਾ ਵੀ ਕੁਝ ਇਸ ਤਰ੍ਹਾਂ ਦਾ ਚਿਤਵਿਆ ਗਿਆ ਕਿ ਔਰਤ ਕਦੇ ਚੁੱਪ ਨਹੀਂ ਰਹਿ ਸਕਦੀ। ਹਰ ਵੇਲੇ ਕੁਝ ਨਾ ਕੁਝ ਬੋਲਦੇ ਰਹਿਣਾ ਉਸਦੇ ਰੋਜ਼ਾਨਾ ਜੀਵਨ ਦਾ ਅੰਗ ਬਣ ਗਿਆ ਹੈ। ਇੱਕ ਪ੍ਰਸੰਗ ਪ੍ਰਚਲਿਤ ਹੈ: ਇੱਕ ਦਿਨ ਮਰਦ ਨੇ ਔਰਤ ਨੂੰ ਸ਼ਬਦਹੀਣ ਕਰਨ ਦੀ ਘਾੜਤ ਘੜੀ। ਉਸਨੇ ਔਰਤ ਕੋਲ਼ੋਂ ਸਾਰੇ ਸ਼ਬਦ ਖੋਹ ਲਏ ਅਤੇ ਬਦਲੇ ਵਿੱਚ ਉਸ ਨੂੰ ‘ਚੁੱਪ’ ਫੜਾ ਦਿੱਤੀ। ਮਨੁੱਖ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਸਵੇਰ ਤੋਂ ਸ਼ਾਮ ਤਕ ਉਹ ਸ਼ਬਦਾਂ ਨਾਲ ਖੇਡਦਾ। ਜਦੋਂ ਥੱਕ ਜਾਂਦਾ ਤਾਂ ਸਾਰੇ ਸ਼ਬਦ ਅਲਮਾਰੀ ਵਿੱਚ ਰੱਖ ਜਿੰਦਰਾ ਲੱਗਾ ਦਿੰਦਾ। ਇੱਕ ਦਿਨ ਜਦੋਂ ਮਰਦ ਘਰ ਆਇਆ ਤਾਂ ਹੈਰਾਨ ਹੋ ਗਿਆ ਕਿ ਔਰਤ ਦੀ ‘ਚੁੱਪ’ ਬੋਲ ਰਹੀ ਸੀ - ਬਹੁਤ ਉੱਚੀ। ਘਬਰਾ ਕੇ ਉਸਨੇ ਕੁਝ ਸ਼ਬਦ ਅਲਮਾਰੀ ਵਿੱਚੋਂ ਕੱਢੇ ਤੇ ਔਰਤ ਵੱਲ ਸੁੱਟੇ। ਪਰ ਉਸਦੀ ‘ਚੁੱਪ’ ਮੌਨ ਨਹੀਂ ਹੋਈ। ਫਿਰ ਉਸਨੇ ਔਰਤ ਦੀ ‘ਚੁੱਪ’ ਨੂੰ ਚੁੱਪ ਕਰਾਉਣ ਲਈ ਕਈ ਤਰ੍ਹਾਂ ਦੇ ਹੀਲੇ ਵਰਤੇ, ਪਰ ਉਸਦੇ ਸਾਰੇ ਸ਼ਬਦ ਵਿਅਰਥ ਚਲੇ ਗਏ। ਸਾਰੇ ਸ਼ਬਦ ਦਾਅ ’ਤੇ ਲਾਉਣ ਪਿੱਛੋਂ ਵੀ ਉਹ ਔਰਤ ਦੀ ਚੁੱਪ ਨੂੰ ਜਿੱਤ ਨਾ ਸਕਿਆ। ਔਰਤ ਨੇ ਉਹ ਸਮੁੱਚੇ ਖਿੱਲਰੇ ਹੋਏ ਸ਼ਬਦ ਝਾੜੂ ਨਾਲ ਇਕੱਠੇ ਕੀਤੇ ਅਤੇ ਘਰ ਦੀ ਦਹਿਲੀਜ਼ ਤੋਂ ਬਾਹਰ ਸੁੱਟ ਦਿੱਤੇ।
ਕਹਾਵਤ ਹੈ ਕਿ ਮਰਦ ਅਕਸਰ ਸ਼ਬਦਾਂ ਦਾ ਜੇਤੂ ਹੁੰਦਾ ਹੈ, ਪਰ ਬਹੁਤੀ ਵਾਰੀ ਔਰਤ ਦੀ ਚੁੱਪ ਦਾ ਗੁਲਾਮ ਹੁੰਦਾ ਹੈ। ਬੋਲਦੀ ਹੋਈ ਔਰਤ ਨਹੀਂ, ਸਗੋਂ ਚੁੱਪ ਔਰਤ ਮਰਦ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਔਰਤ ਦਾ ਬੋਲਦੇ ਬੋਲਦੇ ਚੁੱਪ ਕਰ ਜਾਣਾ ਮਰਦ ਲਈ ਵੱਡੀ ਸਜ਼ਾ ਸਮਾਨ ਹੈ। ਮਰਦ, ਔਰਤ ਦੇ ਬੋਲਣ ਤੋਂ ਨਹੀਂ, ਉਸਦੀ ਚੁੱਪ ਤੋਂ ਡਰਦਾ ਹੈ, ਜੋ ਉਸ ਨੂੰ ਸਦੀਆਂ ਤੋਂ ਹਰਾਉਂਦੀ ਆਈ ਹੈ। ਇਸੇ ਲਈ ਇਹ ਤੱਤ-ਸਾਰ ਹੈ ਕਿ ਦੁਨੀਆਂ ਭਰ ਦਾ ਸਾਹਿਤ, ਇੱਕ ਔਰਤ ਦੀ ‘ਚੁੱਪ’ ਨੂੰ ਜਿੱਤੇ ਜਾਣ ਲਈ ਹਾਰੇ ਗਏ ਸ਼ਬਦ ਹਨ।
ਖ਼ਾਮੋਸ਼ੀ ਇੱਕ ਤਿੱਖਾ ਹਥਿਆਰ ਵੀ ਹੈ। ਇਸ ਵਿੱਚ ਅਜਿਹੀ ਗੈਬੀ ਤਾਕਤ ਹੈ ਕਿ ਵੱਡੇ ਵੱਡੇ ਧਾੜਵੀਆਂ ਦੀ ਰੂਹ ਕੰਬਾ ਦਿੰਦੀ ਹੈ। ਉਨ੍ਹਾਂ ਨੂੰ ਚੁੱਪ ਵਿੱਚ ਕੁਝ ਅਜਿਹਾ ਨਜ਼ਰੀਂ ਪੈਂਦਾ ਹੈ, ਜਿਹੜਾ ਉਨ੍ਹਾਂ ਅੰਦਰ ਸਹਿਮ ਤੇ ਡਰ ਪੈਦਾ ਕਰ ਦਿੰਦਾ ਹੈ। ਉਨ੍ਹਾਂ ਦੀ ਅੰਤਰ ਆਤਮਾ ਇਸ ਕਦਰ ਝੰਜੋੜੀ ਜਾਂਦੀ ਹੈ, ਜਿਸਦਾ ਉਨ੍ਹਾਂ ਕਿਆਸ ਨਹੀਂ ਕੀਤਾ ਹੁੰਦਾ। ਜੰਮੂ ਵਸਦਾ ਕਵੀ ਸੁਆਮੀ ਅੰਤਰ ਨੀਰਵ ਚੁੱਪ ਦੀ ਤਾਕਤ ਦਾ ਸਾਖ਼ਸ਼ਾਤ ਗਵਾਹ ਹੈ:
ਮੇਰੇ ਇਲਾਕੇ ਦੇ ਲੋਕ
ਤੋਪ ਦਾ ਮੁਕਾਬਲਾ ਤਲਵਾਰ ਨਾਲ ਕਰਦੇ,
ਤਲਵਾਰ ਦਾ ਸੋਟੀ ਨਾਲ,
ਸੋਟੀ ਵਾਲੇ ਦਾ ਨਿਹੱਥੇ
ਨਿਹੱਥੇ ਬੰਦੇ ਦਾ ਮੁਕਾਬਲਾ
ਚੁੱਪ ਨਾਲ ਕਰਦੇ ਹਨ।
ਚੁੱਪ ਅੱਗੇ ਹਮੇਸ਼ਾ ਹਾਰਦੇ ਰਹੇ ਹਨ
ਮੇਰੇ ਇਲਾਕੇ ਦੇ ਲੋਕ।
ਚੁੱਪ ਰਹਿਣਾ ਹਰ ਸਮੇਂ ਸੁਖਦਾਈ ਨਹੀਂ ਹੁੰਦਾ। ਖ਼ਾਮੋਸ਼ੀ ਬੇਵਜ੍ਹਾ ਨਹੀਂ ਹੁੰਦੀ, ਕੁਝ ਦਰਦ ਵੀ ਆਵਾਜ਼ ਖੋਹ ਲੈਂਦੇ ਨੇ। ਸ਼ਾਇਰ ਸਵਰਾਜਵੀਰ ਦਾ ਕਥਨ ਹੈ: “ਕਈ ਵਾਰ ਮਨੁੱਖ ਆਪਣੇ ਆਪ ਨੂੰ ਬਚਾਉਣ ਲਈ ਚੁੱਪ ਰਹਿੰਦਾ ਹੈ, ਕਈ ਵਾਰ ਸਿਆਸਤ ਤੇ ਵਾਦ-ਵਿਵਾਦ ਦੇ ਪਚੜਿਆਂ ਤੋਂ ਬਚਣ ਲਈ, ਕਈ ਵਾਰ ਉਹ ਬੇਵਸੀ ਕਾਰਨ ਚੁੱਪ ਹੋ ਜਾਂਦਾ ਹੈ, ਉਸਦੇ ਬੋਲਾਂ ਨੂੰ ਸਮਾਜਿਕ ਹਿਮਾਇਤ ਨਹੀਂ ਮਿਲਦੀ … ਕਈ ਵਾਰ ਇਸ ਵਿਰਾਟ ਚੁੱਪ ਦੀ ਮੁੱਖ ਧੁਰੀ ਇਹ ਹੋ ਜਾਂਦੀ ਹੈ ਕਿ ਜਿੰਨਾ ਚਿਰ ਮੈਂ ਸੁਰੱਖਿਅਤ ਹਾਂ, ਮੈਂ ਕਿਸੇ ਹੋਰ ਦੇ ਹੱਕਾਂ ਦੇ ਲਿਤਾੜੇ ਜਾਣ ਵਿਰੁੱਧ ਕਿਉਂ ਬੋਲਾਂ?” ਜਰਮਨ ਧਰਮ ਸ਼ਾਸਤਰੀ ਅਤੇ ਪਾਦਰੀ ਮਾਰਟਿਨ ਨਾਇਮੋਲਰ ਬੋਲਾਂ ਦੀ ਅਣਹੋਂਦ ਤੇ ਸਵਾਲ ਖੜ੍ਹੇ ਕਰਦਾ ਹੈ:
ਪਹਿਲਾਂ ਉਹ ਕਮਿਊਨਿਸਟਾਂ ਲਈ ਆਏ,
ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ।
ਫਿਰ ਉਹ ਟਰੇਡ ਯੂਨੀਅਨਿਸਟਾਂ ਲਈ ਆਏ,
ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਟਰੇਡ ਯੂਨੀਅਨਿਸਟ ਨਹੀਂ ਸੀ।
ਫਿਰ ਉਹ ਯਹੂਦੀਆਂ ਲਈ ਆਏ‘
ਮੈਂ ਫਿਰ ਵੀ ਨਹੀਂ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸੀ।
ਫਿਰ ਉਹ ਮੇਰੇ ਲਈ ਆਏ‘
ਪਰ ਮੇਰੇ ਲਈ …
ਬੋਲਣ ਵਾਸਤੇ ਕੋਈ ਬਚਿਆ ਨਹੀਂ ਸੀ।
ਇਤਿਹਾਸ ਨੇ ਚੁੱਪ ਨੂੰ ਹਰ ਸਮੇਂ ਚੰਗੇਰੀ ਨਹੀਂ ਬਿਆਨਿਆ। ਤਣਿਆ ਮੁੱਕਾ ਅਤੇ ਗੂੰਜਵੀਂ ਆਵਾਜ਼, ਜਾਬਰਾਂ ਦੇ ਸਾਹਮਣੇ ਮਾਰੂ ਹਥਿਆਰ ਬਣਦੇ ਰਹੇ ਨੇ। ਇਨਸਾਨ ਕਦੇ ਵੀ ਇਨਾ ਦਰਿਆਦਿਲ ਨਹੀਂ ਹੋਇਆ ਕਿ ਸਾਰਿਆਂ ਵਿੱਚ ਬਰਾਬਰਤਾ ਰਹੇ। ਲੁੱਟ ਖੋਹ, ਕਤਲ, ਡਰਾਵੇ ਅਤੇ ਹੱਕ ਮਾਰਨ ਵਾਲਿਆਂ ਨੂੰ ਵੰਗਾਰਨਾ ਵੀ ਧਾਰਮਿਕ ਅਤੇ ਸਮਾਜਿਕ ਵਰਤਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜ਼ੁਲਮ ਦੀ ਹੱਦ ਵਧ ਜਾਣ ’ਤੇ ਤਲਵਾਰ ਉਠਾਉਣੀ ਵੀ ਇਨਸਾਫ਼ ਲੈਣ ਦਾ ਜ਼ਰੀਆ ਬਣਦਾ ਹੈ। ਜਬਰ ਸਾਹਵੇਂ ਘੁੱਟਵੀਂ ਜ਼ੁਬਾਨ ਵਿੱਚ ਗੱਲ ਕਰਨੀ ਕਈ ਪੀੜ੍ਹੀਆਂ ਦੀ ਬਦਦੁਆ ਬਣ ਜਾਂਦੀ ਹੈ। ਕਵੀ ਨਵਤੇਜ ਭਾਰਤੀ ਦੀ ਲਲਕਾਰ:
ਬੋਲਣ ਸਮੇਂ ਨਾ ਬੋਲਿਆ
ਜੇ ਨਾ ਮਾਰੀ ਧਾਹ‘
ਰਹਿਸੀ ਤੇਰੇ ਫ਼ਰੇਬ ਦਾ
ਇਹ ਅਸਮਾਨ ਗਵਾਹ।
ਤਵਾਰੀਖ ਹਾਮੀ ਭਰਦੀ ਹੈ ਕਿ ਅਜ਼ਲ ਤੋਂ ਹੀ ਹਨੇਰੀਆਂ ਰਾਤਾਂ ਵਿੱਚ ਦੀਵਾ ਬਾਲਣ ਵਾਲੇ, ਚੌਧਰੀਆਂ ਦੀ ਅੱਖ ਦੇ ਟੀਰ ਦਾ ਸ਼ਿਕਾਰ ਬਣੇ ਹਨ। ਵੱਖ ਵੱਖ ਮੁਲਕਾਂ ਦੇ ਆਜ਼ਾਦੀ ਘੁਲ਼ਾਟੀਏ ਬਸਤੀਵਾਦੀ ਹਕੂਮਤਾਂ ਨੂੰ ਵਿਦਰੋਹੀ ਲੱਗਦੇ ਰਹੇ ਨੇ। ਜਾਗਰੂਕਤਾ ਦਾ ਪੈਗਾਮ ਫੈਲਾਉਣ ਵਾਲਿਆਂ ਨਾਲ ਸਮੇਂ ਦੇ ਹਾਕਮਾਂ ਦਾ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ। ਚੁੱਪ ਨੂੰ ਤਿਆਗ ਕੇ ਕ੍ਰਾਂਤੀ ਦਾ ਮੁੱਢ ਬੰਨ੍ਹਣ ਵਾਲਿਆਂ ਦਾ ਜੀਵਨ ਕਦੇ ਸੁਖੱਲਾ ਨਹੀਂ ਰਿਹਾ। ਜੋਤ ਤੋਂ ਜੋਤ ਜਗਦੀ ਹੈ ਤਾਂ ਰਾਹ ਰੁਸ਼ਨਾਉਣ ਲੱਗਦੇ ਨੇ। ਇਹੀ ਜਾਗਦੀਆਂ ਕੌਮਾਂ ਦਾ ਮੀਰੀ ਖ਼ਾਸਾ ਹੁੰਦਾ। ਵਲਗਣਾਂ ਨੂੰ ਪਾਰ ਕਰਨਾ, ਕੰਡਿਆਲੀਆਂ ਤਾਰਾਂ ਨੂੰ ਉਲੰਘਣਾ ਸੂਰਬੀਰਾਂ ਦੇ ਹਿੱਸੇ ਹੀ ਆਇਆ। ਸਾਡੇ ਦੇਸ਼ ਵਿੱਚ ਵੀ ਆਜ਼ਾਦੀ ਦੀ ਲੜਾਈ, ਨਾਬਰਾਬਰੀ, ਸਮਾਜਿਕ ਬੇਇਨਸਾਫ਼ੀ ਅਤੇ ਧਾਰਮਿਕ ਕੱਟੜਤਾ ਵਿਰੁੱਧ ਲਹਿਰਾਂ ਉੱਠਦੀਆਂ ਰਹੀਆਂ ਹਨ। ਖੇਤੀ ਕਾਨੂੰਨਾਂ ਵਿਰੁੱਧ ਘੋਲ ਅਤੇ ਕਾਰਪੋਰੇਟ ਇਜਾਰੇਦਾਰੀ ਖਿਲਾਫ਼ ਹਜ਼ਾਰਾਂ ਬਾਹਵਾਂ ਹਵਾ ਵਿੱਚ ਤਣੀਆਂ ਨੇ। ਇਹੀ ਸਾਡੇ ਜਿਉਂਦੇ ਜਾਗਦੇ ਹੋਣ ਦਾ ਸਬੂਤ ਵੀ ਹੈ। ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਡੇ ਮੌਨ ਰਹਿਣ ’ਤੇ ਸਵਾਲ ਉਠਾਉਣਗੀਆਂ। ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਅਨੁਸਾਰ ਅਸੀਂ ਸ਼ਮ੍ਹਾਦਾਨਾਂ ਦੇ ਸੰਗੀ ਬਣਨਾ ਹੈ:
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ।
ਸੋ ਆਓ, ਚੁੱਪ ਦੀ ਹੂੰਗਰ ਦੀ ਰਮਜ਼ ਪਛਾਣੀਏ ਤੇ ਮਸ਼ਾਲਾਂ ਬਾਲ ਕੇ ਕਾਲੀ ਬੋਲੀ ਰਾਤ ਦੇ ਹਨੇਰਿਆਂ ਨੂੰ ਅਲਵਿਦਾ ਕਹਿਣ ਦਾ ਜੇਰਾ ਕਰੀਏ। ਇਨਕਲਾਬੀ ਕਵੀ ਹਰਭਜਨ ਹਲਵਾਰਵੀ ਦਾ ਹੋਕਾ ਸਾਡੇ ਸਮਿਆਂ ਦੀ ਰਹਿਨੁਮਾਈ ਕਰਦਾ ਹੈ:
ਇੰਨਾ ਵੀ ਕੀ ਚੁੱਪ ਰਹਿਣਾ,
ਤੂੰ ਕਹਿ ਜੋ ਕੁਝ ਕਹਿਣਾ,
ਅਣਬੋਲੇ ਸ਼ਬਦਾਂ ਦੀ,
ਕੁਝ ਤਾਂ ਤਸਦੀਕ ਰਹੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4223)
(ਸਰੋਕਾਰ ਨਾਲ ਸੰਪਰਕ ਲਈ: (