JatinderPannu7ਉਦੋਂ ਵੀ ਭਾਰਤ ਦੇ ਲੋਕਾਂ ਦੀ ਬਹੁ-ਗਿਣਤੀ ਇਹ ਸਮਝਦੀ ਸੀ ਕਿ ਹਾਲਾਤ ਜੋ ਵੀ ਹੋਣਭਾਰਤ ਨੂੰ ...
(6 ਮਾਰਚ 2022)


ਰੂਸ ਦੇ ਕੋਲ ਚੋਖੇ ਠੋਸ ਕਈ ਬਹਾਨੇ ਹੋਣ ਦੇ ਬਾਵਜੂਦ ਯੂਕਰੇਨ ਉੱਤੇ ਉਸ ਦੇ ਹਮਲੇ ਨੂੰ ਜਾਇਜ਼ ਮੰਨਣ ਲਈ ਮੈਂ ਮਾਨਸਿਕ ਤੌਰ ਉੱਤੇ ਤਿਆਰ ਨਹੀਂ ਹੋ ਸਕਿਆ
ਉਸ ਨੂੰ ਹਮਲਾ ਨਹੀਂ ਸੀ ਕਰਨਾ ਚਾਹੀਦਾਇਸ ਤੋਂ ਉਲਟ ਜਿਹੜੀ ਗੱਲ ਮੈਂਨੂੰ ਚੁਭ ਰਹੀ ਹੈ, ਉਹ ਇਹ ਕਿ ਜਦੋਂ ਅਮਰੀਕਾ ਨੇ ਬਿਨਾਂ ਯੋਗ ਕਾਰਨਾਂ ਤੋਂ ਕਈ ਦੇਸ਼ਾਂ ਵਿਰੁੱਧ ਇਹੀ ਹਮਲਾਵਰੀ ਕੀਤੀ ਸੀ ਤਾਂ ਰੂਸ ਨੂੰ ਸੰਸਾਰ ਦੀ ਸੱਥ ਵਿੱਚ ਉਸੇ ਤਰ੍ਹਾਂ ਉਸ ਦਾ ਵਿਰੋਧ ਕਰਨ ਦੀ ਲੋੜ ਸੀ, ਜਿਵੇਂ ਅੱਜ ਅਮਰੀਕਾ ਅਤੇ ਉਸ ਦੇ ਹਿਮਾਇਤੀ ਦੇਸ਼ ਰੂਸ ਦੇ ਖਿਲਾਫ ਕਰੀ ਜਾ ਰਹੇ ਹਨਦੂਸਰੀ ਸੰਸਾਰ ਜੰਗ ਲੱਗਣ ਤਕ ਪਹਿਲੀ ਸੰਸਾਰ ਜੰਗ ਨੂੰ ‘ਪਹਿਲੀ’ ਕਹਿਣ ਦੀ ਥਾਂ ਸਿਰਫ ‘ਸੰਸਾਰ ਜੰਗ’ ਆਖਿਆ ਜਾਂਦਾ ਸੀ, ਕਿਉਂਕਿ ਪਤਾ ਨਹੀਂ ਸੀ ਕਿ ਦੂਸਰੀ ਸੰਸਾਰ ਜੰਗ ਲੱਗਣ ਦੀ ਨੌਬਤ ਵੀ ਆ ਜਾਣੀ ਹੈਕਿਸੇ ਹੋਰ ਵੱਡੀ ਜੰਗ ਨੂੰ ਰੋਕਣ ਲਈ ਉਦੋਂ ਲੀਗ ਆਫ ਨੇਸ਼ਨਜ਼ ਬਣਾਈ ਗਈ ਸੀ, ਜਿਸ ਤੋਂ ਜਿਹੜੀ ਆਸ ਸੀ, ਉਹ ਪੂਰੀ ਨਾ ਹੋਈ ਤਾਂ ਦੂਸਰੀ ਸੰਸਾਰ ਜੰਗ ਲੱਗ ਜਾਣ ਪਿੱਛੋਂ ਉਹ ਲੀਗ ਬੇਲੋੜੀ ਮੰਨ ਕੇ ਉਸ ਨੂੰ ਤੋੜਨਾ ਪਿਆ ਸੀਉਸ ਦੇ ਬਾਅਦ ਯੁਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ ਐੱਨ ਓ) ਬਣਨ ਦਾ ਸਬੱਬ ਇਸ ਲਈ ਬਣਿਆ ਸੀ ਕਿ ਜਿਹੜਾ ਕੰਮ ਪਹਿਲੀ ਲੀਗ ਆਫ ਨੇਸ਼ਨਜ਼ ਨਹੀਂ ਸੀ ਕਰ ਸਕੀ, ਅਗਲੀ ਕਿਸੇ ਵੀ ਹੋਰ ਜੰਗ ਨੂੰ ਰੋਕਣ ਦਾ ਉਹੋ ਕੰਮ ਯੂ ਐੱਨ ਓ ਕਰੇਗੀਸਮੇਂ ਨੇ ਸਾਬਤ ਕੀਤਾ ਕਿ ਇਹ ਵੀ ਸਿਰਫ ਗੱਪ-ਸ਼ੱਪ ਦਾ ਸੰਸਾਰ ਪੱਧਰ ਦਾ ਅੱਡਾ ਹੀ ਸਾਬਤ ਹੋਈ ਹੈ, ਜ਼ੋਰਾਵਰੀ ਕਰਦੀ ਕਿਸੇ ਧਿਰ ਦੀ ਹਮਲਾਵਰੀ ਰੋਕਣ ਜੋਗੀ ਨਹੀਂ ਨਿਕਲੀ

ਅਸੀਂ ‘ਜ਼ੋਰਾਵਰ ਦਾ ਸੱਤੀਂ ਵੀਹੀਂ ਸੌ’ ਦਾ ਮੁਹਾਵਰਾ ਸੁਣਿਆ ਹੋਇਆ ਹੈਅਮਰੀਕਾ ਦੀਆਂ ਸਰਕਾਰਾਂ ਇਤਿਹਾਸ ਨੂੰ ਮਰਜ਼ੀ ਮੁਤਾਬਕ ਘੁਮਾਉਣ ਦੇ ਯਤਨ ਵਿੱਚ ਯੂ ਐੱਨ ਓ ਨੂੰ ਟਿੱਚ ਜਾਣਦੀਆਂ ਰਹੀਆਂ ਹਨਉਨ੍ਹਾਂ ਦੇ ਖਿਲਾਫ ਜਿਹੜੇ ਵੀ ਮੋੜ ਉੱਤੇ ਕਦੇ ਕਿਸੇ ਕੇਸ ਵਿੱਚ ਯੂ ਐੱਨ ਓ ਦੀ ਕਿਸੇ ਵੀ ਸੰਸਥਾ ਨੇ ਕੋਈ ਫੈਸਲਾ ਉਨ੍ਹਾਂ ਦੀ ਮਰਜ਼ੀ ਦਾ ਨਹੀਂ ਸੀ ਦਿੱਤਾ, ਉਸ ਫੈਸਲੇ ਪਿੱਛੋਂ ਅਮਰੀਕੀ ਹਾਕਮਾਂ ਨੇ ਯੂ ਐੱਨ ਓ ਦੇ ਖਿਲਾਫ ਰੱਜਵੀਂ ਕੌੜ ਕੱਢੀ ਸੀਅਮਰੀਕਾ ਦਾ ਪਿਛਲਾ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਇਸ ਸੰਸਥਾ ਦੇ ਕਈ ਅੰਗਾਂ ਦੀ ਮੈਂਬਰੀ ਤਕ ਛੱਡਣ ਤੁਰ ਪਿਆ ਸੀ ਅਤੇ ਸਮੁੱਚੀ ਯੂ ਐੱਨ ਨੂੰ ਛੱਡਣ ਦੀਆਂ ਗੱਲਾਂ ਵੀ ਉਸ ਦੇ ਵਕਤ ਅਮਰੀਕਾ ਵਿੱਚ ਸ਼ੁਰੂ ਹੋ ਗਈਆਂ ਸਨਰੂਸ ਨੇ ਵੀ ਕਈ ਮੌਕਿਆਂ ਉੱਤੇ ਯੂ ਐੱਨ ਓ ਨੂੰ ਟਿੱਚ ਜਾਣਿਆ ਅਤੇ ਚੀਨ ਨੇ ਵੀ ਕਈ ਵਾਰੀ ਇਸ ਤਰ੍ਹਾਂ ਕੀਤਾ ਹੋਇਆ ਹੈਇਸ ਵਿੱਚ ਖਾਸ ਗੱਲ ਇਹ ਹੈ ਕਿ ਯੂ ਐੱਨ ਓ ਨੂੰ ਟਿੱਚ ਜਾਣਨ ਦੀ ਜੁਰਅਤ ਕੋਈ ਛੋਟਾ ਦੇਸ਼ ਨਹੀਂ ਕਰਦਾ, ਆਮ ਕਰ ਕੇ ਵੀਟੋ ਤਾਕਤ ਵਾਲੇ ਪੰਜ ਦੇਸ਼ਾਂ ਵਿੱਚੋਂ ਹੀ ਕੋਈ ਕਰਦਾ ਹੈ, ਜਿਨ੍ਹਾਂ ਨੂੰ ਇਸ ਸੰਸਥਾ ਦਾ ਵਕਾਰ ਵਧਾਉਣ ਲਈ ਸੰਸਾਰ ਦੀ ਅਗਵਾਈ ਕਰਨੀ ਅਤੇ ਸੰਸਾਰ ਅਮਨ ਕਾਇਮ ਰਹਿਣਾ ਯਕੀਨੀ ਕਰਨ ਲਈ ਹਰ ਕਿਸਮ ਦੀ ਪਹਿਲ-ਕਦਮੀ ਕਰਨੀ ਚਾਹੀਦੀ ਹੈ

ਰੂਸ ਨੇ ਤਾਜ਼ਾ ਹਮਲਾ ਇਸ ਦਲੀਲ ਨਾਲ ਕੀਤਾ ਹੈ ਕਿ ਯੂਕਰੇਨ ਨੂੰ ਨਾਟੋ ਦੇ ਅਮਰੀਕੀ ਅਗਵਾਈ ਹੇਠਲੇ ਫੌਜੀ ਗੱਠਜੋੜ ਵਿੱਚ ਮਿਲਾ ਕੇ ਉਸ ਦੀ ਧਰਤੀ ਉੱਤੋਂ ਰੂਸ ਵੱਲ ਸੇਧ ਕੇ ਭਵਿੱਖ ਵਿੱਚ ਐਟਮੀ ਮਿਜ਼ਾਈਲਾਂ ਬੀੜੀਆਂ ਜਾਣ ਦਾ ਸ਼ੱਕ ਹੈਉਸ ਦਾ ਇਹ ਸ਼ੱਕ ਬਾਕੀ ਦੇਸ਼ਾਂ ਅਤੇ ਖਾਸ ਕਰ ਕੇ ਨਾਟੋ ਗੱਠਜੋੜ ਨੂੰ ਦੂਰ ਕਰਨਾ ਚਾਹੀਦਾ ਸੀ ਅਤੇ ਇਸ ਮਾਮਲੇ ਵਿੱਚ ਇਹ ਯਕੀਨ ਦਿਵਾਉਣਾ ਚਾਹੀਦਾ ਸੀ ਕਿ ਉੱਥੇ ਇੱਦਾਂ ਦਾ ਕੁਝ ਨਹੀਂ ਹੋਵੇਗਾਉਨ੍ਹਾਂ ਨੇ ਇਸਦੀ ਲੋੜ ਨਹੀਂ ਸਮਝੀ, ਸਗੋਂ ਯੂਕਰੇਨ ਨੂੰ ਇਹ ਕਹਿ ਕੇ ਉਕਸਾਈ ਗਏ ਸਨ ਕਿ ਉਸ ਨੂੰ ਡਰਨ ਦੀ ਲੋੜ ਨਹੀਂ, ਸਾਰੇ ਨਾਟੋ ਦੇਸ਼ ਉਸ ਦੀ ਪਿੱਠ ਉੱਤੇ ਆਉਣ ਨੂੰ ਤਿਆਰ ਹਨਜਦੋਂ ਯੂਕਰੇਨ ਉੱਤੇ ਰੂਸ ਨੇ ਹਮਲਾ ਕੀਤਾ ਤਾਂ ਇਨ੍ਹਾਂ ਦੇਸ਼ਾਂ ਵਿੱਚੋਂ ਕੋਈ ਯੂਕਰੇਨ ਵਿੱਚ ਲੜਨ ਨਹੀਂ ਆਇਆ, ਅਤੇ ਇਸ ਤਰ੍ਹਾਂ ਚੰਗਾ ਹੀ ਹੋਇਆ ਹੈ, ਵਰਨਾ ਗੱਲ ਹੋਰ ਵਧਣ ਦਾ ਡਰ ਸੀ, ਪਰ ਜਿਨ੍ਹਾਂ ਨੇ ਉਸ ਛੋਟੇ ਜਿਹੇ ਦੇਸ਼ ਨੂੰ ਆਪਣੇ ਗਵਾਂਢ ਵਿੱਚ ਖੜੋਤੀ ਇੱਕ ਵੱਡੀ ਤਾਕਤ ਨਾਲ ਲੜਨ ਨੂੰ ਉਕਸਾਇਆ ਸੀ ਤੇ ਇਹ ਹਾਲਾਤ ਬਣਾਏ ਸਨ, ਉਹ ਆਪਣੀ ਗਲਤੀ ਕਦੇ ਨਹੀਂ ਮੰਨਣਗੇਇਸਦੀ ਥਾਂ ਉਹ ਯੂ ਐੱਨ ਓ ਨੂੰ ਵਰਤਣ ਤੇ ਰੂਸ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਲਈ ਤਾਣ ਲਾ ਰਹੇ ਹਨ, ਜਿਸ ਵਿੱਚ ਅਮਰੀਕੀ ਦਬਾਅ ਹੇਠਲੇ ਸੰਸਾਰ ਦੇ ਦੇਸ਼ ਉਨ੍ਹਾਂ ਨਾਲ ਖੜ੍ਹੇ ਵੀ ਹੋ ਗਏ, ਪਰ ਸੰਸਾਰ ਦੇ ਸਾਰੇ ਦੇਸ਼ ਇਸ ਨਾਲ ਸਹਿਮਤ ਨਹੀਂ ਹੋ ਸਕੇਰੂਸ ਦੇ ਖਿਲਾਫ ਮਤੇ ਪੇਸ਼ ਹੋਏ ਤਾਂ ਭਾਰਤ ਨੇ ਹਿਮਾਇਤ ਜਾਂ ਵਿਰੋਧ ਕਰਨ ਦੀ ਥਾਂ ਵੋਟਿੰਗ ਤੋਂ ਲਾਂਭੇ ਰਹਿਣ ਦਾ ਪੈਂਤੜਾ ਮੱਲ ਲਿਆ, ਜਿਸ ਨਾਲ ਅਮਰੀਕਾ ਦੇ ਕਈ ਭਗਤ ਨਾਰਾਜ਼ ਹੋ ਗਏ, ਪਰ ਉਹ ਇਹ ਨਹੀਂ ਵੇਖ ਸਕੇ ਕਿ ਜਿਸ ਪਾਕਿਸਤਾਨ ਖਾਤਰ ਅਮਰੀਕਾ ਬਹੁਤ ਵਾਰੀ ਭਾਰਤ ਦੇ ਖਿਲਾਫ ਯੂ ਐੱਨ ਓ ਵਿੱਚ ਖੜੋਂਦਾ ਰਿਹਾ ਸੀ, ਉਹ ਪਾਕਿਸਤਾਨ ਵੀ ਉਸ ਨਾਲ ਖੜ੍ਹਾ ਨਹੀਂ ਹੋਇਆਇਸ ਸੰਬੰਧ ਵਿੱਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਡੋਨਾਲਡ ਟਰੰਪ ਦੇ ਵਕਤ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧ ਕੁਝ ਖਰਾਬ ਹੋ ਗਏ ਸਨ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿੱਚ ਆਪਣੀਆਂ ਲੋੜਾਂ ਲਈ ਅਮਰੀਕੀ ਫੌਜ ਨੂੰ ਅੱਜ ਵੀ ਪਾਕਿਸਤਾਨ ਆਪਣੀਆਂ ਸਾਰੀਆਂ ਫੌਜੀ ਸਹੂਲਤਾਂ ਦੇਈ ਜਾਂਦਾ ਹੈਅਮਰੀਕੀ ਬਲਾਕ ਵੱਲੋਂ ਰੂਸ ਵਿਰੁੱਧ ਪੇਸ਼ ਕੀਤੇ ਮਤਿਆਂ ਵੇਲੇ ਬੰਗਲਾ ਦੇਸ਼ ਤੇ ਕੁਝ ਹੋਰਨਾਂ ਨੇ ਵੀ ਭਾਰਤ ਵਾਲਾ ਪੈਂਤੜਾ ਹੀ ਲਿਆ ਹੈਭਾਰਤ ਦੇ ਇਸ ਪੈਂਤੜੇ ਦਾ ਵਿਰੋਧ ਕਰਨ ਵਾਲੇ ਲੋਕ ਇਸ ਮੁੱਦੇ ਉੱਤੇ ਭਾਰਤ ਵਾਲਾ ਪੈਂਤੜਾ ਲੈਣ ਵਾਲੇ ਕਿਸੇ ਹੋਰ ਦੇਸ਼ ਦੇ ਖਿਲਾਫ ਇਹੋ ਜਿਹੀ ਨੁਕਤਾਚੀਨੀ ਨਹੀਂ ਕਰਦੇ ਅਤੇ ਯੂਕਰੇਨ ਵਿੱਚ ਫਸੇ ਨੌਜਵਾਨਾਂ ਦੇ ਦੁੱਖਾਂ ਨੂੰ ਭਾਰਤ ਦੇ ਪੈਂਤੜੇ ਨਾਲ ਜੋੜ ਰਹੇ ਹਨ

ਭਾਰਤ ਦੇ ਅੱਜ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਈ ਗੱਲਾਂ ਦੇ ਅਸੀਂ ਲੋਕ ਵੀ ਵਿਰੋਧੀ ਹੋ ਸਕਦੇ ਹਾਂ, ਪਰ ਇਸ ਜੰਗ ਵਾਲੇ ਮਾਮਲੇ ਵਿੱਚ ਭਾਰਤ ਦੀ ਨਿਰਪੱਖਤਾ ਹੀ ਸਹੀ ਹੈਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੀ ਵੰਡ ਦੇ ਬਾਅਦ ਨਵੇਂ ਜਨਮੇ ਦੇਸ਼ ਪਾਕਿਸਤਾਨ ਦੇ ਪੱਖ ਵਿੱਚ ਯੂ ਐੱਨ ਓ ਵਿੱਚ ਜਦੋਂ ਕਦੇ ਕੋਈ ਮਤਾ ਭਾਰਤ ਦੇ ਖਿਲਾਫ ਪੇਸ਼ ਹੋਇਆ, ਰੂਸ ਨੇ ਪਿਛਲੇ ਕਮਿਊਨਿਸਟ ਰਾਜ ਵੇਲੇ ਵੀ ਅਤੇ ਅਜੋਕੇ ਵਲਾਦੀਮੀਰ ਪੂਤਿਨ ਵਾਲੇ ਗੈਰ ਕਮਿਊਨਿਸਟ ਦੌਰ ਵਿੱਚ ਵੀ ਹਮੇਸ਼ਾ ਭਾਰਤ ਦੇ ਪੱਖ ਵਿੱਚ ਸਟੈਂਡ ਲਿਆ ਹੈਔਕੜ ਦੇ ਵਕਤ ਪਰਖੇ ਹੋਏ ਇੱਦਾਂ ਦੇ ਮਿੱਤਰ ਦੇਸ਼ ਦੇ ਕਿਸੇ ਕਦਮ ਨਾਲ ਸਹਿਮਤੀ ਨਾ ਵੀ ਹੋਵੇ ਤਾਂ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਉਸ ਦੇ ਵਿਰੁੱਧ ਉਨ੍ਹਾਂ ਦੇਸ਼ਾਂ ਨਾਲ ਖੜ੍ਹੇ ਹੋਣਾ ਔਖਾ ਹੋ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਭਾਰਤ ਦਾ ਵਿਰੋਧ ਕੀਤਾ ਹੈਭਾਰਤ ਅੱਧੀ ਸਦੀ ਤੋਂ ਵੱਧ ਸਮਾਂ ਸੰਸਾਰ ਰਾਜਨੀਤੀ ਵਿੱਚ ਗੁੱਟ-ਨਿਰਪੱਖ ਰਿਹਾ ਹੈ ਅਤੇ ਉਸ ਦੌਰ ਵਿੱਚ ਇਸਦੀ ਇੱਜ਼ਤ ਵੀ ਅਜੋਕੇ ਦੌਰ ਨਾਲੋਂ ਹਮੇਸ਼ਾ ਵੱਧ ਹੁੰਦੀ ਸੀਇਸ ਨੂੰ ਉਹ ਭੂਮਿਕਾ ਫਿਰ ਨਿਭਾਉਣ ਦੀ ਲੋੜ ਹੈਕਿਸੇ ਵਕਤੀ ਭੜਕਾਹਟ ਕਾਰਨ ਭਾਰਤ ਨੂੰ ਕਿਸੇ ਨਾਟੋ ਵਰਗੇ ਫੌਜੀ ਗੱਠਜੋੜ ਨੂੰ ਚਲਾਉਣ ਵਾਲਿਆਂ ਦਾ ਪਿਛਲੱਗ ਨਹੀਂ ਬਣਨਾ ਚਾਹੀਦਾ

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਲੜਨ ਜਾਣਾ ਸੀ ਤਾਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜਿਹੜਾ ਅਮਰੀਕਾ ਨਾਲ ਨਹੀਂ, ਉਹ ਸਾਡਾ ਦੁਸ਼ਮਣ ਨਾਲ ਮੰਨਿਆ ਜਾਵੇਗਾਇਸ ਘੂਰੀ ਹੇਠ ਉਸ ਵੇਲੇ ਦੀ ਭਾਰਤ ਸਰਕਾਰ ਨੇ ਝੱਟ ਉਸ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਸੀ, ਪਰ ਉਦੋਂ ਵੀ ਭਾਰਤ ਦੇ ਲੋਕਾਂ ਦੀ ਬਹੁ-ਗਿਣਤੀ ਇਹ ਸਮਝਦੀ ਸੀ ਕਿ ਹਾਲਾਤ ਜੋ ਵੀ ਹੋਣ, ਭਾਰਤ ਨੂੰ ਬੇਗਾਨੀ ਜੰਗ ਵਿੱਚ ਆਪਣਾ ਸਿਰ ਨਹੀਂ ਫਸਾਉਣਾ ਚਾਹੀਦਾਭਾਰਤ ਦੇ ਲੋਕ ਅੱਜ ਵੀ ਇਹੋ ਚਾਹੁਣਗੇਕਮਿਊਨਿਸਟ ਬਲਾਕ ਦੀ ਹੋਂਦ ਖਤਮ ਹੋਣ ਦੇ ਬਾਅਦ ਬੇਸ਼ਕ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਦੁਨੀਆ ਵਿੱਚ ਇੱਕੋ ਮਹਾਂਸ਼ਕਤੀ ਅਮਰੀਕਾ ਰਹਿ ਗਿਆ ਹੈ, ਪਰ ਅਮਲ ਵਿੱਚ ਅੱਜ ਵੀ ਅਮਰੀਕਾ ਤੇ ਰੂਸ ਦੋ ਮਹਾਂਸ਼ਕਤੀਆਂ ਦੀ ਹੋਂਦ ਕਾਇਮ ਹੈ ਤੇ ਇਸ ਨਾਲ ਇੱਕ ਹੋਰ ਮਹਾਂਸ਼ਕਤੀ ਚੀਨ ਲਗਾਤਾਰ ਆਪਣੇ ਉਭਾਰ ਦੇ ਸਬੂਤ ਦੇ ਰਿਹਾ ਹੈਸੰਸਾਰ ਮਹਾਂਸ਼ਕਤੀਆਂ ਨੇ ਜਦੋਂ ਵੱਡੀ ਲੜਾਈ, ਜਿਸ ਨੂੰ ‘ਸੰਸਾਰ ਜੰਗ’ ਕਹਿੰਦੇ ਸਨ, ਲੜੀ ਸੀ, ਉਸ ਦਾ ਕਾਰਨ ਮਾਲ ਵੇਚਣ ਲਈ ਮੰਡੀਆਂ ਮੰਨੇ ਜਾਂਦੇ ਦੇਸ਼ਾਂ ਉੱਤੇ ਕਬਜ਼ੇ ਦੀ ਸੋਚ ਸੀ ਤੇ ਇੱਦਾਂ ਦੀ ਸੋਚ ਅਜੇ ਕਾਇਮ ਹੈਜਦੋਂ ਅਮਰੀਕਾ ਦੇ ਇੱਕ ਇਸ਼ਾਰੇ ਉੱਤੇ ਸੰਸਾਰ ਦੀਆਂ ਪ੍ਰਮੁੱਖ ਟੈਕਨੀਕ ਵਾਲੀਆਂ ਕੰਪਨੀਆਂ ਕਿਸੇ ਦੇਸ਼ ਵਿਰੁੱਧ ਪਾਬੰਦੀਆਂ ਲਾਉਣ ਤੁਰ ਪੈਂਦੀਆਂ ਹਨ ਤਾਂ ਇਸਦਾ ਅਰਥ ਵੀ ਦੁਨੀਆ ਦੇ ਦੇਸ਼ਾਂ ਨੂੰ ਸਮਝ ਪੈਣਾ ਚਾਹੀਦਾ ਹੈਇਹ ਸੰਸਾਰ ਪੱਧਰ ਦੀ ਉਸ ਖਿੱਚੋਤਾਣ ਦਾ ਪਹਿਲਾ ਪੜਾਅ ਹੈ, ਜਿਸਦਾ ਅਗਲਾ ਪੜਾਅ ਤੀਸਰੀ ਸੰਸਾਰ ਜੰਗ ਹੋ ਸਕਦਾ ਹੈਭਾਰਤ ਨੂੰ ਉਸ ਤੋਂ ਬਚਣ ਦੀ ਲੋੜ ਹੈਯੂ ਐੱਨ ਨਾਕਾਮ ਹੋਈ ਹੈ, ਉਸ ਦੇ ਪੱਲੇ ਕੁਝ ਨਹੀਂ ਰਿਹਾ ਜਾਪਦਾ, ਇਸ ਲਈ ਹਰ ਤਰ੍ਹਾਂ ਦੀ ਬਹਿਸ ਅਮਰੀਕਾ ਦੀ ਅੱਖ ਦੇ ਇਸ਼ਾਰੇ ਮੁਤਾਬਕ ਹੁੰਦੀ ਜਾਪਣ ਲੱਗੀ ਹੈਇਹ ਅੱਖ ਦਾ ਇਸ਼ਾਰਾ ਬਹੁਤ ਖਤਰਨਾਕ ਹੋ ਸਕਦਾ ਹੈ ਅਤੇ ਵਿਕਾਸ ਕਰਦੇ ਦੇਸ਼ਾਂ ਵਾਲਿਆਂ ਨੂੰ ਇੱਦਾਂ ਦੇ ਇਸ਼ਾਰਿਆਂ ਅੱਗੇ ਸਾਬਤ ਕਦਮੀ ਨਾਲ ਟਿਕਣ ਦੀ ਲੋੜ ਹੈ, ਇਸ ਵੇਲੇ ਥਿੜਕਣਾ ਭਵਿੱਖ ਵਿੱਚ ਮਹਿੰਗਾ ਪੈ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3409)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author