DarshanSPreetiman7ਸੰਤ ਰਾਮ ਉਦਾਸੀ ਬਾਰੇ ਜਦੋਂ ਪਤਾ ਲੱਗਦਾ ਸੀ ਕਿ ਉਸਨੇ ਫਲਾਣੀ ਜਗ੍ਹਾ ’ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸਕ ...SantRamUdasi1
(27 ਅਪਰੈਲ 2024)
ਇਸ ਸਮੇਂ ਪਾਠਕ: 125.


SantRamUdasi1ਇਨਕਲਾਬ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਲੋਕ
-ਕਵੀਆਂ ਨੇ ਕਲਮ ਉਠਾਈ। ਆਪਣਾ ਆਪ ਸਮਾਜ ਲਈ ਵਾਰ ਦੇਣਾ ਕੋਈ ਸੌਖੀ ਗੱਲ ਨਹੀਂ। ਲੋਕਾਂ ਦਾ ਆਗੂ ਬਣਕੇ ਸੁੱਤੀ ਦੁਨੀਆਂ ਨੂੰ ਜਗਾਉਣ ਤੇ ਇਨਕਲਾਬ ਦੇ ਰਾਹ ਤੋਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅਜਿਹੇ ਕਵੀਆਂ ਦੀ ਕਤਾਰ ਵਿੱਚ ਦਰਸ਼ਨ ਸਿੰਘ ਅਵਾਰਾ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਅਤੇ ਪਾਸ਼ ਆਦਿ ਦੇ ਨਾਂ ਉੱਪਰਲੀ ਕਤਾਰ ਵਿੱਚ ਆਉਂਦੇ ਹਨ। ਸਭ ਤੋਂ ਉੱਪਰਲੇ ਕਵੀਆਂ ਵਿੱਚ ਨਾਂ ਆਉਂਦਾ ਹੈ ਸੰਤ ਰਾਮ ਉਦਾਸੀ ਦਾ।

ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ, 1939 ਨੂੰ ਮਾਤਾ ਧੰਨ ਕੌਰ ਦੀ ਕੁੱਖੋਂ, ਪਿਤਾ ਮੇਹਰ ਸਿੰਘ ਦੇ ਘਰ ਦਾਦਾ ਭਗਤ ਸਿੰਘ ਦੇ ਵਿਹੜੇ, ਪੜ੍ਹਦਾਦਾ ਕਾਹਲਾ ਸਿੰਘ ਦੇ ਖੇੜੇ, ਬਰਨਾਲੇ ਲਾਗੇ ਪਿੰਡ ਰਾਏਸਰ ਦੀ ਧਰਤੀ ’ਤੇ ਹੋਇਆ। ਇਨ੍ਹਾਂ ਦਾ ਪਿੱਛਾ ਭਾਈਕੇ ਦਿਆਲਪੁਰੇ ਦਾ ਸੀ। ਮਾਪਿਆਂ ਦੀ ਔਲਾਦ ਤਿੰਨ ਭੈਣਾਂ ਪੰਜ ਭਾਈ ਸਨ। ਉਦਾਸੀ ਨੇ ਮੁੱਢਲੀ ਵਿੱਦਿਆ ਮੂਮਾਂ ਦੇ ਉਦਾਸੀ ਸਾਧੂਆਂ ਦੇ ਡੇਰੇ ਤੋਂ ਪ੍ਰਾਪਤ ਕੀਤੀ। ਮੈਟ੍ਰਿਕ ਨਾਮਧਾਰੀ ਵਿਦਿਆਲੇ ਜੀਵਨ ਨਗਰ ਤੋਂ ਕੀਤੀ ਅਤੇ ਜੇ.ਬੀ.ਟੀ. ਖਾਲਸਾ ਹਾਈ ਸਕੂਲ, ਬਖਤਗੜ੍ਹ ਤੋਂ ਕੀਤੀ। ਕੁਝ ਸਮਾਂ ਨੌਕਰੀ ਥੱਲੇ ਭੈਣੀ ਸਾਹਿਬ ਸੇਵਾ ਕੀਤੀ, ਫਿਰ ਕੁਝ ਸਮਾਂ ਪੌਂਗ ਡੈਮ ’ਤੇ ਮੁਨਸ਼ੀ ਰਿਹਾ ਪਰ ਠੇਕੇਦਾਰ ਵੱਲੋਂ ਮਜ਼ਦੂਰਾਂ ’ਤੇ ਹੁੰਦਾ ਜ਼ੁਲਮ ਨਾ ਸਹਾਰਦਾ ਹੋਇਆ ਉਥੋਂ ਨੌਕਰੀ ਹੀ ਛੱਡ ਦਿੱਤੀ ਤੇ ਫਿਰ ਉਦਾਸੀ ਕਾਂਝਲੇ ਡੇਲੀਵੇਜ ’ਤੇ ਨੌਕਰੀ ਤੇ ਲੱਗ ਗਿਆ। ਅਖੀਰ 1961 ਨੂੰ ਬੀਹਲਾ ਪਿੰਡ ਪੱਕੀ ਸਰਵਿਸ ਮਿਲ ਗਈ। ਬੀਹਲੇ ਹੀ ਉਨ੍ਹਾਂ ਦਾ ਵਿਆਹ ਹੋਇਆ।

ਸੰਤ ਰਾਮ ਉਦਾਸੀ ਦੀ ਜੀਵਨ ਸਾਥਣ ਸ਼੍ਰੀਮਤੀ ਨਸੀਬ ਕੌਰ ਬਣੀ। ਉਨ੍ਹਾਂ ਦੇ ਘਰ ਤਿੰਨ ਧੀਆਂ, ਦੋ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਇਕਬਾਲ ਕੌਰ, ਪ੍ਰਿਤਪਾਲ ਕੌਰ, ਕੀਰਤਨ ਕੌਰ, ਇਕਬਾਲ ਸਿੰਘ ਤੇ ਮੋਹਕਮ ਸਿੰਘ। ਪੁੱਤਰ ਇਕਬਾਲ ਸਿੰਘ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ।

ਉਦਾਸੀ ਨੇ ਨਾਮਧਾਰੀ ਲਹਿਰ ਨਾਲ ਜੁੜ ਕੇ ਲਿਖਣਾ ਸ਼ੁਰੂ ਕੀਤਾ। ਉਹ ਨਕਸਲਬਾੜੀ ਲਹਿਰ ਨਾਲ ਜੁੜਿਆ, ਜਿੱਥੇ ਉਨ੍ਹਾਂ ’ਤੇ ਬਹੁਤ ਤਸ਼ੱਦਦ ਵੀ ਹੋਇਆ। ਨਕਸਲਬਾੜੀ ਲਹਿਰ ਸਮੇਂ ਉਨ੍ਹਾਂ ਦੀ ਕਵਿਤਾ ਤੇ ਗਾਇਕੀ ਸਿੱਖਰਾਂ ’ਤੇ ਸੀ। ਲੇਖਕ ਦੀਆਂ ਪ੍ਰਕਾਸ਼ਿਤ ਕਿਤਾਬਾਂ ਦੇ ਨਾਂ ਲਹੂ ਭਿੱਜੇ ਬੋਲ’, ‘ਚਹੁੰ ਨੁਕਰੀਆਂ ਸੀਖਾਂ’, ‘ਚੂੜੀਆਂ ਦਾ ਹੋਕਾ’, ‘ਕੰਮੀਆਂ ਦਾ ਵਿਹੜਾ’, ‘ਲਹੂ ਤੋਂ ਲੋਹੇ ਤੱਕ’, ਅਤੇ ਸੈਨਤਾਂ’ ਆਦਿ ਹਨ।

ਸੰਤ ਰਾਮ ਉਦਾਸੀ ਗੁੱਲੀ ਡੰਡਾ, ਦਾਈਆਂ ਦੁੱਕੜੇ ਬਚਪਨ ਵਿੱਚ ਖੇਡਦਾ ਸੀ। ਉਹ ਚੌਥੀ-ਪੰਜਵੀਂ ਵਿੱਚ ਪੜ੍ਹਦਾ ਤੁਕ-ਬੰਦੀ ਕਰਨ ਲੱਗ ਪਿਆ ਸੀ। ਬਖਤਗੜ੍ਹ ਪੜ੍ਹਦੇ ਸਮੇਂ ਉਹ ਸਕੂਲ ਦੀ ਭੰਗੜੇ ਦੀ ਟੀਮ ਦਾ ਮੋਹਰੀ ਸੀ। ਉਦਾਸੀ ਨੂੰ ਇੱਕ ਨਹੀਂ, ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਤਸ਼ੱਦਦ ਝੱਲਣਾ ਪਿਆ। ਕਮਿਊਨਿਸਟ ਪਾਰਟੀ ਦਾ ਉਹ ਚੋਟੀ ਦਾ ਵਰਕਰ ਸੀ।

ਸੰਤ ਰਾਮ ਉਦਾਸੀ ਵਿਦਰੋਹੀ ਅਤੇ ਕ੍ਰਾਂਤੀਕਾਰੀ ਕਾਵਿ ਸਿਰਜਣਾ ਦਾ ਸਫਰ ਤੈਅ ਕਰਦਾ ਹੋਇਆ ਇਨਕਲਾਬੀ ਕਵੀ ਵਜੋਂ ਸਥਾਪਿਤ ਹੋਇਆ ਹੈ। ਉਦਾਸੀ ਨੇ ਗੁਰਬਤ ਭਰੇ ਜੀਵਨ ਵਿੱਚ ਵੀ ਕਲਮ ਨੂੰ ਠੰਢੀ ਨਹੀਂ ਪੈਣ ਦਿੱਤਾ। ਲੇਖਕ ਦਾ ਗਰੀਬ ਦਲਿਤ ਪਰਿਵਾਰ ਵਿੱਚ ਜਨਮ ਹੋਣ ਕਰਕੇ ਉਨ੍ਹਾਂ ਨੂੰ ਛੂਤ-ਛਾਤ ਦੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਲੋਕ ਸਮੱਸਿਆਵਾਂ, ਲੋਕ ਵਿਹਾਰ, ਆਰਥਿਕ ਮੁਸੀਬਤਾਂ ਸਰਮਾਏਦਾਰੀ ਲੋਟੂ ਢਾਣੀ ਅਤੇ ਜੰਗੀਰਦਾਰੀ ਵਿਤਕਰੇ ਬਾਰੇ ਉਨ੍ਹਾਂ ਨੂੰ ਡੂੰਘੀ ਸੋਝੀ ਸੀ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਵਗੈਰ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਜਾਗਰਿਤ ਕਰਨ ਲਈ ਉਦਾਸੀ ਵਿਦੇਸ਼ਾਂ ਵਿੱਚ ਵੀ ਗਿਆ।

ਸੰਤ ਰਾਮ ਉਦਾਸੀ ਬਾਰੇ ਜਦੋਂ ਪਤਾ ਲੱਗਦਾ ਸੀ ਕਿ ਉਸਨੇ ਫਲਾਣੀ ਜਗ੍ਹਾ ’ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸਕ ਦੂਰੋਂ ਨੇੜਿਓ ਢਾਣੀਆਂ ਬੰਨ੍ਹ ਕੇ ਉਸ ਨੂੰ ਸੁਣਨ ਪਹੁੰਚ ਜਾਂਦੇ ਸਨ। ਉਦਾਸੀ ਦੀ ਆਵਾਜ਼ ਬਹੁਤ ਖੂਬਸੂਰਤ ਸੀ ਤੇ ਉਹ ਆਮ ਲੋਕਾਂ ਨੂੰ ਆਪਣੀ ਆਵਾਜ਼ ਦੇ ਜ਼ਰੀਏ ਕੀਲ ਕੇ ਬਿਠਾ ਦਿੰਦਾ ਸੀ। ਉਨ੍ਹਾਂ ਨੂੰ ਲੋਕਾਂ ਤੋਂ ਪਿਆਰ, ਸਤਿਕਾਰ ਅਤੇ ਸ਼ੋਹਰਤ ਰੱਜ ਕੇ ਮਿਲੀ। ਹਰ ਇੱਕ ਪਾਠਕ, ਸਰੋਤਾ ਹਮੇਸ਼ਾ ਇਹੋ ਕਹਿੰਦਾ ਸੀ - ਸਾਡਾ ਆਪਣਾ ਉਦਾਸੀ, ਕੋਈ ਵੀ ਉਸ ਨੂੰ ਬੇਗਾਨਾ ਨਹੀਂ ਸਮਝਦਾ ਸੀ। ਇਸ ਕਰਕੇ ਹੀ ਉਦਾਸੀ ਲੋਕਾਂ ਦੇ ਘਰਾਂ ਵਿੱਚੋਂ ਕੁੱਜਿਆਂ ਵਿੱਚੋਂ ਮੱਖਣੀ ਚੁੱਕ ਕੇ ਖਾ ਜਾਂਦਾ ਸੀ। ਹਰ ਇੱਕ ਮਾਂ ਨੂੰ ਉਦਾਸੀ ਆਪਣਾ ਪੁੱਤਰ ਹੀ ਲੱਗਦਾ ਸੀ।

ਉਦਾਸੀ ਦੇ ਲਿਖੇ ਅਤੇ ਗਾਏ ਗੀਤ ਅੱਜ ਵੀ ਇਨਕਲਾਬੀ ਸਟੇਜਾਂ ਤੇ ਗੂੰਜਦੇ ਹਨ। ਅੱਜ ਵੀ ਉਦਾਸੀ ਵੱਲੋਂ ਦੱਸੇ ਰਾਹਾਂ ’ਤੇ ਬਹੁਤ ਸਾਰੇ ਲੋਕ ਤੁਰੇ ਹੋਏ ਹਨ। ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’ ਉਦਾਸੀ ਦੀ ਹਸਰਤ ਸੀ

ਸੰਤ ਰਾਮ ਉਦਾਸੀ, ਲੋਕ ਘੋਲਾਂ ਦਾ ਸੂਰਮਾ, ਪੰਜਾਬੀਅਤ ਦਾ ਮਾਣ, ਪੰਜਾਬੀ ਮਾਂ ਬੋਲੀ ਦਾ ਹੀਰਾ, ਲੋਕਾਂ ਦਾ ਹਮਦਰਦ ਪ੍ਰਸਿੱਧ ਲੋਕ ਕਵੀ, ਲੋਕ ਗਾਇਕ ਸਮੇਂ ਨੇ ਸਾਥੋਂ 6 ਨਵੰਬਰ, 1986 ਈਸਵੀ ਨੂੰ ਹੀ ਖੋਹ ਲਿਆ। ਸੰਤ ਰਾਮ ਉਦਾਸੀ ਨੇ ਇਕੱਲੇ ਰਾਏਸਰ ਪਿੰਡ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬ ਦਾ ਨਾਂ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਹੈ। ਹੁਣ ਸੰਤ ਰਾਮ ਉਦਾਸੀ ਦੇ ਨਾਂ ’ਤੇ ਪਿੰਡ ਰਾਏਸਰ ਦੇ ਸਕੂਲ ਦਾ ਨਾਂ ਵੀ ਧਰਿਆ ਗਿਆ ਹੈ ਜੋ ਕਿ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ।

ਮੇਰੀ ਜਿਵੇਂ ਸੰਤ ਰਾਮ ਉਦਾਸੀ ਦੇ ਗੀਤਾਂ ਨਾਲ ਨੇੜਤਾ ਹੈ, ਮੇਰਾ ਮਨ ਪਸੰਦ ਕਵੀ ਉਦਾਸੀ ਹੀ ਹੈ। ਇਸੇ ਤਰ੍ਹਾਂ ਹੀ ਹੁਣ ਉਦਾਸੀ ਦੇ ਬੱਚਿਆਂ ਨਾਲ ਵੀ ਬਹੁਤ ਨੇੜਤਾ ਹੈ। ਉਨ੍ਹਾਂ ਦੇ ਬੱਚੇ ਵੀ ਬਹੁਤ ਸਤਿਕਾਰ ਕਰਦੇ ਹਨ। ਮੈਂ ਹਮੇਸ਼ਾ ਆਪਣੇ ਵੱਡੇ ਵੀਰ ਸੰਤ ਰਾਮ ਉਦਾਸੀ ਦੇ ਪਰਿਵਾਰ ਦੀ ਦੁਆ ਮੰਗਦਾ ਹਾਂ - ਦਰਸ਼ਨ ਸਿੰਘ ਪ੍ਰੀਤੀਮਾਨ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4919)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

More articles from this author