“ਇਹ ਤੱਥ ਬਾਅਦ ਵਿਚ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ...”
(13 ਮਾਰਚ 2018)
ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ (The Lancet) ਵਿਚ ਛਪੀ ਖੋਜ ਦਿਮਾਗ਼ ਦੇ ਪਰਦੇ ਖੋਲ੍ਹਣ ਵਾਲੀ ਹੈ। ਇਸ ਵਿੱਚੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ, ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿਚ ਇਸ ਨੂੰ ਪਹੁੰਚਾਇਆ। ਹੁਣ ਅਸੀਂ ਅੱਖਾਂ ਉੱਤੇ ਪਰਦਾ ਡੇਗ ਕੇ ਉਸੇ ਵਿਗਿਆਨ ਨੂੰ ਅੰਗਰੇਜ਼ਾਂ ਦੀ ਉਪਜ ਮੰਨ ਕੇ ਆਪਣੇ ਨੁਸਖਿਆਂ ਨੂੰ ਖੁੱਡੇ ਲਾਈਨ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ਉੱਤੇ ਨਿਰਭਰ ਹੋ ਕੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ।
ਨਤੀਜੇ ਅਸੀਂ ਆਪ ਹੀ ਭੁਗਤ ਰਹੇ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਉਣੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ, ਸਾਨੂੰ ਹੀ ਖੁਆਉਣ ਲੱਗ ਪਏ ਹਨ।
ਅਸੀਂ ਆਪਣੀ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ ਪਿਛਾਂਹ ਖਿੱਚੂ-ਖਾਣਾ ਸਾਬਤ ਕਰ ਕੇ ਤਿਆਗ ਚੁੱਕੇ ਹਾਂ ਤੇ ਆਪਣੇ ਬੱਚਿਆਂ ਨੂੰ ਬਰਗਰ, ਨੂਡਲਜ਼ ਖੁਆ ਕੇ ਉਨ੍ਹਾਂ ਦੇ ਸਰੀਰਾਂ ਨੂੰ ਰੋਗਾਂ ਦਾ ਪੰਡ ਬਣਾ ਛੱਡਿਆ ਹੈ। ਹੋਰ ਤਾਂ ਹੋਰ, ਹੁਣ ਤਾਂ ਸਵੀਡਨ ਵਿਚ ਦਹੀਂ ਤੇ ਸ਼ਹਿਦ ਨਾਲ ਬੱਚੇ ਨੂੰ ਨੁਹਾਉਣ ਵਾਸਤੇ 1000 ਰੁਪੈ ਦੀ ਸ਼ੀਸ਼ੀ ਬਜ਼ਾਰ ਵਿਚ ਵਿਕਣ ਲਈ ਤਿਆਰ ਹੋਈ ਪਈ ਹੈ। ਪਰ, ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਦਹੀਂ ਛੱਡ ਕੇ ਸਵੀਡਨ ਦੇ ਬਣੇ ਸਾਬਣ ਨਾਲ ਨੁਹਾਉਣ ਨੂੰ ਕਾਹਲੇ ਹਾਂ।
ਪੱਛਮੀ ਲੋਕਾਂ ਵਿਚ ਵਧ ਰਹੇ ਹਾਰਟ ਅਟੈਕ, ਸ਼ੱਕਰ ਰੋਗ, ਕੈਂਸਰ, ਬਲੱਡ ਪ੍ਰੈੱਸ਼ਰ ਤੇ ਮੋਟਾਪਾ ਉਨ੍ਹਾਂ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਇਸੇ ਲਈ ਉਨ੍ਹਾਂ ਮੁਲਕਾਂ ਵਿਚ ਭਾਰਤੀ ਖਾਣਿਆਂ ਉੱਤੇ ਖੋਜ ਆਰੰਭੀ ਗਈ ਕਿਉਂਕਿ ਇੱਥੇ ਏਨੀ ਵੱਡੀ ਮਾਤਰਾ ਵਿਚ ਉਦੋਂ ਸ਼ੱਕਰ ਰੋਗੀ ਨਹੀਂ ਸਨ।
ਮੌਜੂਦਾ ਖੋਜ ਇੱਕੋ ਸਮੇਂ 18 ਮੁਲਕਾਂ ਵਿਚ ਆਰੰਭੀ ਗਈ। ਉਸ ਵਿਚ ਵੱਖੋ-ਵੱਖ ਤਰ੍ਹਾਂ ਦੇ ਘਿਓ, ਤੇਲ, ਕਾਰਬੋਹਾਈਡਰੇਟ ਤੇ ਪ੍ਰੋਟੀਨ ਦੀ ਵਰਤੋਂ ਤੇ ਉਨ੍ਹਾਂ ਦੇ ਸਿਹਤ ਉੱਤੇ ਪੈਂਦੇ ਅਸਰ ਵੇਖੇ ਗਏ। ਇਸ ਵਿਚ ਦਿਲ ਦੀਆਂ ਬੀਮਾਰੀਆਂ ਤੇ ਉਨ੍ਹਾਂ ਸਦਕਾ ਹੋਈਆਂ ਮੌਤਾਂ ਬਾਰੇ ਵੀ ਨਤੀਜੇ ਕੱਢੇ ਗਏ।
ਦਸ ਸਾਲਾਂ ਤੱਕ (ਸੰਨ 2003 ਤੋਂ 2013) ਚੱਲੀ ਇਸ ਖੋਜ ਵਿਚ 35 ਤੋਂ 70 ਸਾਲਾਂ ਦੀਆਂ ਔਰਤਾਂ ਤੇ ਪੁਰਸ਼ ਸ਼ਾਮਲ ਕੀਤੇ ਗਏ। ਇਸ ਖੋਜ ਦੌਰਾਨ 5796 ਮੌਤਾਂ ਹੋਈਆਂ ਤੇ 4784 ਹਾਰਟ ਅਟੈਕ ਤੇ ਅਧਰੰਗ ਦੇ ਮਰੀਜ਼ ਸਾਹਮਣੇ ਆਏ। ਕੁੱਲ ਇਕ ਲੱਖ 35 ਹਜ਼ਾਰ ਤਿੰਨ ਸੌ ਪੈਂਤੀ ਲੋਕਾਂ ਦੇ ਖਾਣ-ਪੀਣ ਦਾ ਰਿਕਾਰਡ ਰੱਖਿਆ ਗਿਆ ਸੀ ਤੇ ਉਨ੍ਹਾਂ ਦਾ ਪੂਰਾ ਚੈੱਕਅੱਪ ਵੀ ਰੈਗੂਲਰ ਤੌਰ ਉੱਤੇ ਕੀਤਾ ਗਿਆ ਸੀ।
ਨਤੀਜੇ:
ਇਸ ਖੋਜ ਦੇ ਨਤੀਜਿਆਂ ਨੇ ਹੁਣ ਤੱਕ ਦੇ ਖਾਣ-ਪੀਣ ਉੱਤੇ ਲਾਈਆਂ ਰੋਕਾਂ ਉੱਤੇ ਵੱਡਾ ਕਿੰਤੂ ਪਰੰਤੂ ਖੜ੍ਹਾ ਕਰ ਦਿੱਤਾ ਹੈ।
ਪਹਿਲਾਂ ਦੀਆਂ ਖੋਜਾਂ ਅਨੁਸਾਰ ਥਿੰਦਾ, ਖਾਸ ਕਰ ਦੇਸੀ ਘਿਓ ਨੂੰ ਦਿਲ ਲਈ ਹਾਨੀਕਾਰਕ ਦੱਸ ਕੇ ਰੀਫਾਇੰਡ ਤੇਲਾਂ ਵਲ ਵੱਧ ਝੁਕਾਓ ਬਣਾ ਦਿੱਤਾ ਗਿਆ ਸੀ। ਇਸ ਵਾਸਤੇ ਮੀਡੀਆ ਰਾਹੀਂ ਏਨੀ ਇਸ਼ਹਿਤਾਰਬਾਜ਼ੀ ਕੀਤੀ ਗਈ ਕਿ ਮਸ਼ਹੂਰੀ ਦੇ ਆਧਾਰ ਉੱਤੇ ਹੀ ਮਲੇਸ਼ੀਆ ਨੇ ‘ਪਾਮ ਤੇਲ’ ਭਾਰਤੀਆਂ ਨੂੰ ਵੇਚ-ਵੇਚ ਕੇ ਆਪਣੀ ਅਰਥ-ਵਿਵਸਥਾ ਮਜ਼ਬੂਤ ਕਰ ਲਈ। ਹਰ ਅਖ਼ਬਾਰ, ਕਿਤਾਬ, ਜਰਨਲ ਵਿਚ ਖਾਣੇ ਵਿਚ ਘਿਓ ਤੇਲ ਦੀ ਮਾਤਰਾ ਨੂੰ ਸਿਰਫ਼ 30 ਫੀਸਦੀ, ਜਿਸ ਵਿਚ ਦੇਸੀ ਘਿਓ 10 ਫੀਸਦੀ ਤੋਂ ਵੀ ਘੱਟ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ ਗਿਆ। ਇਸ ਇਸ਼ਤਿਹਾਰਬਾਜ਼ੀ ਨੇ ਦੇਸੀ ਘਿਓ ਨੂੰ ਕਿਤੇ ਪਿਛਾਂਹ ਧੱਕ ਕੇ ਵੱਖੋ-ਵੱਖਰੇ ਰੀਫਾਇੰਡ ਤੇਲਾਂ ਦੇ ਕਾਰੋਬਾਰ ਨੂੰ ਖਰਬਾਂ ਦਾ ਮੁਨਾਫ਼ਾ ਦੁਆ ਦਿੱਤਾ।
ਮੈਡੀਕਲ ਜਰਨਲਾਂ ਵਿਚ ਛਪੀਆਂ ਖੋਜਾਂ ਨੇ ਡਾਕਟਰਾਂ ਨੂੰ ਵੀ ਆਪੋ ਆਪਣੇ ਮਰੀਜ਼ਾਂ ਨੂੰ ਘੱਟ ਘਿਓ ਦੀ ਵਰਤੋਂ ਕਰਨ ਦੀ ਸਲਾਹ ਦੇਣ ਲਈ ਮਜਬੂਰ ਕਰ ਦਿੱਤਾ। ਇਹ ਤੱਥ ਬਾਅਦ ਵਿਚ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ਖੋਜਾਂ ਕਰਵਾਈਆਂ ਗਈਆਂ, ਜਿਨ੍ਹਾਂ ਨੇ ਐੱਲ.ਡੀ.ਐੱਲ. ਤੇ ਐੱਚ.ਡੀ.ਐਲ. ਕੋਲੈਸਟਰੋਲ ਦਾ ਐਸਾ ਹਊਆ ਬਣਾ ਕੇ ਪੇਸ਼ ਕੀਤਾ ਕਿ ਆਮ ਬੰਦਾ ਵਿਚਾਰਾ ਆਪਣਾ ਦਿਲ ਫੜ ਕੇ ਦਿਨ ਰਾਤ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾ ਕੇ ਡਾਕਟਰਾਂ ਤੋਂ ਚੰਗੇ ਮਾੜੇ ਕੋਲੈਸਟਰੋਲ ਦੇ ਵਾਧੇ ਘਾਟੇ ਬਾਰੇ ਪੁੱਛਦਾ ਹੀ ਗੁੰਮ ਹੋ ਕੇ ਰਹਿ ਗਿਆ।
ਇਸ ਸਾਰੇ ਰੌਲੇ ਗੌਲੇ ਵਿਚ ਸਭ ਤੋਂ ਵੱਧ ਮਾਰ ਪਈ ਦੇਸੀ ਘਿਓ ਨੂੰ। ਪਿੰਡਾਂ ਵਿਚ ਘਰ ਦਾ ਘਿਓ, ਮੱਖਣ ਛੱਡ ਕੇ ਮੁੱਲ ਖਰੀਦਿਆ ਰੀਫਾਇੰਡ ਤੇਲ, ਕਨੋਲਾ ਤੇਲ ਤੇ ਓਲਿਵ ਤੇਲ ਵਰਤਣ ਦਾ ਭੂਤ ਸਵਾਰ ਹੋ ਗਿਆ।
ਕਨੇਡੀਅਨ ਇੰਸਟੀਚਿਊਟ ਆਫ ਹੈਲਥ ਰੀਸਰਚ ਵੱਲੋਂ ਕੀਤੇ ਖ਼ਰਚੇ ਰਾਹੀਂ ਪੂਰੀ ਕੀਤੀ ਖੋਜ, ਜਿਸ ਵਿਚ ਓਨਟੇਰੀਓ ਮਿਨਿਸਟਰੀ ਆਫ ਹੈਲਥ ਨੇ ਵੀ ਗਰਾਂਟਾਂ ਦਿੱਤੀਆਂ, ਵਿਚ ਅਰਜਨਟੀਨਾ, ਬੰਗਲਾ ਦੇਸ਼, ਬਰਾਜ਼ੀਲ, ਕਨੇਡਾ, ਦਿੱਲੀ, ਚੀਨ, ਕੋਲੰਬੀਆ, ਭਾਰਤ, ਮਲੇਸ਼ੀਆ, ਪੈਲਸਟੀਨ, ਪੋਲੈਂਡ, ਸਾਊਥ ਅਫਰੀਕਾ, ਨੀਦਰਲੈਂਡ, ਸਵੀਡਨ, ਤੁਰਕੀ, ਦੁਬਈ ਸਮੇਤ ਕਈ ਮੁਲਕਾਂ ਤੇ ਸਿਹਤ ਸੰਸਥਾਵਾਂ ਨੇ ਰਲ ਕੇ ਪੁਰਾਣੀ ਖੋਜ ਨੂੰ ਖੰਡਿਤ ਕਰ ਦਿੱਤਾ ਹੈ!
ਨਵੀਂ ਖੋਜ ਤਹਿਤ:
1. ਸਭ ਤੋਂ ਵੱਧ ਮੌਤਾਂ ਉਨ੍ਹਾਂ ਬੰਦਿਆਂ ਦੀਆਂ ਹੋਈਆਂ ਜੋ ਪੂਰੇ ਦਿਨ ਦੇ ਖਾਣੇ ਵਿਚ 60 ਫੀਸਦੀ ਤੋਂ ਵੱਧ ਕਾਰਬੋਹਾਈਡਰੇਟ (ਖੰਡ, ਮੈਦਾ, ਕਣਕ ਦਾ ਆਟਾ) ਵਰਤ ਰਹੇ ਸਨ।
2. ਉਨ੍ਹਾਂ ਲੋਕਾਂ ਵਿਚ ਅਧਰੰਗ ਹੋਣ ਦਾ ਖ਼ਤਰਾ ਕਈ ਗੁਣਾਂ ਘਟਿਆ ਲੱਭਿਆ ਜਿਨ੍ਹਾਂ ਦੇ ਖਾਣੇ ਵਿਚ ਰੀਫਾਇੰਡ ਕਾਰਬੋਹਾਈਡਰੇਟ (ਖੰਡ, ਸ਼ੱਕਰ, ਗੁੜ, ਮੈਦਾ) ਦੀ ਥਾਂ ਸੈਚੂਰੇਟਿਡ ਥਿੰਦੇ (ਦੇਸੀ ਘਿਓ) ਦੀ ਮਾਤਰਾ ਵੱਧ ਸੀ।
3. ਦੇਸੀ ਘਿਓ ਖਾਣ ਵਾਲਿਆਂ ਦਾ ਐੱਲ.ਡੀ.ਐੱਲ. ਤੇ ਐੱਚ.ਡੀ.ਐੱਲ. ਕੋਲੈਸਟਰੋਲ ਵਧਿਆ ਹੋਇਆ ਲੱਭਿਆ ਤੇ ਟਰਾਈਗਲਿਸਰਾਈਡ ਘਟੇ ਹੋਏ ਲੱਭੇ। ਯਾਨੀ, ਮਾੜਾ ਤੇ ਚੰਗਾ ਕੋਲੈਸਟਰੋਲ, ਦੋਵੇਂ ਵਧ ਗਏ, ਪਰ ਫਿਰ ਵੀ ਇੰਨੇ ਖ਼ਤਰਨਾਕ ਨਹੀਂ ਸਨ।
4. ਜਿਹੜੇ ਲੋਕ ਜ਼ਿਆਦਾ ਕਾਰਬੋਹਾਈਡਰੇਟ ਵਰਤ ਰਹੇ ਸਨ, ਉਨ੍ਹਾਂ ਦਾ ਐੱਲ.ਡੀ.ਐੱਲ. ਤੇ ਐੱਚ.ਡੀ.ਐੱਲ. ਕੋਲੈਸਟਰੋਲ, ਦੋਵੇਂ ਹੀ ਘਟ ਗਏ ਸਨ। ਇਸ ਦਾ ਮਤਲਬ ਇਹ ਹੋਇਆ ਕਿ ਮੈਦਾ ਤੇ ਖੰਡ ਖਾਣ ਨਾਲ ਜਿੱਥੇ ਮਾੜਾ ਕੋਲੈਸਟਰੋਲ ਵਧ ਗਿਆ, ਉੱਥੇ ਚੰਗਾ ਕੋਲੈਸਟਰੋਲ ਵੀ ਘਟ ਗਿਆ।
5. ਦੇਸੀ ਘਿਓ ਦੀ ਵਰਤੋਂ ਕਰਨ ਵਾਲਿਆਂ ਦੇ ਸਰੀਰਾਂ ਅੰਦਰ ਐਪੋ-ਬੀ/ਐਪੋ-ਏ 1 ਦੀ ਮਾਤਰਾ ਘਟੀ ਹੋਈ ਲੱਭੀ ਜਿਸ ਨਾਲ ਹਾਰਟ ਅਟੈਕ ਤੇ ਐਨਜਾਈਨਾ ਦਾ ਖ਼ਤਰਾ ਕਈ ਗੁਣਾ ਘੱਟ ਹੋ ਗਿਆ।
6. ਐੱਲ.ਡੀ.ਐੱਲ. ਕੋਲੈਸਟਰੋਲ ਉੱਤੇ ਸਿਰਫ਼ ਖ਼ੁਰਾਕ ਦਾ ਹੀ ਅਸਰ ਨਹੀਂ ਪੈਂਦਾ। ਇਸੇ ਲਈ ਇਕੱਲੀ ਖ਼ੁਰਾਕ ਉੱਤੇ ਹੀ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਤਣਾਓ ਵੀ ਇਕ ਵੱਡਾ ਕਾਰਨ ਉੱਭਰ ਕੇ ਸਾਹਮਣੇ ਆ ਰਿਹਾ ਹੈ।
7. ਟਰਾਂਸ ਫੈਟ (ਬਜ਼ਾਰੀ ਤਲੇ ਆਲੂ, ਚਿਪਸ, ਬਰਗਰ, ਪਿਜ਼ਾ, ਆਦਿ) ਦਿਲ, ਜਿਗਰ ਅਤੇ ਅੰਤੜੀਆਂ ਲਈ ਹਾਨੀਕਾਰਕ ਸਿੱਧ ਹੋ ਚੁੱਕੇ ਹਨ ਤੇ ਮੋਟਾਪੇ ਨਾਲ ਹੋ ਰਹੀਆਂ ਬੀਮਾਰੀਆਂ ਲਈ ਵੀ।
8. ਜਿਨ੍ਹਾਂ ਲੋਕਾਂ ਨੇ ਦੇਸੀ ਘਿਓ ਛੱਡ ਕੇ ਰੀਫਾਇੰਡ ਘਿਓ ਖਾਣਾ ਸ਼ੁਰੂ ਕੀਤਾ ਸੀ, ਉਨ੍ਹਾਂ ਵਿਚ ਵੀ ਮਰਨ ਦਰ ਘਟੀ ਨਹੀਂ।
9. ਵੱਧ ਕਾਰਬੋਹਾਈਡਰੇਟ ਤੇ ਘੱਟ ਥਿੰਦੇ ਵਾਲੀ ਖ਼ੁਰਾਕ ਖਾਣ ਵਾਲਿਆਂ ਵਿਚ ਮੌਤ ਦਰ ਵਧ ਦਿਸੀ ਪਰ ਹਾਰਟ ਅਟੈਕ ਨਾਲੋਂ ਜ਼ਿਆਦਾ ਸਟਰੋਕ ਜਾਂ ਹੋਰ ਕਾਰਨਾਂ ਕਰ ਕੇ।
10. ਖਾਣੇ ਵਿਚ ਥਿੰਦਾ ਨਾ ਬਰਾਬਰ ਕਰਨ ਬਾਅਦ ਵੀ ਮੌਤ ਦਰ ਵਿਚ ਕੋਈ ਫ਼ਰਕ ਨਹੀਂ ਦਿਸਿਆ।
11. ਜੇ ਖ਼ੁਰਾਕ ਵਿਚ ਘਿਓ ਦੀ ਮਾਤਰਾ 30 ਫੀਸਦੀ ਦੀ ਥਾਂ ਉੱਤੇ 35 ਫੀਸਦੀ ਹੋਵੇ, ਤਾਂ ਮੌਤ ਦਰ ਘਟ ਜਾਂਦੀ ਹੈ ਤੇ ਅਧਰੰਗ ਦਾ ਖ਼ਤਰਾ ਵੀ ਘਟ ਜਾਂਦਾ ਹੈ। ਇੰਜ ਦਿਲ ਦੇ ਰੋਗਾਂ ਤੋਂ ਇਲਾਵਾ ਹੋਰ ਕਾਰਨਾਂ ਕਰ ਕੇ ਵੀ ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
12. ਚਿੱਟੇ ਚੌਲ, ਖੰਡ, ਸ਼ੱਕਰ, ਗੁੜ, ਮੈਦਾ ਖਾਣ ਨਾਲ ਮੌਤ ਦਰ ਵਧੀ ਦਿਸੀ ਤੇ ਹਾਰਟ ਅਟੈਕ ਵੀ ਵੱਧ ਹੋਏ ਲੱਭੇ।
13. ਘਿਓ ਨਾਲੋਂ ਮੈਦਾ ਤੇ ਖੰਡ ਕੋਲੈਸਟਰੋਲ ਅਤੇ ਬਲੱਡ ਪ੍ਰੈੱਸ਼ਰ ਉੱਤੇ ਵੱਧ ਮਾੜਾ ਅਸਰ ਪਾਉਂਦੇ ਹਨ।
14. ਜੇ ਦੇਸੀ ਘਿਓ ਖਾਇਆ ਜਾਵੇ ਤਾਂ ਮੌਤ ਦਰ ਤੇ ਅਧਰੰਗ ਦਾ ਖ਼ਤਰਾ ਤਾਂ ਘਟਦਾ ਹੀ ਹੈ, ਦਿਲ ਦੀਆਂ ਬੀਮਾਰੀਆਂ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਘਟ ਜਾਂਦਾ ਹੈ।
ਸਾਰ:
1. ਖੰਡ, ਗੁੜ, ਸ਼ੱਕਰ, ਮੈਦਾ, ਚਿੱਟੇ ਚੌਲ, ਕਣਕ ਦਾ ਬਿਨਾਂ ਛਾਣਬੂਰੇ ਵਾਲਾ ਆਟਾ, ਖਾਣ ਨਾਲ ਮੌਤ ਦਰ ਵਧ ਜਾਂਦੀ ਹੈ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਵਧ ਜਾਂਦਾ ਹੈ।
2. ਕਾਰਬੋਹਾਈਡਰੇਟ ਨਾਲੋਂ ਵੱਧ ਦੇਸੀ ਘਿਓ ਖਾਣ ਨਾਲ ਅਧਰੰਗ ਦਾ ਖ਼ਤਰਾ ਘਟ ਜਾਂਦਾ ਹੈ।
3. ਘਿਓ ਖਾਣ ਨਾਲ ਮੌਤ ਦਰ ਵਧਣ ਦਾ ਕੋਈ ਸੰਬੰਧ ਨਹੀਂ। ਦਿਲ ਦੀਆਂ ਬੀਮਾਰੀਆਂ ਉੱਤੇ ਵੀ ਘਿਓ ਖਾਣ ਨਾਲ ਕੋਈ ਮਾੜਾ ਅਸਰ ਨਹੀਂ ਲੱਭਿਆ।
4. ਘਿਓ ਜਾਂ ਤੇਲ ਲੋੜੋਂ ਵੱਧ ਖਾਣ ਨਾਲ ਮੋਟਾਪਾ ਵਧ ਜਾਂਦਾ ਹੈ ਜੋ ਮੋਟਾਪੇ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਬਾਅਦ ਵਿਚ ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਤੇ ਕੈਂਸਰ ਹੋ ਸਕਦਾ ਹੈ।
5. ਹਰ ਚੀਜ਼ ਲੋੜੋਂ ਵਧ ਖਾਧੀ ਨੁਕਸਾਨ ਕਰਦੀ ਹੈ। ਇਸੇ ਲਈ ਦੇਸੀ ਘਿਓ ਵਰਤੋ ਜ਼ਰੂਰ, ਪਰ ਕੌਲੀਆਂ ਭਰ-ਭਰ ਕੇ ਨਹੀਂ। ਸਿਰਫ਼ ਉੰਨਾ ਜਿੰਨਾ ਕਸਰਤ ਨਾਲ ਹਜ਼ਮ ਕੀਤਾ ਜਾ ਸਕੇ।
6. ਵਾਧੂ ਲੂਣ, ਖੰਡ, ਸ਼ੱਕਰ, ਗੁੜ ਤੇ ਮੈਦਾ ਤਾਂ ਹਰ ਹਾਲ ਬੰਦ ਕਰਨਾ ਹੀ ਪੈਣਾ ਹੈ।
7. ਕਣਕ ਦੇ ਆਟੇ ਦੀ ਥਾਂ ਰਾਗੀ ਦਾ ਆਟਾ, ਬਾਜਰੇ ਦਾ ਆਟਾ ਤੇ ਮੱਕੀ ਦਾ ਆਟਾ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
8. ਰੀਫਾਇੰਡ ਘਿਓ ਨੂੰ ਦੇਸੀ ਘਿਓ ਉੱਤੇ ਪਹਿਲ ਨਹੀਂ ਦੇਣੀ ਚਾਹੀਦੀ।
*****
(1058)