“ਇਸ ਕਦਮ ਨਾਲ ਦੋ ਉਦੇਸ਼ ਪੂਰੇ ਹੁੰਦੇ ਹਨ। ਇੱਕ ਤਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ...”
(9 ਫਰਵਰੀ 2019)
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮਹਿਕਮੇ ਵੱਲੋਂ ਜਿੱਥੇ ਸਮੇਂ ਸਮੇਂ ਪੜ੍ਹਾਈ ਦਾ ਮਿਆਰ ਉੱਪਰ ਚੁੱਕਣ ਦਾ ਉਪਰਾਲਾ ਕੀਤਾ ਜਾਂਦਾ ਹੈ, ਉੱਥੇ ਇਸ ਵਾਰ ਇੱਕ ਆਦੇਸ਼ ਜਾਰੀ ਹੋਇਆ ਸਕੂਲਾਂ ਵਿੱਚ ਜਨਵਰੀ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਿਛਲੇ ਸਾਲ ਦੀ ਪ੍ਰਾਪਤੀ ਲਈ ਇਨਾਮ ਦੇ ਕੇ ਪ੍ਰੇਰਿਆ ਜਾਵੇ। ਇਸ ਕਦਮ ਨਾਲ ਦੋ ਉਦੇਸ਼ ਪੂਰੇ ਹੁੰਦੇ ਹਨ। ਇੱਕ ਤਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਹੁੰਦੀ ਹੈ ਦੂਜੇ ਮਾਪਿਆਂ ਦੇ ਨਾਲ ਨਾਲ ਪਿੰਡ ਦੀਆਂ ਪੰਚਾਇਤਾਂ ਦਾ ਮੇਲ ਮਿਲਾਪ ਵਧਦਾ ਹੈ ਅਤੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਸਾਡਾ ਸਕੂਲ ਲੜਕੀਆਂ ਦਾ ਸਕੂਲ ਹੋਣ ਕਰਕੇ ਸਾਨੂੰ ਮੁੱਖ ਮਹਿਮਾਨ ਦੀ ਚੋਣ ਕਰਨ ਵਿੱਚ ਬਹੁਤ ਹੀ ਸੁਚੇਤ ਰਹਿਣਾ ਪੈਂਦਾ ਹੈ। ਸਾਡੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਨੀ ਰਾਮ ਜੀ ਪੰਜਾਬੀ ਸਾਹਿਤ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀ ਕੋਸ਼ਿਸ਼ ਸ਼ੁਰੂ ਤੋਂ ਹੀ ਰਹੀ ਹੈ ਕਿ ਮੁੱਖ ਮਹਿਮਾਨ ਸਾਹਿਤ ਦੇ ਖਿੱਤੇ ਵਿੱਚੋਂ ਹੋਵੇ। ਇਸ ਵਾਰੀ ਪੰਜਾਬੀ ਸਾਹਿਤ ਦੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਜੀ ਸਾਡੇ ਵਿਹੜੇ ਦੀ ਸ਼ਾਨ ਬਣਨ ਜਾ ਰਹੇ ਸਨ। ਉਹਨਾਂ ਦੀ ਮੁੱਖ ਮਹਿਮਾਨ ਦੀ ਚੋਣ ਸਾਡੇ ਕੰਨਿਆ ਸਕੂਲ ਲਈ ਢੁੱਕਵੀਂ ਸੀ। ਔਰਤਾਂ ਤੇ ਕੁੜੀਆਂ ਦੇ ਹੱਕਾਂ ਦੀ ਤਰਜਮਾਨੀ ਉਨ੍ਹਾਂ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਕਰਦੀਆਂ ਰਹੀਆਂ ਹਨ। ਸਾਡਾ ਸਾਰਾ ਸਕੂਲ ਪੱਬਾਂ ਭਾਰ ਹੋ ਕੇ ਤਿਆਰੀਆਂ ਵਿੱਚ ਜੁਟ ਗਿਆ। ਸਾਡੇ ਸਕੂਲ ਦੇ ਪੰਜਾਬੀ ਲੈਕਚਰਾਰ ਡਾ. ਪਰਮਜੀਤ ਕੌਰ ਦੇ ਹੱਥ ਸੱਭਿਆਚਾਰਕ ਪ੍ਰੋਗਰਾਮ ਨੂੰ ਵਧੀਆ ਨੇਪਰੇ ਚਾੜ੍ਹਨ ਦੀ ਪੂਰੀ ਕਮਾਨ ਸੀ। ਉਨ੍ਹਾਂ ਦਾ ਪੂਰਾ ਸਹਿਯੋਗ ਸਾਡੇ ਸਕੂਲ ਦੇ ਮੈਡਮ ਜਸਵਿੰਦਰ ਕੌਰ (ਗੁਰਸੇਵਾਲ) ਅਤੇ ਮੈਡਮ ਜਸਵਿੰਦਰ ਕੌਰ (ਭਾਓਵਾਲ) ਦੇ ਰਹੇ ਸਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਨਾਲ ਕਾਫੀ ਲਗਾਅ ਸੀ। ਵਿਦਿਆਰਥਣਾਂ ਦੇ ਚਿਹਰਿਆਂ ’ਤੇ ਪੂਰੀ ਰੌਣਕ ਸੀ। ਉਹ ਖ਼ੁਸ਼ੀ ਵਿੱਚ ਖੀਵੀ ਹੋਈਆਂ 16 ਜਨਵਰੀ ਦੀ ਉਡੀਕ ਕਰ ਰਹੀਆਂ ਸਨ ਜੋ ਸਮਾਰੋਹ ਲਈ ਮਿਥੀ ਗਈ ਸੀ l
ਸਮਾਰੋਹ ਤੋਂ ਦੋ ਦਿਨ ਪਹਿਲਾਂ ਅੱਧੀ ਛੁੱਟੀ ਤੋਂ ਬਾਅਦ ਪ੍ਰਿੰਸੀਪਲ ਸਰ ਨੇ ਸਾਰੇ ਅਧਿਆਪਕਾਂ ਦੀ ਮੀਟਿੰਗ ਲੈ ਕੇ ਸਾਰੇ ਅਧਿਆਪਕਾਂ ਨੂੰ ਡਿਊਟੀਆਂ ਵੰਡ ਦਿੱਤੀਆਂ ਗਈਆਂ। ਮੈਡਮ ਲਲਿਤ ਕੁਮਾਰੀ, ਮੈਡਮ ਸਤਨਾਮ ਕੌਰ ਅਤੇ ਮੈਡਮ ਗੁਰਮਨ ਕੌਰ ਨੂੰ ਸਕੂਲ ਦੇ ਗੇਟ ’ਤੇ ਮੁੱਖ ਮਹਿਮਾਨ ਦਾ ਸਵਾਗਤ ਕਰਨ ਲਈ ਨਿਯੁਕਤ ਕਰ ਦਿੱਤਾ ਗਿਆ। ਸ੍ਰੀ ਅਨਿਲ ਕੁਮਾਰ ਜੀ ਦੀ ਰੋਪੜ ਤੋਂ ਸ਼ੀਲਡਾਂ, ਟਰਾਫ਼ੀਆਂ ਤੇ ਮੈਡਲ ਲਿਆਉਣ ਦੀ ਡਿਊਟੀ ਲਗਾ ਦਿੱਤੀ ਗਈ। ਬਾਹਰੋਂ ਆਏ ਸੱਜਣਾਂ ਦੀ ਮਹਿਮਾਨ ਨਿਵਾਜ਼ੀ ਲਈ ਸ੍ਰੀ ਰੋਹਿਤ ਸ਼ਰਮਾ ਅਤੇ ਸ੍ਰੀ ਨਿਤਿਨ ਸ਼ਰਮਾ ਦੀ ਡਿਊਟੀ ਲਗਾਈ ਗਈ। ਲੈਕਚਰਾਰ ਬਲਬੀਰ ਚੰਦ ਜੀ ਅਤੇ ਲੈਕਚਰਾਰ ਮਨਜੀਤ ਸਿੰਘ ਵੱਲੋਂ ਸੱਦਾ ਪੱਤਰ ਵੱਖ ਵੱਖ ਲਿਫਾਫਿਆਂ ਵਿੱਚ ਪਾ ਕੇ ਲਾਗਲੇ ਪਿੰਡਾਂ ਦੀ ਪੰਚਾਇਤਾਂ ਦੇ ਨਾਮ ਲਿਖ ਦਿੱਤੇ ਗਏ। ਮੁੱਖ ਮਹਿਮਾਨ ਦੀ ਨਜ਼ਮ ਦੀਆਂ ਦੋ ਸ਼ਾਨਦਾਰ ਸਤਰਾਂ ਮਹਿਮਾਨ ਦੀ ਫੋਟੋ ਸਮੇਤ ਬੈਨਰ ’ਤੇ ਲਿਖਵਾ ਦਿੱਤੀਆਂ ਗਈਆਂ।
‘ਫਿਕਰ ਵਿੱਚ ਸ਼ਿਕਰਿਆਂ ਦੀ ਸਲਤਨਤ
ਛਾਅ ਗਈਆਂ ਨੇ ਘੁੱਗੀਆਂ ਅਸਮਾਨ ’ਤੇ।
ਸਮਾਰੋਹ ਤੋਂ ਇੱਕ ਦਿਨ ਪਹਿਲਾਂ ਟੈਂਟ ਅਤੇ ਕੁਰਸੀਆਂ ਵਾਲੇ ਆ ਗਏ। ਸਟੇਜ ਸਜਾ ਦਿੱਤੀ ਗਈ। ਵਿਆਹ ਵਰਗਾ ਮਾਹੌਲ ਬਣ ਗਿਆ। ਅਗਲੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗਾ। ਪ੍ਰੋਗਰਾਮ ਦਾ ਸਮਾਂ ਸਵੇਰੇ 10 ਵਜੇ ਦਾ ਸੀ ਪਰ ਉਸ ਦਿਨ ਧੁੰਦ ਹੋਣ ਕਰਕੇ ਪ੍ਰੋਗਰਾਮ 11 ਵਜੇ ਸ਼ੁਰੂ ਹੋਇਆ l ਗੇਟ ’ਤੇ ਸਵਾਗਤ ਕਰਨ ਲਈ ਟੀਚਰ ਸਾਹਿਬਾਨ ਖੜ੍ਹੇ ਸਨ। ਗੇਟ ਤੋਂ ਸਟੇਜ ਲੱਗਭਗ 80 ਮੀਟਰ ਦੂਰ ਸੀ l ਪੰਡਾਲ ਪੂਰੀ ਤਰ੍ਹਾਂ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ, ਮਾਪਿਆਂ ਅਤੇ ਨਾਲ ਦੇ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਭਰ ਗਿਆ। ਮੁੱਖ ਮਹਿਮਾਨ ਦੀ ਕਾਰ ਅੱਪੜ ਗਈ। ਮੈਡਮ ਸੁਖਵਿੰਦਰ ਅੰਮ੍ਰਿਤ ਖਿੜੇ ਚਿਹਰੇ ਨਾਲ ਬਾਹਰ ਨਿਕਲੇ। ਗੇਟ ਤੋਂ ਲੈ ਕੇ ਸਟੇਜ ਤੱਕ ਲੜਕੀਆਂ ਵੱਲੋਂ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪੰਡਾਲ ਵਿੱਚ ਐਂਟਰੀ ਸਮੇਂ ਕੁਝ ਵਿਦਿਆਰਥਣਾਂ ਵੱਲੋਂ ਮੁੱਖ ਮਹਿਮਾਨ ਤੋਂ ਰਿਬਨ ਕਟਵਾ ਕੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪੰਡਾਲ ਜ਼ੋਰਦਾਰ ਤਾੜੀਆਂ ਨਾਲ ਗੂੰਜ ਉੱਠਿਆ। ਸਟੇਜ ਦੇ ਐਨ ਸਾਹਮਣੇ ਰੱਖੇ ਸੋਫੇ ’ਤੇ ਮੁੱਖ ਮਹਿਮਾਨ ਸੁਸ਼ੋਭਿਤ ਹੋ ਗਏ। ਸਟੇਜ ਪੂਰੀ ਤਰ੍ਹਾਂ ਸਜੀ ਹੋਈ ਸੀ। ਬੱਚਿਆਂ ਵਿੱਚ ਅਨੁਸ਼ਾਸਨ ਕਾਇਮ ਰੱਖਣ ਦੀ ਪੂਰੀ ਜ਼ਿੰਮੇਵਾਰੀ ਲੈਕਚਰਾਰ ਹਰਪ੍ਰੀਤ ਕੌਰ ਅਤੇ ਮੈਥ ਮਾਸਟਰ ਸਤਵੀਰ ਸਿੰਘ ਨੇ ਨਿਭਾਈ। ਪੰਡਾਲ ਵਿੱਚ ਵੱਖ ਵੱਖ ਚਾਰਟਾਂ ’ਤੇ ਮੁੱਖ ਮਹਿਮਾਨ ਦੀਆਂ ਨਜ਼ਮਾਂ ਦੀਆਂ ਸਤਰਾਂ ਇਸ ਸਮਾਰੋਹ ਦੀ ਰੌਣਕ ਹੋਰ ਵਧਾ ਰਹੀਆਂ ਸਨ, ਜਿਨ੍ਹਾਂ ਨੂੰ ਮੈਡਮ ਗੀਤਾਂਜਲੀ ਅਤੇ ਮੈਡਮ ਰਾਜਵਿੰਦਰ ਨੇ ਬੜੀ ਮਿਹਨਤ ਨਾਲ ਤਿਆਰ ਕਰਵਾਇਆ ਸੀ।
ਸਟੇਜ ਦਾ ਮੰਚ ਸੰਚਾਲਨ ਡਾ. ਪਰਮਜੀਤ ਕੌਰ ਕਰ ਰਹੇ ਸਨ ਜੋ ਸਟੇਜ ਵਾਲੀ ਭੂਮਿਕਾ ਨਿਭਾਉਣਾ ਬਾਖੂਬੀ ਜਾਣਦੇ ਸਨ। ਸਭ ਤੋਂ ਪਹਿਲਾਂ ਸ਼ਬਦ ਗਾਇਣ ਰਾਹੀਂ ਵਾਹਿਗੁਰੂ ਨੂੰ ਚੇਤੇ ਕੀਤਾ ਗਿਆ ਜੋ ਹਰ ਸ਼ੁਭ ਅਵਸਰ ’ਤੇ ਕਰਨ ਦੀ ਪੰਜਾਬੀਆਂ ਦੀ ਰਿਵਾਇਤ ਹੈ। ਸ਼ਬਦ ਗਾਇਣ ਤੋਂ ਬਾਅਦ ਮੈਂਨੂੰ ਸਟੇਜ ’ਤੇ ਸਵਾਗਤੀ ਭਾਸ਼ਣ ਲਈ ਬੁਲਾਇਆ ਗਿਆ। ਮੇਰੇ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਬੱਚਿਆਂ ਵੱਲੋਂ ਪੇਸ਼ ਕੀਤਾ। ਇਸ ਸਾਹਿਤਕ ਮਾਹੌਲ ਵਿੱਚ ਬੱਚਿਆਂ ਨੇ ਆਪਣੀਆਂ ਲਿਖੀਆਂ ਕਈ ਕਵਿਤਾਵਾਂ ਪੜ੍ਹੀਆਂ। ਰੰਗਾਰੰਗ ਪ੍ਰੋਗਰਾਮ ਵੇਖਣ ਵਾਲਾ ਸੀ।
ਸਕੂਲ ਦੇ ਪ੍ਰਿੰਸੀਪਲ ਮਨੀ ਰਾਮ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹੀ। ਸਾਰੀਆਂ ਪ੍ਰਾਪਤੀਆਂ ਵਿੱਚੋਂ ਵਿਸ਼ੇਸ਼ ਪ੍ਰਾਪਤੀ ਸਾਡੇ ਸਕੂਲ ਦੀਆਂ ਲੜਕੀਆਂ ਕਬੱਡੀ ਦੇ ਅੰਡਰ 14 ਵਰਗ ਵਿੱਚੋਂ ਸਟੇਟ ਵਿੱਚੋਂ ਤੀਜੇ ਨੰਬਰ ’ਤੇ ਰਹੀ ਅਤੇ ਸਾਡੇ ਸਕੂਲ ਦੀਆਂ ਦੋ ਲੜਕੀਆਂ ਨੇ ਨੈਸ਼ਨਲ ਲਈ ਕੁਆਲੀਫਾਈ ਕੀਤਾ। ਕਬੱਡੀ ਕੋਚ ਮੈਡਮ ਹਰਪ੍ਰੀਤ ਕੌਰ ਨੂੰ ਸਟੇਜ ’ਤੇ ਇਨਾਮ ਦੇ ਕੇ ਨਿਵਾਜਿਆ ਗਿਆ।
ਇਸ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਜ਼ਿਲ੍ਹੇ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਲਈ ਬੱਚਿਆਂ ਨੂੰ ਇਨਾਮ ਦਿੱਤੇ ਗਏ। ਅਕਾਦਮਿਕ ਖੇਤਰ ਵਿੱਚ ਵੀ 80 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਮਿਲਿਆ। ਸਾਡੇ ਸਕੂਲ ਦੇ ਬਾਬਾ ਬੋਹੜ ਸਾਇੰਸ ਮਾਸਟਰ ਸ਼੍ਰੀ ਜੀਵਨ ਦਾਸ ਜੀ ਨੂੰ ਉਹਨਾਂ ਦੀ ਇਸ ਸਕੂਲ ਵਿੱਚ ਲੰਬੀ ਅਤੇ ਸ਼ਾਨਦਾਰ ਸੇਵਾ ਲਈ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ ਜੋ 31 ਜਨਵਰੀ ਨੂੰ ਰਿਟਾਇਰ ਹੋ ਰਹੇ ਹਨ।
ਇਸ ਮੌਕੇ ਲੈਕਚਰਾਰ ਮਨਜੀਤ ਸਿੰਘ ਪੂਰਾ ਸਮਾਂ ਸਟੇਜ ’ਤੇ ਇਨਾਮ ਵੰਡਾਉਣ ਵਿੱਚ ਮਸਰੂਫ ਰਹੇ। ਲੈਕਚਰਾਰ ਬਲਬੀਰ ਜੀ ਵਿੱਚ ਵਿੱਚ ਸਟੇਜ ਦੀ ਜ਼ਿੰਮੇਵਾਰੀ ਸਾਂਭਦੇ ਦਿਖਾਈ ਦਿੱਤੇ। ਸਾਰਿਆਂ ਦਾ ਧਿਆਨ ਮੁੱਖ ਮਹਿਮਾਨ ਮੈਡਮ ਸੁਖਵਿੰਦਰ ਅਮ੍ਰਿਤ ਵੱਲ ਸੀ ਜਿਹਨਾਂ ਨੂੰ ਸੁਣਨ ਲਈ ਸਾਰੇ ਕਾਹਲੇ ਸਨ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿਵੇਂ ਉਹ ਸੰਘਰਸ਼ਮਈ ਦੌਰ ਵਿੱਚੋਂ ਲੰਘਦੇ ਹੋਏ ਇੱਕ ਖ਼ਾਸ ਮੁਕਾਮ ਨੂੰ ਹਾਸਲ ਕਰਨ ਵਿੱਚ ਸਫਲ ਹੋਏ ਹਨ। ਉਨ੍ਹਾਂ ਨੇ ਆਪਣੀਆਂ ਗ਼ਜ਼ਲਾਂ ਵਿੱਚੋਂ ਕੁਝ ਸ਼ੇਅਰ ਸੁਣਾਏ ਜਿਸ ਦਾ ਹਰ ਹਾਜ਼ਰ ਵਿਅਕਤੀ ਨੇ ਲੁਤਫ਼ ਉਠਾਇਆ। ਸਾਰੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਸਰ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਅੰਤ ਵਿੱਚ ਲੈਕਚਰਾਰ ਬਲਬੀਰ ਜੀ ਨੇ ਮੁੱਖ ਮਹਿਮਾਨ ਦਾ, ਮਾਪਿਆਂ ਦਾ ਅਤੇ ਬਾਹਰੋਂ ਆਏ ਪੰਚਾਂ ਸਰਪੰਚਾਂ ਦਾ ਧੰਨਵਾਦ ਕੀਤਾ। ਵਿਦਾਈ ਤੋਂ ਪਹਿਲਾਂ ਅਨੇਕਾਂ ਕੁੜੀਆਂ ਅਤੇ ਟੀਚਰਾਂ ਨੇ ਸੁਖਵਿੰਦਰ ਅਮ੍ਰਿਤ ਨਾਲ ਫੋਟੋ ਕਰਵਾਈਆਂ। ਇਸ ਸਮਾਰੋਹ ਦੀਆਂ ਯਾਦਾਂ ਲੰਬੇ ਸਮੇਂ ਤੀਕ ਤਾਜ਼ਾ ਰਹਿਣਗੀਆਂ।
*****
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)