“ਸੋਸ਼ਲ ਮੀਡੀਆ ਕਰਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਲੋਕ ਬਿਨਾਂ ਜਾਂਚ-ਪੜਤਾਲ ...”
(9 ਦਸੰਬਰ 2025)
ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਮਸ਼ੀਨਾਂ ਨੇ ਮਨੁੱਖ ਨੂੰ ਵਿਹਲਾ ਕਰਕੇ ਰੱਖ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਘੰਟਿਆਂ ਦੇ ਕੰਮ ਮਿੰਟਾਂ ਵਿੱਚ ਹੋਣ ਲੱਗੇ ਹਨ। ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਤੇਜ਼ ਅਤੇ ਆਰਾਮਦਾਇਕ ਹੋ ਗਈ ਹੈ। ਪ੍ਰੰਤੂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਆਪਣੇ ਮਨ ਦਾ ਚੈਨ ਗੁਆ ਬੈਠਾ ਹੈ। ਸਮਾਜ ਦੀ ਮੌਜੂਦਾ ਸਥਿਤੀ ਵੱਲ ਨਜ਼ਰ ਮਾਰੀਏ ਤਾਂ ਇੰਝ ਲਗਦਾ ਹੈ ਕਿ ਅਜੋਕਾ ਮਨੁੱਖ ਜਿੱਥੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਿਆ ਹੈ, ਉੱਥੇ ਹੀ ਮਾਨਸਿਕ ਰੋਗਾਂ ਦਾ ਸ਼ਿਕਾਰ ਵੀ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ। ਇਸਦਾ ਮੂਲ ਕਾਰਨ ਹੈ ਮਨੁੱਖ ਵਿੱਚੋਂ ਕੋਮਲ ਸੰਵੇਦਨਾਵਾਂ ਦਾ ਅਲੋਪ ਹੋ ਜਾਣਾ, ਮਨੁੱਖ ਦਾ ‘ਮਸ਼ੀਨ’ ਬਣ ਜਾਣਾ।
ਯਕੀਨਨ ਸੋਸ਼ਲ-ਮੀਡੀਆ ਦੀ ਆਮਦ ਨੇ ਲੋਕਾਂ ਦੇ ਬੌਧਿਕ ਪੱਧਰ ਨੂੰ ਪੂਰੀ ਦੁਨੀਆਂ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਅੱਜ ਲੋਕ ਬੇਸ਼ਕ ਪੜ੍ਹ-ਲਿਖ ਗਏ ਹਨ ਪਰ ਲਿਆਕਤ, ਸਮਝ ਅਤੇ ਵਿਹਾਰ ਪੱਖੋਂ ਬਿਲਕੁਲ ਫਾਡੀ ਹੀ ਕਹੇ ਜਾ ਸਕਦੇ ਹਨ। ਮਨੁੱਖ ਵਿੱਚੋਂ ਸਮਾਜਿਕਤਾ ਖ਼ਤਮ ਹੋ ਗਈ ਜਾਪਦੀ ਹੈ। ਨਿੱਜਤਾ ਦੇ ਨਾਂਅ ਤੇ ਮਨੁੱਖ ਇੱਕਲਾਪੇ ਦਾ ਸ਼ਿਕਾਰ ਹੋ ਗਿਆ ਹੈ। ਸਾਂਝੇ ਪਰਿਵਾਰ ਬੀਤੇ ਵੇਲੇ ਦੀਆਂ ਬਾਤਾਂ ਹੋ ਗਏ ਹਨ।
ਲੋਕਾਂ, ਖ਼ਾਸ ਕਰਕੇ ਸਾਡੇ ਪੰਜਾਬੀਆਂ ਨੂੰ ਮੁਫ਼ਤ ਦੀ ਕੋਈ ਚੀਜ਼ ਹਜ਼ਮ ਨਹੀਂ ਹੁੰਦੀ ਜਾਂ ਇੰਝ ਕਹਿ ਲਓ ਕਿ ਵਰਤਣੀ ਨਹੀਂ ਆਉਂਦੀ। ਪਹਿਲੀ ਗੱਲ ਤਾਂ ਪੰਜਾਬੀ ਲੋਕ ਮੁਫ਼ਤ ਮਿਲੀ ਚੀਜ਼ ਨੂੰ ਮੂੰਹ ਹੀ ਨਹੀਂ ਲਾਉਂਦੇ ਜਾਂ ਫਿਰ ਇੰਨੀ ਵਰਤਦੇ ਹਨ ਕਿ ਦੁਰਵਰਤੋਂ ਹੀ ਸ਼ੁਰੂ ਕਰ ਦਿੰਦੇ ਹਨ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇਸਦੀ ਜਿਉਂਦੀ-ਜਾਗਦੀ ਮਿਸਾਲ ਕਹੀ ਜਾ ਸਕਦੀ ਹੈ।
ਆਮ ਹੀ ਕਹਾਵਤ ਹੈ ਕਿ ਬਾਂਦਰ ਦੇ ਹੱਥ ਤੀਲੀ ਆ ਜਾਵੇ ਤਾਂ ਉਹ ਸ਼ਹਿਰਾਂ ਦੇ ਸ਼ਹਿਰ, ਬਸਤੀਆਂ ਦੀਆਂ ਬਸਤੀਆਂ ਸਾੜ ਕੇ ਸੁਆਹ ਕਰ ਦੇਵੇਗਾ। ਬੱਸ ਇਹੋ ਹਾਲ ਸਾਡੇ ਲੋਕਾਂ ਦਾ ਹੋਇਆ ਪਿਆ ਹੈ। ਇਹਨਾਂ ਕੋਲ ਸੋਸ਼ਲ ਮੀਡੀਆ ਨਾਂਅ ਦੀ ਮਾਚਿਸ ਦੀ ਤੀਲੀ ਹੱਥ ਲੱਗੀ ਹੋਈ ਹੈ, ਇਹਨਾਂ ਨੇ ਸਮਾਜ ਨੂੰ ਸਾੜ ਕੇ ਸੁਆਹ ਕਰ ਦੇਣਾ ਹੈ।
ਅੱਜ ਇੰਝ ਜਾਪਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਹਰ ਕੋਈ ਕਲਾਕਾਰ, ਪੱਤਰਕਾਰ ਬਣ ਗਿਆ ਹੈ। ਹਰ ਰੋਜ਼ ਹਜ਼ਾਰਾਂ ਹੀ ਪੋਸਟਾਂ ਅਤੇ ਵੀਡੀਓਜ਼ ਇੰਟਰਨੈੱਟ ਤੇ ਅਪਲੋਡ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ, ਜਿਨ੍ਹਾਂ ਵਿੱਚ ‘ਕਲਾ’ ਨਾਂਅ ਦੀ ਕੋਈ ਸ਼ੈਅ ਨਹੀਂ ਹੁੰਦੀ। ਇਹਨਾਂ ਪੋਸਟਾਂ ਅਤੇ ਵੀਡੀਓਜ਼ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਾਰਥਕ ਸੁਨੇਹਾ ਵੀ ਨਹੀਂ ਹੁੰਦਾ। ਪਰ ਪੰਜਾਬੀਆਂ ਨੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਹੈ। ਇਹ ਸੱਚਮੁੱਚ ਬਹੁਤ ਮੰਦਭਾਗੀ ਅਤੇ ਨਮੋਸ਼ੀ ਭਰੀ ਗੱਲ ਹੈ।
ਅੱਜ ਕੀ ਬੱਚਾ ਤੇ ਕੀ ਬੁੱਢਾ, ਘੰਟਿਆਂ-ਬੱਧੀ ਮੋਬਾਇਲ ਫੋਨਾਂ ’ਤੇ ਆਪਣਾ ਕੀਮਤੀ ਸਮਾਂ ਖਰਾਬ ਕਰਦਪ ਦੇਖਿਆ ਜਾ ਸਕਦਾ ਹੈ। ਹਾਂ, ਪੜ੍ਹਾਈ ਅਤੇ ਸਿੱਖਿਆ ਪੱਖੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਾਹੇਵੰਦ ਕਹੀ ਜਾ ਸਕਦੀ ਹੈ ਪ੍ਰੰਤੂ ਫਜ਼ੂਲ ਦੇ ਕੰਮਾਂ ਕਰਕੇ ਆਪਣੇ ਜੀਵਨ ਦਾ ਕੀਮਤੀ ਵਕਤ ਖਰਾਬ ਕਰਨਾ ਕਿਸੇ ਪੱਖੋਂ ਵੀ ਸਿਆਣਪ ਨਹੀਂ।
ਸੋਸ਼ਲ ਮੀਡੀਆ ਕਰਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਲੋਕ ਬਿਨਾਂ ਜਾਂਚ-ਪੜਤਾਲ ਕੀਤਿਆਂ ਕੁਮੈਂਟ ਅਤੇ ਟਿੱਪਣੀਆਂ ਕਰਨ ਲੱਗਦੇ ਹਨ। ਇਸ ਨਾਲ ਕਈ ਵਾਰ ਸ਼ਹਿਰ, ਸੂਬੇ ਅਤੇ ਮੁਲਕ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਇਸੇ ਲਈ ਦੰਗੇ ਜਾਂ ਫਿਰਕੂ ਹਿੰਸਾ ਦੇ ਮਾਮਲੇ ਵਿੱਚ ਸਰਕਾਰਾਂ ਸਭ ਤੋਂ ਪਹਿਲਾਂ ਇੰਟਰਨੈੱਟ ’ਤੇ ਹੀ ਪਾਬੰਦੀ ਲਗਾਉਂਦੀਆਂ ਹਨ ਤਾਂ ਕਿ ਅਫ਼ਵਾਹਾਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਸ਼ਰਾਰਤੀ ਅਨਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ।
ਅੱਜ ਸੋਸ਼ਲ ਮੀਡੀਆ ’ਤੇ ਝੱਲਿਆਂ, ਸ਼ਦਾਈਆਂ ਅਤੇ ਬੇਵਕੂਫਾਂ ਦੀਆਂ ਪੋਸਟਾਂ ਅਤੇ ਵੀਡੀਓਜ਼ ਨੂੰ ਸਭ ਤੋਂ ਵੱਧ ਵੇਖਿਆ, ਪ੍ਰਚਾਰਿਆ ਜਾਂਦਾ ਹੈ। ਹਾਸੇ-ਠੱਠੇ ਵਿੱਚ ਹੀ ਇਹ ‘ਕਮਲੇ’ ਸਾਡੇ ਬੱਚਿਆਂ ਦੇ ਰੋਲ-ਮਾਡਲ ਬਣ ਗਏ ਹਨ। ਅੱਜ ਬੱਚਿਆਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਭਾਵੇਂ ਨਹੀਂ ਪਤਾ ਪਰ ਫਿਲਮੀ ਐਕਟਰਾਂ ਦੀ ਪੂਰੀ ਜਾਣਕਾਰੀ ਹੈ। ਹੁਣ ਪੜ੍ਹੇ-ਲਿਖੇ ਅਤੇ ਸਿਆਣੇ ਲੋਕ ਵੀ ਪਿੱਛੇ ਨਹੀਂ ਰਹੇ।
ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ। ਇੱਕ ਪਸ਼ੂ ਦੀ ਲੱਤ ਟੁੱਟੀ ਹੋਈ ਹੈ, ਉਹ ਸੜਕ ਦੇ ਕਿਨਾਰੇ ’ਤੇ ਬੈਠਾ ਹੈ। ਇੱਕ ‘ਸਿਆਣੇ’ ਨੇ ਲਿਖਿਆ ਕਿ ਧਾਰਮਿਕ ਸ਼ਬਦ ਲਿਖੋ ਤਾਂ ਕਿ ਇਸ ‘ਵਿਚਾਰੇ’ ਦਾ ਦਰਦ ਘੱਟ ਹੋ ਜਾਵੇ। ਉਸ ਭੱਦਰ ਪੁਰਸ਼ ਨੂੰ ਚਾਹੀਦਾ ਸੀ ਕਿ ਜਖ਼ਮੀ ਪਸ਼ੂ ਦਾ ਇਲਾਜ ਕਰਵਾਉਂਦਾ। ਸੋਸ਼ਲ-ਮੀਡੀਆ ਤੇ ਵੀਡੀਓ ਪਾਉਣ ਨਾਲ ਉਸ ਜਾਨਵਰ ਦਾ ਦਰਦ ਕਿਵੇਂ ਘੱਟ ਹੋ ਸਕਦਾ ਹੈ?
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਚੀਨ ਜਾਂ ਜਪਾਨ ਦੀ ਹੁੰਦੀ ਹੈ, ਨਵੀਂ ਤਕਨੀਕ ਦੀ ਗੱਲ ਹੋ ਰਹੀ ਹੁੰਦੀ ਹੈ ਪਰ ਸਾਡੇ ਲੋਕ ਧਾਰਮਿਕ (ਗੀਤ) ਐਡਿਟ ਕਰ ਕਰਕੇ ਪਰਮਾਤਮਾ ਤੋਂ ਬਲਿਹਾਰੇ ਜਾ ਰਹੇ ਹੁੰਦੇ ਹਨ। ਚੀਨ, ਜਪਾਨ ਵਾਲਿਆਂ ਨੂੰ ਭਾਵੇਂ ਚਿੱਤ-ਚੇਤਾ ਵੀ ਨਾ ਹੋਵੇ ਕਿ ਉਹ ਕਿਸੇ ‘ਰੱਬੀ ਨਿਆਮਤ’ ਦੀ ਵਰਤੋਂ ਕਰ ਰਹੇ ਹਨ।
ਪਿੱਛੇ ਜਿਹੇ ਇੱਕ ਮਸਜਦ (ਜਿਸਦਾ ਨਾਂਅ ਅੱਲ ਨਬਵੀ) ਮਸਜਿਦ ਹੈ ਅਤੇ ਇਹ ਸਾਉਦੀ ਅਰਬ ਵਿੱਚ ਸਥਿਤ ਹੈ, ਦੀ ਵੀਡੀਓ ਵਾਇਰਲ ਹੋਈ। ਦਰਅਸਲ ਇਸ ਮਸਜਿਦ ਦੀ ਛੱਤ ਖੁੱਲ੍ਹ ਜਾਂਦੀ ਹੈ। ਇਹ ਕੋਈ ਕ੍ਰਿਸ਼ਮਾ, ਕਰਾਮਾਤ ਜਾਂ ਅਗੰਮੀ ਸ਼ਕਤੀ ਦਾ ਪ੍ਰਭਾਵ ਨਹੀਂ, ਬਲਕਿ ਕਾਰੀਗਰਾਂ ਦੀ ਮਿਹਨਤ ਦਾ ਕਮਾਲ ਹੈ। ਇੰਗਲੈਂਡ ਵਿੱਚ ਇੱਕ ਪੁਲ਼ ਹੈ, ਜਿਸਨੂੰ ‘ਲੰਡਨ ਬ੍ਰਿੱਜ’ ਕਹਿੰਦੇ ਹਨ, ਉਹ ਵੀ ਖੁੱਲ੍ਹ ਜਾਂਦਾ ਹੈ। ਇਹ ਕੋਈ ਰੱਬੀ ਚਮਤਕਾਰ ਦਾ ਨਤੀਜਾ ਨਹੀਂ ਹੈ, ਬਲਕਿ ਮਨੁੱਖੀ ਮਿਹਨਤ ਦਾ ਸਿੱਟਾ ਹੈ। ਪਰ ਸਾਡੇ ਲੋਕਾਂ ਨੇ ਧਾਰਮਿਕ ਗੀਤ ਤੇ ਵੀਡੀਓ ਐਡਿਟ ਕਰ ਕਰਕੇ ‘ਅਗੰਮੀ ਸ਼ਕਤੀਆਂ’ ਦਾ ਧੰਨਵਾਦ ਕਰਨ ਪੱਖੋਂ ਕੋਈ ਕਸਰ ਨਹੀਂ ਛੱਡੀ।
ਭਾਰਤ ਵਿੱਚ ਹਰ ਰੋਜ਼ ਅਜਿਹੇ ਸੈਂਕੜੇ ਪਖੰਡੀ ਬਾਬਿਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਹੜੇ ਅਖੌਤੀ ਚਮਤਕਾਰ ਕਰਕੇ ਆਮ ਲੋਕਾਂ ਨੂੰ ਮੂਰਖ਼ ਬਣਾ ਰਹੇ ਹੁੰਦੇ ਹਨ। ਲੋਕ ਧੜਾਧੜ ਅਜਿਹੀਆਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਹਨ। ਦੂਜੇ ਪਾਸੇ ਹੈਰਾਨੀ ਦੀ ਹੱਦ ਉਦੋਂ ਹੁੰਦੀ ਹੈ ਜਦੋਂ ਵਿਦਵਾਨਾਂ ਦੇ ਲੇਖ, ਲੈਕਚਰ, ਵੀਡੀਓ ਅਤੇ ਹੋਰ ਲਾਹੇਵੰਦ ਵਿਚਾਰਾਂ ਨੂੰ ਕੋਈ ਸੁਣਦਾ, ਦੇਖਦਾ ਨਹੀਂ। ਫਿਰ ਸਿਆਣਪ ਕਿੱਥੋਂ ਆਉਣੀ ਹੈ? ਫਿਰ ਤਾਂ ਬੇਵਕੂਫਾਂ ਨੇ ਹੀ ਸਾਡੇ ਮਨਾਂ ’ਤੇ ਪ੍ਰਭਾਵ ਪਾਉਣਾ ਹੈ ਅਤੇ ਅਸੀਂ ਮੂਰਖ਼ ਬਣਨਾ ਹੈ।
ਸੋਸ਼ਲ-ਮੀਡੀਆ ਅਸਲੋਂ ਮਾੜਾ ਨਹੀਂ ਪਰ ਬਿਨਾਂ ਸੋਚੇ-ਸਮਝੇ, ਅੰਨ੍ਹੇਵਾਹ ਪੋਸਟਾਂ ਅਤੇ ਵੀਡੀਓ ਨੂੰ ਅਗਾਂਹ ਭੇਜੀ ਜਾਣਾ, ਅਫ਼ਵਾਹਾਂ ਦੇ ਭਾਗੀਦਾਰ ਬਣੀ ਜਾਣਾ, ਨਿਰੀ ਮੂਰਖ਼ਤਾ ਹੈ ਹੋਰ ਕੁਝ ਨਹੀਂ। ਸਭ ਤੋਂ ਪਹਿਲਾਂ ਪੋਸਟ ਜਾਂ ਵੀਡੀਓ ਦੀ ਪ੍ਰਮਾਣਿਕਤਾ ਜਾਂਚ ਲੈਣੀ ਚਾਹੀਦੀ ਹੈ, ਫਿਰ ਹੀ ਅੱਗੇ ਭੇਜਣੀ ਚਾਹੀਦੀ ਹੈ। ਦੂਜੀ ਗੱਲ, ਮਿਹਨਤੀ ਲੋਕਾਂ ਦੀਆਂ ਪੋਸਟਾਂ, ਲੇਖ, ਲੈਕਚਰ ਜਾਂ ਵੀਡੀਓਜ਼ ਹੀ ਦੇਖਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਕੋਈ ਸੇਧ ਹੋਵੇ, ਸਿੱਖਿਆ ਹੋਵੇ, ਐਵੇਂ ਕਿਸੇ ‘ਲੱਲੂ’ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਮਨਾਂ ’ਤੇ ਪ੍ਰਭਾਵ ਨਾ ਪਾਉਣ ਦਿਓ। ਚੰਗੇ ਸਮਾਜ ਦੀ ਸਿਰਜਣਾ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਆਪਣਾ ਹਿੱਸਾ ਪਾਓ। ਪਰ ਇਹ ਹੋਵੇਗਾ ਕਦੋਂ, ਆਉਣ ਵਾਲਾ ਸਮਾਂ ਦੱਸੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5515)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)