“ਪਰ ਇਸ ਚੈਨਲ ਦੇ ਨਿਰਮਾਤਾ, ਨਿਰਦੇਸ਼ਕ ਪੰਜਾਬੀ ਭਾਸ਼ਾ ਨਹੀਂ ਜਾਣਦੇ। ਉਹ ਆਪਣੀ ਬੋਲੀ ਹਿੰਦੀ ...”
(15 ਮਈ 2018)
ਮੈਂ ਮਰਚੈਂਟ ਨੇਵੀ ਵਿੱਚ ਆਪਣੀ ਨੌਕਰੀ ਦੌਰਾਨ ਵੇਖਿਆ ਕਿ ਆਲੂ ਅਤੇ ਪੰਜਾਬੀ ਦੁਨੀਆਂ ਸਾਰੀ ਦੁਨੀਆਂ ਵਿੱਚ ਮੌਜੂਦ ਹਨ, ਵਾਲੀ ਕਹਾਵਤ ਸੱਚ ਹੈ। ਜੋ ਸਾਡੀ ਮਾਂ-ਬੋਲੀ ਦੇ ਨਿਘਾਰ ਦਾ ਜ਼ਿਕਰ ਕਰਦੇ ਹਨ, ਕੀ ਉਨ੍ਹਾਂ ਨੇ ਰਿਪੋਰਟ ਪੂਰੀ ਦੂਨੀਆਂ ਵਿੱਚ ਘੁੰਮ ਕੇ ਤਿਆਰ ਕੀਤੀ ਹੈ? ਪੰਜਾਬੀ ਬੋਲੀ, ਪੰਜਾਬੀ ਪਹਿਰਾਵਾ ਤੇ ਪੰਜਾਬੀ ਖਾਣਾ ਜਿੱਥੇ ਵੀ ਦੋ-ਚਾਰ ਪੰਜਾਬੀ ਬੈਠੇ ਹਨ, ਆਪਣੇ ਅਸਲ ਰੂਪ ਵਿੱਚ ਮੌਜੂਦ ਹੈ। ਯੂਰਪ ਵਿੱਚ ‘ਨਾਨੀ ਦੀ ਦੁਕਾਨ’ ਮੌਜੂਦ ਹੈ। ਨਾਨੀ ਨਾ ਰਹੀ ਪਰ ਉਸਦਾ ਪੰਜਾਬੀ ਵਿਰਸਾ ਜ਼ਿੰਦਾ ਹੈ। ਗੋਰੇ ਵੀ ਉਸ ਨੂੰ ਨਾਨੀ ਦੀ ਦੁਕਾਨ ਕਹਿੰਦੇ ਹਨ। ਆਪਣੀ ਮਰਜ਼ੀ ਅਤੇ ਸੌਖ ਲਈ ਜਿਵੇਂ ਉਨ੍ਹਾਂ ਨੇ ਭਾਰਤ ਨੂੰ ਇੰਡੀਆ ਬਣਾ ਦਿੱਤਾ ਅਤੇ ਅਸੀਂ ਮਨਜ਼ੂਰ ਕਰ ਲਿਆ, ਉਸੇ ਤਰ੍ਹਾਂ ਉਹ ‘ਨਾਨੀ ਦੀ ਦੁਕਾਨ’ ਦਾ ਤਰਜ਼ਮਾ ਕਰ ਕੇ ਇਸ ਨੂੰ ਆਪਣਾ ਕੋਈ ਨਾਂ ਕਿਉਂ ਨਹੀਂ ਦਿੰਦੇ? ਪਰ ਉਨ੍ਹਾਂ ਨੇ ਨਹੀਂ ਦਿੱਤਾ, ਦੇ ਵੀ ਨਹੀਂ ਸਕਦੇ। ਪੰਜਾਬੀ ਜ਼ੁਬਾਨ ਹੀ ਅਜਿਹੀ ਹੈ।
ਇੱਕ ਖ਼ਾਸ ਉਦਾਹਰਣ ਹੈ ਕਿ ਆਪਣੀ ਇੱਕ ਪੰਜਾਬਣ ਭੈਣ ਨੇ ਘਰ ਵਿੱਚ ਖਾਣ ਲਈ ਕੜਾਹ ਬਣਾ ਲਿਆ। ਥੋੜਾ ਚੜ੍ਹ ਗਿਆ, ਖਾਣ ਵਿੱਚ ਫ਼ਰਕ ਆਉਣਾ ਹੀ ਸੀ। ਘਰ ਵਾਲਿਆਂ ਨੇ ਖਾਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੀ ਯੂਰੋਪੀਅਨ ਖਾਣੇ ਦੀ ਦੁਕਾਨ ਸੀ। ਉਸ ਬੀਬੀ ਨੇ ਦੁਕਾਨ ’ਤੇ ਵੇਚਣ ਲਈ ਰੱਖ ਦਿੱਤਾ। ਗੋਰਿਆਂ ਨੂੰ ਇੰਨਾ ਸਵਾਦ ਲੱਗਿਆ ਕਿ ਚਾਰ-ਪੰਜ ਦਹਾਕਿਆਂ ਤੋਂ ਉਸ ਭੈਣ ਦਾ ਪਰਿਵਾਰ ਕੜਾਹ ਨੂੰ ਚੜ੍ਹਾ ਕੇ (ਥੋੜ੍ਹਾ ਕੌੜਾ ਕਰ ਕੇ) ਬਣਾ ਰਿਹਾ ਹੈ। ਕੀ ਇਹ ਕਮਾਲ ਨਹੀਂ ਪੰਜਾਬੀ ਖਾਣੇ ਦਾ। ਮੇਰੇ ਨਾਲ ਕੰਮ ਕਰਦੇ ਰੂਸੀ, ਚੀਨੀ, ਬਰਮੀ, ਫਿਲਪੀਨੋ, ਸ਼੍ਰੀ ਲੰਕਾ ਅਤੇ ਹੋਰ ਦੇਸ਼ਾਂ ਦੇ ਕਰਮੀ ਮੈਥੋਂ ਪੰਜਾਬੀ ਬੋਲਣਾ ਸਿੱਖਦੇ ਹਨ, ਖਾਸ ਕਰ ਗਾਲਾਂ। ਇੱਕ ਵਾਰ ਪੰਜਾਬੀ ਦੇ ਕਿਸੇ ਵੀ ਰੂਪ ਦਾ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਮਤਲਬ ਸਮਝਾ ਦੇਵੋ, ਦੂਸਰੇ ਦਿਨ ਅਸਲੀ ਰੂਪ ਵਿੱਚ ਸੁਣ ਲਵੋ। ਵਿਦੇਸ਼ੀਆਂ ਦਾ ਕਹਿਣਾ ਹੈ ਕਿ ਪੰਜਾਬੀ ਬੋਲੀ ਸਿੱਖਣੀ ਬੜੀ ਆਸਾਨ ਹੈ। ਕਿੱਥੇ ਹੈ ਖ਼ਤਰਾ।
ਸਮੁੰਦਰੀ ਜਹਾਜ਼ ਵਿੱਚ ਆਪਣੇ ਦੱਖਣੀ ਤੇ ਵਿਦੇਸ਼ੀ ਭੈਣ ਭਰਾ ਮੈਨੂੰ ਪੰਜਾਬੀ ਖਾਣਾ ਬਣਾਉਣ ਲਈ ਕਹਿੰਦੇ ਹਨ। ਕਿਉਂ? ਕਿਉਂਕਿ ਇਹ ਸੁਆਦਲਾ ਹੁੰਦਾ ਹੈ। ਸੈਂਕੜੇ ਵਿਦੇਸ਼ੀ ਭੈਣਾਂ ਨੇ ਮੇਰੇ ਕੋਲੋਂ ਮੇਰੇ ਤੋਂ ਪੰਜਾਬੀ ਸੂਟ ਖ਼ਾਸ ਤੌਰ ’ਤੇ ਪਟਿਆਲਾ ਸੂਟਾਂ ਦੀ ਮੰਗ ਪੂਰੀ ਕਰਵਾਈ ਹੈ। ਇਹ ਕੁੱਝ ਹਾਲਾਤ ਹਨ ਜੋ ਮੈਂ ਖ਼ੁਦ ਵੇਖੇ ਅਤੇ ਹੰਢਾਏ ਹਨ। ਜਦੋਂ ਤੱਕ ਪੰਜਾਬ ਅਤੇ ਪੰਜਾਬੀ ਸੱਭਿਆਤਾ ਦੀ ਅਜਿਹੀ ਖਿੱਚ ਬਰਕਰਾਰ ਹੈ, ਪੰਜਾਬੀ ਨੂੰ ਕੋਈ ਖ਼ਤਰਾ ਨਹੀਂ ਹੈ।
ਸਾਹਿਤਕਾਰ ਪੰਜਾਬੀ ਮਾਂ-ਬੋਲੀ ਦੇ ਜੇਠੇ ਪੁੱਤਰ ਹਨ। ਰੱਬ ਨੇ ਉਨ੍ਹਾਂ ਦੇ ਹੱਥਾਂ ਵਿੱਚ ਕਲਮ ਅਤੇ ਮਹਾਨ ਕਲਪਨਾ ਸ਼ਕਤੀ ਦਿੱਤੀ ਹੈ, ਪਰ ਉਹ ਉਸ ਨੂੰ ਨਹੀਂ ਵਰਤਦੇ? ਹਰ ਪਿੰਡ ਅਤੇ ਸ਼ਹਿਰ ਵਿੱਚ ਇੱਕ ਸਾਹਿਤ ਸਭਾ ਹੋਣੀ ਚਾਹੀਦੀ ਹੈ, ਪਰ ਨਹੀਂ, ਇੱਥੇ ਵੀ ਰਾਜਨੀਤੀ ਘਰ ਕਰ ਗਈ ਹੈ। ਮੇਰਾ ਦੋ ਵੱਡੇ ਸ਼ਹਿਰਾਂ ਨਾਲ ਸਬੰਧ ਹੈ। ਦੋਵੇਂ ਸ਼ਹਿਰ ਜ਼ਿਲ੍ਹੇ ਦਾ ਰੁਤਬਾ ਰੱਖਦੇ ਹਨ। ਦੋਵੇਂ ਸ਼ਹਿਰਾਂ ਵਿੱਚ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦੇ ਨਾਮ ਲਿਖਣ ਲੱਗਾਂ ਤਾਂ ਪੂਰਾ ਲੇਖ ਨਾਮਾਂ ਨਾਲ ਹੀ ਭਰ ਜਾਵੇਗਾ। ਅਫ਼ਸੋਸ ਇਹ ਹੈ ਕਿ ਦੋਵੇਂ ਸ਼ਹਿਰਾਂ ਵਿੱਚ ਦਸ ਦਸ ਸਾਹਿਤਕ ਸਭਾਵਾਂ ਬਣੀਆਂ ਹੋਈਆਂ ਹਨ। ਖ਼ਤਰਾ ਸਾਨੂੰ ਇਹੋ ਜਿਹੇ ਰੁਝਾਨ ਤੋਂ ਹੈ। ਪੰਜਾਬੀ ਅਖ਼ਬਾਰਾਂ ਵਿੱਚ ਸਾਹਿਤਕ ਮਿਲਣੀਆਂ ਦੀ ਜੇ ਰਿਪੋਰਟ ਛਪਦੀ ਹੈ, ਉਹ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ। ਸਾਡੇ ਘਰਾਂ ਵਿੱਚ ਜੋ ਬਜ਼ੁਰਗਾਂ ਦਾ ਹਾਲ ਹੈ, ਉਹੀ ਹਾਲ ਮਾਂ-ਬੋਲੀ ਪੰਜਾਬੀ ਦਾ ਹੁੰਦਾ ਹੈ। ਸਾਹਿਤਕ ਸੰਸਥਾਵਾਂ ਸਿਰਫ਼ ਵਿਖਾਵਾ ਹਨ। ਉਹ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਘੱਟ ਅਤੇ ਨਿੱਜ ਦੀ ਚੜ੍ਹਤ ਨੂੰ ਵਧ ਸਮਰਪਿਤ ਹਨ। ਜੋ ਸੰਸਥਾਵਾਂ ਮਿਲ ਕੇ ਬੈਠ ਨਹੀਂ ਸਕਦੀਆਂ, ਉਹ ਮਾਂ-ਬੋਲੀ ਪੰਜਾਬੀ ਦੀ ਕੀ ਸੇਵਾ ਕਰਨਗੀਆਂ। ਪੰਜਾਬੀ ਅਖ਼ਬਾਰਾਂ ਹਰ ਰੋਜ਼ ਸਾਹਿਤਕ ਸਮੱਗਰੀ ਛਾਪਦੀਆਂ ਹਨ। ਕੀ ਛਾਪਣਾ ਹੈ, ਹਰ ਅਖ਼ਬਾਰ ਦਾ ਆਪਣਾ ਪੱਧਰ ਹੈ। ਉਨ੍ਹਾਂ ਦੇ ਪੰਨਿਆਂ ’ਤੇ ਪੁਰਾਣੇ ਸਥਾਪਿਤ ਲੇਖਕ ਹੀ ਛਪਦੇ ਹਨ, ਨਵਾਂ ਲੇਖਕ ਹਾੜ੍ਹੀ-ਸੌਣੀ ਵਿੱਚ ਕਦੇ ਕਦੇ ਹੀ ਪੜ੍ਹਨ ਨੂੰ ਮਿਲਦਾ ਹੈ।
ਪੰਜਾਬੀ ਭਾਸ਼ਾ ਦਾ ਪ੍ਰਸਾਰ ਕਰਨ ਲਈ ਰੇਡੀਓ ਤੇ ਟੀ.ਵੀ. ਹੈ। ਅਨੇਕਾਂ ਪੰਜਾਬੀ ਚੈਨਲ ਹਨ। ਪ੍ਰਾਈਵੇਟ ਚੈਨਲਾਂ ਦਾ ਜ਼ਿਕਰ ਨਾ ਹੀ ਕੀਤਾ ਜਾਵੇ ਤਾਂ ਠੀਕ ਰਹੇਗਾ। ਸਭ ਦਾ ਮਨੋਰਥ ਪੈਸਾ ਕਮਾਉਣਾ ਹੈ, ਭਾਸ਼ਾ ਤੋਂ ਉਨ੍ਹਾਂ ਨੇ ਕੀ ਲੈਣਾ ਹੈ। ਲੋਕ ਪ੍ਰਸਾਰਣ ਸੇਵਾ, ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਜਲੰਧਰ, ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਮੁੱਖ ਚੈਨਲ ਹਨ। ਉਨ੍ਹਾਂ ਚੈਨਲਾਂ ’ਤੇ ਕੀ ਪਰੋਸਿਆ ਜਾ ਰਿਹਾ ਹੈ, ਕੀ ਕਿਸੇ ਸਾਹਿਤ ਸਭਾ ਵਾਲੇ ਵੀਰ, ਭੈਣ ਨੂੰ ਪਤਾ ਹੈ? ਆਕਾਸ਼ਵਾਣੀ ਜਲੰਧਰ ਪ੍ਰਸਾਰਣ ਸੇਵਾ ਸਿਰਕੱਢ ਹੈ। ਇਸ ਦਾ ਪ੍ਰਸਾਰਨ 24 ਘੰਟੇ ਹੈ ਅਤੇ ਪੂਰੀ ਦੁਨੀਆਂ ਵਿੱਚ ਵੱਖ-ਵੱਖ ਤਕਨੀਕਾਂ ਨਾਲ ਸੁਣਾਈ ਦਿੰਦਾ ਹੈ। ਇਸ ’ਤੇ ਕੀ ਪਰੋਸਿਆ ਜਾਂਦਾ ਹੈ ਅਲੱਗ ਵਿਸ਼ਾ ਹੈ। ਇੱਕ ਖ਼ਾਸ ਗੱਲ ਵਿਚਾਰਨਯੋਗ ਹੈ ਕਿ ਆਕਾਸ਼ਵਾਣੀ ਜਲੰਧਰ ਜਾਂ ਪੰਜਾਬੀ ਪ੍ਰਸਾਰਨ ਸੇਵਾ ਨੂੰ ਏਆਈਆਰ ਪੰਜਾਬੀ ਬੋਲਦੇ ਹਨ। ਗੀਤ ਨੂੰ ਟਰੈਕ, ਆਨੰਦ ਮਾਣੋ ਨੂੰ ਇਨਜੁਆਏ ਕਰੋ, ਗੀਤ ਤੋਂ ਬਾਅਦ ਨੂੰ ਗੀਤ ਤੋਂ ਉਸ ਪਾਰ, ਪ੍ਰੋਗਰਾਮ ਖ਼ਤਮ ਹੋ ਰਿਹਾ ਹੈ ਨੂੰ ਵਾਈਂਡਅੱਪ! ਕੀ ਅਜਿਹਾ ਕਦੀ ਬੁੱਧੀਜੀਵੀਆਂ ਨੇ ਨਿੰਦਿਆ ਹੈ?
ਦੂਰਦਰਸ਼ਨ ਜਲੰਧਰ, ਦੂਰਦਰਸ਼ਨ ਪੰਜਾਬੀ ਟੀਵੀ ਲੋਕ ਪ੍ਰਸਾਰਣ ਸੇਵਾ ਹੈ, ਪਰ ਇਸ ਚੈਨਲ ਦੇ ਨਿਰਮਾਤਾ, ਨਿਰਦੇਸ਼ਕ ਪੰਜਾਬੀ ਭਾਸ਼ਾ ਨਹੀਂ ਜਾਣਦੇ। ਉਹ ਆਪਣੀ ਬੋਲੀ ਹਿੰਦੀ ਅਤੇ ਆਪਣੇ ਪਹਿਰਾਵੇ ਨੂੰ ਡੀਡੀ ਪੰਜਾਬੀ ’ਤੇ ਪ੍ਰਫੁਲਤ ਕਰ ਰਹੇ ਹਨ। ਕੀ ਕਲਮਾਂ ਵਾਲੇ ਆਪਣੇ ਚੈਨਲਾਂ ਨੂੰ ਵੇਖਦੇ ਸੁਣਦੇ ਨਹੀਂ ਜਾਂ ਫਿਰ ਕਬੂਤਰ ਵਾਂਗ ਅੱਖਾਂ ਬੰਦ ਕਰ ਕੇ ਬੈਠੇ ਹਨ? ਅਜਿਹੀ ਪਹੁੰਚ ਤਿਆਗੋਗੇ ਅਤੇ ਨਿੱਜੀ ਹਿੱਤਾਂ ਤੋਂ ਉੱਚੇ ਉਠੋਗੇ ਤਾਂ ਮਾਂ-ਬੋਲੀ ਨੂੰ ਅੱਧਾ ਖ਼ਤਰਾ ਤਾਂ ਆਪਣੇ ਆਪ ਹੀ ਦੂਰ ਹੋ ਜਾਏਗਾ।
*****
(1153)