“ਰਾਜੂ ਨੂੰ ਸਕੂਲ ਦਾਖਲ ਕਰਵਾਉਣ ਸਮੇਂ ਰੀਟਾ ਅਤੇ ਅਸ਼ੋਕ ਵਿੱਚ ਫਿਰ ਖੜਕ ਪਈ ...”
(9 ਅਕਤੂਬਰ 2019)
ਰੀਟਾ ਸੋਹਣੀ ਅਤੇ ਸੁਸ਼ੀਲ ਲੜਕੀ ਸੀ। ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ ਮਾਪਿਆਂ ਨੇ ਜਲਦ ਹੀ ਉਸ ਦਾ ਵਿਆਹ ਇੱਕ ਪਿੰਡ ਵਿੱਚ ਕਰ ਦਿੱਤਾ। ਸ਼ਹਿਰ ਵਿੱਚ ਜੰਮੀ ਪਲੀ ਹੋਣ ਕਰਕੇ ਪਿੰਡ ਵਿੱਚ ਜਾਣ ਨੂੰ ਉਹ ਪਹਿਲਾਂ ਤਿਆਰ ਨਹੀਂ ਸੀ ਪਰ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਮੁੰਡਾ (ਅਸ਼ੋਕ) ਸਰਕਾਰੀ ਨੌਕਰ ਹੈ, ਆਪਣਾ ਘਰ ਹੈ ਅਤੇ ਸਾਰੇ ਵੱਡੇ ਭੈਣ ਭਰਾ ਵਿਆਹੇ ਹੋਏ ਹਨ। ਅਸ਼ੋਕ ਕੋਲ ਉਸ ਦੀ ਬਜ਼ੁਰਗ ਮਾਤਾ ਰਹਿੰਦੀ ਹੈ ਅਤੇ ਹੋਰ ਕੋਈ ਜ਼ਿੰਮੇਵਾਰੀ ਨਹੀਂ। ਆਖਰ ਰੀਟਾ ਮੰਨ ਗਈ। ਦੋਵਾਂ ਦਾ ਵਿਆਹ ਹੋ ਗਿਆ।
ਪਰ ਕੁਝ ਦਿਨਾਂ ਬਾਅਦ ਹੀ ਰੀਟਾ ਨੂੰ ਅਹਿਸਾਸ ਹੋਣ ਲੱਗਾ ਕਿ ਜਿਵੇਂ ਉਹ ਕੈਦ ਵਿੱਚ ਆ ਗਈ ਹੋਵੇ। ਅਸ਼ੋਕ ਭਾਵੇਂ ਸਰਕਾਰੀ ਨੌਕਰ ਸੀ ਪਰ ਅਹੁਦਾ ਨੀਵਾਂ ਹੋਣ ਕਰਕੇ ਉਸ ਦੀ ਤਨਖਾਹ ਬਹੁਤ ਘੱਟ ਸੀ। ਰੀਟਾ ਨੂੰ ਹਾਰ ਸ਼ਿੰਗਾਰ ਕਰਨ ਦਾ ਬਹੁਤ ਸ਼ੌਕ ਸੀ। ਉਸ ਦੇ ਕਈ ਹੋਰ ਅਰਮਾਨ ਸਨ, ਜੋ ਦੱਬ ਕੇ ਹੀ ਰਹਿ ਗਏ। ਆਪਣੇ ਦਾਜ ਨਾਲ ਕਈ ਸਾੜੀਆਂ ਉਹ ਆਪਣੇ ਨਾਲ ਲੈ ਕੇ ਆਈ ਸੀ ਪਰ ਸਹੁਰੇ ਪਰਿਵਾਰ ਵਿੱਚ ਉਸ ਨੂੰ ਸਾੜ੍ਹੀ ਪਾਉਣ ਦੀ ਮਨਾਹੀ ਸੀ। ਰੀਟਾ ਦੇ ਜੇਠ ਜੇਠਾਣੀਆਂ ਪਹਿਲਾਂ ਹੀ ਪਰਿਵਾਰ ਤੋਂ ਵੱਖ ਹੋ ਕੇ ਸ਼ਹਿਰਾਂ ਵਿੱਚ ਜਾ ਵਸੇ ਸਨ। ਘਰ ਵਿੱਚ ਉਸ ਦੀ ਸੱਸ ਸੀ ਜੋ ਬਿਮਾਰ ਰਹਿੰਦੀ ਸੀ। ਉਹ ਕਦੇ ਵੀ ਰੀਟਾ ਨੂੰ ਕਿਸੇ ਵੀ ਗੱਲ ਤੋਂ ਨਹੀਂ ਸੀ ਟੋਕਦੀ। ਕੇਵਲ ਰੀਟਾ ਦਾ ਪਤੀ ਹੀ ਉਸ ਉੱਪਰ ਰੋਕਾਂ ਲਾਉਂਦਾ ਰਹਿੰਦਾ। ਰੀਟਾ ਜ਼ਿਆਦਾ ਸੋਹਣੀ ਹੋਣ ਕਰਕੇ ਅਸ਼ੋਕ ਨੂੰ ਬੇਵਸਾਹੀ ਜਿਹੀ ਰਹਿੰਦੀ। ਰੀਟਾ ਦੁਖੀ ਰਹਿਣ ਲੱਗ ਪਈ ਅਤੇ ਉਸ ਸਮੇਂ ਨੂੰ ਕੋਸਣ ਲੱਗੀ ਜਦੋਂ ਉਨ੍ਹਾਂ ਦਾ ਰਿਸ਼ਤਾ ਤੈਅ ਹੋਇਆ ਸੀ। ਉਸਨੂੰ ਆਪਣੀਆਂ ਮਾਸੀ ਦੀਆਂ ਕੁੜੀਆਂ ਦੀ ਯਾਦ ਆਉਂਦੀ ਰਹਿੰਦੀ ਜੋ ਬਹੁਤ ਅਮੀਰ ਘਰਾਂ ਵਿੱਚ ਵਿਆਹੀਆਂ ਗਈਆਂ ਅਤੇ ਜਿਨ੍ਹਾਂ ਦੇ ਪਤੀ ਵੱਡੇ ਅਫਸਰ ਸਨ। “ਕਾਸ਼! ਮੈਂ ਵੀ ਵੱਡੇ ਸ਼ਹਿਰ ਵਿੱਚ ਵਿਆਹੀ ਜਾਂਦੀ ਤੇ ਮੇਰਾ ਪਤੀ ਵੀ ਅਫਸਰ ਹੁੰਦਾ” ਰੀਟਾ ਕਈ ਵਾਰ ਆਪਣੇ ਮਨ ਵਿੱਚ ਸੋਚਦੀ ਰਹਿੰਦੀ।
ਸਾਲ ਬਾਅਦ ਰੀਟਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰੀਟਾ ਖੁਸ਼ ਸੀ, ਉਸਨੂੰ ਮਨ ਪਰਚਾਉਣ ਲਈ ਇੱਕ ਖਿਡੌਣਾ ਮਿਲ ਗਿਆ ਸੀ। ਬੜੇ ਚਾਵਾਂ ਨਾਲ ਰੀਟਾ ਨੇ ਆਪਣੇ ਪੁੱਤਰ ਦਾ ਨਾਮ ਰਾਜੂ ਰੱਖਿਆ। ਪਰ ਅਚਾਨਕ ਇੱਕ ਦਿਨ ਰੀਟਾ ਦੀ ਸੱਸ ਹਾਰਟ ਅਟੈਕ ਨਾਲ ਮਰ ਗਈ। ਰੀਟਾ ਲਈ ਬਹੁਤ ਵੱਡਾ ਘਾਟਾ ਸੀ ਕਿਉਂਕਿ ਜਦੋਂ ਕਦੇ ਅਸ਼ੋਕ ਰੀਟਾ ਨਾਲ ਕੁੱਟ ਮਾਰ ਕਰਦਾ ਸੀ ਤਾਂ ਰੀਟਾ ਦੀ ਸੱਸ ਅਸ਼ੋਕ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ਅਤੇ ਰੀਟਾ ਦਾ ਸਾਥ ਵੀ ਦਿੰਦੀ ਸੀ। ਪਰ ਅਸ਼ੋਕ ਹੁਣ ਬੇਲਗਾਮ ਹੋ ਗਿਆ। ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਅਸ਼ੋਕ ਦੀਆਂ ਜ਼ਿਆਦਤੀਆਂ ਵਧ ਗਈਆਂ ਸਨ। ਰੋਂਦੀ ਕੁਰਲਾਉਂਦੀ ਰੀਟਾ ਆਪਣੇ ਪੇਕੇ ਪਰਤ ਗਈ।
ਉਸ ਦੇ ਛੋਟੇ ਭੈਣ ਭਰਾ ਅਜੇ ਵਿਆਹੁਣ ਵਾਲੇ ਸਨ ਤੇ ਪੇਕੇ ਘਰ ਦੀ ਆਰਥਿਕ ਹਾਲਤ ਵੀ ਕਾਫੀ ਪਤਲੀ ਸੀ। ਇਸ ਕਰਕੇ ਉਹ ਜ਼ਿਆਦਾ ਦੇਰ ਪੇਕੇ ਨਾ ਰਹਿ ਸਕੀ। ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਅਸ਼ੋਕ ਤੇ ਰੀਟਾ ਦਾ ਸਮਝੌਤਾ ਕਰਵਾ ਦਿੱਤਾ।
ਰਾਜੁ ਚਾਰ ਸਾਲ ਦਾ ਹੋ ਗਿਆ। ਰਾਜੂ ਨੂੰ ਸਕੂਲ ਦਾਖਲ ਕਰਵਾਉਣ ਸਮੇਂ ਰੀਟਾ ਅਤੇ ਅਸ਼ੋਕ ਵਿੱਚ ਫਿਰ ਖੜਕ ਪਈ। ਅਸ਼ੋਕ ਚਾਹੁੰਦਾ ਸੀ ਕਿ ਰਾਜੂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪਾ ਦਿੱਤਾ ਜਾਵੇ ਪਰ ਰੀਟਾ ਚਾਹੁੰਦੀ ਸੀ ਕਿ ਉਸ ਨੂੰ ਸ਼ਹਿਰ ਦੇ ਕਿਸੇ ਅੰਗਰੇਜ਼ੀ ਅੰਗਰੇਜ਼ੀ ਸਕੂਲ ਵਿੱਚ ਪਾਇਆ ਜਾਵੇ।
“ਮੈਂ ਮਹਿੰਗੇ ਸਕੂਲਾਂ ਲਈ ਪੈਸੇ ਕਿੱਥੋਂ ਲਿਆਵਾਂ?” ਅਸ਼ੋਕ ਕੜਕ ਕੇ ਬੋਲਿਆ, “ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ।”
ਰੀਟਾ ਬੋਲੀ, “ਤੁਸੀਂ ਫਿਕਰ ਨਾ ਕਰੋ, ਜਦ ਮੈਂ ਪੇਕੇ ਘਰ ਸੀ ਮੇਰੀ ਮਾਂ ਨੇ ਮੈਂਨੂੰ ਸਿਲਾਈ ਦਾ ਕੰਮ ਬਹੁਤ ਚੰਗੀ ਤਰ੍ਹਾਂ ਸਿਖਾਇਆ ਹੋਇਆ ਹੈ। ਇਹ ਪਿੰਡ ਕਾਫੀ ਵੱਡਾ ਹੋਣ ਕਰਕੇ ਮੇਰਾ ਸਿਲਾਈ ਦਾ ਕੰਮ ਇੱਥੇ ਚੱਲ ਜਾਵੇਗਾ।” ਅਸ਼ੋਕ ਮੰਨ ਗਿਆ ਤੇ ਇੱਕ ਸਲਾਈ ਵਾਲੀ ਨਵੀਂ ਮਸ਼ੀਨ ਖਰੀਦ ਲਈ ਗਈ।
ਸਿਲਾਈ ਦਾ ਕੰਮ ਇੰਨਾ ਚੱਲਿਆ ਕਿ ਰੀਟਾ ਨੂੰ ਗੱਲ ਕਰਨ ਦੀ ਵੀ ਵਿਹਲ ਨਾ ਮਿਲਦੀ। ਰਾਜੂ ਸ਼ਹਿਰ ਵਿੱਚ ਪੜ੍ਹਨ ਲਾ ਦਿੱਤਾ। ਉਸ ਨੂੰ ਲੈਣ ਇੱਕ ਸਕੂਲ ਦੀ ਵੈਨ ਆਇਆ ਕਰਦੀ। ਸਮਾਂ ਤੇਜ਼ੀ ਨਾਲ ਬੀਤਦਾ ਗਿਆ ਤੇ ਰਾਜੂ ਨੇ ਬੀ ਏ ਕਰ ਲਈ। ਰੀਟਾ ਨੂੰ ਤਸੱਲੀ ਹੋ ਗਈ ਕਿ ਉਹ ਅੱਗੇ ਹੋਰ ਪੜ੍ਹਾਈ ਕਰਕੇ ਜ਼ਿੰਦਗੀ ਵਿੱਚ ਕੁਝ ਬਣ ਜਾਵੇਗਾ ਅਤੇ ਉਸ ਦੀ ਜ਼ਿੰਦਗੀ ਵੀ ਸੁਖ ਆਰਾਮ ਨਾਲ ਕੱਟ ਜਾਵੇਗੀ।
ਪਰ ਅਸ਼ੋਕ ਦੇ ਸੁਭਾਅ ਵਿੱਚ ਉਮਰ ਵਧਣ ਦੇ ਨਾਲ ਵੀ ਕੋਈ ਤਬਦੀਲੀ ਨਾ ਆਈ ਉਹ ਪਹਿਲਾਂ ਵਾਂਗ ਕੱਬਾ ਤੇ ਅੜਬ ਸੀ। ਇੱਕ ਦਿਨ ਰਾਜੂ ਨੂੰ ਉਸ ਦੇ ਤਿੰਨ ਚਾਰ ਦੋਸਤ ਮਿਲਣ ਉਸਦੇ ਘਰ ਆ ਗਏ ਜੋ ਉਸਦੇ ਕਦੇ ਹਮਜਮਾਤੀ ਸਨ। ਉਹ ਘਰ ਦੀ ਬਾਹਰਲੀ ਬੈਠਕ ਵਿੱਚ ਬੈਠੇ ਹਾਸਾ ਠੱਠਾ ਕਰ ਰਹੇ ਸਨ। ਇੰਨੇ ਵਿੱਚ ਅਸ਼ੋਕ ਡਿਊਟੀ ਤੋਂ ਵਾਪਸ ਆਇਆ ਅਤੇ ਸਿੱਧਾ ਬੈਠਕ ਵਿੱਚ ਜਾ ਵੜਿਆ, “ਤੂੰ ਬੀ ਏ ਕਰਕੇ ਕੋਈ ਮਾਰਕਾ ਮਾਰ ਲਿਆ? ਤੇਰੀ ਉਮਰ ਦਾ ਤਾਂ ਮੈਂ ਨੌਕਰੀ ਲੱਗ ਗਿਆ ਸੀ। ਤੈਨੂੰ ਵਿਹਲੇ ਬੈਠੇ ਖਾਣ ਦੀ ਆਦਤ ਪੈ ਗਈ ਏ। ਸਾਰਾ ਦਿਨ ਬੈਠਾ ਘਰ ਮੰਜੇ ਤੋੜਦਾ ਰਹਿੰਦਾ ਏ।” ਅਸ਼ੋਕ ਨੇ ਤਲਖੀ ਭਰੇ ਸ਼ਬਦ ਰਾਜੂ ਨੂੰ ਕਹੇ।
“ਡੈਡੀ ਮੈਂ ਬੈਂਕ ਵਿੱਚ ਅਪਲਾਈ ਕੀਤਾ ਹੈ, ਮੇਰਾ ਇੱਕ ਦੋ ਦਿਨਾਂ ਤੱਕ ਰੋਲ ਨੰਬਰ ਆਉਣ ਵਾਲਾ ਹੈ। ਮੇਰੀ ਬੈਂਕ ਦੇ ਟੈਸਟ ਦੀ ਪੂਰੀ ਤਿਆਰੀ ਹੈ।” ਮੁੰਡੇ ਨੇ ਕਿਹਾ।
“ਭੌਂਕ ਨਾ ਬਹੁਤਾ। ਮੈਂ ਜਾਣਦਾ ਵੱਡੇ ਟੈਸਟ ਦੇਣ ਵਾਲੇ ਨੂੰ।” ਅਸ਼ੋਕ ਲੋਹਾ ਲਾਖਾ ਹੋ ਕੇ ਬੋਲਿਆ। ਇਹ ਸੁਣ ਕੇ ਰਾਜੂ ਦੇ ਮਿੱਤਰ ਉੱਥੋਂ ਤਿੱਤਰ ਹੋ ਗਏ। ਰਾਜੂ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਬਿਨਾਂ ਖਾਧੇ ਪੀਤੇ ਸੌਂ ਗਿਆ।
ਸਵੇਰੇ ਜਦੋਂ ਰੀਟਾ ਚਾਹ ਲੈ ਕੇ ਰਾਜੂ ਦੇ ਕਮਰੇ ਵਿੱਚ ਗਈ ਤਾਂ ਵੇਖਿਆ, ਰਾਜੂ ਪੱਖੇ ਨਾਲ ਲਟਕਿਆ ਹੋਇਆ ਸੀ। ਵੇਖ ਕੇ ਰੀਟਾ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਤੇ ਉਹ ਧਾਹਾਂ ਮਾਰ ਕੇ ਰੋਣ ਲੱਗ ਪਈ, “ਮੈਨੂੰ ਛੱਡ ਕੇ ਕਿੱਥੇ ਚਲਾ ਗਿਆ ਤੂੰ। ਤੇਰੇ ਬਿਨਾਂ ਜ਼ਿੰਦਗੀ ਕਿਵੇਂ ਕੱਟਾਂਗੀ?” ਰੀਟਾ ਦੀਆਂ ਚੀਕਾਂ ਦੀ ਉੱਚੀ ਆਵਾਜ਼ ਅੰਬਰਾਂ ਨੂੰ ਵੀ ਚੀਰ ਗਈ।
ਦੁਪਹਿਰ ਨੂੰ ਜਦੋਂ ਰਾਜੂ ਨੂੰ ਸ਼ਮਸ਼ਾਨਘਾਟ ਲਈ ਲੈ ਕੇ ਜਾਣ ਦੀ ਤਿਆਰੀ ਹੋ ਰਹੀ ਸੀ, ਉਸ ਸਮੇਂ ਡਾਕੀਆ ਉਹਨਾਂ ਦੇ ਦਰਵਾਜ਼ੇ ਉੱਤੇ ਰਾਜੂ ਦਾ ਰੋਲ ਨੰਬਰ ਫੜੀ ਖੜ੍ਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1764)
(ਸਰੋਕਾਰ ਨਾਲ ਸੰਪਰਕ ਲਈ: