“ਮੈਂ ਉਸ ਵਿਦਿਆਰਥੀਆਂ (ਲੜਕਿਆਂ) ਦੇ ਸਮੂਹ ਦੇ ਕੋਲ ਗਿਆ ਅਤੇ ਪੁੱਛਿਆ ...”
(21 ਜਨਵਰੀ 2019)
ਪੰਜਾਬ ਵਿੱਚ ਹੀ ਨਹੀਂ, ਸਮੁੱਚੇ ਭਾਰਤ ਵਿੱਚ ਹਰ ਗੱਲ ਵਿੱਚ ਭੈਣ ਦੀ ਗਾਲ੍ਹ ਲਗਾਤਾਰ ਸੁਣਾਈ ਦਿੰਦੀ ਹੈ ਅਤੇ ਅੱਜ ਕਲ ਇਹ ਵਰਤਾਰਾ ਗੱਲਾਂ ਵਿੱਚ ਆਮ ਹੀ ਸ਼ਬਦਾਵਲੀ ਦਾ ਹਿੱਸਾ ਬਣ ਰਿਹਾ ਹੈ। ਡਾਕਟਰ ਹੋਵੇ ਜਾਂ ਆਮ ਬੰਦਾ, ਲਈ ਇਸ ਤੋਂ ਬਿਨਾਂ ਹਰ ਗੱਲ ਅਧੂਰੀ ਰਹਿੰਦੀ ਹੈ, ਜਿਵੇਂ ਭਾਵੇਂ ਮਾਂ ਭੈਣ ਦੀ ਗਾਲ੍ਹ ਦੇਣਾ ਅਤੇ ਸੁਣਨਾ ਸਮਾਜ ਦੇ ਵੱਡੇ ਹਿੱਸੇ ਲਈ ਮਾਮੂਲੀ ਗੱਲ ਹੋਵੇ। ਉਮਰ ਇਸ ਵਿੱਚ ਕੋਈ ਸਥਾਨ ਨਹੀਂ ਰੱਖਦੀ। ਪਰ ਇਹ ਗਾਲ੍ਹਾਂ ਇਸਤਰੀਆਂ ਦੇ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰਦੀਆਂ ਹਨ। ਸਮਾਜ ਇਸ ਪ੍ਰਤੀ ਜਾਣ ਬੁੱਝ ਕੇ ਅਣਜਾਣ ਬਣੇ ਰਹਿਣਾ ਚਾਹੁੰਦਾ ਹੈ ਤੇ ਨਾਲ ਹੀ ਪੁਰਸ਼ਾਂ ਨੂੰ ਰੋਕਣ ਦੀ ਜਗ੍ਹਾ ਇਸਤਰੀਆਂ ਵਲੋਂ ਇਸ ਨੂੰ ਸਧਾਰਨ ਜਿਹਾ ਮੰਨ ਕੇ ਸਹਿਣ ਦੀ ਆਸ਼ਾ ਕਰਦਾ ਹੈ। ਗਾਲ੍ਹਾਂ ਦਾ ਸਮਾਜ ਸ਼ਾਸਤਰ ਹੀ ਸਮਾਜ ਦੀ ਉਸ ਸ਼ਕਤੀ ਸੰਰਚਨਾ ਦੀ ਵਿਆਖਿਆ ਕਰਦਾ ਹੈ, ਜਿਸ ਵਿੱਚ ਔਰਤ ਦੀ ਕੋਈ ਨਿੱਜੀ ਇੱਜ਼ਤ ਨਹੀਂ ਹੁੰਦੀ।
ਲੋਕਾਂ ਵਿੱਚ ਆਪਸ ਵਿੱਚ ਕੋਈ ਬਹਿਸ ਹੋਈ ਨਹੀਂ ਕਿ ਇਸਤਰੀ ਦੇ ਯੌਨਾਂਗਾਂ ਨਾਲ ਜੁੜੀ ਅਪਮਾਨਜਨਕ ਸ਼ਬਦਾਵਲੀ ਦੀ ਝੜੀ ਲੱਗ ਜਾਂਦੀ ਹੈ। ਔਰਤਾਂ ਤੇ ਮਾਲਿਕਾਨੇ ਦਾ ਭਾਵ ਹੀ ਅਜਿਹੀ ਗਾਲ੍ਹਾਂ ਦੇ ਜ਼ਰੀਏ ਉਸ ਸਮੂਹਕ ਝੁੰਜਲਾਹਟ ਨੂੰ ਪ੍ਰਗਟ ਕਰਦਾ ਹੈ ਜੋ ਉਸ ਨੂੰ ਵਰਤੋਂ ਦੀ ਚੀਜ਼ ਮੰਨ ਕੇ ਹਿੰਸਾ ਨੂੰ ਜਨਮ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਇੱਕ ਤੋਂ ਇੱਕ ਸਖ਼ਤ ਕਾਨੂੰਨਾਂ ਦੇ ਬਾਵਜੂਦ ਔਰਤਾਂ ਦੇ ਪ੍ਰਤੀ ਹਿੰਸਾ ਰੁਕ ਨਹੀਂ ਰਹੀ।
ਸਮੱਸਿਆ ਦੀ ਜੜ੍ਹ ਸਮਾਜ ਦੇ ਮਨ ਦੀ ਬਿਰਤੀ ਵਿੱਚ ਡੂੰਘੀ ਦੱਬੀ ਹੋਈ ਹੈ, ਜੋ ਅਚਾਨਕ ਨਹੀਂ ਬਦਲ ਸਕਦੀ। ਕਦੇ ਕਿਸੇ ਨੇ ਸੋਚਿਆ ਹੈ ਕਿ ਔਰਤਾਂ ਜਦੋਂ ਸਰਵਜਨਕ ਥਾਵਾਂ ਉੱਤੇ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਸੁਣਦੀਆਂ ਹਨ ਤਾਂ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੈ? ਘਰ ਹੋਵੇ ਜਾਂ ਸੜਕ, ਲੋਕਾਂ ਦੀ ਹਰ ਬਹਿਸ ਵਿੱਚ ਮਾਂ ਭੈਣ ਦੀਆਂ ਗਾਲ੍ਹਾਂ ਇੰਨੇ ਸਵੈਭਾਵਕ ਰੂਪ ਨਲ ਸ਼ਾਮਿਲ ਰਹਿੰਦੀਆਂ ਹਨ ਕਿ ਆਸ ਪਾਸ ਮੌਜੂਦ ਇਸਤਰੀਆਂ ਦੀ ਪਰਵਾਹ ਕਰਨ ਦੀ ਜ਼ਰੂਰਤ ਕਿਸੇ ਨੂੰ ਮਹਿਸੂਸ ਹੀ ਨਹੀਂ ਹੁੰਦੀ।
ਪੰਜਾਬੀ ਯੂਨੀਵਰਸਟੀ ਦੇ ਸਾਮਾਜਕ ਵਿਗਿਆਨ ਵਿਭਾਗ ਦੇ ਸਾਹਮਣੇ ਵਿਦਿਆਰਥੀ ਵਿਦਿਆਰਥਨਾਂ ਦੇ ਕੁਝ ਸਮੂਹ ਧੁੱਪ ਸੇਕ ਰਹੇ ਸਨ। ਮੁੰਡਿਆਂ ਦੇ ਇੱਕ ਸਮੂਹ ਨੇ ਤੇਜ਼ ਅਵਾਜ਼ ਵਿੱਚ ਮਜ਼ਾਕ ਦੇ ਅੰਦਾਜ਼ ਵਿੱਚ ਅਸ਼ਲੀਲ ਗਾਲ੍ਹਾਂ ਦੀ ਝੜੀ ਲਗਾ ਦਿੱਤੀ। ਉੱਥੇ ਇੱਕ ਅਸਹਿਜਤਾਂ ਸੀ। ਲੜਕੀਆਂ ਦੀਆਂ ਨਜ਼ਰਾਂ ਕਿਤਾਬਾਂ ਉੱਤੇ ਝੁਕੀ ਹੋਈਆਂ ਸਨ। ਹੈਰਾਨੀ ਦੀ ਗੱਲ ਸੀ ਕਿ ਮੁੰਡੇ ਕੁੜੀਆਂ ਦਾ ਇੱਕ ਸਮੂਹ ਇਸ ਦੇ ਪ੍ਰਤੀ ਅਣਜਾਣ ਬਣਿਆ ਰਿਹਾ। ਮੈਂ ਉਸ ਵਿਦਿਆਰਥੀਆਂ (ਲੜਕਿਆਂ) ਦੇ ਸਮੂਹ ਦੇ ਕੋਲ ਗਿਆ ਅਤੇ ਪੁੱਛਿਆ ਕਿ ਕੀ ਉਹ ਮੰਨ ਕੇ ਚਲਦੇ ਹਨ ਕਿ ਧੁੱਪੇ ਬੈਠਣ ਦਾ ਹੱਕ ਸਿਰਫ ਉਨ੍ਹਾਂ ਦਾ ਹੀ ਹੈ? ਕੀ ਉਨ੍ਹਾਂ ਦੀ ਗਾਲ੍ਹਾਂ ਇੱਕ ਸਰਵਜਨਿਕ ਸਥਾਨ ’ਤੇ ਲੜਕੀਆਂ ਦਾ ਸਪੇਸ ਘੱਟ ਨਹੀਂ ਕਰ ਰਹੀਆਂ? ਸਮੂਹ ਵਿੱਚ ਇੱਕ ਵਿਦਿਆਰਥੀ ਨੂੰ ਛੱਡ ਕੇ ਸਭ ਨੇ ਆਪਣੀ ਗਲਤੀ ਮੰਨੀ ਅਤੇ ਮੁਆਫੀ ਮੰਗੀ। ਇਸ ਘਟਨਾ ਦੇ ਬਾਅਦ ਜੇਕਰ ਇੱਕ ਵਿਦਿਆਰਥੀ ਨੇ ਵੀ ਇਹ ਸੰਕਲਪ ਲਿਆ ਹੋਵੇ ਕਿ ਭਵਿੱਖ ਵਿੱਚ ਉਹ ਇਸਤਰੀ ਵਿਰੋਧੀ ਗਾਲ੍ਹਾਂ ਦਾ ਇਸਤੇਮਾਲ ਨਹੀਂ ਕਰੇਗਾ ਤਾਂ ਉਹ ਔਰਤਾਂ ਦਾ ਸੱਚਾ ਹਮਦਰਦ ਹੋਵੇਗਾ।
ਸਰਕਾਰਾਂ ਵੀ ਅਨੇਕ ਸਵੈ-ਸੇਵੀ ਸੰਸਥਾਵਾਂ ਅਤੇ ਸੰਗਠਨਾਂ ਰਾਹੀਂ ਪਾਠਕਰਮਾਂ ਵਿੱਚ ਛਿਪੇ ਲੈਂਗਿਕ ਵਿਤਕਰਿਆਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਲਖਨਊ ਸਥਿਤ ਏਨਜੀਓ ‘ਸਾਂਝੀ ਦੁਨੀਆ’ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਯੂਪੀ ਬੋਰਡ ਦੀ ਜਮਾਤ ਨੌਂ ਅਤੇ ਦਸ ਦੇ ਹਿੰਦੀ ਅਤੇ ਅੰਗਰੇਜ਼ੀ ਦੇ ਕੋਰਸ ਵਿੱਚ ਬੱਚਿਆਂ ਨੂੰ ਆਵੇਦਨ ਲਿਖਣਾ ਸਿਖਾਉਣ ਲਈ ਜਿੰਨੇ ਵੀ ਉਦਾਹਰਣ ਦਿੱਤੇ ਗਏ ਹਨ, ਸਾਰੇ ਮਰਦਾਂ ਨੇ ਹੀ ਲਿਖੇ ਹਨ। ਇਸੇ ਤਰ੍ਹਾਂ ਯੂਪੀ ਬੋਰਡ ਦੀ ਹੀ ਇੰਟਰਮੀਡੀਏਟ ਦੀ ਕਿਤਾਬ ‘ਗਦਿਅ ਗਰਿਮਾ’ ਵਿੱਚ ਕੁਲ ਸੋਲਾਂ ਅਧਿਆਏ ਹਨ ਪਰ ਇਹਨਾਂ ਵਿੱਚ ਇੱਕ ਵੀ ਇਸਤਰੀ ਨੇ ਨਹੀਂ ਲਿਖਿਆ। ਇਹ ਤਾਂ ਨਹੀਂ ਕਹਿ ਸਕਦੇ ਕਿ ਕੋਰਸ ਤੈਅ ਕਰਨ ਵਾਲਿਆਂ ਨੇ ਕਿਸੇ ਸਾਜ਼ਿਸ਼ ਦੇ ਤਹਿਤ ਅਜਿਹਾ ਕੀਤਾਂ ਹੋਵੇਗਾ। ਇੰਨਾ ਤਾਂ ਹੈ ਹੀ ਕਿ ਕੋਰਸ ਬਣਾਉਂਦੇ ਸਮੇਂ ਜੈਂਡਰ ਉਨ੍ਹਾਂ ਦੇ ਜ਼ਿਹਨ ਵਿੱਚ ਕਦੇ ਵੀ ਨਹੀਂ ਸੀ। ਇਸ ਲਈ ਇਹ ਕਿਤਾਬਾਂ ਓੜਕ ਸਟੀਰੀਓਟਾਈਪ ਉਦਾਹਰਨਾਂ ਨਾਲ ਭਰ ਗਈਆਂ। ਚੰਗੀ ਗੱਲ ਇਹ ਹੈ ਕਿ ਹੌਲੀ ਰਫ਼ਤਾਰ ਹੀ ਸਹੀ, ਅਸੀਂ ਸਮਾਜ ਦੀ ਸੋਚ ਵਿੱਚ ਡੂੰਘੀ ਬੈਠੀ ਜੈਂਡਰ ਸਟੀਰੀਓਟਾਈਪ ਦੀਆਂ ਗੜਬੜਾਂ ਨੂੰ ਲੱਭ ਕੇ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ।
ਜਿਵੇਂ ਯੂਨੀਵਰਸਟੀਆਂ ਦੇ ਪਰਿਸਰ ਵਿੱਚ ਜਗ੍ਹਾ ਜਗ੍ਹਾ ਉੱਤੇ ਰੈਗਿੰਗ ਨੂੰ ਸਜ਼ਾ ਯੋਗ ਦੋਸ਼ ਦੱਸਣ ਵਾਲੀਆਂ ਸੂਚਨਾਵਾਂ ਲਗਾਈ ਜਾਂਦੀਆਂ ਹਨ, ਉਂਜ ਹੀ ਪਰਿਸਰਾਂ ਦੇ ਲੈਂਗਿਕ ਸੰਵੇਦੀਕਰਣ ਲਈ ਇਸਤਰੀ ਨੂੰ ਸੰਬੋਧਿਤ ਗਾਲ੍ਹਾਂ ਦੀ ਮਨਾਹੀ ਸਬੰਧੀ ਸੂਚਨਾਵਾਂ ਵੀ ਲਗਾਈ ਜਾਣ। ਜੇਕਰ ਨੀਂਹ ਵਿੱਚ ਹੀ ਲੈਂਗਿਕ ਸਮਾਨਤਾ ਦੀ ਭਾਵਨਾ ਵਿਕਸਿਤ ਕੀਤੀ ਜਾਵੇ ਤਾਂ ਸ਼ਾਇਦ ਅਗਲੀ ਪੀੜ੍ਹੀ ਔਰਤਾਂ ਲਈ ਇੱਕ ਸੁਰੱਖਿਅਤ ਭਾਰਤ ਬਣਾ ਪਾਏ।
*****
(1467)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)