“ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਤਕ ਪਹੁੰਚਾਉਣ ਵਾਲੇ ਇਸ ਸ਼ਾਇਰ ਦੀ ਸਾਰੀ ਉਮਰ ਹੀ ਤੰਗੀਆਂ ਤੁਰਸ਼ੀਆਂ ...”
(15 ਮਈ 2024)
ਇਸ ਸਮੇਂ ਪਾਠਕ: 80.
ਮਹਾਨ ਪੁਰਖ਼ ਹੁੰਦੇ ਨੇ ਉਹ ਜੋ ਆਪਣੀਆਂ ਮੁਸੀਬਤਾਂ ਨਾਲ ਦੋ-ਚਾਰ ਹੁੰਦੇ ਹੋਏ ਵੀ ਲੋਕਾਂ ਦੀ ਗੱਲ ਕਰਦੇ ਹਨ। ਆਪਣੇ ਦੁੱਖ ਨੂੰ ਘੱਟ ਤੇ ਲੋਕਾਂ ਦੇ ਦੁੱਖ ਨੂੰ ਵੱਧ ਮਹਿਸੂਸ ਕਰਦੇ ਹਨ। ਪਰ ਅਜਿਹੇ ਮਨੁੱਖ ਹੁੰਦੇ ਟਾਵੇਂ-ਟਾਵੇਂ ਹੀ ਨੇ। ਗੁਰਬਤ ਭਰੇ ਦਿਨ ਕੱਟਣੇ ਤੇ ਫਿਰ ਲੋਕਾਈ ਲਈ ਸੋਚਣਾ, ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ। ਇਹ ਉਹ ਲੋਕ ਹੀ ਹੁੰਦੇ ਹਨ, ਜਿਨ੍ਹਾਂ ਨੂੰ ਲੋਕਾਂ ਨਾਲ ਅਥਾਹ ਮੋਹ ਹੁੰਦਾ ਹੈ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਹੋਰ ਕਿੰਨੇ ਹੀ ਕਵੀ ਹੋਣਗੇ ਜੋ ਗਰੀਬੀ ਦੇ ਦਿਨਾਂ ਵਿੱਚੋਂ ਲੰਘਦਿਆਂ ਵੀ ਲੋਕਾਂ ਬਾਰੇ ਸੋਚਦੇ ਰਹੇ। ਇਸ ਲੜੀ ਵਿੱਚ ਇੱਕ ਨਾਂ ਆਉਂਦਾ ਹੈ, ਜਿਸ ਨੇ ਭੁੱਖ-ਨੰਗ ਨਾਲ ਘੁਲਦਿਆਂ ਵੀ ਲੋਕਾਈ ਦੇ ਦਰਦ ਨੂੰ ਚਿੱਤਰਿਆ, ਉਹ ਹਨ ਗ਼ਜ਼ਲ ਦਾ ਬਾਬਾ ਬੋਹੜ- ਦੀਪਕ ਜੈਤੋਈ।
ਦੀਪਕ ਜੈਤੋਈ ਦਾ ਜਨਮ 26 ਅਪਰੈਲ, 1919 ਈ. ਨੂੰ ਮਾਤਾ ਵੀਰ ਕੌਰ ਦੀ ਕੁੱਖੋਂ, ਪਿਤਾ ਇੰਦਰ ਸਿੰਘ ਦੇ ਘਰ, ਇਤਿਹਾਸਕ ਕਸਬੇ ਜੈਤੋ ਵਿਖੇ ਹੋਇਆ। ਦੀਪਕ ਹੋਰੀਂ ਤਿੰਨ ਭੈਣ ਭਰਾ ਸਨ। ਵੱਡਾ ਭਰਾ ਗੁਰਬਚਨ ਸਿੰਘ ‘ਪਤੰਗ’ ਅਤੇ ਭੈਣ ਗੁਰਚਰਨ ਕੌਰ (ਸਾਬਕਾ ਰਾਜ ਸਭਾ ਮੈਂਬਰ)। ਜੈਤੋਈ ਸਾਹਿਬ ਦਾ ਵਿਆਹ ਸ਼੍ਰੀਮਤੀ ਬਲਵੰਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਬੇਟੇ ਹਰਸ਼ਰਨ ਸਿੰਘ, ਬਲਕਰਨ ਸਿੰਘ ਸੂਫ਼ੀ ਤੇ ਸਤਵਰਨ ਦੀਪਕ ਅਤੇ ਪੰਜ ਧੀਆਂ ਕੈਲਾਸ਼ ਦੇਵੀ, ਰੂਪ ਰਾਣੀ, ਭੋਲੀ ਕੌਰ, ਬੀਨਾ ਕੌਰ ਤੇ ਸੁਖਵਰਸ਼ਾ ਕੌਰ ਹਨ। ਕਵੀ ਦਾ ਪਹਿਲਾ ਨਾਂ ਗੁਰਚਰਨ ਸਿੰਘ ਰੱਖਿਆ ਗਿਆ ਸੀ, ਪਿੱਛੋਂ ਉਨ੍ਹਾਂ ਦੀਪਕ ਜੈਤੋਈ ਨਾਂ ਨਾਲ ਪ੍ਰਸਿੱਧਤਾ ਖੱਟੀ। ਤੀਜੀ ਜਮਾਤ ਵਿੱਚ ਕਵਿਤਾ ਦੇ ਰੂਪ ਵਿੱਚ ਚਿੱਠੀ ਲਿਖਣ ਵਾਲੇ ਨੂੰ ਛੋਟੀ ਉਮਰ ਵਿੱਚ ਹੀ ਲਿਖਣ ਦਾ ਚਸਕਾ ਪੈ ਗਿਆ ਸੀ।
ਦੀਪਕ ਜੈਤੋਈ ਨੇ ਸ਼ਾਇਰੀ ਦੀਆਂ ਬਰੀਕੀਆਂ ਨੂੰ ਜਾਣਨ ਲਈ ‘ਮੁਜਰਮ ਦਸੂਹੀ’ ਨੂੰ ਆਪਣਾ ਉਸਤਾਦ ਧਾਰ ਲਿਆ। ਮਾਂ ਬੋਲੀ ਦਾ ਕਵਿਕ ਚਿਹਰਾ ਮੋਹਰਾ ਦੂਜੀਆਂ ਭਸ਼ਾਵਾਂ ਦੇ ਹਾਣ ਦਾ ਬਣਾਉਣ ਦਾ ਕਵੀ ਨੂੰ ਤਜਰਬਾ ਸੀ। ਉਸ ਨੇ ਉੱਚ ਕੋਟੀ ਦੇ ਸੈਂਕੜੇ ਗੀਤ ਲਿਖੇ। ਧਾਰਮਿਕ ਗੀਤਾਂ ਉੱਤੇ ਵੀ ਕਲਮ ਚਲਾਈ। ਪ੍ਰਸਿੱਧ ਗਾਇਕਾ ਮਰਹੂਮ ‘ਨਰਿੰਦਰ ਬੀਬਾ’ ਦੀ ਸ਼ੁਰੀਲੀ ਅਵਾਜ਼ ਵਿੱਚ ਉਨ੍ਹਾਂ ਦੇ ਰਿਕਾਰਡ ਹੋਏ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ`, ‘ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ, ਵੇ ਅਸਾਂ ਨੀ ਕਨੌੜ ਝੱਲਣੀ’ ਤੇ ‘ਜੁੱਤੀ ਲਗਦੀ ਹਾਣੀਆ ਮੇਰੇ ਵੇ, ਪੁੱਟ ਨਾ ਪੁਲਾਂਘਾਂ ਲੰਮੀਆਂ’ ਇਹ ਗੀਤਾਂ ਦੀ ਆਪਣੇ ਜ਼ਮਾਨੇ ਵਿੱਚ ਬਹੁਤ ਚੜ੍ਹਤ ਰਹੀ। ‘ਸਾਕਾ ਚਾਦਨੀ ਚੌਂਕ’ ਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਐੱਚ. ਐੱਮ. ਵੀ. ਕੰਪਨੀ ਵਿੱਚ ਐੱਲ. ਪੀ. ਰਿਕਾਰਡ ਹੋਏ ਸਨ।
ਜੈਤੋਈ ਸਾਹਿਬ ਦੀਆਂ ਇੱਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ: ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂ-ਕਾਵਿ), ‘ਗ਼ਜ਼ਲ ਦੀ ਖੁਸ਼ਬੂ’, ‘ਗ਼ਜ਼ਲ ਦੀ ਅਦਾ’, ‘ਦੀਪਕ ਦੀ ਲੋਅ’, ‘ਮੇਰੀਆਂ ਚੋਣਵੀਆਂ ਗ਼ਜ਼ਲਾਂ’, ‘ਗ਼ਜ਼ਲ ਦਾ ਬਾਂਕਪਨ’, ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗ਼ਜ਼ਲ ਕੀ ਹੈ’, ‘ਮਾਡਰਨ ਗ਼ਜ਼ਲ’, ‘ਭਰਥਰੀ ਹਰੀ’, ‘ਭੁਲੇਖਾ ਪੈ ਗਿਆ’, ‘ਸਮਾਂ ਜ਼ਰੂਰ ਆਵੇਗਾ’, ‘ਸਿਕੰਦ ਗੁਪਤ’, ‘ਦੀਵਾਨੇ ਦੀਪਕ’ ਆਦਿ ਲਿਖਣ ਦਾ ਫਖਰ ਉਨ੍ਹਾਂ ਹਿੱਸੇ ਹੀ ਆਇਆ। ਗ਼ਜ਼ਲਗੋ ਨੂੰ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ-ਗ਼ਜ਼ਲ ਐਵਾਰਡ, ਮੀਰ ਤੱਕੀ ਮੀਰ ਐਵਾਰਡਾਂ ਤੋਂ ਇਲਾਵਾ ਸੈਂਕੜੇ ਹੋਰ ਇਨਾਮ ਸਨਮਾਨ ਉਨ੍ਹਾਂ ਦੇ ਝੋਲੀ ਪਏ।
ਦੀਪਕ ਸਾਹਿਬ ਨੇ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਗ਼ਜ਼ਲ ਦਾ ਬਾਬਾ ਬੋਹੜ ਅਖਵਾਇਆ। ਉਹ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ। ਇਸ ਗ਼ਜ਼ਲਗੋ ਦੇ ਅਨੇਕਾਂ ਸ਼ਗਿਰਦ ਹਨ। ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਤਕ ਪਹੁੰਚਾਉਣ ਵਾਲੇ ਇਸ ਸ਼ਾਇਰ ਦੀ ਸਾਰੀ ਉਮਰ ਹੀ ਤੰਗੀਆਂ ਤੁਰਸ਼ੀਆਂ ਵਿੱਚ ਲੰਘੀ। ਜਦੋਂ ਦੀਪਕ ਜੈਤੋਈ ਅਖੀਰਲੇ ਸਮੇਂ ਬਿਮਾਰ ਕਾਰਨ ਮੰਜੇ ’ਤੇ ਪੈ ਗਿਆ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਟੇ ਵਿੱਚੋਂ ਇੱਕ ਲੱਖ ਰੁਪਏ ਇਲਾਜ ਲਈ ਦਿੱਤੇ ਅਤੇ ਕੈਲੇਫੋਰਨੀਆਂ ਵਿੱਚ ਰਹਿੰਦੇ ਪਰਮਜੀਤ ਸਿੰਘ ਭੁੱਟਾ ਨੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਵੀ ਕਬੂਲੀ ਸੀ। ਪਰ ਕੁਦਰਤ ਨੂੰ ਜੋ ਮਨਜ਼ੂਰ ਹੋਇਆ, 12 ਫਰਵਰੀ 2005 ਈ. ਨੂੰ ਗ਼ਜ਼ਲ ਦਾ ਬਾਬਾ ਬੋਹੜ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਭਾਵੇਂ ਹਰਮਨ ਪਿਆਰਾ ਗੀਤਕਾਰ, ਕਵੀ, ਗ਼ਜ਼ਲਗੋ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਨ੍ਹਾਂ ਦੀਆਂ ਲਿਖਤਾਂ ਸਦਾ ਉਨ੍ਹਾਂ ਦੀਆਂ ਯਾਦਾਂ ਨੂੰ ਕਾਇਮ ਰੱਖਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4968)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)







































































































