ShyamSDeepti7ਜੇ ਕੋਈ ਸ਼ਖ਼ਸ ਭਗਤ ਪੂਰਨ ਸਿੰਘ ਹੁਰਾਂ ਨੂੰ ਉਨ੍ਹਾਂ ਦੇ ਜੀਵਨ-ਕਾਲ ਵਿੱਚ ...
(6 ਅਗਸਤ 2019)

 

BhagatPuranSinghਮਨੁੱਖ ਇਸ ਧਰਤੀ ਉੱਤੇ ਸਾਰੇ ਜੀਵਾਂ ਦੇ ਸਿਖ਼ਰ ’ਤੇ ਪਹੁੰਚਿਆ ਮੰਨਿਆ ਜਾਂਦਾ ਹੈ। ਇਹ ਗੱਲ ਤੱਥਾਂ ’ਤੇ ਅਧਾਰਿਤ, ਜੀਵ ਵਿਗਿਆਨੀਆਂ ਨੇ ਸਾਬਤ ਕੀਤੀ ਹੈ। ਮਨੁੱਖ ਹੋਣ ਦੀਆਂ ਕਈ ਵਿਸ਼ੇਸ਼ਤਾਵਾਂ ਹਨ, ਜੋ ਉਸ ਨੂੰ ਹੋਰ ਜਾਨਵਰਾਂ ਤੋਂ ਵਖਰਾਉਂਦੀਆਂ ਹਨ। ਦੋ ਪੈਰਾਂ ’ਤੇ ਖੜ੍ਹੇ ਹੋਣਾ, ਦੋ ਬਿਲਕੁਲ ਆਜ਼ਾਦ ਹੱਥ ਅਤੇ ਹੱਥ ਦੇ ਅੰਗੂਠਾ ਦੇ ਨਾਲ-ਨਾਲ ਦਿਮਾਗ਼ ਦੀ ਵਿਸ਼ੇਸ਼ ਬਣਤਰ, ਜਿਸ ਵਿੱਚ ਕਿਸੇ ਔਕੜ ਵੇਲੇ ਫੈਸਲਾ ਲੈਣ ਦਾ ਗੁਣ ਹੈ। ਮਨੁੱਖ ਦਾ ਆਪਣਾ ਇੱਕ ਸਮਾਜ ਹੈ। ਉਹ ਝੁੰਡ ਜਾਂ ਭੀੜ ਤੋਂ ਵੱਧ, ਮਿਲ ਕੇ ਰਹਿਣ ਵਾਲਾ ਪ੍ਰਾਣੀ ਹੈ। ਉਸ ਦੇ ਆਪਣੇ ਕੁਝ ਨੇਮ ਹਨ। ਇਸ ਤਰ੍ਹਾਂ ਮਨੁੱਖ ਸਿਰਫ਼ ਕੁਦਰਤ ਦੇ ਕਾਨੂੰਨ ਨਾਲ ਹੀ ਨਹੀਂ, ਸਗੋਂ ਸਮਾਜਿਕ ਨੇਮਾਂ ਨਾਲ ਹੀ ਗਤੀਸ਼ੀਲ ਹੁੰਦਾ ਹੈ। ਉਸ ਉੱਤੇ ਦੋ ਕਾਨੂੰਨ, ਕੁਦਰਤ ਦਾ ਅਤੇ ਸਮਾਜ ਦਾ, ਦੋਵੇਂ ਲਾਗੂ ਹੁੰਦੇ ਹਨ।

ਪਰ ਉਸ ਕੋਲ ਇੱਕ ਵਿਸ਼ੇਸ਼ਤਾ ਅਜਿਹੀ ਹੈ, ਜੋ ਮਨੁੱਖ ਨੂੰ ਵਿਲੱਖਣ ਅਤੇ ਨਿਵੇਕਲਾ ਬਣਾਉਂਦੀ ਹੈ। ਉਹ ਹੈ ਉਸ ਦੀ ਸੰਵੇਦਨਸ਼ੀਲਤਾ। ਜੇਕਰ ਓਪਰੀ ਭਾਵ ਤੋਂ ਸੰਵੇਦਨ ਹੋਣਾ ਸਮਝਣਾ ਹੋਵੇ ਤਾਂ ਉਹ ਹੈ ਗਰਮੀ-ਸਰਦੀ, ਦੁੱਖ-ਦਰਦ ਮਹਿਸੂਸ ਕਰਨਾ, ਜੋ ਕਿ ਜਾਨਵਰ ਵੀ ਕਰਦੇ ਹਨ, ਪਰ ਮਨੁੱਖ ਇਸ ਤੋਂ ਇਲਾਵਾ ਆਪਣੇ ਦਰਦ ਦੇ ਨਾਲ ਹੋਰਾਂ ਲੋਕਾਂ ਦਾ, ਆਪਣੇ ਆਲੇ-ਦੁਆਲੇ ਵਿਚਰਦੇ ਸਾਥੀਆਂ ਦਾ ਦਰਦ ਵੀ ਮਹਿਸੂਸ ਕਰ ਸਕਦਾ ਹੈ। ਮਨੁੱਖ ਦੇ ਇਸ ਅਹਿਸਾਸ ਦੀ ਮੌਜੂਦਗੀ ਮਨੁੱਖ ਦੀ ਕਲਪਨਾ ਸ਼ਕਤੀ ਕਰਕੇ ਹੈ। ਉਹ ਸੋਚਦਾ ਹੈ ਤੇ ਕਲਪਨਾ ਕਰ ਸਕਦਾ ਹੈ, ਜੇਕਰ ਮੈਂ ਇਸਦੀ ਥਾਂ ’ਤੇ ਹੁੰਦਾ, ਜੇਕਰ ਮੇਰਾ ਐਕਸੀਡੈਂਟ ਹੋ ਗਿਆ ਹੁੰਦਾ। ਜੇਕਰ ਹੜ੍ਹਾਂ ਵਿੱਚ ਮੇਰਾ ਘਰ ਡੁੱਬ ਗਿਆ ਹੁੰਦਾ, ਵਗੈਰਾ। ਇਹ ਅਹਿਸਾਸ ਸੋਚਣ ਵਾਲੇ ਵਿਅਕਤੀ ਨੂੰ ਕੰਬਣੀ ਛੇੜ ਦਿੰਦਾ ਹੈ। ਇਸ ਕਿਸਮ ਦੀ ਹੁੰਦੀ ਹੈ ਮਨੁੱਖੀ ਸੰਵੇਦਨਸ਼ੀਲਤਾ।

ਇਹੀ ਉਹ ਮਨੁੱਖੀ ਕਾਬਲੀਅਤ ਹੈ, ਜੋ ਸਾਨੂੰ ਮਨੁੱਖਾਂ ਨੂੰ ਕਿਸੇ ਵੀ ਦੁੱਖ-ਤਕਲੀਫ਼ ਜਾਂ ਮੁਸੀਬਤ ਵੇਲੇ, ਇੱਕ-ਦੂਸਰੇ ਦੀ ਮਦਦ ਲਈ ਪ੍ਰੇਰਿਤ ਕਰਦੀ ਹੈ ਤੇ ਅੱਗੇ ਵਧ ਕੇ ਸਹਾਰਾ ਦੇਣ ਲਈ ਕਾਰਜਸ਼ੀਲ ਵੀ ਕਰਦੀ ਹੈ। ਇਸੇ ਖਾਸੀਅਤ ਦੀ ਵਜ੍ਹਾ ਕਰਕੇ ਹੀ ਸਾਡੀ ਮਨੁੱਖੀ ਦੁਨੀਆ ਇੱਕ ਵੱਖਰੀ ਜਗ੍ਹਾ ਬਣ ਜਾਂਦੀ ਹੈ ਤੇ ਅਸੀਂ ਹਰ ਦੁੱਖ-ਤਕਲੀਫ਼ ਨੂੰ ਹੱਸ-ਖੇਡ ਕੇ, ਬਿਨਾਂ ਤਨਾਓ ਤੋਂ ਲੰਘਾ ਲੈਂਦੇ ਹਾਂ। ਇਸ ਮਦਦ ਕਰਨ ਦੀ ਖੂਬੀ ਨਾਲ ਕਿਸੇ ਇੱਕ ਸ਼ਖਸ ਦੀ ਜ਼ਿੰਦਗੀ ਵਧੀਆ ਅਤੇ ਸੁਖਾਲੀ ਹੁੰਦੀ ਹੈ, ਉਸੇ ਨਾਲ ਹੀ ਮਦਦ ਕਰਨ ਵਾਲੇ ਦੀ ਜ਼ਿੰਦਗੀ ਵਿੱਚ ਵੀ ਨਿਖਾਰ ਆਉਂਦਾ ਹੈ।

ਪਿੰਗਲਵਾੜਾ ਸੰਸਥਾ ਜਾਂ ਅਜਿਹੀਆਂ ਹੋਰ ਅਨੇਕਾਂ ਮੁੜ ਵਸੇਬੇ ਨਾਲ ਸੰਬੰਧਤ ਸੰਸਥਾਵਾਂ ਦਾ ਮਨੁੱਖੀ ਖਿਆਲ ਹੀ ਉਸ ਦੀ ਖਾਸੀਅਤ ਸੰਵੇਦਨਸ਼ੀਲਤਾ ਕਰਕੇ ਹੀ ਹੈ। ਮੁੜ ਵਸੇਬਾ, ਮਤਲਬ ਫਿਰ ਤੋਂ ਕਿਸੇ ਦੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣਾ। ਉਹ ਜ਼ਿੰਦਗੀ ਜੇ ਪਹਿਲਾਂ ਚੰਗੀ-ਭਲੀ, ਹੱਸਦੀ-ਖੇਡਦੀ ਲੰਘ ਰਹੀ ਸੀ ਤੇ ਇਕਦਮ ਉਸ ਵਿੱਚ ਕੋਈ ਆਫ਼ਤ ਆ ਗਈ ਤੇ ਸਭ ਕੁਝ ਤਹਿਸ-ਨਹਿਸ ਹੋ ਗਿਆ। ਇਸ ਤਰ੍ਹਾਂ ਦੀਆਂ ਅਨੇਕਾਂ ਸੰਸਥਾਵਾਂ ਜਿਵੇਂ ਅਨਾਥ ਆਸ਼ਰਮ, ਜਿੱਥੇ ਕਿਸੇ ਕਾਰਨ ਬੱਚਿਆਂ ਦੇ ਮਾਂ-ਪਿਉ ਨਹੀਂ ਰਹੇ, ਨਾਰੀ ਨਿਕੇਤਨ, ਵਿਧਵਾ ਆਸ਼ਰਮ, ਅੰਨ੍ਹੇ ਅਤੇ ਬੋਲੇ ਲੋਕਾਂ ਦੀ ਮਦਦ ਕਈ ਬਣੇ ਸਕੂਲ ਜਾਂ ਸੰਸਥਾਵਾਂ ਤੇ ਇਸੇ ਤਰ੍ਹਾਂ ਹੀ ਅਪਾਹਿਜ, ਲੂਲੇ-ਲੰਗੜੇ ਲੋਕ। ਉਹ ਲੋਕ ਜਿਨ੍ਹਾਂ ਨੂੰ ਸਮਾਜ, ਇੱਥੋਂ ਤਕ ਕਿ ਉਨ੍ਹਾਂ ਦਾ ਪਰਿਵਾਰ ਵੀ ਆਪਣੇ ਨਾਲ ਰੱਖਣ ਨੂੰ ਤਰਜੀਹ ਨਹੀਂ ਦਿੰਦਾ।

ਪਰ ਅਜੋਕੇ ਪਰਿਪੇਖ ਵਿੱਚ ਇਸ ਮੁੜ ਵਸੇਬੇ ਦੀ ਹਾਲਤ ਨੂੰ ਲੈ ਕੇ ਉਨ੍ਹਾਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਨ ਵਾਲੀਆਂ ਹਾਲਤਾਂ ਦਾ ਘੇਰਾ ਕਾਫ਼ੀ ਵਸੀਹ ਹੋ ਗਿਆ ਹੈ। ਪਹਿਲਾਂ ਇਹ ਕੁਦਰਤ ਦੀਆਂ ਆਫ਼ਤਾਂ ਤੱਕ ਸੀਮਤ ਸੀ, ਜਿਸ ’ਤੇ ਕਿਸੇ ਦਾ ਵੱਸ ਨਹੀਂ ਸੀ ਹੁੰਦਾ, ਜਿਵੇਂ ਹੜ੍ਹ, ਭੁਚਾਲ, ਤੁਫ਼ਾਨ ਅਤੇ ਇਨ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ। ਹੁਣ ਬਹੁਤ ਸਾਰੀਆਂ ਅਜਿਹੀਆਂ ਹਾਲਤਾਂ ਹਨ, ਜਿੱਥੇ ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ। ਕਹਿ ਸਕਦੇ ਹਾਂ ਕਿ ਉਹ ਮਨੁੱਖ ਵੱਲੋਂ ਸਿਰਜੀਆਂ ਗਈਆਂ ਹਾਲਤਾਂ ਹਨ।

ਜਦੋਂ ਅਸੀਂ ਨਾਰੀ ਨਿਕੇਤਨ ਜਾਂ ਵਿਧਵਾ ਆਸ਼ਰਮ ਦੀ ਗੱਲ ਕਰਦੇ ਹਾਂ ਤਾਂ ਸਥਿਤੀ ਖੁਦ-ਬ-ਖੁਦ ਸਮਝ ਜਾਂਦੇ ਹਾਂ ਕਿ ਕਿਨ੍ਹਾਂ ਹਾਲਤਾਂ ਵਿੱਚ ਸਮਾਜ ਦੇ ਇੱਕ ਮਹੱਤਵਪੂਰਨ ਹਿੱਸੇ ਲਈ ਅਜਿਹੇ ਕਦਮ ਚੁੱਕਣੇ ਪਏ। ਹੁਣ ਜਦੋਂ ਅਸੀਂ ਹੌਲੀ-ਹੌਲੀ ਸਭਿਆ ਹੋ ਰਹੇ ਹਾਂ, ਖਾਸ ਕਰਕੇ ਸਾਡੇ ਵਰਗੇ ਮੁਲਕਾਂ ਵਿੱਚ ਜਦੋਂ ਲੜਕੀ ਨੂੰ ਪੈਦਾ ਨਾ ਕਰਨ ਦੇ ਤਰੀਕੇ ਅਪਣਾ ਨਹੀਂ ਸਕਦੇ ਤਾਂ ਉਸ ਨੂੰ ਪੈਦਾ ਕਰਕੇ, ਕਿਤੇ ਸੁੱਟ ਆਉਣ ਦਾ ਚਲਨ, ਮੰਦਰ-ਮਸਜਿਦ, ਗੁਰਦੁਆਰੇ ਦੇ ਦਰਵਾਜ਼ੇ ’ਤੇ ਛੱਡ ਆਉਣ ਦੀ ਗੱਲ ਵੀ ਕੋਈ ਅਨਹੋਣੀ ਵਾਂਗ ਨਹੀਂ ਹੈ। ਹੁਣ ਅਸੀਂ ਬਿਰਧ ਆਸ਼ਰਮਾਂ ਵੱਲ ਵੀ ਬੜੀ ਤੇਜ਼ੀ ਨਾਲ ਰੁਖ ਕੀਤਾ ਹੈ।

ਇਸੇ ਲੜੀ ਵਿੱਚ ਕੁਝ ਖਾਸ ਬੀਮਾਰੀਆਂ ਦੀ ਆਮਦ ਨੇ ਵੀ ਮੁੜ ਵਸੇਬੇ ਦੀ ਲੋੜ ਨੂੰ ਮਹਿਸੂਸਿਆ ਹੈ, ਜਿਵੇਂ ਕੈਂਸਰ, ਏਡਜ਼ ਅਤੇ ਵਧ ਰਹੀ ਨਸ਼ੀਲੇ ਪਦਾਰਥਾਂ ਦੀ ਵਰਤੋਂ।

ਇੱਕ ਪਾਸੇ ਜਦੋਂ ਅਸੀਂ ਮਨੁੱਖ ਦੇ ਨਿਵੇਕਲੇ ਗੁਣ ਸੰਵੇਦਨਸ਼ੀਲਤਾ ਦੀ ਗੱਲ ਕਰਦੇ ਹਾਂ, ਦੂਸਰੇ ਕਿਸੇ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਮਹਿਸੂਸ ਕਰ ਸਕਣ ਦੀ ਸਮਰੱਥਾ ਦੀ ਗੱਲ ਕਰਦੇ ਹਾਂ, ਉੱਥੇ ਸਮਾਜ ਦੇ ਅਜਿਹੇ ਹਾਲਾਤ ਖਾਸ ਕਰਕੇ ਬਚਪਨ, ਔਰਤਾਂ, ਬਜ਼ੁਰਗਾਂ ਨੂੰ ਰੋਲਣ ਦੀ ਗੱਲ ਇੱਕ ਵਿਰੋਧੀ ਸਥਿਤੀ ਅਤੇ ਗੁਣ (ਅਵਗੁਣ) ਜਾਪਦਾ ਹੈ।

ਜੇਕਰ ਅਸੀਂ ਸਮਾਜਿਕ ਹਾਲਤਾਂ ਦਾ ਪਿਛੋਕੜ ਦੇਖਣਾ ਹੋਵੇ ਤਾਂ ਸਮਾਜ ਦੇ ਵਿਕਾਸ ਪੜਾਵਾਂ ਨੂੰ ਦੇਖਣਾ ਪਵੇਗਾ, ਜਿੱਥੇ ਇਸਦੇ ਬੀਜ ਪਏ ਹਨ ਕਿ ਕਿਵੇਂ ਮਨੁੱਖ ਸਮੇਂ ਦੇ ਨਾਲ, ਵਿਗਿਆਨਕ ਸਮਝ ਅਪਣਾ ਕੇ ਵੀ ਇੱਕ ਅਜਿਹੀ ਦੌੜ ਵਿੱਚ ਪਿਆ ਹੈ, ਜਿਸ ਦੀ ਕੋਈ ਮੰਜ਼ਿਲ ਮਨੁੱਖ ਨੂੰ ਨਹੀਂ ਪਤਾ। ਮੰਜ਼ਿਲ ਤੈਅ ਨਾ ਹੋਣ ਦਾ ਨਤੀਜਾ ਹੈ ਕਿ ਨਾ ਦਿਸ਼ਾ ਤੈਅ ਹੈ, ਨਾ ਹੀ ਰਫ਼ਤਾਰ। ਇਹ ਇੱਕ ਅੰਨ੍ਹੀ ਦੌੜ ਹੈ, ਜਿਸ ਦੌੜ ਵਿੱਚ ਕਿਸੇ ਨੂੰ ਨਹੀਂ ਦਿਸ ਰਿਹਾ ਕਿ ਰਸਤੇ ਵਿੱਚ ਉਸ ਦਾ ਬੱਚਾ ਡਿੱਗ ਰਿਹਾ ਹੈ, ਉਸ ਦੀ ਔਰਤ ਜਾਂ ਬਜ਼ੁਰਗ ਮਾਪੇ।

ਇਹ ਸਮਾਜਿਕ ਵਿਵਸਥਾ ਦਾ ਉਹ ਪੜਾਅ ਹੈ, ਜਿਸ ਵਿੱਚ ਮਨੁੱਖ ਨੂੰ ਸਮਝਾਇਆ, ਸਿਖਾਇਆ ਜਾਂਦਾ ਹੈ ਕਿ ਆਪਣੇ ਵੱਲ ਦੇਖ, ਨਿੱਜ ਹੀ ਆਖਰ ਸਭ ਕੁਝ ਹੈ। ਇਸ ਲਈ ਨਾ ਕਿਸੇ ਦਾ ਦਰਦ ਮਹਿਸੂਸ ਹੁੰਦਾ ਹੈ ਤੇ ਨਾ ਹੀ ਕਿਸੇ ਦੀ ਕੁਰਲਾਹਟ ਸੁਣਾਈ ਦਿੰਦੀ ਹੈ।

ਇੱਕ ਵਾਰੀ ਇੱਕ ਸਰਵੇਖਣ ਦੌਰਾਨ ਲੋਕਾਂ ਤੋਂ ਉਨ੍ਹਾਂ ਦੀਆਂ ਖ਼ੂਬੀਆਂ ਅਤੇ ਕਮਜ਼ੋਰੀਆਂ ਦੱਸਣ ਨੂੰ ਕਿਹਾ ਗਿਆ। ਹੈਰਾਨੀ ਦੀ ਗੱਲ ਹੈ ਕਿ ‘ਸੰਵੇਦਨਸ਼ੀਲ ਹੋਣ’ ਨੂੰ ਉਨ੍ਹਾਂ ਨੇ ਕਮਜ਼ੋਰੀ ਦੱਸਿਆ। ਉਸ ਨੂੰ ਵਿਆਖਿਆ ਗਿਆ ਤਾਂ ਜਵਾਬ ਸੀ ਕਿ ਕਿਸੇ ਦੀ ਗੱਲ ਸੁਣ ਕੇ, ਮੈਂ ਛੇਤੀ ਭਾਵੁਕ ਹੋ ਜਾਂਦਾ। ਸਾਰੇ ਕਹਿੰਦੇ ਨੇ ਤੂੰ ਇਹ ਗਲਤ ਕਰਦਾ ਹੈਂ। ਤੂੰ ਆਪਣੀ ਆਦਤ ਬਦਲਾਅ ਜਦੋਂ ਕਿ ਮਨੁੱਖੀ ਵਿਕਾਸ ਦੇ ਲਿਹਾਜ ਨਾਲ ਦੇਖੀਏ ਤਾਂ ਇਹ ਵਿਕਸਿਤ ਗੁਣ ਮਨੁੱਖ ਦੀ ਖੂਬੀ ਹੈ, ਖਾਸੀਅਤ ਹੈ।

ਅੱਜ ਜਦੋਂ ਮਨੁੱਖੀ ਵਿਕਾਸ ਨੂੰ ਕਾਰਾਂ-ਕੋਠੀਆਂ, ਦੇਸ਼ ਦੇ ਵਿਕਾਸ ਅੱਠ-ਛੇ ਰਾਹੀਂ ਸੜਕਾਂ, ਮਾਲਾਂ ਵਿੱਚ ਦੇਖਿਆ, ਦਰਸਾਇਆ ਜਾਂਦਾ ਹੈ, ਤਾਂ ਦੂਸਰੇ ਪਾਸੇ ਸਿੱਟਾ ਇਹ ਹੈ ਕਿ ਸਮਾਜ ਵਿੱਚ ਉਦਾਸੀ ਰੰਗ ਸਭ ਤੋਂ ਵੱਧ ਹੈ, ਪਹਿਲੇ ਨੰਬਰ ’ਤੇ। ਹੁਣ ਉਦਾਸੀ ਦਾ ਕਾਰਨ ਲੱਭਣ ਲਈ ਖੁਸ਼ੀ ਦੇ ਪੈਮਾਨੇ ਤਲਾਸ਼ੇ ਗਏ। ਉਸ ਦਾ ਜਦੋਂ ਵਿਸ਼ਵ ਪੱਧਰ ’ਤੇ ਅਧਿਐਨ ਕੀਤਾ ਗਿਆ ਤਾਂ ਉਨ੍ਹਾਂ ਨੇ ਖੁਸ਼ ਰਹਿਣ ਦੇ ਸੱਤ ਤੱਤ ਲੱਭੇਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਹੈ, ਇੱਕ-ਦੂਸਰੇ ਦੀ ਮਦਦ ਕਰਨਾ। ਜੋ ਲੋਕ ਦੂਸਰੇ ਲੋਕਾਂ ਦੀ ਮਦਦ ਕਰਦੇ ਹਨ, ਉਨ੍ਹਾਂ ਦੇ ਕੰਮ ਆਉਂਦੇ ਹਨ, ਉਨ੍ਹਾਂ ਨੂੰ ਕੁਝ ਦਿੰਦੇ ਹਨ, ਚਾਹੇ ਪੈਸਾ, ਚਾਹੇ ਸਹਾਰਾ, ਚਾਹੇ ਰੋਟੀ ਅਤੇ ਪਾਣੀ, ਉਹ ਲੋਕ ਵੱਧ ਖੁਸ਼ ਰਹਿੰਦੇ ਹਨ। ਗੌਰ ਨਾਲ ਦੇਖੀਏ ਤਾਂ ਇਹ ਮਨੁੱਖੀ ਸੰਵੇਦਨਸ਼ੀਲਤਾ ਦਾ ਹੀ ਪ੍ਰਗਟਾਵਾ ਹੈ, ਜੋ ਕਿ ਹੌਲੀ-ਹੌਲੀ ਗਾਇਬ ਹੁੰਦਾ ਜਾ ਰਿਹਾ ਹੈ।

ਪਿੰਗਲਵਾੜਾ ਸੰਸਥਾ, ਵਿਸ਼ੇਸ਼ ਕਰ ਅੰਮ੍ਰਿਤਸਰ, ਜੋ ਕਿ ਭਗਤ ਪੂਰਨ ਸਿੰਘ ਵੱਲੋਂ ਸਥਾਪਤ ਹੋਈ, ਕਈ ਤਰ੍ਹਾਂ ਤੋਂ ਇਸ ਸੰਵੇਦਨਸ਼ੀਲਤਾ ਦੇ ਪਹਿਲੂ ਨੂੰ ਲੋਕਾਂ ਤੱਕ ਲੈ ਜਾਣ ਵਿੱਚ ਕਾਮਯਾਬ ਹੈ। ਸਹੂਲਤਾਂ ਦਾ ਹੋਣਾ ਇੱਕ ਵੱਖਰਾ ਪੱਖ ਹੈ, ਪਰ ਮਨੁੱਖੀ ਹੱਥਾਂ ਦੀ ਛੋਹ, ਸਹੂਲਤਾਂ ਤੋਂ ਕਿਤੇ ਵਧ ਮਹੱਤਵਪੂਰਨ ਹੈ। ਸੰਸਥਾ ਵਿੱਚ ਬੀਮਾਰ-ਲਾਚਾਰ ਲੋਕ ਤਾਂ ਹਨ ਹੀ, ਸਮਾਜ ਵੱਲੋਂ ਤ੍ਰਿਸਕਾਰੇ, ਵਿਸ਼ੇਸ਼ ਚੁਣੌਤੀਆਂ, ਵਿਸ਼ੇਸ਼ ਕਾਬਲੀਅਤਾਂ ਵਾਲੇ ਬੱਚੇ ਵੀ ਹਨ। ਇਨ੍ਹਾਂ ਬੱਚਿਆਂ ਨੂੰ ਸਿਰਫ਼ ਰੋਟੀ-ਪਾਣੀ, ਕੱਪੜਾ-ਲੱਤਾ ਦੇ ਕੇ, ਇਨ੍ਹਾਂ ਨੂੰ ਜ਼ਿੰਦਾ ਰੱਖਣ ਦੀ ਸਹੂਲਤ ਤੋਂ ਅੱਗੇ, ਇਨ੍ਹਾਂ ਅੰਦਰ ਮੌਜੂਦ ਕਾਬਲੀਅਤ ਨੂੰ ਪਛਾਨਣ, ਸੰਵਾਰਨ ਦੀ ਵੀ ਯੋਗਤਾ, ਇਸ ਸੰਸਥਾ ਵਿੱਚ ਹੈ, ਜੋ ਕਿ ਬਹੁਤ ਘੱਟ ਹੁੰਦੀ ਹੈ।

ਜੇ ਕੋਈ ਸ਼ਖ਼ਸ ਭਗਤ ਪੂਰਨ ਸਿੰਘ ਹੁਰਾਂ ਨੂੰ ਉਨ੍ਹਾਂ ਦੇ ਜੀਵਨ-ਕਾਲ ਵਿੱਚ ਮਿਲਿਆ ਹੈ ਤਾਂ ਉਹ ਜਾਣਦਾ ਹੋਵੇਗਾ ਕਿ ਉਹ ਆਪ ਫਟੇ-ਪੁਰਾਣੇ ਕੱਪੜਿਆਂ ਵਿੱਚ ਉਲਝੇ ਹੋਏ ਵਾਲਾਂ ਨਾਲ, ਇੱਕ ਫ਼ਕੀਰ ਵਾਂਗ ਰਹਿੰਦੇ ਸੀ। ਵੈਸੇ ਉਹ ਕਾਫ਼ੀ ਸੁਚੇਤ, ਪੜ੍ਹਨ-ਲਿਖਣ, ਸਾਹਿਤ ਛਾਪਣ ਅਤੇ ਮੁਫ਼ਤ ਵੰਡਣ ਵਿੱਚ ਵਿਸ਼ਵਾਸ ਕਰਦੇ, ਲੋਕਾਂ ਨੂੰ ਜਾਗਰੂਕ ਕਰਦੇ ਰਹੇ। ਉਨ੍ਹਾਂ ਦੀ ਹਰ ਕਾਰਜਪ੍ਰਣਾਲੀ ਦਾ ਯੁੱਗ, ‘ਕੁਦਰਤ ਨਾਲ ਇਕਮਿਕਤਾ’ ਰਿਹਾ। ਉਨ੍ਹਾਂ ਤੋਂ ਕਿਸੇ ਨੇ ਇਸ ਤਰ੍ਹਾਂ ਫ਼ਕੀਰਾਂ ਵਾਲੇ ਲਿਬਾਸ ਅਤੇ ਰਹਿਣ-ਸਹਿਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, “ਮੈਂ ਜਿਨ੍ਹਾਂ ਲੋਕਾਂ ਲਈ ਕੰਮ ਕਰਦਾ ਹਾਂ, ਉਨ੍ਹਾਂ ਵਰਗਾ ਲੱਗਣ ਵਿੱਚ ਵਿਸ਼ਵਾਸ ਕਰਦਾ ਹਾਂ, ਤਾਂ ਜੋ ਉਹ ਮੇਰੇ ਤੋਂ ਦੂਰੀ ਨਾ ਬਣਾਉਣ ਤੇ ਮੇਰੇ ਨੇੜੇ ਆ ਕੇ ਆਪਣੀ ਗੱਲ ਕਹਿਣ।” ਇਹ ਸਾਦਗੀ ਸੰਵੇਦਨਸ਼ੀਲਤਾ ਦੀ ਲੋੜ ਹੈ, ਤਾਂ ਹੀ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ। ਆਪਣੇ ਕੱਪੜੇ, ਜੁੱਤੇ, ਵਾਲ ਸੰਭਾਲਣ ਦੇ ਚੱਕਰ ਵਿੱਚ ਤੁਸੀਂ ਦਿਖਾਵਾ ਤਾਂ ਕਰ ਸਕਦੇ ਹੋ, ਮਦਦ ਨਹੀਂ।

ਇਹੀ ਸੋਚ ਅਤੇ ਇਹੀ ਪਰੰਪਰਾ ਹੁਣ ਬੀਬੀ ਇੰਦਰਜੀਤ ਕੌਰ ਵਿੱਚ ਝਲਕਦੀ ਹੈ ਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਵਿੱਚ ਵੀ ਉਹ ਸਾਦਗੀ ਅਤੇ ਕੁਦਰਤ ਪ੍ਰਤੀ ਨੇੜਤਾ ਹੈ। ਪੂਰੀ ਸੰਸਥਾ ਵਿੱਚ ਕਿਤੇ ਵੀ ਏ ਸੀ ਨਹੀਂ ਹੈ, ਨਾ ਬੀਬੀ ਜੀ ਦੇ ਕਮਰੇ ਵਿੱਚ, ਨਾ ਮੈਨੇਜਰ ਦੇ। ਸਹੀ ਮਾਇਨੇ ਵਿੱਚ ਬੀਬੀ ਜੀ ਦਾ ਕੋਈ ਕਮਰਾ ਹੀ ਨਹੀਂ ਹੈ। ਇਹ ਇਕੱਲੀ ਉਦਾਹਰਨ ਹੀ ਕਾਫ਼ੀ ਹੈ ਕਿ ਸੰਸਥਾ ਵਿੱਚ ਜਾ ਕੇ ਇਸ ਮਨੁੱਖੀ ਗੁਣ ਨੂੰ ਸਮਝਿਆ ਅਤੇ ਸਿੱਖਿਆ ਜਾ ਸਕਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1690)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

More articles from this author