SarwanSingh7ਮੰਦੇ ਦੇ ਉਹਨਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉੱਥੋਂ ...
(19 ਫਰਬਰੀ 2018)

 

KilaRaiPur2

ਖੱਬਿਓਂ ਸੱਜੇ: ਗੁਰਬਖ਼ਸ਼ ਸਿੰਘ ਸੰਧੂਗੁਰਬਚਨ ਸਿੰਘ ਰੰਧਾਵਾਅਲੈਕਸੀ ਸਿੰਘ ਗਰੇਵਾਲਗੁਰਭਜਨ ਗਿੱਲ ਅਤੇ ਸਰਵਣ ਸਿੰਘ।
**

 

ਪਿਛਲੇ ਦਿਨੀਂ ਮੈਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵੇਖੀਆਂ ਜਿਨ੍ਹਾਂ ਨੂੰ ਪੇਂਡੂ ਓਲੰਪਿਕਸ ਕਿਹਾ ਜਾਂਦਾ ਹੈ। ਇਨ੍ਹਾਂ ਦੀ ਮਸ਼ਹੂਰੀ ਵੀ ਬਹੁਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੀਹਨੇ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਨਹੀਂ ਵੇਖੀਆਂ ਉਹਨੇ ਅਜੇ ਖੇਡਾਂ ਵੇਖੀਆਂ ਹੀ ਨਹੀਂ!

ਕਦੇ ਮੈਂ ਲਿਖਿਆ ਸੀ,ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਉਹ ਕਿਲਾ ਰਾਇਪੁਰ ਦਾ ਖੇਡ ਮੇਲਾ ਵੇਖ ਲਵੇ। ਉਹ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ ਜਿੱਥੇ ਖੇਡਦੇ ਮੱਲ੍ਹਦੇ ਤੇ ਨੱਚਦੇ ਟੱਪਦੇ ਪੰਜਾਬ ਦੇ ਦਰਸ਼ਨ ਦੀਦਾਰ ਹੁੰਦੇ ਹਨ। ਉੱਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ ਗੱਤਕੇ ਤਕ ਸਭ ਕੁਝ ਹੁੰਦਾ ਹੈ। ਗਭਰੂਆਂ ਦੇ ਡੌਲੇ, ਮੁਟਿਆਰਾਂ ਦੀਆਂ ਪੰਜੇਬਾਂ ਤੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ। ਉੱਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜਾਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤਬ ਤੇ ਕੁੜੀਆਂ ਮੁੰਡਿਆਂ ਦੀ ਹਾਕੀਵਿਚੇ ਭੰਗੜੇ ਪਈ ਜਾਂਦੇ ਹਨ ਤੇ ਵਿਚੇ ਊਠਾਂ ਘੋੜੀਆਂ ਦੀ ਦੌੜ ਹੋਈ ਜਾਂਦੀ ਹੈ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਫੇਰੀ ਜਾਂਦਾ ਹੈ। ਉੱਥੇ ਤੇਜ਼ ਤਰਾਰ ਤੇ ਲੰਮੀਆਂ ਦੌੜਾਂ ਲਾਉਣ ਵਾਲੇ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਆਏ ਸਾਲ ਖੇਡਾਂ ਦੇ ਰਿਕਾਰਡ ਟੁੱਟਦੇ ਤੇ ਨਵੇਂ ਰਿਕਾਰਡ ਰੱਖੇ ਜਾਂਦੇ ਹਨ। ਵਿੱਚੇ ਸਾਈਕਲ ਸਵਾਰ ਘੁਕਾਟ ਪਾਈ ਜਾਂਦੇ ਹਨ, ਖੱਚਰ ਰੇਹੜੇ ਦੌੜਦੇ ਹਨ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ ਉੱਤੇ ਟਿਕਾਈ ਜਾਂਦਾ ਹੈ ਤੇ ਕਿਧਰੇ ਕੋਈ ਨਿਹੰਗ ਦੋ ਘੋੜਿਆਂ ਉੱਤੇ ਖੜ੍ਹਾ ਘੋੜਿਆਂ ਦੀ ਜੋੜੀ ਨੂੰ ਬਰਾਬਰ ਉਡਾਈ ਜਾਂਦਾ ਦਿਸਦਾ ਹੈ। ਕਿਸੇ ਕੋਨੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦੇ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਕੁਮੈਂਟਰੀ ਗੂੰਜਦੀ ਹੈ:

 - ਲੈ ਬਈ ਮੁੰਡਿਆ ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦੈ?

 - ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨੀ ਹਿੱਲਦਾ ਹੁਣ।

 - ਔਹ ਡਿੱਗ-ਪੀ ਝੰਡੀ। ਆਉਂਦੇ ਆ ਵਹਿੜੇ ਵਾ ਨੂੰ ਗੰਢਾਂ ਦਿੰਦੇ। ਪਰ੍ਹੇ-ਪਰ੍ਹੇ ਹੋ-ਜੋ, ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ-ਜੇ। ਗੱਡੀਆਂ ਵਾਲਿਆਂ ਦੇ ਬਰੇਕ ਨੀ ਹੁੰਦੇ।

ਉੱਥੇ ਝੰਡੇ ਝੂਲਦੇ ਤੇ ਬੈਂਡ ਵੱਜਦੇ ਹਨ। ਜਿਮਨਾਸਟ ਬਾਜ਼ੀਗਰਾਂ ਵਾਂਗ ਕਲਾਬਾਜ਼ੀਆਂ ਵਿਖਾਉਂਦੇ ਹਨ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾ ਰਚੀ ਜਾਂਦੀ ਹੈ ਜੀਹਦਾ ਨਜ਼ਾਰਾ ਫੇਰ ਸਾਲ ਭਰ ਨਹੀਂ ਭੁੱਲਦਾ। ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦਾ ਇਹ ਮੇਲਾ ਦੇਸ਼ ਤੋਂ ਬਾਹਰ ਪਰਦੇਸਾਂ ਵਿਚ ਵੀ ਪ੍ਰਸਿੱਧ ਹੋ ਗਿਆ ਹੈ ਤੇ ਮੀਡੀਏ ਨੇ ਇਸ ਨੂੰ ਪੇਂਡੂ ਓਲੰਪਿਕਸ ਦਾ ਨਾਂਅ ਦੇ ਦਿੱਤਾ ਹੈ।”

ਮੈਂ ਇਹ ਖੇਡ ਮੇਲਾ ਅਨੇਕਾਂ ਵਾਰ ਵੇਖਿਆ ਹੈ। ਇਹ 1934 ਵਿਚ ਸ਼ੁਰੂ ਹੋਇਆ ਸੀ ਜੋ 2018 ਵਿਚ 82ਵੀਂ ਵਾਰ ਮਨਾਇਆ ਗਿਆ। ਇਸ ਵਾਰ 2-3 ਫਰਵਰੀ ਨੂੰ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਦਿੱਲੀ ਜਾਣਾ ਹੋਣ ਕਰਕੇ ਮੇਰਾ ਇਹ ਮੇਲਾ ਵੇਖਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਪਰ ਦਿੱਲੀ ਬੀ.ਬੀ.ਸੀ. ਦਾ ਪੰਜਾਬੀ ਟੀ.ਵੀ. ਚੈਨਲ ਵਾਲਾ ਦਲਜੀਤ ਅਮੀ ਮਿਲਿਆ ਜੋ ਜ਼ੋਰ ਦੇਣ ਲੱਗਾ, ਜੇ 4 ਫਰਵਰੀ ਨੂੰ ਕਿਲਾ ਰਾਇਪੁਰ ਪਹੁੰਚ ਸਕੋਂ ਤਾਂ ਖੇਲ੍ਹਾਂ ਬਾਰੇ ਤੁਹਾਡਾ ਲਾਈਵ ਤਬਸਰਾ ਚਾਹੀਦੈ। ਉੱਦਣ ਖੇਲ੍ਹਾਂ ਦਾ ਆਖ਼ਰੀ ਦਿਨ ਸੀ। ਮੈਂ ਹਾਂ ਕਰ ਦਿੱਤੀ।

ਬੀ.ਬੀ.ਸੀ. ਦੀ ਟੀਮ ਕਿਲਾ ਰਾਏਪੁਰ ਸਟੇਡੀਅਮ ਵਿਚ ਪੁੱਜੀ ਤਾਂ ਥੋੜ੍ਹੇ ਦਰਸ਼ਕ ਵੇਖ ਕੇ ਮੈਨੂੰ ਮਾਯੂਸੀ ਹੋਈ। ਖੇਡ ਮੁਕਾਬਲੇ ਵੀ ਕੋਈ ਖ਼ਾਸ ਨਹੀਂ ਸਨ ਹੋ ਰਹੇ। ਪਿੰਡ ਪੱਧਰ ਦੇ ਕਬੱਡੀ ਮੈਚਾਂ ਲਈ ਵਾਰ ਵਾਰ ਆਵਾਜ਼ਾਂ ਮਾਰੀਆਂ ਜਾ ਰਹੀਆਂ ਸਨ ਪਰ ਖਿਡਾਰੀ ਨਹੀਂ ਸਨ ਨਿਕਲ ਰਹੇ। ਟਰੈਕ ਵਿਚ ਵੀ ਖ਼ਾਸ ਸਰਗਰਮੀ ਨਹੀਂ ਸੀ। ਹਾਕੀ ਦਾ ਮੈਚ ਵੀ ਸਾਧਾਰਨ ਸੀ। ਓਲੰਪਿਕ ਖੇਡਾਂ ਦੀ ਕੋਈ ਹੋਰ ਖੇਡ ਨਹੀਂ ਸੀ ਹੋ ਰਹੀ। ਪੰਜਾਬ ਦੀਆਂ ਪੇਂਡੂ ਖੇਡਾਂ ਵਿੱਚੋਂ ਵੀ ਕੋਈ ਖੇਡ ਨਹੀਂ ਸੀ ਚੱਲ ਰਹੀ। ਖੇਲ੍ਹਾਂ ਬੁਝੀਆਂ ਜਿਹੀਆਂ ਲੱਗੀਆਂ। ਮੈਨੂੰ ਲੱਗਾ ਕਿਤੇ ਮੇਰੀ ਨਿਗਾਹ ਵਿਚ ਤਾਂ ਫਰਕ ਨਹੀਂ ਪੈ ਗਿਆ?

ਮੁੜ ਕੇ ਧਿਆਨ ਨਾਲ ਨਿਗਾਹ ਮਾਰੀ ਤਾਂ ਕੁਝ ਖੇਡ ਤਮਾਸ਼ੇ ਹੋ ਰਹੇ ਸਨ। ਉਨ੍ਹਾਂ ਨੂੰ ਸਟੰਟ ਖੇਡਾਂ ਕਹਿ ਲਓ ਜਾਂ ਸਰਕਸੀ ਕਰਤਬ। ਕੋਈ ਹੱਥ ਛੱਡੀ ਮੋਟਰ ਸਾਈਕਲ ਤੇ ਖੜ੍ਹਾ ਸੀ, ਕੋਈ ਇੱਟ ਉੱਤੇ ਬੋਤਲ ਟਿਕਾ ਕੇ ਉਹਦੇ ਉੱਤੇ! ਕੋਈ ਦੰਦਾਂ ਵਿੱਚ ਹਲ ਚੁੱਕੀ ਖੜ੍ਹਾ ਸੀ ਤੇ ਕੋਈ ਰੱਸੀ ਨਾਲ ਪੰਦਰਾਂ ਵੀਹ ਇੱਟਾਂ ਬੰਨ੍ਹ ਕੇ ਰੱਸੀ ਦੰਦਾਂ ਵਿੱਚ ਫੜੀ ਖੜ੍ਹਾ ਸੀ। ਕੋਈ ਛਾਤੀ ਤੇ ਫੱਟਾ ਰੱਖ ਕੇ ਉੱਤੋਂ ਦੀ ਮੋਟਰ ਸਾਈਕਲ ਲੰਘਵਾ ਰਿਹਾ ਸੀ ਤੇ ਕੋਈ ਕੰਨਾਂ ਨਾਲ ਮੋਟਰ ਸਾਈਕਲ ਖਿੱਚ ਰਿਹਾ ਸੀ। ਕੋਈ ਮੁੱਛਾਂ ਤੇ ਨਿੰਬੂ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਂਹ ਹਾਥੀਆਂ ਤੇ ਤਿੰਨਾਂ ਬੋਤਿਆਂ ਉੱਤੇ ਰੰਗੀਨ ਝੁੱਲ ਦਿੱਤੇ ਹੋਏ ਸਨ। ਇਕ ਅਮਲੀ ਜਿਹਾ ਬੰਦਾ ਸਰੀਆ ਦੂਹਰਾ ਕਰ ਰਿਹਾ ਸੀ। ਇਕ ਪਾਸੇ ਟਰੈਕਟਰਾਂ ਨਾਲ ਤਵੀਆਂ ਵਾਹੀਆਂ ਜਾ ਰਹੀਆਂ ਸਨ। ਭੁਕਾਨਿਆਂ ਵਾਲੇ ਵੱਖ ਤੁਰੇ ਫਿਰਦੇ ਸਨ, ਪਤੰਗਾਂ ਵਾਲੇ ਵੱਖ। ਕੋਈ ਟੱਲੀਆਂ ਲਈ ਫਿਰਦਾ ਸੀ, ਕੋਈ ਛੈਣੇ। ਖਿਡਾਰੀਆਂ ਦੀ ਥਾਂ ਮੀਡੀਆਕਾਰਾਂ ਦੀਆਂ ਟੋਲੀਆਂ ਖੇਡ ਮੈਦਾਨ ਮੱਲੀ ਖੜ੍ਹੀਆਂ ਸਨ। ਇਕ ਮੋਟਰ ਸਾਈਕਲ ਵਾਲਾ ਮੋੜ ਕੱਟਦਾ ਡਿੱਗ ਪਿਆ ਸੀ ਪਰ ਛੇਤੀ ਉੱਠ ਖੜ੍ਹਾ ਹੋਇਆ ਸੀਇਕ ਅੱਖਾਂ ਬੰਨ੍ਹ ਕੇ ਨਿਸ਼ਾਨਾ ਲਾ ਰਿਹਾ ਸੀ। ਕੈਸੀਆਂ ਕਰ ਲਈਆਂ ਗਈਆਂ ਸਨ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ?’ ਬੀ.ਬੀ.ਸੀ. ਲਈ ਕੀ ਤਬਸਰਾ ਕਰਦਾ ਮੈਂ?

ਨਾ ਉੱਥੇ ਭਗਵੰਤ ਮੈਮੋਰੀਅਲ ਗੋਲਡ ਕੱਪ ਦਿਸਿਆ ਜੋ ਸੌ ਤੋਲੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਹੈ ਤੇ ਨਾ 1934 ਵਾਲਾ ਇਤਿਹਾਸਕ ਜਿਸਤੀ ਕੱਪ। ਪੁੱਛਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਕੱਪ ਬੈਂਕ ਦੇ ਲਾਕਰ ਵਿਚ ਪਏ ਹਨ। ਮੈਂ ਸੋਚਿਆ ਸੀ, ਬੀ.ਬੀ.ਸੀ. ਦੇ ਦਰਸ਼ਕਾਂ ਨੂੰ ਉਨ੍ਹਾਂ ਕੱਪਾਂ ਦੇ ਦਰਸ਼ਨ ਕਰਵਾ ਕੇ ਉਨ੍ਹਾਂ ਦੀ ਅਹਿਮੀਅਤ ਦੱਸਾਂਗੇ। ਬੈਲ ਗੱਡੀਆਂ ਦੀਆਂ ਦੌੜਾਂ, ਘੋੜ ਦੌੜਾਂ, ਨਿਹੰਗਾਂ ਦੀ ਨੇਜ਼ਾਬਾਜ਼ੀ, ਸੁਹਾਗਾ ਦੌੜਾਂ, ਅਹਿਰਨ, ਮੁਗਦਰ, ਬੋਰੀਆਂ ਚੁੱਕਣਾ, ਗੱਤਕਾ ਤੇ ਸੌਂਚੀ ਖੇਡਣਾ ਕੁਝ ਵੀ ਨਹੀਂ ਸੀ ਉੱਥੇ। ਪੰਜਾਬੀ ਯੂਨੀਵਰਸਿਟੀ ਨੇ ਮੇਰੀ ਕਿਤਾਬ ‘ਪੰਜਾਬ ਦੀਆਂ ਦੇਸੀ ਖੇਡਾਂ’ ਛਾਪੀ ਹੋਈ ਹੈ ਜਿਸ ਵਿਚ 87 ਪੇਂਡੂ ਖੇਡਾਂ ਦਾ ਵੇਰਵਾ ਹੈ। ਓਲੰਪਿਕ ਖੇਡਾਂ ਵਿਚਲੀਆਂ ਖੇਡਾਂ ਦੇ ਮੁਕਾਬਲੇ ਵੀ ਨਾਮਾਤਰ ਸਨ। ਬੱਸ ਭੂੰਡ-ਪਟਾਕੇ ਸਨ, ਰੰਗ-ਤਮਾਸ਼ੇ ਅਤੇ ਹਾਥੀ ਤੇ ਬੋਤੇ ਖੜ੍ਹੇ ਝੂਲ ਰਹੇ ਸਨ। ਨਾ ਪਹਿਲਾਂ ਜਿਹੀਆਂ ਕਬੱਡੀਆਂ ਸਨ, ਨਾ ਰਿਕਾਰਡ ਤੋੜਵੇਂ ਅਥਲੈਟਿਕ ਈਵੈਂਟ। ਖੇਡ ਪ੍ਰੇਮੀ ਵੀ ਗ਼ੈਰ ਹਾਜ਼ਰ ਦਿਸੇ, ਤਮਾਸ਼ਬੀਨ ਜ਼ਰੂਰ ਹਾਜ਼ਰ ਸਨ। ਕਿੰਨੀਆਂ ਬਦਲ ਗਈਆਂ ਨੇ ਕਿਲਾ ਰਾਇਪੁਰ ਦੀਆਂ ‘ਖੇਲ੍ਹਾਂ’! ਪ੍ਰਬੰਧਕ ਵੀਰ ਬੁਰਾ ਨਾ ਮਨਾਉਣ। ਆਓ ਰਤਾ ਅੰਦਰ ਝਾਤ ਮਾਰ ਕੇ ਵੇਖੀਏ। ਜਿੰਨਾ ਵੱਡਾ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ’ ਦਾ ਨਾਂ ਹੈ, ਕੀ 84 ਸਾਲਾਂ ਵਿਚ ਆਪਣੇ ਇਲਾਕੇ ਵਿੱਚੋਂ ਉੰਨੇ ਵੱਡੇ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ? ਕਿੰਨੇ ਬਣਾਏ ਹਨ ਨੈਸ਼ਨਲ ਜਾਂ ਇੰਟਰਨੈਸ਼ਨਲ ਚੈਂਪੀਅਨ? ਸਟੰਟ/ਤਮਾਸ਼ੇ, ਪੇਂਡੂ ਖੇਡਾਂ ਨਹੀਂ ਕਹੇ ਜਾਂਦੇ। ਨਾ ਇਹ ਪੇਂਡੂ ਖੇਡਾਂ ਹਨ ਤੇ ਨਾ ਕੌਮੀ ਖੇਡਾਂ। ਕਿਤੇ ਆਪਾਂ ਆਪਣੇ ਬਜ਼ੁਰਗਾਂ ਦੀਆਂ ਮਾਰੀਆਂ ਮੱਲਾਂ ਦੀ ਹੀ ਖੱਟੀ ਤਾਂ ਨਹੀਂ ਖਾਈ ਜਾ ਰਹੇ?

ਯਾਦ ਕਰੋ ਕਲਕੱਤੇ ਦੇ ਟਰਾਂਸਪੋਰਟਰ ਦਲੀਪ ਸਿੰਘ ਗਰੇਵਾਲ ਨੂੰ। 1943 ਵਿਚ ਉਹ ਮੇਲੇ ਵਿੱਚ ਸ਼ਾਮਲ ਹੋਇਆ ਸੀ। ਉਹ ਮੇਲੇ ਵਿਚ ਖਿਡਾਰੀਆਂ ਉੱਤੋਂ ਦੀ ਰੁਪਈਆਂ ਦਾ ਮੀਂਹ ਵਰ੍ਹਾਉਣ ਲੱਗਾ। ਉਹਨੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ ਉਹ ਕਬੱਡੀ ਦੇ ਇਕ-ਇਕ ਪੁਆਇੰਟ ਉੱਤੇ ਸੌ-ਸੌ ਦੇ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਲੂ ਰਾਜੇਆਣੀਏਂ ਨੂੰ ਮਿਲਿਆ ਸੀ ਜਦੋਂ ਉਸ ਨੇ ਇਕ ਕਹਿੰਦੇ ਕਹਾਉਂਦੇ ਧਾਵੀ ਨੂੰ ਗੁੱਟੋਂ ਫੜ ਕੇ ਹੀ ਡੱਕ ਲਿਆ ਸੀ। ਮੇਲੇ ਤੋਂ ਮੁੜਦੇ ਖਿਡਾਰੀ ਕਹਿੰਦੇ ਜਾਂਦੇ ਸਨ,ਕਿਲਾ ਰਾਇਪੁਰ ਦੀਆਂ ਖੇਲ੍ਹਾਂ ਨੇ ਸਾਡਾ ਪੂਰਾ ਮੁੱਲ ਪਾਇਆ।”

ਮੰਦੇ ਦੇ ਉਹਨਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉੱਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਖੇਡ ਵਿਭਾਗ ਦੀ ਸਾਬਕਾ ਅਫਸਰ ਸ੍ਰੀਮਤੀ ਸੁਨੀਤਾ ਧੀਰ ਦੱਸਦੀ ਹੁੰਦੀ ਸੀ ਕਿ ਉਹ ਅਜੇ ਵਿਦਿਆਰਥਣ ਸੀ ਜਦੋਂ ਕਿਲਾ ਰਾਇਪੁਰ ਦੌੜਨ ਗਈ ਤੇ ਅੱਠ ਸੌ ਰੁਪਏ ਦੇ ਇਨਾਮ ਲੈ ਕੇ ਪਰਤੀ। ਅੱਠ ਸੌ ਦੀ ਉਦੋਂ ਇਕ ਏਕੜ ਜ਼ਮੀਨ ਆਉਂਦੀ ਸੀ। ਕਬੱਡੀ ਦੀ ਕੁਮੈਂਟਰੀ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿੱਚੋਂ ਜਨਮੀ ਸੀ। ਪੀ. ਟੀ. ਜੋਗਿੰਦਰ ਸਿੰਘ ਇਸ ਦਾ ਜਨਮਦਾਤਾ ਸੀ।

ਇਸ ਖੇਡ ਮੇਲੇ ਵਿਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀ ਖੇਡ ਦੇ ਜੌਹਰ ਵਿਖਾਉਂਦੇ ਰਹੇ। ਦੇਸ ਭਰ ਵਿੱਚੋਂ ਚੋਟੀ ਦੇ ਅਥਲੀਟ ਇਹਦੇ ਟਰੈਕ ਵਿਚ ਦੌੜਦੇ ਰਹੇ। ਇੱਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਆਇਆ, ਡਿਸਕਸ ਵਾਲਾ ਬਲਕਾਰ ਸਿੰਘ ਵੀ ਤੇ ਹੈਮਰ ਸੁੱਟਣ ਵਾਲਾ ਪਰਵੀਨ ਕੁਮਾਰ ਵੀ। ਇੱਥੇ ਕੁਸ਼ਤੀਆਂ ਭਾਵੇਂ ਨਹੀਂ ਹੁੰਦੀਆਂ ਰਹੀਆਂ ਪਰ ਕਰਤਾਰ ਸਿੰਘ ਤੋਂ ਲੈ ਕੇ ਦਾਰਾ ਸਿੰਘ ਤਕ ਪਹਿਲਵਾਨ ਦਰਸ਼ਨ ਦਿੰਦੇ ਰਹੇ।

1953 ਵਿੱਚ ਲਹਿੰਦੇ ਪੰਜਾਬ ਦੀ ਕਬੱਡੀ ਟੀਮ ਇੱਥੇ ਆਈ ਸੀ। ਉਦੋਂ ਬਿੱਲੂ, ਕਿਰਪਾਲ ਸਾਧ, ਮਾਲੜੀ ਤੇ ਤੋਖੀ ਹੋਰਾਂ ਦੀ ਚੜ੍ਹ ਮੱਚੀ ਸੀ। 70ਵਿਆਂ ਵਿੱਚ ਇੰਗਲੈਂਡ ਦੀ ਕਬੱਡੀ ਟੀਮ ਵੀ ਇੱਥੇ ਢੁੱਕੀ। ਕਿਲਾ ਰਾਇਪੁਰ ਦੇ ਖੇਡ ਮੇਲੇ ਨੇ ਪੰਜਾਬ ਦੇ ਪਿੰਡਾਂ ਵਿਚ ਖੇਡ ਮੇਲਿਆਂ ਦੀ ਅਜਿਹੀ ਜਾਗ ਲਾਈ ਸੀ ਕਿ ਇਹਦੀ ਰੀਸ ਨਾਲ ਸੈਂਕੜੇ ਪੇਂਡੂ ਖੇਡ ਮੇਲੇ ਹੋਣ ਲੱਗੇ। ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ-1984 ਵਿੱਚੋਂ ਸਾਈਕਲ ਦੌੜ ਵਿਚ ਸੋਨੇ ਦਾ ਤਮਗ਼ਾ ਜਿੱਤਿਆ। ਅਲੈਕਸੀ ਦੀ ਮਾਂ ਜਰਮਨ ਮੂਲ ਦੀ ਹੈ ਤੇ ਪਿਤਾ ਪੰਜਾਬ ਦਾ ਸਰਦਾਰ। ਐਤਕੀਂ ਅਲੈਕਸੀ ਗਰੇਵਾਲ ਖ਼ੁਦ ਮੇਲੇ ਵਿੱਚ ਪਧਾਰਿਆ। ਓਲੰਪਿਕ ਚੈਂਪੀਅਨ ਹੋਣਾ ਬੜੀ ਵੱਡੀ ਗੱਲ ਹੁੰਦੀ ਹੈ। ਟੋਕੀਓ-1964 ਦੀਆਂ ਓਲੰਪਿਕ ਖੇਡਾਂ ਵਿਚ 110 ਮੀਟਰ ਹਰਡਲਜ਼ ਦੌੜ ਵਿੱਚੋਂ 5ਵਾਂ ਸਥਾਨ ਹਾਸਲ ਕਰਨ ਵਾਲਾ ਗੁਰਬਚਨ ਸਿੰਘ ਰੰਧਾਵਾ ਵੀ ਮੇਲੇ ਵਿੱਚ ਆਇਆ ਤੇ ਭਾਰਤੀ ਮੁੱਕੇਬਾਜ਼ੀ ਦਾ ਮੁੱਖ ਕੋਚ ਗੁਰਬਖ਼ਸ਼ ਸਿੰਘ ਸੰਧੂ ਵੀ। ਪੰਜਾਬ ਦੇ ਤਿੰਨ ਮੰਤਰੀ ਮੇਲੇ ਵਿੱਚ ਆਏ ਜਿਨ੍ਹਾਂ ਨੇ ਪੰਜਾਹ ਕੁ ਲੱਖ ਦੀਆਂ ਗਰਾਂਟਾਂ ਦਿੱਤੀਆਂ। ਕੀ ਕਿਲਾ ਰਾਇਪੁਰੀਏ ਪੇਂਡੂ ਖੇਡ ਮੇਲਿਆਂ ਦੀ ਮਾਂ ਕਹੀਆਂ ਜਾਂਦੀਆਂ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ’ ਨੂੰ ਅਗਲੇ ਸਾਲ ਸੱਚੀਮੁੱਚੀ ‘ਪੇਂਡੂ ਓਲੰਪਿਕਸ’ ਬਣਾਉਣਗੇ ਜਾਂ ਨਿਰੇ ਖੇਲ੍ਹ-ਤਮਾਸ਼ੇ ਕਰਾ ਕੇ ਹੀ ਗਰਾਂਟਾਂ ਲਈ ਜਾਣਗੇ?

*****

(1019)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author