““ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁੱਖ ਭਰੀ ਜ਼ਿੰਦਗੀ ਜੀਵੇ ...”
(26 ਜਨਵਰੀ 2017)
(ਇਹ ਕਹਾਣੀ ਸਾਹਿਤਿਕ ਪਰਚੇ ‘ਕਲਾਕਾਰ’ ਵੱਲੋਂ ਕਰਵਾਏ ਜਾਂਦੇ ਸਲਾਨਾ ਕਹਾਣੀ ਮੁਕਾਬਲੇ ਦੀ ਲੜੀ ਵਿੱਚ ਸਾਲ 2016 ਦੀਆਂ 10 ਬੇਹਤਰੀਨ ਕਹਾਣੀਆਂ ਵਿੱਚੋਂ ਇੱਕ ਹੈ।)
ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ!
ਮੇਰੀਆਂ ਚੀਕਾਂ ਬੰਦ ਹੋਈਆਂ ਤੇ ਤਮੰਨਾ ਨੇ ਕਿਲਕਾਰੀ ਮਾਰੀ। ਪੀੜਾਂ ਭੰਨੀ ਮੈਂ ਹਸਪਤਾਲ ਦੇ ਬੈੱਡ ’ਤੇ ਪਈ ਸਾਂ। ਨਰਸ ਨੇ ਜਿਵੇਂ ਹੀ ਕੱਪੜੇ ਵਿਚ ਲਪੇਟ ਕੇ ਲੇਬਰ ਰੂਮ ਦੇ ਬਾਹਰ ਖੜ੍ਹੇ ਤਮੰਨਾ ਦੇ ਪਾਪਾ ਦੀ ਝੋਲੀ ਵਿਚ ਮਾਸੂਮ ਬੋਟ ਪਾਇਆ, ਤਾਂ ਮੇਰੇ ਕੰਨਾਂ ਨਾਲ ਉਨ੍ਹਾਂ ਦੀ ਆਵਾਜ਼ ਟਕਰਾਈ,
“ਪੁੱਤਰ, ਇਹ ਜ਼ਮੀਨ ਹੈ, ਜਿਸ ’ਤੇ ਮੈਂ ਤੈਨੂੰ ਆਪਣੀ ਬੁੱਕਲ ਵਿਚ ਲਈ ਖੜ੍ਹਾਂ, ਤੇ ਉਹ ਉੱਪਰ ਆਕਾਸ਼ ਹੈ। ਜ਼ਮੀਨ ’ਤੇ ਖੜ੍ਹੇ ਹੋ ਕੇ ਆਕਾਸ਼ ਵਿਚ ਉੱਡੀਦਾ ਏ, ਤੇ ਤੂੰ ਮੇਰੀ ਬੁੱਕਲ ਦਾ ਨਿੱਘ ਮਾਣਦਿਆਂ, ਆਕਾਸ਼ ਵਿਚ ਉਡਾਰੀ ਨਹੀਂ ਮਾਰਨੀ ਪਰਵਾਜ਼ ਭਰਨੀ ਏਂ।”
ਮੈਂ ਅਕਸਰ ਉਹਨਾਂ ਨੂੰ ਕਹਿਣਾ, “ਛੱਡੋ ਇਹ ਫਿਲਾਸਫ਼ੀ ਭਰੀਆਂ ਗੂੜ੍ਹ-ਗਿਆਨ ਦੀਆਂ ਗੱਲਾਂ, ਤੇ ਜੁਆਕੜੀ ਨਾਲ ਆਪ ਵੀ ਬਾਲ ਬਣ ਕੇ ਖੇਡਿਆ ਕਰੋ ਸਗੋਂ। ਪਰ ਕਿੱਥੇ ਮੰਨਣ ਵਾਲੇ ਸਨ।”
ਤਮੰਨਾ ਪਾਪਾ ਪਾਪਾ ਕਰਦੀ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਦੀ ਰਹਿੰਦੀ। ... ਆਪ ਤਾਂ ਚਲੇ ਗਏ ਪਰ!
ਹੋਸ਼ ਸੰਭਾਲਣ ਤੋਂ ਹੀ ਤਮੰਨਾ ਦੀ ਰੁਚੀ ਆਮ ਬੱਚੀਆਂ ਵਾਂਗ ਗੁੱਡੀਆਂ-ਪਟੋਲਿਆਂ, ਜਾਂ ਰਸੋਈ ਦੇ ਨਿੱਕੇ-ਨਿੱਕੇ ਭਾਂਡਿਆਂ ਨਾਲ ਖੇਡਣ ਵਿਚ ਨਹੀਂ ਸੀ। ਨਿੱਕੇ ਹੁੰਦਿਓਂ ਹੀ ਪੈੱਨ ਕਾਪੀ ਵੇਖਦੀ ਤਾਂ ਲੈਣ ਲਈ ਜ਼ਿੱਦ ਕਰਦੀ। ਝਰੀਟਾਂ ਮਾਰਦੀ-ਮਾਰਦੀ ਕਦੋਂ ਲੇਖ ਲਿਖ ਕੇ ਮੁਕਾਬਲੇ ਜਿੱਤਣ ਲੱਗੀ, ਪਤਾ ਹੀ ਨਾ ਲੱਗਿਆ। ਤੇ ਰੂਸੀ ਸਾਹਿਤ ਪੜ੍ਹਨ ਦੀ ਲੱਗੀ ਚੇਟਕ ਉਸ ਨੂੰ ਜਨੂੰਨ ਦੀ ਹੱਦ ਤੱਕ ਲੈ ਜਾਵੇਗੀ, ਅੰਦਾਜ਼ਾ ਨਹੀਂ ਸੀ।
“ਮੰਮਾ ਮੈਂ ਫ਼ੈਸਲਾ ਕਰ ਲਿਐ, ਕਿ ਮੈਂ ਜਰਨਲਿਜ਼ਮ ਦੇ ਫ਼ੀਲਡ ਵਿਚ ਹੀ ਸੈਟਲ ਹੋਣਾ ਏਂ। ਪਤੈ ਕਿੰਨਾ ਸਕੋਪ ਹੈ ਇਸ ਖੇਤਰ ਵਿਚ ਅੱਗੇ ਵਧਣ ਦਾ।” ਹੱਥ ਵਿਚ ਫੜਿਆ ਦਾਖ਼ਲਾ ਫ਼ਾਰਮ ਅੱਗੇ ਕਰਦਿਆਂ ਜਿਵੇਂ ਹੀ ਤਮੰਨਾ ਨੇ ਆਪਣੇ ਦਿਲ ਦੀ ਗੱਲ ਮੇਰੇ ਸਾਹਮਣੇ ਰੱਖੀ, ਮੈਨੂੰ ਜਾਪਿਆ, ਜਿਵੇਂ ਪਲ ਭਰ ਵਿਚ ਹੀ ਸਾਹਾਂ ਦੀ ਡੋਰ ਹੱਡ-ਮਾਸ ਦੇ ਪਿੰਜਰ ਦਾ ਸਾਥ ਛੱਡ ਗਈ ਹੋਵੇ। ਸੁੱਕਾ ਜ਼ਖ਼ਮ ਹਰਾ ਹੋ ਕੇ ਮੇਰੇ ਅੰਦਰ ਚੀਸ ਭਰਨ ਲੱਗਿਆ। ਹਿੰਮਤ ਕਰਕੇ ਪੀੜ ਨੂੰ ਦੰਦਾਂ ਹੇਠ ਦੱਬਦਿਆਂ ਧੀ ਨੂੰ ਲਾਡ ਨਾਲ ਸਮਝਾਇਆ, “ਨਹੀਂ ਪੁੱਤਰ, ਤੂੰ ਪੜ੍ਹਾਈ ਵਿਚ ਹੁਸ਼ਿਆਰ ਏਂ, ਤੇ ਹੋਰ ਬਥੇਰਾ ਕੁੱਝ ਏ ਜ਼ਿੰਦਗੀ ਵਿਚ ਕਰਨ ਲਈ ਜਰਨਲਿਜ਼ਮ ਕਰਕੇ ਤੂੰ ਕੀ ਲੈਣੈ?”
“ਮੰਮਾ ਘੱਟੋ-ਘੱਟ ਤੁਹਾਡੇ ਕੋਲੋਂ ਤਾਂ ਮੈਨੂੰ ਇਸ ਨਾਂਹ ਦੀ ਉਮੀਦ ਨਹੀਂ ਸੀ। ਵੈਸੇ ਵੀ ਮੈਂ ਮਮਤਾ ਦੀ ਮੂਰਤ ਮਾਂ, ਤੇ ਜ਼ਿੱਦੀ ਪਿਓ ਦੀ ਲਾਡਲੀ ਹਾਂ, ਜੋ ਇਰਾਦਾ ਕਰ ਲਵਾਂ ਉਹ ਕੰਮ ਕਰਕੇ ਹੀ ਸਾਹ ਲੈਂਦੀ ਹਾਂ। ਕਦਮ ਚੁੱਕ ਕੇ ਪਿੱਛੇ ਹਟਾਉਣਾ ਤਾਂ ਸਾਡੇ ਅਸੂਲਾਂ ਦੀ ਡਾਇਰੀ ਵਿਚ ਹੀ ਨਹੀਂ। ਆਹ ਫੜੋ ਫ਼ਾਰਮ, ਭਰ ਲਿਐ ਮੈਂ। ਬਸ, ਮੇਰੇ ਪਾਪਾ ਦਾ ਨਾਂ ਲਓ, ਤੇ ਆਪਣੇ ਨਿੱਘੇ ਹੱਥਾਂ ਦੀਆਂ ਕੋਮਲ ਉੰਗਲਾਂ ਨਾਲ ਇੱਕ ਘੁੱਗੀ ਮਾਰ ਦਿਓ। ਫ਼ਾਰਮ ਜਮ੍ਹਾਂ ਹੋਣ ਦੀ ਕੱਲ੍ਹ ਆਖ਼ਰੀ ਤਾਰੀਖ਼ ਹੈ। ਮੈਂ ਪੂਰਾ ਇੱਕ ਸਾਲ ਤੁਹਾਡੇ ਦਸਤਖ਼ਤਾਂ ਦੀ ਦੇਰੀ ਦੀ ਬਲੀ ਨਹੀਂ ਚੜ੍ਹਾਉਣਾ ਚਾਹੁੰਦੀ।” ਭੋਲਾ ਜਿਹਾ ਮੂੰਹ ਬਣਾਉਦਿਆਂ ਤਮੰਨਾ ਨੇ ਫ਼ਾਰਮ ਮੇਰੇ ਅੱਗੇ ਵਧਾਇਆ, ਤੇ ਮੈਂ ਚੁੱਪ ਕਰਕੇ ਦਸਤਖ਼ਤ ਕਰ ਦਿੱਤੇ। ਇੱਕ ਪਲ ਤਾਂ ਲੱਗਿਆ, ਜਿਵੇਂ ਤਮੰਨਾ ਮੇਰੀ ਮਾਂ ਹੋਵੇ, ਤੇ ਮੈਂ ਉਸ ਦੀ ਧੀ, ਜਿਸ ਦੇ ਕਹੇ ਅਨੁਸਾਰ ਕੰਮ ਨਾ ਕੀਤਾ, ਤਾਂ ਹੁਣੇ ਮੇਰੇ ਕੰਨ ਮਰੋੜ ਦੇਵੇਗੀ।
“ਮੇਰੀ ਪਿਆਰੀ ਮੰਮਾ!” ਮੈਨੂੰ ਜੱਫੀ ਵਿਚ ਘੁਟਦਿਆਂ ਉਸ ਨੇ ਫ਼ਾਰਮ ਮੇਰੇ ਹੱਥੋਂ ਫੜਿਆ, ਤੇ ਆਪਣੇ ਕਮਰੇ ਵੱਲ ਚਲੀ ਗਈ। ਤਮੰਨਾ ਦਾ ਪੱਤਰਕਾਰੀ ਦੇ ਖੇਤਰ ਵਿਚ ਪੈਰ ਧਰਨਾ ਸਹੀ ਹੈ ਜਾਂ ਗ਼ਲਤ, ਦੀ ਘੁੰਮਣਘੇਰੀ ਮੈਨੂੰ ਅਤੀਤ ਦੇ ਭੰਵਰ ਵਿਚ ਖਿੱਚ ਕੇ ਲੈ ਗਈ।
ਮੈਂ ਤੇ ਵਿਨੀਤਾ ਨਾ ਕੇਵਲ ਹਮਉਮਰ, ਹਮਜਮਾਤੀ ਸੀ, ਬਲਕਿ ਪੱਕੀਆਂ ਸਹੇਲੀਆਂ ਵੀ ਸਾਂ, ਤੇ ਸਾਡੀ ਹਰ ਨਿੱਕੀ ਤੋਂ ਨਿੱਕੀ ਗੱਲ ਸਾਂਝੀ ਸੀ। ਉੱਚੀ ਤੇ ਨਿੱਗਰ ਸੋਚ ਰੱਖਣ ਵਾਲੇ ਵਿਨੀਤਾ ਦੇ ਮਾਪਿਆਂ ਨੇ ਉਸ ਦਾ ਪਾਲਣ-ਪੋਸ਼ਣ ਉਸ ਦੇ ਭਰਾਵਾਂ ਵਾਂਗ ਹੀ ਨਹੀਂ, ਬਲਕਿ ਭਰਾਵਾਂ ਨਾਲੋਂ ਵੀ ਚੰਗੇ ਢੰਗ ਨਾਲ ਕੀਤਾ ਸੀ। ਤੇਜ਼ ਦਿਮਾਗ਼ ਵਿਨੀਤਾ ਜਿੱਥੇ ਪੜ੍ਹਾਈ ਵਿਚ ਸਭ ਤੋਂ ਮੋਹਰੀ ਵਿਦਿਆਰਥੀਆਂ ਵਿਚ ਥਾਂ ਰੱਖਦੀ ਸੀ, ਉੱਥੇ ਚੰਗੇ ਸੰਸਕਾਰ ਮਿਲਣ ਕਾਰਨ ਉਸ ਦਾ ਬੌਧਿਕ ਵਿਕਾਸ ਹੋਣ ਦੇ ਨਾਲ-ਨਾਲ ਆਤਮ ਵਿਸ਼ਵਾਸ ਵੀ ਆਮ ਵਿਦਿਆਰਥੀਆਂ ਨਾਲੋਂ ਕਿਤੇ ਵੱਧ ਸੀ। ਪ੍ਰੌੜ੍ਹ ਮਾਨਸਿਕਤਾ ਕਾਰਨ ਉਸ ਦੀ ਸੋਚਣ-ਸ਼ਕਤੀ ਦਾ ਵਿਕਾਸ ਹੁੰਦਾ ਗਿਆ, ਤੇ ਦਿਲ ਤੋਂ ਉੱਠੀਆਂ ਭਾਵਨਾਵਾਂ ਵਿਚਾਰਾਂ ਦਾ ਵੇਗ ਧਾਰ ਕੇ ਦਿਮਾਗ ’ਤੇ ਚੜ੍ਹਨ ਲੱਗੀਆਂ। ਹਮੇਸ਼ਾ ਉਸ ਦੇ ਦਿਲ ਦਿਮਾਗ ’ਤੇ ਇੱਕੋ ਧੁਨ ਸਵਾਰ ਰਹਿਣ ਲੱਗੀ, ਜ਼ਿੰਦਗੀ ਦੁਬਾਰਾ ਮਿਲਣੀ ਹੈ ਜਾਂ ਨਹੀਂ, ਕੌਣ ਜਾਣੇ, ਪਰ ਜੋ ਪਲ ਹੱਥ ਵਿੱਚ ਹਨ, ਕਿਉਂ ਨਾ ਐਸਾ ਕੁੱਝ ਕੀਤਾ ਜਾਵੇ, ਕਿ ਮਰਨ ਤੋਂ ਬਾਦ ਜਿਊਂਦੇ ਰਹੀਏਜਾਂ ਨਾ, ਘੱਟੋ-ਘੱਟ ਜਿਊਂਦੇ ਰਹਿਣ ਤੱਕ ਤਾਂ ਜਿਊ ਕੇ ਮਰੀਏ।
ਉਹ ਮਹਿਸੂਸ ਕਰਦੀ, ਕਿ ਜੀਵਨ ਵੱਡਮੁੱਲੀ ਦਾਤ ਹੈ, ਤੇ ਹਰ ਮਨੁੱਖ ਇਸ ਧਰਤੀ ’ਤੇ ਕਿਸੇ ਖ਼ਾਸ ਮਕਸਦ ਲਈ ਜਨਮ ਲੈਂਦਾ ਹੈ, ਪਰ ਮਕਸਦ ਦੀ ਤਲਾਸ਼ ਭਟਕਣਾ ਬਣ ਜਾਂਦੀ ਹੈ ਤੇ ਜੀਵਨ ਗੁਜ਼ਰ ਜਾਂਦਾ ਹੈ। ਪਤਾ ਉਦੋਂ ਲੱਗਦਾ ਹੈ, ਜਦੋਂ “ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ।” ਵਾਕ ਸਿੱਧ ਹੋ ਜਾਂਦਾ ਹੈ, ਤੇ ਖ਼ਾਲੀ ਹੱਥ ਆਇਆ ਮਨੁੱਖ ਖ਼ਾਲੀ ਹੱਥ ਹੀ ਰੰਗਲੀ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਭਾਵੇਂ ਆਉਣਾ-ਜਾਣਾ ਖ਼ਾਲੀ ਹੱਥ ਹੀ ਹੈ, ਪਰ ਇਸ ਆਉਣ-ਜਾਣ ਦੇ ਦਰਮਿਆਨ ਦਾ ਜੋ ਸਮਾਂ ਇਸ ਧਰਤੀ ’ਤੇ ਗੁਜ਼ਾਰਿਆ, ਉਸ ਦੌਰਾਨ ਕੀਤੇ ਕੰਮਾਂ ਅਨੁਸਾਰ ਹੀ ਪੈੜਾਂ ਦੇ ਨਿਸ਼ਾਨ ਪਿੱਛੇ ਛੱਡ ਜਾਣੇ ਹਨ।
ਉਹ ਸੋਚਦੀ, ਜਦੋਂ ਇੱਕ ਸਾਹ ਦਾ ਮੁਥਾਜ ਇਹ ਜੀਵਨ ਬੇਮਕਸਦ, ਬੇਮਾਅਨਾ ਨਹੀਂ, ਤਾਂ ਕਿਉ ਨਾ ਭਟਕਣਾ ਨੂੰ ਛੱਡ, ਜੀਵਨ ਦਾ ਮਕਸਦ ਤਲਾਸ਼ੀਏ, ਤੇ ਪ੍ਰਾਪਤੀ ਲਈ ਪੁਲਾਂਘ ਪੁੱਟ ਦੇਈਏ। ਧਰਤੀ, ਜੋ ਆਪਣੇ ਸੀਨੇ ’ਤੇ ਪੈਰ ਰੱਖਣ ਲਈ ਥਾਂ, ਚਾਰ ਕੰਧਾਂ ਆਸਰੇ ਛੱਤੀ ਸਿਰ ਢੱਕਣ ਲਈ ਛੱਤ ਦਿੰਦੀ ਹੈ, ਕਿਉਂ ਨਾ ਉਸ ਦਾ ਬੋਝ ਵਧਾਉਣ ਦੀ ਬਜਾਏ ਭਾਰ ਵੰਡਾਉਣ ਦਾ ਉਪਰਾਲਾ ਵਿੱਢਿਆ ਜਾਵੇ। ‘ਚਾਰ ਕੰਧਾਂ ਆਸਰੇ ਛੱਤੀ ਛੱਤ’ ਇਹ ਵਿਚਾਰ ਉਸਦੇ ਦਿਮਾਗ ਵਿਚ ਘੁੰਮਣਘੇਰੀ ਬਣ ਜਾਂਦਾ ਤੇ ਸੋਚਦੀ ਜੇ ਇੱਕ ਵੀ ਕੰਧ ਦੀ ਨੀਂਹ ਦੱਬ ਜਾਵੇ ਜਾਂ ਕੰਧ ਵਿਚਾਲਿਓਂ ਢਹਿ ਜਾਵੇ ਤਾਂ ਪੂਰੀ ਇਮਾਰਤ ਮਲਬਾ ਬਣ ਸਕਦੀ ਹੈ। ਜਿਵੇਂ-ਜਿਵੇਂ ਵਿਲੱਖਣ ਸੋਚਾਂ ਦੀ ਪੋਟਲੀ ਭਾਰੀ ਹੋਣ ਲੱਗੀ, ਵਿਨੀਤਾ ਦੇ ਵਿਚਾਰ ਪਰਿਪੱਕ ਤੇ ਪ੍ਰੌੜ੍ਹ ਹੁੰਦੇ ਗਏ।
ਬਚਪਨ ਦੇ ਭੋਲੇਪਨ ਨੂੰ ਲੰਘ ਜਵਾਨੀ ਦੀ ਚਿਕਨਾਹਟ ਭਰੀ ਦਹਿਲੀਜ਼ ’ਤੇ ਪੈਰ ਧਰਿਆ, ਤਾਂ ਜਿੱਥੇ ਉਸ ਦੇ ਹਾਣ ਦੀਆਂ ਕੁੜੀਆਂ ਆਪਣੇ ਮਨੋਵੇਗ ਸਾਂਝੇ ਕਰਦਿਆਂ ਦਿਲਜਾਨੀਆਂ ਦੇ ਕਿੱਸੇ ਚਟਕਾਰੇ ਲਾ ਕੇ ਸੁਣਾਉਦੀਆਂ, ਉੱਥੇ ਵਿਨੀਤਾ ਦੇ ਦਿਮਾਗ ਵਿਚ ਸਮਾਜਿਕ-ਦੁਨਿਆਵੀ ਤਾਣਾ-ਬਾਣਾ ਗੁੰਝਲਾਂ ਪਾਈ ਰੱਖਦਾ। ਦੇਸ਼ ਅੰਦਰ ਚੱਲਦੀਆਂ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਹੀ ਨਹੀਂ, ਬਲਕਿ ਹਰ ਪਹਿਲੂ ਦੀਆਂ ਗਤੀਵਿਧੀਆਂ ਉਸ ਨੂੰ ਝੰਜੋੜਨ ਲੱਗੀਆਂ। ਹਾਲਾਂਕਿ ਪੜ੍ਹਾਈ ਵਿਚ ਅੱਵਲ ਰਹਿਣ ਵਾਲੀ ਵਿਨੀਤਾਚਾਹੁੰਦੀ ਤਾਂ ਡਾਕਟਰ, ਅਧਿਆਪਕ, ਵਕੀਲ ਹੀ ਨਹੀਂ, ਸਿਵਿਲ ਜਾਂ ਜੁਡੀਸ਼ੀਅਲ ਸੇਵਾਵਾਂ ਦੇ ਖੇਤਰ ਵਿੱਚ ਵੀ ਆਪਣਾ ਭਵਿੱਖ ਸੰਵਾਰ ਸਕਦੀ ਸੀ, ਪਰ ਉਸ ਦੇ ਦਿਲ ਦਿਮਾਗ ਵਿਚ ਤਾਂ ਇੱਕੋ ਕੀੜਾ ਖੌਰੂ ਪਾਉਣ ਲੱਗਿਆ ‘ਲੀਹ ਤੋਂ ਹਟ ਕੇ ਕੁੱਝ ਕਰ ਦਿਖਾਉਣਾ ਹੈ।’
ਆਖ਼ਰ, ਜਾਨੂੰਨ ਦਾ ਇਹ ਕੀੜਾ ਉਸ ਨੂੰ ਪੱਤਰਕਾਰੀ ਦੇ ਖੇਤਰ ਵੱਲ ਧੂਹ ਕੇ ਲੈ ਗਿਆ।
ਕਿੰਨੀ ਅਣਭੋਲ ਸੋਚ ਸੀ ਉਸਦੀ! ਕਲਮ ਦੀ ਤਾਕਤ ਨਾਲ ਸਮਾਜ ਵਿਚ ਆ ਰਹੇ ਨਿਘਾਰ ਨੂੰ ਸ਼ਬਦਾਂ ਦੇ ਜਾਦੂ ਨਾਲ ਖ਼ਤਮ ਕਰ ਦੇਣ ਦੇ ਸੁਪਨੇ ਉਸਦੀਆਂ ਖੁਲ੍ਹੀਆਂ ਅੱਖਾਂ ਵਿਚ ਟਿਮਟਿਮਾਉਣ ਲੱਗੇ, ਤੇ ਇੱਕ ਨਰੋਏ ਸਮਾਜ ਦੀਆਂ ਕੰਧਾਂ ਉਸ ਦੇ ਕਲਪਨਾ ਸੰਸਾਰ ਵਿਚ ਉਸਰਨ ਲੱਗੀਆਂ।
ਆਪਣੇ ਫ਼ੈਸਲੇ ’ਤੇ ਅਡੋਲ ਖੜ੍ਹੀ ਉਹ ਅਕਸਰ ਆਖਦੀ, “ਲੋਕਤੰਤਰ ਸ਼ਾਸਨ ਪ੍ਰਣਾਲੀ ਵਾਲੇ ਦੇਸ਼ ਦੇ ਵਾਸੀ ਹਾਂ ਬਈ ਆਪਾਂ, ਇਸ ਦੇ ਚੌਥੇ ਥੰਮ੍ਹ ’ਤੇ ਸਵਾਰ ਹੋ ਕੇ ਆਪਣੇ ਸੁਪਨਿਆਂ ਦੇ ਸਮਾਜ, ਅਤੇ ਦੇਸ਼ ਦੀ ਉਸਾਰੀ ਵਿਚ ਹਿੱਸੇਦਾਰ ਬਣਾਂਗੇ। ਇਬਰਾਹੀਮ ਲਿੰਕਨ ਵੱਲੋਂ ਦਿੱਤੇ ਲੋਕਤੰਤਰ ਦੇ ਸਿਧਾਂਤ ’ਤੇ ਚੱਲ ਕੇ ਦੇਸ਼ ਦੇ ਨੁਮਾਇੰਦਿਆਂ ਦੇ ਇੱਕੋ-ਇੱਕ ਟੀਚੇ ‘ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ’, ਨੂੰ ਅਮਲੀ ਜਾਮਾ ਪੁਆਉਣ ਲਈ ਹਰ ਹੱਦ ਤੱਕ ਆਪਣੀ ਕਲਮ ਨੂੰ ਇਮਾਨਦਾਰੀ ਨਾਲ ਚਲਾਉਂਦੇ ਹੋਏ ਵੱਡਾ ਯੋਗਦਾਨ ਪਾਵਾਂਗੀ। ਸਮਾਜ ਦੇ ਹਰੇਕ ਖੇਤਰ ਵਿਚ ਵਿਚਰਦੀਆਂ ਕਾਲੀਆਂ ਭੇਡਾਂ ਦੀਆਂ ਖੱਲਾਂ ਉਧੇੜ-ਉਧੇੜ ਮਾਰਾਂਗੀ, ਤੇ ਮਨੁੱਖਤਾ ਦੀ ਸੇਵਾ ਭਾਵਨਾ ਦੇ ਜਜ਼ਬਾਤ ਦੀ ਪ੍ਰੋੜ੍ਹਤਾ ਨੂੰ ਫਿਰ ਤੋਂ ਸਜੀਵ ਕਰਨ ਲਈ ਹੱਥ-ਪੱਲਾ ਮਾਰਾਂਗੀ।”
ਸੋਚ ਵੇਖੋ, ਆਖਦੀ, “ਚੌਥਾ ਥੰਮ੍ਹ ਮਜ਼ਬੂਤ ਹੋਵੇ, ਤਾਂ ਬਾਕੀਆਂ ਨੂੰ ਮਜ਼ਬੂਤ ਹੋਣ ਲਈ ਨਾਸੀਂ ਧੂੰਆਂ ਲਿਆ ਸਕਦਾ ਹੈ।”
ਪਰਹੋਇਆ ਕੀ ਉਸ ਦੇ ਸੁਫ਼ਨਿਆਂ ਦਾ! ਸੋਚ ਕੇ ਮੇਰੀ ਰੂਹ ਕੰਬ ਗਈ, ਤੇ ਦੁੱਧ ਦਾ ਗਿਲਾਸ ਲੈ ਕੇ ਮੈਂ ਤਮੰਨਾ ਦੇ ਕਮਰੇ ਅੰਦਰ ਦਾਖ਼ਲ ਹੋ ਗਈ।
“ਮੰਮਾ, ਕੀ ਹੋਇਆ? ਬੜੇ ਪਰੇਸ਼ਾਨ ਲੱਗ ਰਹੇ ਓ?” ਮੇਰੇ ਹੱਥੋਂ ਗਿਲਾਸ ਫੜਦਿਆਂ ਤਮੰਨਾ ਨੇ ਮੇਰੇ ਚਿਹਰੇ ’ਤੇ ਉੱਭਰੀਆਂ ਚਿੰਤਾ ਦੀਆਂ ਰੇਖਾਵਾਂ ਸ਼ਾਇਦ ਪੜ੍ਹ ਲਈਆਂ ਸਨ। ਮਨੋਵੇਗ ’ਤੇ ਕਾਬੂ ਪਾਉਂਦਿਆਂ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ।
“ਬੇਟਾ, ਇਹ ਜ਼ਿੰਦਗੀ ਤੇਰੀ ਏ। ਸੁਫ਼ਨੇ ਤੇਰੇ, ਸਾਕਾਰ ਵੀ ਤੂੰ ਹੀ ਕਰਨੇ ਆ, ਪਰ ਤੂੰ ਇਹ ਜਿਹੜਾ ਜਰਨਲਿਜ਼ਮ ਦੇ ਫੀਲਡ ਵਿਚ ਜਾਣ ਦਾ ਫ਼ੈਸਲਾ ਕੀਤਾ ਏ ਨਾ, ਸੱਚਮੁੱਚ ਮੇਰੇ ਦਿਲ ’ਤੇ ਬੋਝ ਬਣ ਗਿਐ। ਪੁੱਤਰ ਤੂੰ ਹੁਸ਼ਿਆਰ ਹੈਂ, ਤੇ ਹੋਰ ਬਹੁਤ ਕੁੱਝ ਹੈ ਜ਼ਿੰਦਗੀ ਵਿਚ ਕਰਨ ਲਈ। ਮੇਰੀ ਮੰਨ, ਆਪਣਾ ਇਰਾਦਾ ਬਦਲ ਦੇ।” ਮੈਂ ਲਾਡ ਨਾਲ ਧੀ ਦੇ ਸਿਰ ’ਤੇ ਹੱਥ ਫੇਰਦਿਆਂ ਉਸ ਨੂੰ ਬੁੱਕਲ ਵਿਚ ਲੈ ਲਿਆ।
“ਮੰਮਾ, ਤੁਸੀਂ ਬੇਵਜ੍ਹਾ ਤਾਂ ਮੈਨੂੰ ਵਰਜਣੋਂ ਰਹੇ। ਅਸਲ ਗੱਲ ਦੱਸੋ। ਕਾਰਣ ਕੀ ਹੈ?” ਮੇਰੀ ਗੋਦੀ ਵਿਚ ਸਿਰ ਰੱਖ ਕੇ ਉਸ ਨੇ ਲਾਡ ਨਾਲ ਮੇਰਾ ਹੱਥ ਆਪਣੇ ਹੱਥਾਂ ਵਿਚ ਘੁੱਟ ਲਿਆ।
“ਨਹੀਂ ਮੰਨਣਾ, ਤਾਂ ਸੁਣ। ਤੂੰ ਮੇਰੀ ਸਹੇਲੀ ਵਿਨੀਤਾ ਬਾਰੇ ਤਾਂ ਜਾਣਦੀ ਏਂ ਨਾ?” ਮੈਂ ਉਸ ਦਾ ਚਿਹਰਾ ਪਲੋਸਿਆ।
“ਹੂੰਅ। ਚੰਗੀ ਤਰ੍ਹਾਂ, ਮੈਂ ਕਿੰਨੀ ਵਾਰੀ ਤੁਹਾਡੇ ਨਾਲ ਉਨ੍ਹਾਂ ਨੂੰ ਹਸਪਤਾਲ ਵੇਖਣ ਗਈ ਹਾਂ, ਕੀ ਹੋਇਆ ਵਿਨੀਤਾ ਆਂਟੀ ਨੂੰ? ਠੀਕ ਤਾਂ ਨੇ?” ਹੌਲੀ ਜਿਹੀ ਆਵਾਜ਼ ਵਿਚ ਉਸ ਨੇ ਪੁੱਛਿਆ।
“ਕੁੱਝ ਨਹੀਂ ਹੋਇਆ ਪੁੱਤਰ, ਸੁਫ਼ਨਿਆਂ ਦੀ ਸ਼ਹਿਜ਼ਾਦੀ ਸੀ ਉਹ। ਜਿੰਨੇ ਵੱਡੇ ਜ਼ਿੰਦਗੀ ਪ੍ਰਤੀ ਉਸ ਦੇ ਖ਼ਾਬ, ਉੰਨੀ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਸ਼ਿੱਦਤ।”
“ਸੱਚੀ ਮੰਮਾ!” ਉਤਸ਼ਾਹਿਤ ਹੁੰਦੀ ਤਮੰਨਾ ਸਿੱਧੀ ਹੋ ਕੇ ਬੈਠ ਗਈ।
“ਉਸ ਨੇ ਵੀ ਤੇਰੇ ਜਿਹਾ ਇੱਕ ਬੁਲੰਦ ਸੁਫ਼ਨਾ ਠੀਕ ਤੇਰੀ ਇਸੇ ਜਿੰਨੀ ਉਮਰ ਵਿਚ ਵੇਖਿਆ ਸੀ। ਪੱਕਾ ਇਰਾਦਾ ਕਰਕੇ ਬਾਰ੍ਹਵੀਂ ਜਮਾਤ ਤੋਂ ਬਾਦ ਹੀ ਆਪਣੀ ਮੰਜ਼ਿਲ ਦੀ ਪੌੜੀ ਦੇ ਪਹਿਲੇ ਡੰਡੇ ’ਤੇ ਪੈਰ ਧਰਿਆ, ਤੇ ‘ਬੀ.ਏ. ਆਨਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ’ ਵਿਸ਼ੇ ਵਿਚ ਦਾਖ਼ਲਾ ਲੈ ਲਿਆ। ਵੇਖਦੇ ਹੀ ਵੇਖਦੇ ਤਿੰਨ ਸਾਲ ਖੰਭ ਲਾਉਂਦਿਆਂ ਉੱਡ ਗਏ, ਤੇ ਪਹਿਲੇ ਦਰਜੇ ਵਿਚ ਡਿਗਰੀ ਹਾਸਲ ਕਰਕੇ ਆਪਣੇ ਸੁਪਨਿਆਂ ਦੇ ਖੇਤਰ ਦੀ ਅਗਲੀ ਪੌੜੀ ਚੜ੍ਹਨ ਲਈ ਇੱਕ ਮੀਡੀਆ ਦਫ਼ਤਰ ਜਾ ਪਹੁੰਚੀ।
“ਗ੍ਰੇਟ ਮੰਮਾ, ਤੁਸੀਂ ਤਾਂ ਕਾਫ਼ੀ ਜਾਣਕਾਰੀ ਰੱਖਦੇ ਹੋ। ਚਲੋ ਮੇਰੀ ਮਦਦ ਹੋ ਜਾਏਗੀ।” ਉਸਦੀ ਉਤਸੁਕਤਾ ਵਧਣ ਲੱਗੀ, ਤੇ ਮੈਂ ਕਹਿਣਾ ਜਾਰੀ ਰੱਖਿਆ, “ਸਖ਼ਤ ਪਹਿਰੇਦਾਰੀ ਵਿਚ ਪੂਰੀ ਛਾਣਬੀਣ ਤੋਂ ਬਾਦ ਸਮਾਂ ਲੈ ਕੇ ਜਦੋਂ ਉਹ ਮੁੱਖ ਸੰਪਾਦਕ ਸਾਹਿਬ ਦੇ ਦਫ਼ਤਰ ਦੀ ਦਹਿਲੀਜ਼ ਅੰਦਰ ਦਾਖ਼ਲ ਹੋਈ, ਤਾਂ ਅਜੀਬ ਜਿਹੀ ਖ਼ੁਸ਼ੀ ਅਨੁਭਵ ਕਰਦਿਆਂ ਉਸ ਦੀ ਗਰਦਣ ਮਾਣ ਨਾਲ ਤਣੀ ਹੋਈ ਸੀ। ਕਿੰਨੀ ਖ਼ੁਸ਼ ਸੀ, ਇੱਕ-ਇੱਕ ਗੱਲ ਮੇਰੇ ਨਾਲ ਸਾਂਝੀ ਕਰਦਿਆਂ। ਉਸਦੇ ਪੈਰ ਜ਼ਮੀਨ ’ਤੇ ਨਹੀਂ ਸਨ ਲੱਗ ਰਹੇ ਉਸ ਦਿਨ।” ਮੈਂ ਲੰਮਾ ਸਾਹ ਖਿੱਚਿਆ, ਤੇ ਅੱਖਾਂ ਬੰਦ ਕਰਕੇ ਬੈੱਡ ਨਾਲ ਸਿਰ ਟਿਕਾ ਲਿਆ।
“ਫਿਰ ਕੀ ਹੋਇਆ ਮੰਮਾ?” ਤਮੰਨਾ ਨੇ ਮੈਨੂੰ ਝੰਜੋੜਿਆ।
“ਕੁੱਝ ਨਹੀਂ ਹੋਇਆ, ਪਹਿਲੇ ਦਰਜੇ ਵਿਚ ਪੱਤਰਕਾਰੀ ਦੀ ਡਿਗਰੀ, ਕੰਪਿਊਟਰ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਮੀਡੀਆ ਗਰੁੱਪ ਨਾਲ ਜੁੜ ਕੇ ਦੇਸ਼, ਸਮਾਜ ਅਤੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਦੀ ਇੱਛੁਕ ਵਿਨੀਤਾ ਨੂੰ ਸੰਪਾਦਕ ਨੇ ਇੱਕੋ ਸਾਹੇ ਪੁੱਛਿਆ, ‘ਬਸ ਐਨਾ ਦੱਸੋ ਕਿਹੜੇ ਹਲਕੇ ਤੋਂ ਹੋ, ਐੱਮ.ਐੱਲ.ਏ. ਕੌਣ ਹੈ - ਸੱਤਾਧਾਰੀ ਪਾਰਟੀ, ਜਾਂ ਫਿਰ ਵਿਰੋਧੀ ਧਿਰ ਦਾ, ਤੇ ਬਿਜ਼ਨਸ ਟਾਰਗਟਸ ਕੀ ਹੋਣਗੇ?”
“ਆਪਣੇ ਖੇਤਰ ਦੀ ਜਾਣਕਾਰੀ ਬਾਰੇ ਪੁੱਛਣਾ, ਤਾਂ ਵਧੀਆ ਸਵਾਲ ਨੇ, ਪਰ ਬਿਜ਼ਨਸ ਟਾਰਗਟਸ ਵਾਲੀ ਗੱਲ ਮੇਰੇ ਪੱਲੇ ਨਹੀਂ ਪਈ, ਮੰਮਾ।” ਤਮੰਨਾ ਦੇ ਸਪਾਟ ਮੱਥੇ ’ਤੇ ਉਲਝਣ ਭਰੇ ਵਲ ਉੱਭਰ ਆਏ।
“ਇਹੀ ਤਾਂ ਅਸਲੀ ਮੁੱਦੇ ਵਾਲੀ ਗੱਲ ਸੀ, ਜਿਸ ਨੇ ਵਿਨੀਤਾ ਨੂੰ ਕੀ ਦਾ ਕੀ ਬਣਾ ਕੇ ਰੱਖ ’ਤਾ। ਉਸ ਨੂੰ ਇਹ ਕਹਿੰਦਿਆਂ ਕੰਮ ਕਰਨ ਲਈ ਇੱਕ ਮੌਕਾ ਦਿੱਤਾ ਗਿਆ, ‘ਭਾਵੇਂ ਹੀ ਤੇਰੇ ਖੇਤਰ ’ਚੋਂ ਪਹਿਲਾਂ ਹੀ ਸਾਡੇ ਗਰੁੱਪ ਨਾਲ ਸੱਤ ਪੱਤਰਕਾਰ ਕੰਮ ਕਰ ਰਹੇ ਹਨ, ਕੰਮ ਵੀ ਸਾਰਿਆਂ ਦਾ ਤਸੱਲੀਬਖ਼ਸ਼ ਹੈ, ਪਰ ਜਵਾਨ ਖ਼ੂਨ ਅੰਦਰ ਕੰਮ ਕਰਨ ਦਾ ਜੋਸ਼, ਤੇ ਲੋਹੜੇ ਭਰਿਆ ਉਤਸ਼ਾਹ ਠਾਠਾਂ ਮਾਰਦਾ ਹੈ, ਇਸ ਲਈ ਮੈਂ ਸੋਚਦਾ ਹਾਂਕਿ ਤੈਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਇਹ ਹੈ ਪੱਚੀ ਹਜ਼ਾਰ ਰੁਪਏ ‘ਸਕਿਉਰਿਟੀ ਮਨੀ’ ਜਮ੍ਹਾ ਕਰਵਾ ਕੇ ਆਪਣਾ ਅਕਾਊਂਟ ਖੁਲ੍ਹਵਾਓ, ਬਾਕੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਹੀ ਤੇਰਾ ਅਗਲਾ ਭਵਿੱਖ ਤੈਅ ਕਰੇਗੀ।’
ਗ੍ਰਹਿਣ ਲੱਗ ਗਿਆ ਤਮੰਨਾ ਦੇ ਸੁਫ਼ਨਿਆਂ ਨੂੰ। ... ਚੱਲ ਛੱਡ ਪੁੱਤਰ, ਜੋ ਹੋਣਾ ਸੀ ਹੋ ਗਿਆ, ਬਸ ਜੇ ਤੂੰ ਮੇਰੀ ਧੀ ਏਂ ਨਾ, ਤਾਂ ਆਪਣਾ ਫ਼ੈਸਲਾ ਬਦਲ ਦੇ, ਤੇ ਆਰਾਮ ਨਾਲ ਸੌਂ ਜਾ। ਰਾਤ ਬੜੀ ਹੋ ਗਈ ਏ।” ਕਹਿੰਦਿਆਂ ਮੈਂ ਉਸ ਦੇ ਕਮਰੇ ਦੀ ਲਾਈਟ ਬੰਦ ਕੀਤੀ, ਤੇ ਤੇਜ਼ੀ ਨਾਲ ਬਾਹਰ ਆ ਗਈ, ਪਰ ਬੇਚੈਨੀ ਸੀ ਕਿ ਵਧਦੀ ਹੀ ਗਈ ਤੇ ਪਰੇਸ਼ਾਨੀ ਨੇ ਮੇਰੀ ਨੀਂਦ ’ਤੇ ਠੀਕਰੀ ਪਹਿਰਾ ਲਾ ਲਿਆ। ਵਿਨੀਤਾ ਦੇ ਕੱਚ ਵਾਂਗ ਟੁੱਟ ਕੇ ਚੂਰ ਹੋਏ ਸੁਫਨੇ ਮੈਨੂੰ ਝੰਜੋੜਨ ਲੱਗੇ।
ਇਹ ਲੋਕਤੰਤਰ ਦਾ ਚੌਥਾ ਥੰਮ੍ਹ ਕਿਵੇਂ ਬਿਜ਼ਨਸ ਟਾਰਗਟ ਬਣ ਕੇ ਉਸ ਦੇ ਦਿਲ ਦੀ ਗੰਢ ਬਣ ਗਿਆ। ਵੱਡੇ ਸੁਫਨਿਆਂ ਦਾ ਸੱਚ ਐਨਾ ਕੌੜਾ, ਐਨਾ ਭਿਆਨਕ ਨਿਕਲਿਆ, ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਇੱਕ ਵਾਰ ਹਸਪਤਾਲ ਵਿਚ ਭਰਤੀ ਹੋਈ, ਮੁੜ ਕੇ ਸੁਰਤ ਹੀ ਨਾ ਫਿਰੀ।
ਮੰਨਿਆ, ਵਸਤੂਆਂ ਦੀ ਬੋਲੀ ਲਗਾਈ ਜਾਂਦੀ ਹੈ, ਪਰ ਖ਼ਬਰਾਂ ਦੀ ਕਵਰੇਜ, ਉਹ ਵੀ ਬੀਟ ਦੀ ਬੋਲੀ ਲਗਾ ਕੇ। ਥੰਮ੍ਹ ਵੀ ਪੈਸਿਆਂ ਦੀ ਤੱਕੜੀ ਵਿਚ ਤੁਲਦਾ ਏ, ਨਵਾਂ ਵਰਤਾਰਾ। ਵਿਨੀਤਾ ਕੋਲੋਂ ਸੁਣਿਆ ਉਹ ਸੱਚ ਕਿੰਨਾ ਭਿਆਨਕ ਸੀ।
ਖ਼ਬਰਾਂ ਦੀ ਕਵਰੇਜ ਲਈ ਬੀਟ ਵੰਡ ਦੀ ਬੋਲੀ ਲੱਗ ਰਹੀ ਸੀ। ਦਫ਼ਤਰ ਇੰਚਾਰਜ ਦੀ ਹਾਜ਼ਰੀ ਵਿਚ ਵਿਨੀਤਾ ਸਮੇਤ ਬਾਕੀ ਦੇ ਸੱਤ ਪੱਤਰਕਾਰ ਵੀ ਮੌਜੂਦ ਸਨ। ਮੈਡੀਕਲ, ਸਿੱਖਿਆ, ਰਾਜਨੀਤੀ ਤੇ ਵੱਡੇ ਕਾਰੋਬਾਰੀਆਂ ਤੋਂ ਇਲਾਵਾ ਜਦੋਂ ਸਮਾਜ ਸੇਵੀ ਸੰਸਥਾਵਾਂ ਮੁੱਖ ਬਿਜ਼ਨੈਸ ਸ੍ਰੋਤ ਗਰਦਾਣ ਕੇ ਬੋਲੀ ਲੱਗਣ ਲੱਗੀ ਤਾਂ ਵਿਨੀਤਾ ਦੇ ਨਿੱਘੇ ਹੱਥ ਠੰਢੇ ਪੈਣ ਲੱਗੇ। ਬੋਲੀ ਲਾਉਂਦੀਆਂ ਆਵਾਜ਼ਾਂ ਤਿੱਖੀਆਂ ਤੇ ਉੱਚੀਆਂ ਹੋਣ ਲੱਗੀਆਂ। ਤਕਰੀਬਨ ਹਰੇਕ ਬੀਟ ਦੀ ਬੋਲੀ ਲੱਗ ਚੁੱਕੀ ਸੀ, ਪਰ ਬੁੱਤ ਬਣੀ ਵਿਨੀਤਾ ਦੇ ਹੱਥ ਖਾਲੀ ਦੇ ਖਾਲੀ। ਖਰਖਰਾਉਂਦੀਆਂ ਆਵਾਜ਼ਾਂ ਵਿੱਚੋਂ ਇੱਕ ਆਵਾਜ਼ ਉੱਭਰੀ ਅਖੇ, “ਐਨੀ ਮਾੜੀ ਵੀ ਚੰਗੀ ਨਹੀਂ ਹੁੰਦੀ, ਧਰਨੇ ਪ੍ਰਦਰਸ਼ਨ ਤੇ ਝੰਡਾ ਚੁੱਕਣ ਵਾਲੀਆਂ ਰਾਜਨੀਤਕ ਪਾਰਟੀਆਂ ਦੀ ਕਵਰੇਜ ਵਾਲੀ ਬੀਟ ਹਾਲੇ ਖ਼ਾਲੀ ਪਈ ਏ, ਐਵੇਂ ਮੁਫ਼ਤ ਵਿਚ ਅਸੀਂ ਸੱਤੇ ਜਣੇ ਸਿੰਗ ਫਸਾਉਂਦੇ ਰਹਾਂਗੇ। ਇੰਝ ਕਰੋ, ਇਨ੍ਹਾਂ ਦੀ ਕਵਰੇਜ ਦੀ ਕੋਈ ਬੋਲੀ ਨਹੀਂ ਲੱਗਣੀ। ਜਿਹੜੇ ਪਹਿਲਾਂ ਹੀ ਭੁੱਖੇ ਨੰਗੇ ਮਰਦੇ ਸਰਕਾਰਾਂ ਦਾ ਪਿੱਟ-ਸਿਆਪਾ ਕਰਦੇ ਫਿਰਦੇ ਨੇ, ਉਨ੍ਹਾਂ ਕੋਲੋਂ ਸਾਡੇ ਪੱਲੇ ਕੀ ਪੈਣਾ, ਤੇ ਤੁਹਾਡੀ ਝੋਲੀ ਵਿਚ ਕੀ ਪਾਵਾਂਗੇ। ਉਹ ਕੀ ਆਖਦੇ ਨੇ, ‘ਨੰਗਾ ਨਹਾਏਗਾ ਕੀ, ਤੇ ਨਿਚੋੜੇਗਾ ਕੀ?’ ਇੰਝ ਕਰੋ, ਧਰਨੇ-ਪ੍ਰਦਰਸ਼ਨ ਤੇ ਝੰਡਾ ਚੁੱਕ ਰਾਜਨੀਤਕ ਪਾਰਟੀਆਂ ਦੀ ਕਵਰੇਜ ਮੈਡਮ ਨੂੰ ਸੰਭਾਲ ਦਿਓ। ਕਿਉਂ ਬਈ ਸਹਿਮਤ ਹੋ ਸਾਰੇ।”
‘ਹਾਂ ਮਨਜ਼ੂਰ ਹੈ’ ਦੀ ਗੂੰਜ ਨੇ ਵਿਨੀਤਾ ਨੂੰ ਧੁਰ ਅੰਦਰ ਤੱਕ ਕਾਂਬਾ ਛੇੜ ਦਿੱਤਾ।
ਭਾਵੇਂ ਆਪਣੇ ਹਿੱਸੇ ਆਈ ਮਜ਼ਲੂਮਾਂ ਦੀ ਆਵਾਜ਼ ਉਠਾਉਣ ਦੀ ਜ਼ਿੰਮੇਵਾਰੀ ਤੋਂ ਉਹ ਸੰਤੁਸ਼ਟ ਸੀ, ਪਰ ਆਹ ਬਿਜ਼ਨਸ ਟਾਰਗਟ ਨੇ ਤਾਂ ਉਸ ਦਾ ਜਿਊਣਾ ਹਰਾਮ ਕਰ ਦਿੱਤਾ। ਇਸ਼ਤਿਹਾਰੀ ਯੁੱਗ ਵਿਚ ਚਾਰੇ ਪਾਸੇ ‘ਕਮਾਊ ਪੁੱਤਰਾਂ’ ਦੀ ਹੀ ਪੁੱਛ ਪੜਤਾਲ, ਤੇ ਇਹੀ ਕੁੰਡਲੀ ਵਾਲਾ ਨਾਗ ਬਣ ਕੇ ਸੱਚੇ ਸੁਪਨਿਆਂ ਦੇ ਗਲ਼ ਗਲ਼ਾਵਾਂ ਬਣ ਗਿਆ।
ਛੇਤੀ ਨਾਲ ਕਿੱਥੇ ਸੀ ਹਾਰ ਮੰਨਣ ਵਾਲੀ। ਖ਼ੂਨ ਨੇ ਉਬਾਲ ਖਾਧਾ ਤੇ ‘ਬੰਬ ਦਾ ਗੋਲਾ’ ਪਹਿਲੀ ਖ਼ਬਰ ਹੀ ਮੰਤਰੀ ਦੇ ਖ਼ਿਲਾਫ। ਮਨੌਪਲੀ ਰੂਟ ’ਤੇ ਚੱਲਦੀ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਦੀ ਕੜੀ ਦਰ ਕੜੀ ਪੋਲ ਖੋਲ੍ਹ ਮਾਰੀ, ਤੇ ਸ਼ੁਰੂ ਹੋ ਗਿਆ ਇੱਕ ਫੁੱਲ ਦਾ ਕੰਡਿਆਂ ਨਾਲ ਖਹਿਣ ਦਾ ਪੰਧ।
... ਕਿੰਨੀ ਪਰੇਸ਼ਾਨ ਰਹਿਣ ਲੱਗੀ ਸੀ, ਥੋੜ੍ਹੇ ਹੀ ਦਿਨਾਂ ਵਿੱਚ ਵਿਨੀਤਾ। ਜਾਨ ’ਤੇ ਖੇਡ ਕੇ ਇਕੱਤਰ ਕੀਤੀ ਸਰਕਾਰੀ ਤੇ ਗੈਰ ਸਰਕਾਰੀ ਤੰਤਰ ਦੇ ਤੱਥਾਂ ਦੀ ਖ਼ੁਫ਼ੀਆ ਰਿਪੋਰਟ ਛਪਣ ਲਈ ਭੇਜਦੀ। ਕਈ ਦਿਨ ਤੜਕਸਾਰ ਅਖ਼ਬਾਰ ਦੇ ਪੰਨੇ ਫਰੋਲਦੀ, ਤੇ ਜਦੋਂ ਖ਼ਬਰ ਨਾ ਛਪਦੀ, ਤਾਂ ਦਫ਼ਤਰ ਤੋਂ ਪਤਾ ਕਰਨ ’ਤੇ ਸੂਚਨਾ ਮਿਲਦੀ ‘ਇਸ਼ਤਿਹਾਰ ਛਪ ਗਿਆ ਹੈ ਇਨ੍ਹਾਂ ਦਾ, ਰਿਪੋਰਟ ਬਹੁਤ ਦਮਦਾਰ ਸੀ।’ ਕਿੰਨੀ ਘਾਲਣਾ ਘਾਲ ਕੇ ਪ੍ਰਾਈਵੇਟ ਬਿਲਡਰ ਵੱਲੋਂ ਸਰਕਾਰੀ ਜ਼ਮੀਨਾਂ, ਤੇ ਇੱਥੋਂ ਤੱਕ ਦਰਿਆਵਾਂ ਵਿਚ ਕੀਤੀਆਂ ਨਜਾਇਜ਼ ਉਸਾਰੀਆਂ ਦਾ ਭਾਂਡਾ ਭੰਨਿਆ। ਇੱਕ ਵਾਰ ਫਿਰ ਲੂੰ ਕੰਢੇ ਖੜ੍ਹੇ ਕਰ ਦਿੱਤੇ ਉਸ ਯਾਦ ਨੇ ...
ਹੱਦ ਹੈ ਵੈਸੇ, ਕਿਵੇਂ ਸਰਕਾਰੀ ਜ਼ਮੀਨਾਂ ਦੀਆਂ ਰਜਿਸਟਰੀਆਂ ਲਈ ਐੱਨ.ਓ.ਸੀ. ਜਾਰੀ ਹੋਏ, ਬਹੁ-ਮੰਜ਼ਿਲਾ ਨਜਾਇਜ਼ ਇਮਾਰਤਾਂ ਉੱਸਰੀਆਂ, ਪਲਾਟ-ਫਲੈਟ ਅਲਾਟ ਹੋਏ, ਬਿਜਲੀ ਪਾਣੀ ਸੀਵਰੇਜ ਦੇ ਕੁਨੈਕਸ਼ਨ ਲੱਗੇ, ਸੜਕਾਂ ਬਣੀਆਂ, ਸਟ੍ਰੀਟ ਲਾਇਟਾਂ ਲੱਗੀਆਂ, ਪਾਰਕਾਂ ਵਿਚ ਫੁੱਲ ਮਹਿਕੇ, ਚਮਚਮਾਉਂਦੀਆਂ ਗੱਡੀਆਂ ਪਾਰਕਿੰਗ ਵਿਚ ਲੱਗੀਆਂ। ਹਰ ਕੁਨੈਕਸ਼ਨ ਐੱਨ.ਓ.ਸੀ. ਜਾਰੀ ਹੋ ਕੇ ਨਾਜਾਇਜ਼ ਨੂੰ ਜਾਇਜ਼ ਬਣਾਉਂਦਾ ਗਿਆ, ਪਰ ਆਖਿਰ ਦਰਿਆ ਨੇ ਤਾਂ ਆਪਣੀ ਥਾਂ ਲੈਣੀ ਹੀ ਸੀ, ਭਾਂਡਾ ਭੱਜ ਗਿਆ, ਤੇ ਲੱਖਾਂ ਕਰੋੜਾਂ ਦੀ ਕੀਮਤ ਦੇ ਸੁਪਨੇ ਪਾਣੀ ਵਿਚ ਕੱਖ ਬਣ ਕੇ ਰੁੜ੍ਹਨ ਲੱਗੇ, ਤਾਂ ਖਰੀਦਦਾਰਾਂ ਦੀਆਂ ਤਰੇਲੀਆਂ ਛੁੱਟ ਗਈਆਂ।
‘ਰੇਲਵੇ ਦੀਆਂ ਜ਼ਮੀਨਾਂ ’ਤੇ ਬਣੇ ਮਲਟੀਪਲੈਕਸ’ ‘ਜੰਗਲਾਤ ਦੀ ਜ਼ਮੀਨ ਵਿਚ ਹੋਈਆਂ ਨਜਾਇਜ਼ ਉਸਾਰੀਆਂ ਸਵਾਲਾਂ ਦੇ ਘੇਰੇ ’ਚ’ ਪਹਿਲੀ ਰਿਪੋਰਟ ਛਪੀ, ਤਾਂ ਵਿਨੀਤਾ ਦਾ ਹੌਂਸਲਾ ਵਧ ਗਿਆ, ਤੇ ਇੱਕ ਹੋਰ ਰਿਪੋਰਟ ਵਿਚ ਅਗਲੀ ਕੜੀ ਵੀ ਖੋਲ੍ਹ ਦਿੱਤੀ, ਪਰ ਜਿੰਨੀ ਤੇਜ਼ੀ ਨਾਲ ਪਹਿਲੀ ਖ਼ਬਰ ਸੁਰਖ਼ੀ ਬਣੀ, ਅਗਲੀ ਅਗਲੇ ਦਿਨ ਦੇ ਅਡੀਸ਼ਨ ਵਿਚ ਤਾਂ ਕੀ ਛਪਣੀ ਸੀ, ਛਪੀ ਹੀ ਨਾ। ਪਤਾ ਲੱਗਿਆ, ਸੰਬੰਧਿਤ ਪ੍ਰਾਈਵੇਟ ਕੰਪਨੀ ਬਹੁਤ ਵੱਡੀ ਇਸ਼ਤਿਹਾਰੀ ਪਾਰਟੀ ਬਣ ਗਈ ਹੈ। ਪੂਰੇ ਪੂਰੇ ਪੇਜ ਦੇ ਰੰਗੀਨ ਇਸ਼ਤਿਹਾਰ ਬਿਲਡਰ ਦੀ ਈਮਾਨਦਾਰੀ ਦਾ ਰੋਜ਼ਾਨਾ ਹੋਕਾ ਦੇਣ ਲੱਗੇ, ਜੋ ਵਿਨੀਤਾ ਲਈ ਹਉਕਾ ਬਣ ਗਏ। ਹਾਂ, ਪਰ ਇੱਕ ਗੱਲ ਹੈ ਫ਼ਨੀਅਰ ਨੂੰ ਪਟਾਰੀ ਵਿਚ ਬੰਦ ਕਰਕੇ ਮੀਡੀਆ ਦਫ਼ਤਰ ਲਈ ਵੱਡੀ ਇਸ਼ਤਿਹਾਰੀ ਪਾਰਟੀ ਜੋੜਨ ਲਈ ਵਿਨੀਤਾ ਦੀ ਖ਼ੂਬ ਪਿੱਠ ਥਾਪੜੀ ਗਈ।
ਹਰ ਨਵੀਂ ਸੱਟ ਨੂੰ ਚੇਲੈਂਜ ਵਜੋਂ ਲੈਂਦਿਆਂ ਕਦੀ ਰਾਤ ਦੇ ਹਨੇਰੇ ਵਿਚ ਹੁੰਦੀਆਂ ਰਜਿਸਟਰੀਆਂ ਕੈਮਰੇ ਵਿਚ ਕੈਦ ਕਰਦੀ ਤਾਂ ਕਦੀ ਕੁੰਡੀ ’ਤੇ ਚੱਲਦੇ ਸਰਕਾਰੀ ਦਫ਼ਤਰਾਂ ਦੇ ਏਅਰ ਕੰਡੀਸ਼ਨਰ, ਇੱਥੋਂ ਤੱਕ ਕਿ ਥਾਣੇ ਮੋਹਰਾ ਬਣਨ ਲੱਗੇ। ਕਿੱਥੋਂ ਚੱਲ ਕੇ ਕਿਵੇਂ ਤੇਲ ਟੈਂਕਰਾਂ ਵਿੱਚੋਂ ਤੁਪਕਾ-ਤੁਪਕਾ ‘ਲੀਕ’ ਹੁੰਦਾ ਕੈਰੋਸਿਨ ਆਇਲ (ਮਿੱਟੀ ਦਾ ਤੇਲ) ਪੂਰਾ ਹੋ ਕੇ ਰਜਿਸਟਰਾਂ ਵਿਚ ਸਹੀ ਰਿਪੋਰਟ ਬਣ ਕੇ ਦਰਜ ਹੁੰਦਾ ‘ਸੀਨ’ ਹੋ ਜਾਂਦਾ, ਕਿਵੇਂ ਗਰੀਬਾਂ ਦੇ ਹਿੱਸੇ ਦੀ ‘ਤੋਦਿਆ’, ‘ਅਣਤੋਦਿਆ’ ਸਕੀਮ ਦੀ ਕਣਕ ਕਿਸਦੇ ਖਾਤੇ ਲਹਿੰਦੀ ਤੇ ਕਿਸਦੇ ਚੜ੍ਹਦੀ ਸਾਰੀਆਂ ਕੁੰਡੀਆਂ ਦੀਆਂ ਘੁੰਡੀਆਂ ਨੂੰ ਖੁੰਗੀਆਂ ਲਾ ਸੁੱਟੀਆਂ। ਸਰਹੱਦੀ ਸੂਬਿਆਂ ਤੋਂ ਟ੍ਰਾਂਸਪੋਰਟ ਜ਼ਰੀਏ ਹੁੰਦੀ ਅੰਤਰ-ਰਾਜੀ ਨਸ਼ਾ ਤਸਕਰੀ, ਤੇ ਕੀ ਰੇਤ ਮਾਫੀਆ ਇੱਕ-ਇੱਕ ਦੇ ਪਾਜ ਉਘਾੜ ਮਾਰੇ। ਗਰੀਬਾਂ ਦੀਆਂ ਸਕੀਮਾਂ ਦਾ ਲਾਭ ਕਿੱਥੇ, ਕਿੰਨਾ ਤੇ ਕੌਣ ਖਾ ਰਿਹੈ, ਅਨਾਜ ਲੋਡਿੰਗ ਚੋਰਬਾਜ਼ਾਰੀ, ਪਲੰਥਾਂ ਵਿਚ ਸੜਦਾ ਅਨਾਜ, ਸ਼ਰਾਬ ਦੇ ਠੇਕਿਆਂ ਦੀ ਵੰਡ ਤੋਂ ਲੈ ਕੇ ਨਾਜਾਇਜ਼ ਬ੍ਰਾਂਚਾਂ ਦੀਆਂ ਤਹਿਆਂ ਅੰਦਰ ਬੱਝੀਆਂ ਗੰਢਾਂ ਖੋਲ੍ਹ ਮਾਰੀਆਂ, ਸੜਕਾਂ ਲੁੱਕ ਖਾ ਜਾਂਦੀਆਂ ਨੇ ਤੇ ਬਜਰੀ, ਕੰਕਰ-ਰੋੜੀਆਂ ਬਣ ਕੇ ਲੋਕਾਂ ਦਾ ਜੀਉਣਾ ਹਰਾਮ ਕਰ ਸਕਦੀ ਹੈ ਵਿਅੰਗ ਵਿਚ ਘੋਟਾਲਾ ਖੋਲ੍ਹਦਿਆਂ ਮਾਸਾ ਨਾ ਜਰਕੀ, ਮੰਡੀਆਂ ਵਿਚ ਹੁੰਦੀ ਕਿਸਾਨਾਂ ਦੀ ਲੁੱਟ ਤੋਂ ਲੈ ਕੇ ਸਫ਼ੇਦ ਪਰਦਿਆਂ ਵਿਚ ਚੱਲਦੇ ਕਾਲੇ ਗੋਰਖ਼ਧੰਧੇ, ਸਫ਼ੇਦਪੋਸ਼ ਜਿਸਮਫਿਰੋਸ਼ੀ ਦੇ ਅੱਡਿਆਂ ਤੱਕ ਦੇ ਪੜਖਚੇ ਉਡਾ ਦਿੱਤੇ।
ਜਿਵੇਂ-ਜਿਵੇਂ ਕਲਮ ਦੀ ਧਾਰ ਤਿੱਖੀ ਤਲਵਾਰ ਹੁੰਦੀ ਗਈ, ਤਿਵੇਂ-ਤਿਵੇਂ ਵਿਨੀਤਾ ਕਈਆਂ ਦੀਆਂ ਅੱਖਾਂ ਦੀ ਚੋਭ ਬਣਨ ਲੱਗੀ। ਜਿੱਥੇ ਪਾਠਕਾਂ ਨੂੰ ਨਿੱਤ ਨਵੀਂ ਰਿਪੋਰਟ ਪੜ੍ਹਨ ਲਈ ਸੰਬੰਧਿਤ ਪਰਚੇ ਦੀ ਉਡੀਕ ਰਹਿਣ ਲੱਗੀ, ਉੱਥੇ ਵਿਨੀਤਾ ਨੂੰ ਕੌੜੀਆਂ-ਕਸੈਲੀਆਂ, ਮਿੱਠੀਆਂ, ਲਾਲਚ ਭਰੀਆਂ ਧਮਕੀਆਂ ਵੀ ਮਿਲਣ ਲੱਗੀਆਂ, ਪਰ ਉਸ ਦਰਿਆ ਨੂੰ ਬੰਨ੍ਹ ਲਾਉਣ ਵਾਲਾ ਜਿਗਰਾ ਕਿਸ ਕੋਲ ਸੀ?
“ਅਖੇ, ਗੋਲੀ ਸੀਨੇ ਵਿਚ ਖਾਣ ਦਾ ਦਮ ਹੋਵੇ ਤਾਂ ਬੰਦਾ ਇਸ ਖੇਤਰ ਵਿਚ ਪੈਰ ਧਰੇ, ਇਹ ਗੁੜ੍ਹਤੀ ਮੈਨੂੰ ਮੇਰੇ ਬਾਪ ਨੇ ਜਨਮ ਲੈਂਦਿਆਂ ਦਿੱਤੀ ਸੀ।” ਸੋਚ ਕੇ ਹੈਰਾਨੀ ਭਰਿਆ ਹਾਸਾ ਛੁੱਟ ਗਿਆ। ਉਸ ਦੇ ਵਧਦੇ ਹੌਸਲੇ ਨੂੰ ਵੇਖ ਕੇ ਵਿਨੀਤਾ ਦੀ ਮੰਮੀ ਅਕਸਰ ਕਹਿੰਦੀ, “ਜੰਮੀ ਤਾਂ ਸ਼ਹਿਦ ਚਟਾਉਣ ਦੀ ਬਜਾਏ ਪਿਓ ਨੇ ਨਿੰਮ ਦਾ ਪੱਤਾ ਤਲੀ ’ਤੇ ਰਗੜਿਆ, ਕਰੇਲੇ ਦੀ ਬੂੰਦ ਮਿਲਾਈ ਤੇ ਭੋਰਾ ਜਿੰਨੇ ਬੋਟ ਦੀ ਜੀਭ ’ਤੇ ਉਂਗਲ ਨਾਲ ਚਟਾ ਦਿੱਤੀ। ਰਤਾ ਮੂੰਹ ਨਾ ਮਚੋੜਿਆ ਤੇ ਚਪ-ਚਪ ਕਰਦੀ ਚੱਟ ਗਈ। ਮੰਨੋ ਇਹੀ ਉਸਦੀ ਅਸਲ ਖੁਰਾਕ ਹੋਵੇ। ਬਿੱਟ-ਬਿੱਟ ਪਿਓ ਵੱਲ ਝਾਕੇ ਤੇ ਟੇਢੀ ਕਰਕੇ ਵਾਛ ਖਿਲਾਰ ਦੇਵੇ। ਪਿਓ ਆਖੇ, ਰੋਗ ਨਹੀਂ, ਰਾਮਬਾਣ ਦਵਾ ਬਣੇਗੀ ਘੁਣ ਲੱਗੇ ਸਮਾਜ ਲਈ, ਯਾਦ ਰੱਖਿਓ ਮੇਰੀ ਗੱਲ।”
ਸਿਲਸਿਲੇਵਾਰ ਯਾਦਾਂ ਘੁੰਮਦੀਆਂ ਜਾ ਰਹੀਆਂ ਸਨ, ਤੇ ਅਖ਼ੀਰ ਮੈਨੂੰ ਉਸ ਘਿਨਾਉਣੇ ਦਿਨ ਦੀ ਯਾਦ ਨੇ ਝੰਜੋੜ ਸੁੱਟਿਆ
ਚੁਣਾਵੀ ਵਰ੍ਹਾ, ਰਾਜਨੀਤੀ ਦਾ ਭਾਂਬੜ ਪੂਰਾ ਭਖਿਆ ਪਿਆ, ਤੇ ਵਿਨੀਤਾ ਦੀ ਰਿਪੋਰਟ ਦੇ ਆਧਾਰ ’ਤੇ ਖ਼ਬਰ ਨਸ਼ਰ ਹੋ ਗਈ, ‘ਚੁਣਾਵੀਂ ਵਰ੍ਹਾ ਤੇ ਨੀਂਹ ਪੱਥਰਾਂ ਦੀ ਰਾਜਨੀਤੀ।’ਚੰਗਿਆੜੇ ਛੱਡਦੀ ਹੈੱਡਲਾਇਨ ਦੇ ਨਾਲ ਲੱਗੀ ਫੋਟੋ ਕੈਪਸ਼ਨ ‘ਹੋਣੀ ’ਤੇ ਹੰਝੂ ਵਹਾਉਦੇ ਨੀਂਹ ਪੱਥਰ ਜੋ ਕਦੀ ਇਮਾਰਤ ਹੋਣ ਦਾ ਸੱਚ ਨਾ ਬਣੇ’ ਲੱਕ ਸੁੱਟੀ ਖੜ੍ਹੇ ਜਰ-ਜਰ ਨੀਂਹ ਪੱਥਰਾਂ ਦੀਆਂ ਫੋਟੋਆਂ ਜੰਗਲ ਦੀ ਅੱਗ ਬਣ ਕੇ ਚਰਚਾ ਵਿੱਚ ਸਨ। ਅਜਿਹੇ ਨੀਂਹ ਪੱਥਰ ਦੀ ਨੀਂਹ ਵਿਚ ਲੱਗੀ ਪਹਿਲੀ ਇੱਟ ਵੀ ਫਰੋਲ ਮਾਰੀ ਜਿਸ ’ਤੇ ਇਮਾਰਤ ਬਣਨ ਦੇ ਨੀਂਹ ਪੱਥਰ ਦਾ ਪਰਦਾ ਤਕਰੀਬਨ ਪਹਿਲੇ ਤੋਂ ਲੈ ਕੇ ਹੁਣ ਤੱਕ ਦੇ ਹਰੇਕ ਹਲਕਾ ਵਿਧਾਇਕ ਨੇ ਆਪਣੇ ਕਰ-ਕਮਲਾਂ ਨਾਲ ਰਿਬਨ ਕੱਟਣ ਦੀ ਰਸਮ ਅਦਾ ਕਰਕੇ ਹਟਾਇਆ ਸੀ। ਜਿੱਥੇ ਜਨਾਧਾਰ ਉਸ ਦੀ ਕਲਮ ਦਾ ਪੱਖ ਪੂਰਦਾ, ਉੱਥੇ ਭਖੇ ਚੁਣਾਵੀ ਮਾਹੌਲ ਵਿਚ ਇਹ ਰਿਪੋਰਟ ਸੱਤਾਧਾਰੀ ਹਿੱਕ ’ਤੇ ਨਾਗ ਬਣ ਲੋਟਣੀਆਂ ਖਾਣ ਲੱਗੀ।
ਹਰ ਕੋਈ ਜਾਂਦੇ ਚੋਰ ਦੀ ਲੰਗੋਟੀ ਲਾਹੁਣ ਲਈ ਆਖ਼ਰੀ ਦਮ ਲਾ ਦੇਣ ਲਈ ਉਤਾਵਲਾ ਸੀ। ਹਲਕਾ ਵਿਧਾਇਕ ਦੇ ਗ੍ਰਹਿ ਸਥਾਨ ਦਾ ਘਿਰਾਓ ਕਰਨ ਲਈ ਮਜ਼ਦੂਰ, ਮੁਲਾਜ਼ਮ, ਬੇਰੁਜ਼ਗਾਰ, ਇਸਤਰੀ ਸਭਾਵਾਂ ਦਾ ਵੱਡਾ ਹਜ਼ੂਮ ਜਮ੍ਹਾਂ ਸੀ। ਰੋਹ ਨਾਲ ਲੋਹੀ ਲਾਖੀ ਸੱਤਾ ਦੀ ਸਤਾਈ ਜਨਤਾ ਆਰ-ਪਾਰ ਦੀ ਲੜਾਈ ਲੜਨ ਦੇ ਜੋਸ਼ ਨਾਲ ਭਰੀ ਨਾਅਰੇਬਾਜ਼ੀ ਕਰ ਰਹੀ ਸੀ। ਜਮਹੂਰੀ ਹੱਕਾਂ ਦੀ ਪਹਿਰੇਦਾਰੀ ਦੀ ਮਿਲੀ ਆਪਣੀ ਬੀਟ ਦੀ ਕਵਰੇਜ ਕਰਦਿਆਂ ਮਜ਼ਲੂਮਾਂ ਦੇ ਨਾਲ ਵਿਨੀਤਾ ਦੀ ਵੀ ਚੰਗੀ ਖਿੱਚ-ਧੂਹ ਹੋਈ, ਮਸਾਂ ਮਰਦੀ ਬਚੀ ਉਦੋਂ, ਚੁਕਨੇ ਦੀ ਹੱਡੀ ’ਤੇ ਲੱਗੀ ਸੱਟ ਉਮਰ ਭਰ ਲਈ ਬੱਜ ਬਣ ਗਈ। ਇਹ ਉਹ ਮੌਕਾ ਸੀ ਜਦੋਂ ਵਿਨੀਤਾ ਉੱਤੇ ਜਨਤਾ ਨੂੰ ਭੜਕਾਉਣ ਦਾ ਦੋਸ਼ ਲੱਗਿਆ, ਤੇ ਉਸਦੇ ਖ਼ਿਲਾਫ ਪਹਿਲਾ ਪਰਚਾ ਦਰਜ ਹੋ ਕੇ ਉਸਦੇ ਸੁਪਨਿਆਂ ਦੇ ਜਨੂੰਨ ਦਾ ਪਹਿਲਾ ਇਨਾਮ ਬਣ ਕੇ ਝੋਲੀ ਪਿਆ।
ਇਹ ਤਣਾਅ ਭਰਿਆ ਸਿਲਸਿਲਾ ਪਤਾ ਨਹੀਂ ਹੋਰ ਕਿੰਨੀ ਦੇਰ ਚੱਲਦਾ ਰਹਿੰਦਾ, ਜੇ ਤਮੰਨਾ ਦੀ ਆਵਾਜ਼ ਮੇਰੇ ਕੰਨਾਂ ਨਾਲ ਨਾ ਟਕਰਾਉਦੀ, “ਓ.ਕੇ. ਮੰਮਾ ਅਸ਼ੀਰਵਾਦ ਦਿਓ ਮੈਨੂੰ, ਅੱਜ ਤੁਹਾਡੀ ਧੀ ਸਮਾਜ ਅਤੇ ਦੇਸ਼ ਦੀ ਸੇਵਾ ਵਿਚ ਹਿੱਸੇਦਾਰੀ ਨਿਭਾਉਣ ਦੀ ਮਿਥੀ ਮੰਜ਼ਿਲ ਦੇ ਰਾਹ ’ਤੇ ਪਹਿਲਾ ਕਦਮ ਰੱਖਣ ਜਾ ਰਹੀ ਹੈ।”
“ਇਸਦਾ ਮਤਲਬ ਮੇਰੀ ਰਾਤ ਵਾਲੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਤੇਰੇ ’ਤੇ। ਬਹਿਨੀ ਏਂ ਚੁੱਪ ਕਰਕੇ, ਕਿ ਲੱਤਾਂ ਭੰਨ ਕੇ ਬਿਠਾਵਾਂ ਤੈਨੂੰ, ਤੇ ਬੰਦ ਕਰਾਂ ਤੇਰਾ ਘਰੋਂ ਨਿਕਲਣਾ।” ਮੇਰਾ ਅਜਿਹਾ ਰੁਦਰ ਰੂਪ ਵੇਖ ਕੇ ਤਮੰਨਾ ਦਾ ਹੈਰਾਨ ਹੋਣਾ ਲਾਜ਼ਮੀ ਸੀ।
“ਮੰਮਾ, ਕੀ ਹੋਇਐ? ਹੁਣ ਪਹਿਲਾਂ ਰਾਤ ਵਾਲੀ ਅਧੂਰੀ ਛੱਡੀ ਗੱਲ ਪੂਰੀ ਕਰੋ, ਜੇ ਮੈਨੂੰ ਲੱਗਿਆ, ਕਿ ਵਾਕਿਆ ਹੀ ਮੈਨੂੰ ਤੁਹਾਡਾ ਕਹਿਣਾ ਮੰਨਣਾ ਚਾਹੀਦਾ ਹੈ, ਤਾਂ ਦਬਾਅ ਨਾਲ ਨਹੀਂ ਤਰਕ ਦੇ ਆਧਾਰ ’ਤੇ ਆਪਣਾ ਫ਼ੈਸਲਾ ਜ਼ਰੂਰ ਬਦਲ ਲਵਾਂਗੀ।”
“ਤਾਂ ਤੂੰ ਇੰਝ ਨਹੀਂ ਮੰਨਣ ਵਾਲੀ। ਜਾਣਦੀ ਏਂ ਹਸਪਤਾਲ ਵਿਚ ਪਈ ਵਿਨੀਤਾ ਦੀ ਇਹ ਹਾਲਤ ਕਿਵੇਂ ਹੋਈ। ਇਸ ਚੌਥੇ ਥੰਮ੍ਹ ਦੇ ਪੀਲੇ ਨਾਗ ਨੇ ਹੀ ਡੰਗਿਐ ਉਹਨੂੰ। ਚੰਗੀ ਭਲੀ ਹੱਸਦੀ ਖੇਡਦੀ ਨੂੰ ਹੱਡੀਆਂ ਦੀ ਮੁੱਠ ਬਣਾ ਕੇ ਰੱਖ ’ਤਾ। ਨਾ ਜਿਊਂਦਿਆਂ ਵਿੱਚ, ਤੇ ਨਾ ਮੋਇਆਂ ’ਚ। ਸੇਵਾ ਦਾ ਰਾਗ ਅਲਾਪਦਾ ਪੱਕਾ ਵਪਾਰੀ ਪਿੜ ਬਣ ਗਿਐ, ਤੇਰਾ ਇਹ ਚੌਥਾ ਥੰਮ੍ਹ! ਲੱਖ ਵਿਰੋਧੀ ਹਾਲਤਾਂ ਦੇ ਬਾਵਜੂਦ ਉਹ ਆਪਣੇ ਮਿਸ਼ਨ ’ਤੇ ਡਟੀ ਹੋਈ ਸੀ, ਪਰ ਆਹ ‘ਪੇਡ ਨਿਊਜ਼’ ਵਾਲੇ ਸਿਆਪੇ ਨੇ ਤਾਂ ਉਸਦੀ ਰੱਤ ਹੀ ਚੂਸ ਲਈ ਤੇ ਬੱਗੀ ਫੜੱਕ ਕਰਕੇ ਰੱਖ ’ਤਾ ਉਹਨੂੰ।”
“ਕੀ ਮਤਲਬ ‘ਪੇਡ ਨਿਊਜ਼’? ਉਹ ਕਿਹੜੀਆਂ ਖ਼ਬਰਾਂ ਹੁੰਦੀਆਂ ਨੇ, ਮੰਮਾ? ਤੁਸੀਂ ਕਿਵੇਂ ਜਾਣਦੇ ਹੋ ਇਸ ਬਾਰੇ?”
“ਪੇਡ ਨਿਊਜ਼, ਮਤਲਬ ਇਸ਼ਤਿਹਾਰੀ ਖ਼ਬਰ। ਮਿੱਠਾ ਲਪੇਟੀ ਕੁਨੀਨ। ਝੂਠ ਨੂੰ ਸੱਚ ਦਾ ਪਲੇਥਣ ਥੱਪ ਕੇ ਪੇਸ਼ ਕਰਨ ਦੀ ਕਲਾ। ਕੱਜੀ ਵੀ ਰਿੱਧੇ ਤੇ ਬੁੱਝੇ ਵੀ ਕੋਈ ਨਾ। ਖਾਸ ਨਿਸ਼ਾਨਦੇਹੀ ਹੇਠ ਪੈਸੇ ਲੈ ਕੇ ਪ੍ਰਕਾਸ਼ਿਤ ਹੁੰਦੀਆਂ ਨੇ ਇਹ ਖ਼ਬਰਾਂ। ਮਾਮਲਾ ਨਿਆਂਇਕ ਵਿਚਾਰਾਧੀਨ ਵੀ ਅੱਪੜਿਆ, ਪਰ ‘ਤੂੰ ਡਾਲ-ਡਾਲ ਮੈਂ, ਪਾਤ-ਪਾਤ’ ਕਾਨੂੰਨ ਬਣਦੇ ਬਾਦ ਵਿਚ ਨੇ, ਤੇ ਤੋੜਨ (ਉਲੰਘਣਾ) ਦਾ ਤੋੜ ਪਹਿਲਾਂ ਲੱਭ ਲਿਆ ਜਾਂਦੈ। ਜਿੱਦਣ ਵਿਨੀਤਾ ਨੂੰ ਹਸਪਤਾਲ ਭਰਤੀ ਕਰਵਾਇਆ, ਮੈਂ ਉਹਦੇ ਨਾਲ ਸਾਂ। ਥਥਲਾਉਂਦੇ ਬੋਲਾਂ ਵਿਚ ਕਹਿਣ ਲੱਗੀ, ‘ਰੋਸ਼ਨੀ ਬੜਾ ਔਝੜ ਰਾਹ ਏ ਇਹ ਪੱਤਰਕਾਰੀ ਵਾਲਾ। ਬੰਦਾ ਸੱਚ ਲਈ ਲੜਦਿਆਂ ਮਰਨ ਤੋਂ ਨਹੀਂ ਡਰਦਾ, ਪਰ ਸੱਚ ਦੀ ਚਾਦਰ ਲਪੇਟੇ ਝੂਠੇ ਵਰਤਾਰੇ ਨੂੰ ਝੱਲ ਕੇ ਜੀਣਾ ਸੌਖਾ ਨਹੀਂ।’ ਕਾਸ਼! ਕਲਮ ਦੇ ਦਮ ’ਤੇ ਬਦਲਾਅ ਕਰਨ ਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ-ਨਾਲ ਉਹ ਪੱਤਰਕਾਰੀ ਵਿਚ ਬਿਜ਼ਨਸ ਕਰਨ ਦਾ ਹੁਨਰ ਵੀ ਸਿੱਖੀ ਹੁੰਦੀ।
‘ਫਾਇਟਰ’, ‘ਝਾਂਸੀ ਦੀ ਰਾਣੀ’ ਵਰਗੇ ਤਖਲੁਸ ਪ੍ਰਚਲਿਤ ਸਨ ਉਸ ਵਾਸਤੇ। ਵੇਖਦੇ ਹੀ ਵੇਖਦੇ ਜਰਦ ਹੋ ਗੋਈ, ਤੇ ਤੂੰ ਹੁਣ ਰਹਿਣ ਦੇ ਪੁੱਤਰ, ਇੱਕ ਹੋਰ ਵਿਨੀਤਾ ਨੂੰ ਪਿੰਜਰ ਹੁੰਦਾ ਨਹੀਂ ਵੇਖ ਸਕਦੀ ਮੈਂ।” ਤਰਲੇ ਭਰੀਆਂ ਨਜ਼ਰਾਂ ਨਾਲ ਮੈਂ ਧੀ ਵੱਲ ਤੱਕਿਆ, ਜਿਸ ਦੇ ਚਿਹਰੇ ’ਤੇ ਗੰਭੀਰਤਾ ਭਰਿਆ ਆਤਮ-ਵਿਸ਼ਵਾਸ ਝਲਕਾਰੇ ਮਾਰ ਰਿਹਾ ਸੀ।
ਤਮੰਨਾ ਬੋਲੀ, “ਬਸ ਐਨੀ ਜਿਹੀ ਗੱਲ, ਪਰ ਲੱਗਦੈ ਮਾਜਰਾ ਕੋਈ ਹੋਰ ਏ, ਵਿਨੀਤਾ ਆਂਟੀ ਬਾਰੇ ਜੋ ਤੁਸੀਂ ਦੱਸਿਐ, ਉਸ ਤੋਂ ਨਹੀਂ ਜਾਪਦਾ ਕਿ ਐਨੀ ਜਿਹੀ ਗੱਲ ਡਿਪਰੈਸ਼ਨ ਬਣ ਗਈ ਹੋਵੇ।”
“ਬਿਲਕੁਲ ਠੀਕ ਕਿਹਾ ਤੂੰ ਤਮੰਨਾ, ਉਸਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਕਈਆਂ ਦੀ ਮਿਲੀਭੁਗਤ ਦਾ ਨਤੀਜਾ ਰਹੀ। ਇਲਾਕੇ ਵਿੱਚ ਸਰਕਾਰੀ ਲੱਕੜ ਚੋਰੀ ਦਾ ਵੱਡਾ ਗੋਰਖ ਧੰਧਾ ਚੱਲਣ ਦੀ ਸੁੱਘ ਮਿਲੀ, ਤੇ ਅੱਧੀ ਰਾਤ, ਠਰਦੇ ਪਾਲੇ ਵਿਚ ਜਾ ਪਹੁੰਚੀ ਕਵਰੇਜ ਲਈ। ਇੱਕ-ਇੱਕ ਦ੍ਰਿਸ਼ ਕੈਮਰੇ ਵਿਚ ਕੈਦ ਹੁੰਦਾ ਗਿਆ। ਕੜੀ ਦਰ ਕੜੀ ਖੁੱਲ੍ਹਣ ਲੱਗੀ, ਤਾਂ ਕਈ ਕਾਲੀਆਂ ਭੇਡਾਂ, ਨਹੀਂ ਭੇੜੀਆਂ ਦੇ ਲਹੂ ਭਿੱਜੇ ਦੰਦਾਂ ਤੇ ਪੰਜਿਆਂ ਦੇ ਤਾਰ ਵੀ ਖੁੱਲ੍ਹਣ ਲੱਗੇ। ਵਾੜ ਹੀ ਖੇਤ ਨੂੰ ਖਾਈ ਜਾਂਦੀ ਸੀ, ਤੇ ਮਾਲੀ ਫੁੱਲ ਤਰੁੰਡਣ ਵਿਚ ਭਾਈਵਾਲ ਨਹੀਂ, ਮੁੱਖ ਸਰਗਨਾ ਨਿਕਲਿਆ। ਬਸ ਫਿਰ ਕੀ ਸੀ, ਪੱਤਾ-ਪੱਤਾ ਵੈਰੀ ਹੋ ਗਿਆ ਸ਼ੀਂਹਣੀ ਦਾ। ਇੱਕ ਦੇ ਉੱਤੇ ਦੂਜਾ, ਦੂਜੇ ’ਤੇ ਤੀਜਾ ਪਰਚਾ ਦਰਜ ਹੋਣ ਲੱਗਿਆ। ਉਸਦੀਆਂ ਖੁਫ਼ੀਆ ਰਿਪੋਰਟਾਂ ਦੇ ਆਧਾਰ ’ਤੇ ਛਾਪੇ ਮਾਰ ਕੇ ਫੀਤੀਆਂ ਤੇ ਸਟਾਰ ਲਗਵਾਉਣ ਵਾਲੇ ਆਖਣ, ‘ਪਤਾ ਹੈ ਮੈਡਮ ਇਨੋਸੈਂਟ (ਬੇਕਸੂਰ) ਹੈ, ਪਰ ਕੀ ਕਰੀਏ, ਅਸੀਂ ਵੀ ਤਾਂ ਕਿਸੇ ਦੇ ਹੁਕਮ ਦੇ ਬੱਧੇ ਆਂ।’ਪਰ ਇੱਕ ਮਾਣਮੱਤੀ ਗੱਲ ਸੀ ਜੋ ਉਸ ਤੋਂ ਇਲਾਵਾ ਕਿਸੇ ਪੱਤਰਕਾਰ ਦੇ ਹਿੱਸੇ ਨਹੀਂ ਆਈ। ਭਾਵੇਂ ਉਸਦੇ ਮੀਡੀਆ ਗਰੁੱਪ ਮਾਲਿਕ ਪੱਕੇ ਵਪਾਰੀ ਸਨ, ਪਰ ਉਸਦੀ ਸੱਚਾਈ ਤੇ ਇਮਾਨਦਾਰੀ ਦਾ ਪੂਰਾ ਪੱਖ ਪੂਰਿਆ। ਬਸ ਇਹੀ ਉਸਦਾ ਹੌਸਲਾ ਸੀ, ਪਰ ਨਿੱਤ ਕੋਰਟ-ਕਚਿਹਰੀਆਂ ਦੇ ਚੱਕਰਾਂ ਨੇ ਉਸਦਾ ਲੱਕ ਤੋੜ ਕੇ ਰੱਖ ’ਤਾ। ਪਤੈ, ਐੱਮ.ਐੱਲ.ਏ. ਤੇ ਐੱਮ.ਪੀ. ਦੀ ਆਪਸੀ ਰੰਜਿਸ਼ ਦੀ ਕਿੜ ਦਾ ਨਤੀਜਾ ਬੁਰੀ ਤਰ੍ਹਾਂ ਭੁਗਤਿਆ ਉਸ ਮਾਸੂਮ ਨੇ। ਉੱਤੋਂ ਇੱਕ ਸਿੰਗ ਹੋਰ ਫਸਾ ਲਿਆ, ਕਿਹੜਾ ਬਾਜ ਆਉਂਦੀ ਸੀ।
“ਨਿਊਜ਼ ਡਰਾਫਟਿੰਗ ਇੰਝ ਕਰਦੀ, ਜਿਸਦੇ ਖ਼ਿਲਾਫ ਖ਼ਬਰ ਛਪੀ ਹੁੰਦੀ ਉਹ ਵੀ ਪੰਜਾਹ ਵਾਰੀ ਪੜ੍ਹਦਿਆਂ ਰਿੱਝਣ ਲੱਗਦਾ ਤੇ ਅੱਖਰਾਂ ਦੇ ਜਾਦੂਗਰੀ ’ਤੇ ਰੀਝਦਾ ਵੀ ਜਾਂਦਾ। ਕਿੱਥੇ ਤਾਂ ਬੀਟ ਵੰਡ ਲਈ ਬੋਲੀ ਲੱਗਦੀ ਸੀ ਤੇ ਕਿੱਥੇ ਉਹ ਵੇਲਾ ਆ ਖਲੋਤਾ, ਜਦੋਂ ਤਿੰਨ ਨੇਤਾਵਾਂ ਨੇ ਆਪੋ-ਆਪਣੀ ਚੁਣਾਵੀਂ ਕਵਰੇਜ ਕਰਵਾਉਣ ਲਈ ਵਿਨੀਤਾ ਦੀ ਡਿਊਟੀ ਆਪਣੇ ਨਾਲ ਲਗਵਾਉਣ ਲਈ ਬੋਲੀ ਲਗਾਈ, ਤੇ ਆਖਿਰ ਸਭ ਤੋਂ ਵੱਡੀ ਡੀਲ ਫਾਇਨਲ ਹੋ ਗਈ ‘ਇਸ਼ਤਿਹਾਰੀ ਖ਼ਬਰਾਂ’ ਛਪਣ ਦੀ। ‘ਪੇਡ ਨਿਊਜ਼’ ਲਈ ਕਠਪੁਤਲੀ ਬਣਨ ਦੀ ਬਜਾਏ ਮੌਕਾ ਕੀ ਮਿਲਿਆ ਅੰਦਰਲੀ ਝਾਤ ਪਾਉਣ ਦਾ, ਸੋ ਸਿਆਪਿਆਂ ਦੀ ਉਲਝਣ ਵਿੱਚ, ਪਹਿਲਾਂ ਤਾਂ ਰਾਜਨੀਤਿਕ ਅਸ਼ੀਰਵਾਦ ਨਾਲ ਹੋਈਆਂ ਪੰਚਾਇਤੀ ਸਰਕਾਰੀ ਜ਼ਮੀਨਾਂ ਦੀਆਂ ਨਜਾਇਜ਼ ਰਜਿਸਟਰੀਆਂ ਦਾ ਖਾਕਾ ਫਰੋਲ ਮਾਰਿਆ ਤੇ ਫਿਰ ਮੰਤਰੀ ਦੇ ਉਸ ਤਹਿਖਾਨੇ ਦੀਆਂ ਤਹਿਆਂ ਕੈਮਰੇ ਵਿਚ ਕੈਦ ਕਰ ਲਿਆਈ ਜਿੱਥੇ ਨੋਟਾਂ ਦੇ ਭਰੇ ਬੋਰੇ ਚੁੱਕਦੇ ਦਿਹਾੜੀਦਾਰਾਂ ਦੇ ਲੱਕ ਦੋਹਰੇ ਹੋਏ ਪਏ ਸਨ। ਰਿਪੋਰਟ ਤਿਆਰ ਕਰ ਮਾਰੀ ‘ਗੋਗੜਾਂ ਦਾ ਭਾਰ ਢੌਂਦਿਆਂ ਕਰੰਗ ਹੋਏ ਪਿੰਜਰ’। ਤੇ ਫਿਰ ਉਹ ਇੱਕ ਸਨਸਨੀ ਚੋਣ ਪ੍ਰਚਾਰ ਦਾ ਆਖਰੀ ਸਮਾਂ ਸਮਾਪਤ ਹੋ ਚੁੱਕਿਆ ਸੀ। ਹਰ ਉਮੀਦਵਾਰ ਦੇ ਦੇ ਆਪੋ-ਆਪਣੀ ਜਿੱਤ ਯਕੀਨੀ ਬਣਾਉਣ ਲਈ ਆਖਰੀ ਵਾਹ-ਚਾਰਾ ਲਾਉਣ ਲਈ ਸਾਹ ਸੂਤੇ ਪਏ ਸਨ। ਅਜਿਹੇ ਗੁਬਾਰ ਭਰੇ ਮਾਹੌਲ ਵਿਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਤੇ ਹਰੇਕ ਪੋਲਿੰਗ ਬੂਥ ਦੀ ਲਾਈਵ ਕਵਰੇਜ ਵੱਖ-ਵੱਖ ਟੀ.ਵੀ. ਚੈਨਲਾਂ ’ਤੋਂ ਫਲੈਸ਼ ਹੋਣ ਲੱਗੀ। ਪਤਾ ਹੀ ਨਾ ਲੱਗਿਆ ਕਿਹੜੀ ਮੀਟ੍ਰਿਕ ਗਤੀ ਵਿਨੀਤਾ ਦੇ ਅੰਦਰ ਕੰਮ ਕਰ ਰਹੀ ਸੀ, ਆਪਣੇ ਹੀ ‘ਮਾਈ ਬਾਪ’ ਕਵਰੇਜ ਬੀਟ ਵਾਲੇ ਉਮੀਦਵਾਰ ਵੱਲੋਂ ਡੋਲ ਵਿੱਚ ਹੇਠਾਂ ਨੋਟ ਤੇ ਉੱਪਰ ਰੋਟੀ-ਸਬਜ਼ੀ ਪਾ ਕੇ ਪੱਕੇ ਨੌਕਰਾਂ ਹੱਥੋਂ ਕੀਤੀ ਜਾ ਰਹੀ ਵੋਟਾਂ ਦੀ ਖਰੀਦੋ-ਫਰੋਖ਼ਤ ਕੈਮਰੇ ਵਿਚ ਕੈਦ ਕੀਤੀ, ਤੇ ਇੱਕ ਟੀ.ਵੀ. ਐਂਕਰ ਵੱਲੋਂ ਕੀਤੇ ਜਾ ਰਹੇ ਲਾਈਵ ਟੈਲੀਕਾਸਟ ਕੈਮਰੇ ਮੁਹਰੇ ਡੋਲ ਸਮੇਤ ਨੌਕਰਾਣੀ ਨੂੰ ਜਾ ਖਿਲਾਰਿਆ। ਤਰਥਲੀ ਪੈ ਗਈ ਚਾਰੇ ਪਾਸੇ। ਮਾਮਲਾ ਚੋਣ ਕਮੀਸ਼ਨ ਦੇ ਨੋਟਿਸ ਵਿੱਚ ਆ ਗਿਆ। ਵੋਟਾਂ ਵਾਲਾ ਦਿਨ ਤਾਂ ਲੰਘ ਗਿਆ, ਪਰ ਬੱਕਰੇ ਦੀ ਮਾਂ ਕਦੋਂ ਤੱਕ ਖ਼ੈਰ ਮਨਾਉਂਦੀ, ਆਖਿਰ ਧੌਣ ਰੱਸੇ ਵਿਚ ਫਸਾ ਦਿੱਤੀ ਗਈ। ਕੈਮਰੇ ਮੁਹਰੇ ਚਪੜ-ਚਪੜ ਭੇਦ ਖੋਲ੍ਹਣ ਵਾਲੀ ਨੌਕਰਾਣੀ ਬਾਦ ਵਿਚ ਮੁੱਕਰ ਗਈ ਤੇ ਉਲਟਾ ਵਿਨੀਤਾ ਦੇ ਖ਼ਿਲਾਫ ਬਿਆਨ ਦੇ ਦਿੱਤੇ।
“ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁੱਖ ਭਰੀ ਜ਼ਿੰਦਗੀ ਜੀਵੇ। ਚਾਹੇ ਤਾਂ ਮਨਚਾਹੀ ਅਹੁਦੇਦਾਰੀ, ਕੋਈ ਚੇਅਰਮੈਨੀ ਲਵੇ ਤੇ ਆਪਣੀ ਕਾਬਲੀਅਤ ਦਾ ਸਹੀ ਅਰਥਾਂ ਵਿਚ ਮੁੱਲ ਪੁਆਵੇ, ਪਰ ਉਸ ਅੜੀਅਲ ਘੋੜੀ ਦੀ ਇੱਕੋ ਜ਼ਿੱਦ, ਅਖੇ -ਸੱਚੀ ਹਾਂ ਤਾਂ ਲੜ ਕੇ ਜਿੱਤਾਂਗੀ, ਝੂਠੀ ਨਿਕਲੀ ਤਾਂ ਸਜ਼ਾ ਭੁਗਤਾਂਗੀ, ਪਰ ਗੋਡੇ ਨਹੀਂ ਟੇਕਣੇ।
“ਉਹ ਸੱਚੀ ਸੀ, ਪਰ ਜਦੋਂ ਤੱਕ ਫੈਸਲੇ ਉਸਦੇ ਹੱਕ ਵਿਚ ਆਏ ਉਹ ਹੱਡੀਆਂ ਦੀ ਮੁੱਠ ਬਣ ਚੁੱਕੀ ਸੀ। ਉਸਨੂੰ ਮੈਂ ਦੱਸਿਆ, ਕਿ ਵਿਨੀਤਾ ਤੇਰੀ ਸੱਚਾਈ ਦੀ ਜਿੱਤ ਹੋਈ ਹੈ, ਤੈਨੂੰ ਫਸਾਉਣ ਵਾਲੇ ਕਟਹਿਰੇ ਵਿਚ ਆ ਖਲੋਤੇ ਨੇ, ਤੇ ਅਦਾਲਤ ਵੱਲੋਂ ਕੀਤੇ ਫੈਸਲੇ ਵਿਚ ਤੈਨੂੰ ਮਗਰਮੱਛਾਂ ਖਿਲਾਫ਼ ਮਾਣਹਾਨੀ ਦਾ ਦਾਅਵਾ ਠੋਕਣ ਦਾ ਹੱਕ ਵੀ ਦਿੱਤਾ ਗਿਆ ਏ, ਪਰ ਉਹ ਤਾਂ ਪਲਕਾਂ ਤੱਕ ਨਹੀਂ ਝਪਕਦੀ। ਹੁਣ ਦੱਸ ’ਤਾ ਨਾ ਸਭ, ਚੱਲ ਮੇਰਾ ਪੁੱਤਰ ਅੱਗ ਲਾ ਪਰ੍ਹਾਂ ਇਹਨਾਂ ਫਾਰਮਾਂ ਨੂੰ, ਕੋਈ ਹੋਰ ਕੋਰਸ ਕਰ ਲੈ। ਫੈਸ਼ਨ ਡਿਜ਼ਾਇਨਿੰਗ, ਇੰਟੀਰੀਅਰ ਡੈਕੋਰੇਸ਼ਨ, ਬਿਊਟੀ ਕੋਰਸ। ਬਥੇਰਾ ਕੁੱਝ ਏ ਕੁੜੀਆਂ ਦੇ ਕਰਨ ਵਾਲਾ। ਆਏ ਦਿਨ ਸੱਚ ਲਈ ਲੜਦੇ ਪੱਤਰਕਾਰਾਂ ਦੇ ਕਤਲ ਕਲੇਜਾ ਹਲੂਣਦੇ ਰਹਿੰਦੇ ਆ, ਤੇ ਮੇਰੇ ਕੋਲ ਤਾਂ ਤੇਰਾ ਮੂੰਹ ਵੇਖਣ ਤੋਂ ਬਗੈਰ ਦੁਨੀਆਂ ਵਿਚ ਹੋਰ ਹੈ ਵੀ ਕੀ।” ਮੇਰੀਆਂ ਅੱਖਾਂ ’ਚੋਂ ਹੰਝੂ ਛਲਕ ਪਏ।
ਬਿਨਾ ਜਵਾਬ ਦਿੱਤੇ ਤਮੰਨਾ ਨੇ ਮੇਰੀ ਬਾਂਹ ਫੜੀ, ਤੇ ਸਿੱਧਾ ਹਸਪਤਾਲ ਲੈ ਪਹੁੰਚੀ। ਵਿਨੀਤਾ ਦਾ ਸਿਰ ਝੋਲੀ ਵਿਚ ਰੱਖਿਆ ਤੇ ਬੋਲੀ, “ਜੇ ਔਝੜ ਰਾਹਾਂ ਦੇ ਪਾਂਧੀ ਹੀ ਨਾ ਬਣੀਏ, ਤਾਂ ਮੰਜ਼ਿਲ ਸਰ ਕਰਨ ਦਾ ਜਨੂੰਨ ਵੀ ਛਿੱਥਾ ਪੈ ਜਾਂਦੈ। ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ, ਲੋੜ ਪੰਜਾਂ ਉਗਲਾਂ ਨੂੰ ਮੁੱਠੀ ਬਣਾਉਣ ਦੀ ਹੈ ਤੇ ਜਾਂ ਫਿਰ ਮੁੱਕਾ। ਮੰਮਾ, ਮੈਨੂੰ ਮੇਰੀ ਮੰਜ਼ਿਲ ਦੇ ਉੱਬੜ-ਖਾਬੜ ਰਾਹਾਂ ਬਾਰੇ ਸੁਚੇਤ ਕਰਨ ਲਈ ਧੰਨਵਾਦ। ਜਦੋਂ ਕਦੇ ਵੀ ਔਝੜ ਰਾਹਾਂ ਤੋਂ ਲੰਘਦਿਆਂ ਭੈਭੀਤ ਹੋਵਾਂਗੀ, ਤੁਹਾਡੇ ਵੱਲੋਂ ਦਿੱਤੀ ਸਾਰੀ ਜਾਣਕਾਰੀ ਮੇਰੇ ਹਨੇਰੇ ਰਾਹਾਂ ਨੂੰ ਰੌਸ਼ਨ ਕਰੇਗੀ। ਹੁਣ ਤਾਂ ਮੈਂ ਵਿਨੀਤਾ ਆਂਟੀ ਦੀ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਦਾ ਇੱਕ-ਇੱਕ ਪੰਨਾ ਵੀ ਪੜ੍ਹ ਲਿਐ। ਨਾ ਗਰਦ ਹੈ, ਨਾ ਧੁੰਦ ਤੇ ਨਾ ਹੀ ਬੱਦਲਾਂ ਦਾ ਓਹਲਾ, ਮੈਨੂੰ ਮੇਰਾ ਆਕਾਸ਼ ਸਾਫ਼ ਦਿਖਾਈ ਦੇ ਰਿਹੈ, ਜਿੱਥੇ ਚੰਨ-ਤਾਰਿਆਂ ਦੀ ਖੇਡ ਤੇ ਸੂਰਜ ਦਾ ਜਲੌਅ ਝਲਕਾਰੇ ਮਾਰਦੈ।”
ਵਿਨੀਤਾ ਦੀ ਕਾਨਾ ਹੋਈ ਬਾਂਹ ਫੜ ਕੇ ਤਮੰਨਾ ਨੇ ਉਸਦਾ ਹੱਥ ਆਪਣੇ ਸਿਰ ’ਤੇ ਰੱਖਿਆ ਤੇ ਬੋਲੀ, “ਜ਼ਮੀਨ ’ਤੇ ਖੜ੍ਹੋ ਕੇ ਆਕਾਸ਼ ਦੀ ਉਡਾਰੀ ਨਹੀਂ, ਪਰਵਾਜ਼ ਲਈ ਮੇਰੇ ਖੰਭਾਂ ਨੂੰ ਅਸ਼ੀਰਵਾਦ ਦਿਉ।” ਮੁਸਕਰਾ ਕੇ ਵਿਨੀਤਾ ਦੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਘੁੱਟੇ ਤੇ ਹਸਪਤਾਲ ਤੋਂ ਬਾਹਰ ਕਦਮ ਵਧਾ ਦਿੱਤੇ। ਸਾਲਾਂ ਬਾਦ ਵਿਨੀਤਾ ਦੀਆਂ ਪੱਥਰਾਈਆਂ ਅੱਖਾਂ ਵਿੱਚੋਂ ਬੂੰਦਾਂ ਟਪਕ ਪਈਆਂ। ਇੱਕ ਵਿਨੀਤਾ ਨੂੰ ਪੀੜਾਂ ਭਰੀ ਜ਼ਿੰਦਗੀ ਤੋਂ ਮੁਕਤੀ ਮਿਲ ਰਹੀ ਸੀ ਤੇ ਚੌਥੇ ਥੰਮ੍ਹ ਨੂੰ ਹਲੂਣਾ ਦੇਣ ਲਈ ਇੱਕ ਹੋਰ ਵਿਨੀਤਾ ਉੱਸਲ ਭੰਨ ਕੇ ਖੰਭ ਖੋਲ੍ਹ ਚੁੱਕੀ ਸੀ।
*****
(573)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)