RajkumarSharma7ਵਕੀਲ ਨੇ ਮੇਰੀ ਧੀ ਵੱਲ ਝਾਕਿਆ ਤੇ ਓਨੀ ਹੀ ਤਲਖ਼ੀ ਨਾਲ ਕਿਹਾ, “ਦੇਖੋ ਇਸ ਡਰਾਈਵਰ ਦੀ ਕਰਤੂਤ ...
(4 ਜਨਵਰੀ 2024)
ਇਸ ਸਮੇਂ ਪਾਠਕ: 250.


ਗੱਲ ਪਿਛਲੇ ਸਾਲ ਦੇ ਅਗਸਤ ਮਹੀਨੇ ਦੀ ਹੈ ਜਦੋਂ ਮੀਂਹ ਨੇ ਪੰਜਾਬ ਵਿਚ ਇਕ ਤਰ੍ਹਾਂ ਨਾਲ ਕਹਿਰ ਢਾਹਿਆ ਹੋਇਆ ਸੀ। ਇਕ ਦਿਨ ਸਵੇਰ ਵੇਲੇ ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਸੀ
, ਹਟਣ ਦਾ ਨਾਂ ਹੀ ਨਾ ਲਵੇ। ਮੇਰੀ ਵਕੀਲ ਧੀ ਨੇ ਅਦਾਲਤ ਜਾਣਾ ਸੀ ਤੇ ਉਸ ਦਾ ਡਰਾਈਵਰ ਆ ਨਹੀਂ ਸੀ ਸਕਿਆ। ਇਸ ਸੂਰਤ ਵਿਚ ਉਸ ਨੇ ਮੈਨੂੰ ਸੁੱਤੇ ਪਏ ਨੂੰ ਜਗਾ ਲਿਆ। ਅੱਜ ਤੁਸੀਂ ਮੇਰੇ ਨਾਲ ਕੋਰਟ ਚੱਲਣਾ ਹੈ, ਮੈਂ ਲੇਟ ਹੋ ਰਹੀ ਆਂ ... ਤੁਸੀਂ ਜਲਦੀ ਉੱਠੋ, ਚੱਲੋ ਮੇਰੇ ਨਾਲ।” ਮੈਂ ਫਟਾਫਟ ਉੱਠ ਕੇ ਉਨ੍ਹਾਂ ਹੀ ਕੱਪੜਿਆਂ ਵਿਚ ਚੱਲ ਪਿਆ।

ਕੋਰਟ ਦੀ ਵਕੀਲਾਂ ਵਾਲੀ ਪਾਰਕਿੰਗ ਵਿਚ ਪਹੁੰਚੇ ਤਾਂ ਮੀਂਹ ਕਾਰਨ ਉੱਥੇ ਬਹੁਤ ਚਿੱਕੜ ਹੋਇਆ ਪਿਆ ਸੀ। ਹਰ ਕੋਈ ਆਪੋ-ਆਪਣੀ ਕਾਰ ਕੋਰਟ ਦੇ ਲਾਗੇ ਤੱਕ ਲਿਜਾਣਾ ਚਾਹੁੰਦਾ ਸੀ। ਮੈਂ ਵੀ ਧੀ ਨੂੰ ਜਿੱਥੋਂ ਤੱਕ ਹੋ ਸਕਦਾ ਸੀ, ਕੋਰਟ ਦੇ ਨੇੜੇ ਤਕ ਪਹੁੰਚਾ ਦਿੱਤਾ। ਉਹ ਉੱਤਰ ਕੇ ਅੰਦਰ ਚਲੀ ਗਈ ਤੇ ਮੈਂ ਕਾਰ ਵਿਚ ਹੀ ਬੈਠਾ ਰਿਹਾ। ਮੈਂ ਬਾਹਰ ਨਿਕਲਣ ਦਾ ਹੀਆ ਨਾ ਕੀਤਾ ਕਿਉਂਕਿ ਮੈਂ ਸਹੀ ਢੰਗ ਦੇ ਕੱਪੜੇ ਨਹੀਂ ਸਨ ਪਾਏ ਹੋਏ। ਮੈਂ ਛੇਤੀ ਹੀ ਕਾਰ ਵਿੱਚ ਬੈਠਾ ਬੈਠਾ ਅੱਕ ਗਿਆ। ਆਖ਼ਰਕਾਰ ਆਪਣੀ ਕਾਰ ਇਕ ਪਾਸੇ, ਜਿੱਥੇ ਹੋਰ ਕਾਰਾਂ ਵੀ ਲੱਗੀਆਂ ਹੋਈਆਂ ਸਨ, ਉਨ੍ਹਾਂ ਦੇ ਪਿੱਛੇ ਲਗਾ ਦਿੱਤੀ ਤੇ ਚਾਹ ਪੀਣ ਚਲਾ ਗਿਆ। ਕੋਰਟ ਦੀ ਕੰਟੀਨ ਵਿਚ ਬੈਠਾ ਆਰਾਮ ਨਾਲ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਮੀਂਹ ਦਾ ਆਨੰਦ ਮਾਨਣ ਲੱਗ।

ਤਸੱਲੀ ਨਾਲ ਚਾਹ ਪੀਣ ਤੋਂ ਬਾਅਦ ਜਦੋਂ ਮੈਂ ਆਪਣੀ ਕਾਰ ਕੋਲ ਪੁੱਜਿਆ ਤਾਂ ਉੱਥੇ ਇਕ ਵਕੀਲ ਨੇ ਜਦੋਂ ਮੈਨੂੰ ਆਪਣੀ ਕਾਰ ਵੱਲ ਜਾਂਦਿਆਂ ਦੇਖਿਆ ਤਾਂ ਉਹ ਸਿੱਧਾ ਮੇਰੇ ਕੋਲ ਆਇਆ ਤੇ ਔਖਾ-ਭਾਰਾ ਹੋਣ ਲੱਗ ਪਿਆ। ਉਸ ਨੇ ਮੈਨੂੰ ਕੁਝ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮਸਲਾ ਪਤਾ ਲੱਗਣ ’ਤੇ ਮੈਂ ਉਸ ਨੂੰ ਕਿਹਾ, “ਮੇਰੀ ਕਾਰ ਤਾਂ ਬਗ਼ੈਰ ਬਰੇਕ ਖੜ੍ਹੀ ਸੀ, ਜੇ ਜ਼ਿਆਦਾ ਕਾਹਲੀ ਸੀ ਤਾਂ ਕਾਰ ਅੱਗੇ-ਪਿੱਛੇ ਕਰ ਕੇ ਕੱਢ ਲੈਣੀ ਸੀ।” ਪਰ ਉਹ ਸਿੱਧੀ ਭਾਸ਼ਾ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਸੀ। ਲਓ ਜੀ, ਦੇਖਦੇ ਦੇਖਦੇ ਹੋਰ ਵਕੀਲ ਵੀ ਉੱਥੇ ਆ ਗਏ।

ਕੁਝ ਦੇਰ ਬਾਅਦ ਜਦੋਂ ਮੇਰੀ ਧੀ ਵਾਪਸ ਕਾਰ ਕੋਲ ਆਈ ਤਾਂ ਉਹਨੇ ਦੇਖਿਆ, ਬਜ਼ੁਰਗ ਵਕੀਲ ਮੇਰੇ ਨਾਲ ਬਹਿਸ ਰਿਹਾ ਸੀ। ਉਸ ਨੇ ਬੜੇ ਅਦਬ ਨਾਲ ਬਜ਼ੁਰਗ ਨੂੰ ਪੁੱਛਿਆ, “ਸਰ, ਕੀ ਗੱਲ ਹੋ ਗਈ?”

ਵਕੀਲ ਨੇ ਮੇਰੀ ਧੀ ਵੱਲ ਝਾਕਿਆ ਤੇ ਓਨੀ ਹੀ ਤਲਖ਼ੀ ਨਾਲ ਕਿਹਾ, “ਦੇਖੋ ਇਸ ਡਰਾਈਵਰ ਦੀ ਕਰਤੂਤ, ਮੇਰੀ ਕਾਰ ਅੱਗੇ ਇਸਨੇ ਆਪਣੀ ਕਾਰ ਲਗਾ ਦਿੱਤੀ। ਇਹ ਲੋਕ ਹੈ ਈ ਇਸ ਤਰ੍ਹਾਂ ਦੇ। ਇਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਇਹ ਆਪਣੀ ਆਦਤ ਤੋਂ ਟਲਦੇ ਨਹੀਂ।”

ਮੇਰੀ ਧੀ ਨੇ ਕਿਹਾ, “ਸਰ, ਮੇਰੀ ਗੱਲ ਤਾਂ ਸੁਣੋ।”

ਪਰ ਕਿੱਥੇ? ਇੰਨੇ ਨੂੰ ਕੁਝ ਹੋਰ ਵਕੀਲ ਵੀ ਇਸ ਭੀੜ ਵਿਚ ਆਣ ਰਲੇ। ਮੈਂ ਚੁੱਪ-ਚਾਪ ਖੜ੍ਹਾ ਉਸ ਵਕੀਲ ਨੂੰ ਸੁਣ ਰਿਹਾ ਸੀ। ਜਦੋਂ ਵਕੀਲ ਚੁੱਪ ਹੋ ਗਿਆ ਤਾਂ ਮੇਰੀ ਧੀ ਨੇ ਕਿਹਾ, “ਸਰ, ਇਹ ਮੇਰੇ ਪਿਤਾ ਜੀ ਨੇ।”

ਇੰਨੀ ਗੱਲ ਸੁਣਦੇ ਸਾਰ ਵਕੀਲ ਇਕਦਮ ਸ਼ਾਂਤ ਹੋ ਗਿਆ। ਕੁਝ ਪਲ ਤਾਂ ਉਸ ਨੂੰ ਸੁੱਝਿਆ ਹੀ ਕੁਝ ਨਹੀਂ। ਪਹਿਲਾਂ ਜਿੱਥੇ ਉਹ ਇੰਨਾ ਭਖਿਆ ਹੋਇਆ ਸੀ, ਹੁਣ ਉਸ ਦਾ ਵਿਹਾਰ ਉੱਕਾ ਹੀ ਬਦਲ ਚੁੱਕਾ ਸੀ। ਉਹ ਮੇਰੇ ਵੱਲ ਮੁੜਦਿਆਂ ਕਹਿਣ ਲੱਗਾ, “ਸੌਰੀ ਸਰ, ਤੁਸੀਂ ਦੱਸਿਆ ਨਹੀਂ ਕਿ ਤੁਸੀਂ ਵਕੀਲ ਦੇ ਬਾਪ ਹੋ ਤੇ ਬੇਟੀ ਕੋਰਟ ਗਈ ਹੈ।”

ਵਕੀਲ ਦੇ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਭੀੜ ਉੱਥੋਂ ਖਿੰਡਣੀ ਸ਼ੁਰੂ ਹੋ ਗਈ ਤੇ ਹਾਸਾ-ਠੱਠਾ ਸ਼ੁਰੂ ਹੋ ਗਿਆ। ਇਹ ਸਾਰਾ ਕੁਝ ਦੇਖ ਕੇ ਮੈਥੋਂ ਰਿਹਾ ਨਾ ਗਿਆ, ਮੈਂ ਬਜ਼ੁਰਗ ਵਕੀਲ ਨੂੰ ਬੜੇ ਹੀ ਸਤਿਕਾਰ ਨਾਲ ਕਿਹਾ, “ਸਰ, ਜੇ ਮੈਂ ਵਕੀਲ ਬੇਟੀ ਦਾ ਬਾਪ ਨਾ ਹੁੰਦਾ ਤੇ ਹਕੀਕਤ ਵਿਚ ਡਰਾਈਵਰ ਹੀ ਹੁੰਦਾ, ਤਾਂ ਕੀ ਤੁਸੀਂ ਮੈਨੂੰ ਸੌਰੀ ਕਹਿੰਦੇ?”

ਹੁਣ ਚੁੱਪ ਕਰ ਕੇ ਖੜ੍ਹਨ ਦੀ ਵਾਰ ਉਸ ਬਜ਼ੁਰਗ ਵਕੀਲ ਦੀ ਸੀ। ਖ਼ੈਰ! ਮੈਂ ਧੀ ਨੂੰ ਕਾਰ ਵਿਚ ਬਿਠਾਇਆ ਤੇ ਪਾਰਕਿੰਗ ਵਿੱਚੋਂ ਨਿਕਲ ਕੇ ਅਸੀਂ ਆਪਣੇ ਅਗਲੇ ਟਿਕਾਣੇ ਲਈ ਚਾਲੇ ਪਾ ਦਿੱਤੇ।

ਕਾਰ ਚਲਾਉਂਦਿਆਂ ਜਿੱਥੇ ਮੈਨੂੰ ਆਪਣੀ ਧੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ, ਉੱਥੇ ਮੈਂ ਇਹ ਵੀ ਸੋਚ ਰਿਹਾ ਸੀ – ਲੋਕੋ! ਇੱਥੇ ਰੁਤਬਿਆਂ ਨੂੰ ਹੀ ਸਲਾਮਾਂ ਹੁੰਦੀਆਂ ਹਨ, ਨਹੀਂ ਤਾਂ ਹਰ ਬੰਦਾ ਦੂਜੇ ਨੂੰ ਟਿੱਚ ਜਾਣਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4599)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author