MohanSharma7ਅਖ਼ੀਰ ਵਿੱਚ 5000 ਰੁਪਏ ਨਕਦ ਦੇਣ ਦਾ ਚੋਗਾ ਉਸ ਵੱਲੋਂ ਸੁੱਟਿਆ ਗਿਆ ...
(3 ਅਪਰੈਲ 2019)

 

‘ਰਾਜ ਨਹੀਂ ਸੇਵਾ’ ਦੇ ਨਾਂ ’ਤੇ ਸਤਾ ਦੀ ਕੁਰਸੀ ਪ੍ਰਾਪਤ ਕਰਨ ਲਈ ਅਤੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿਆਸਤਦਾਨ ਵਾਅਦਿਆਂ ਅਤੇ ਲਾਰਿਆਂ ਦਾ ਜਾਲ ਸੁੱਟ ਕੇ ਇੱਕ ਚੁਸਤ ਸ਼ਿਕਾਰੀ ਦੀ ਤਰ੍ਹਾਂ ਵੋਟਰ ਨੂੰ ਆਪਣੇ ਜਾਲ ਵਿੱਚ ਫਸਾ ਕੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਰਾਜ ਸਤਾ ਦਾ ਆਨੰਦ ਮਾਣਦਾ ਹੈਅਕਸਰ ਬਾਅਦ ਵਿੱਚ ਵੋਟਰ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦਾ ਹੈਚੋਣ ਲੜਨ ਵਾਲੇ ਨੇ ਆਪਣੇ ਇਲਾਕੇ ਵਿੱਚ 30-40 ਸੂਹੀਏ ਵੀ ਰੱਖੇ ਹੁੰਦੇ ਨੇ ਜਿਹੜੇ ਵਿਰੋਧੀ ਗਰੁੱਪ ਵਿੱਚ ਘੁਸਪੈਠ ਕਰਕੇ, ਚਾਪਲੂਸੀ ਅਤੇ ਹਮਦਰਦੀ ਦਾ ਚੋਲਾ ਪਹਿਨ ਕੇ ਆਪਣੀਆਂ ‘ਨੇਕ ਸਲਾਹਾਂ’ ਨਾਲ ਚੋਣ ਸਰਗਰਮੀਆਂ ਦਾ ਸੂਤਰਧਾਰ ਬਣ ਜਾਂਦੇ ਹਨਅਜਿਹੇ ਸੂਹੀਆਂ ਦੇ ਦੋਨਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ ਅਤੇ ਉਹ ਕੀਤੇ ਹੋਏ ਇਕਰਾਰ ਅਨੁਸਾਰ ਦੂਜੇ ਗਰੁੱਪ ਦੇ ਆਗੂ ਨੂੰ ਉਸਦੇ ਵਿਰੋਧੀ ਦੀਆਂ ਪੈਰ-ਪੈਰ ਦੀਆਂ ਸਰਗਰਮੀਆਂ ਦੀ ਗੁਪਤ ਰਿਪੋਰਟ ਭੇਜਦੇ ਰਹਿੰਦੇ ਹਨਬਦਲੇ ਵਿੱਚ ਕੀਤੇ ਗਏ ‘ਇਕਰਾਰਨਾਮੇ’ ਅਨੁਸਾਰ ਬਣਦੀ ਰਕਮ ਬਟੋਰ ਕੇ ਆਪਣੇ ਹੱਥ ਰੰਗਣ ਦੇ ਨਾਲ ਨਾਲ ਭਵਿੱਖ ਪ੍ਰਤੀ ਵੀ ‘ਮਿਹਰ ਭਰਿਆ ਹੱਥ’ ਰੱਖਣ ਦਾ ਵਾਅਦਾ ਵੀ ਪ੍ਰਾਪਤ ਕਰ ਲੈਂਦੇ ਹਨ

ਸਾਲ 1972 ਦੀਆਂ ਪੰਚਾਇਤੀ ਚੋਣਾਂ ਵਿੱਚ ਮੈਂਨੂੰ ਪ੍ਰਜ਼ਾਈਡਿੰਗ ਅਫਸਰ ਦੀ ਜ਼ਿੰਮੇਵਾਰੀ ਨਿਭਾਉਣੀ ਪਈ4 ਪੋਲਿੰਗ ਅਫਸਰ ਅਤੇ 2 ਪੁਲਿਸ ਕਰਮਚਾਰੀ ਮੇਰੀ ਟੀਮ ਦਾ ਹਿੱਸਾ ਸਨਉਨ੍ਹਾਂ ਦਿਨਾਂ ਵਿੱਚ ਵੋਟਾਂ ਉੱਪਰੋਂ ਸੁਰਾਖ਼ ਵਾਲੀਆਂ ਵੱਡੀਆਂ ਪੀਪੀਆਂ ਵਿੱਚ ਪੈਂਦੀਆਂ ਸਨ, ਜਿਨ੍ਹਾਂ ਨੂੰ ਚੋਣ ਸਮੇਂ ਜਿੰਦਰਾ ਲਾ ਕੇ ਸੀਲ ਕੀਤਾ ਜਾਂਦਾ ਸੀਸਰਪੰਚ ਦੀ ਸਿੱਧੀ ਚੋਣ ਪ੍ਰਣਾਲੀ ਦੇ ਨਾਲ ਨਾਲ ਪਿੰਡ ਦੀ ਆਬਾਦੀ ਅਨੁਸਾਰ ਪੰਚਾਇਤ ਮੈਂਬਰਾਂ ਦੀ ਚੋਣ ਵੀ ਸੀਲ ਬੰਦ ਪੀਪੀਆਂ ਵਿੱਚ ਵੋਟਾਂ ਪਵਾ ਕੇ ਕੀਤੀ ਜਾਂਦੀ ਸੀ

ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵੋਟਾਂ ਭੁਗਤਾਉਣ ਪਿੱਛੋਂ ਅਸੀਂ ਟੱਪਰੀਵਾਸਾਂ ਵਾਂਗ ਅਗਲੇ ਪਿੰਡ ਡੇਰਾ ਲਾ ਲੈਂਦੇ ਸੀਪਹਿਲੇ ਦਿਨ ਨੌਮੀਨੇਸ਼ਨ ਫਾਰਮ ਭਰੇ ਜਾਂਦੇ ਸਨ ਅਤੇ ਅਗਲੇ ਦਿਨ ਸਵੇਰੇ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਂਦਾ ਸੀਸ਼ਾਮ ਨੂੰ ਵੋਟਾਂ ਦੀ ਗਿਣਤੀ ਉਪਰੰਤ ਲੋਕਾਂ ਦੇ ਭਰਵੇਂ ਇਕੱਠ ਵਿੱਚ ਚੋਣ ਨਤੀਜਾ ਅਨਾਊਂਸ ਕਰਨ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਹੁੰਦੀ ਸੀਇੰਝ ਹੀ ਜਦੋਂ ਇੱਕ ਪਿੰਡ ਦੀ ਧਰਮਸ਼ਾਲਾ ਵਿੱਚ ਡੇਰੇ ਲਾਏ ਤਾਂ ਕੁਝ ਸਮੇਂ ਬਾਅਦ ਹੀ ਸਰਪੰਚ ਦੀ ਚੋਣ ਲੜ ਰਹੇ ਵਿਅਕਤੀ ਦਾ ਇੱਕ ‘ਖਾਸ ਬੰਦਾ’ ਮੇਰੇ ਕੋਲ ਆਇਆ ਅਤੇ ਮੈਂਨੂੰ ਮੁਖ਼ਾਤਿਬ ਹੋ ਕੇ ਕਿਹਾ,”ਥੋਡੇ ਨਾਲ ਅਲੱਗ ਗੱਲ ਕਰਨੀ ਐ ਜੀ।” ਮੈਂ ਉਸ ਵੇਲੇ ਆਪਣੀ ਪੋਲਿੰਗ ਪਾਰਟੀ ਨਾਲ ਬੈਠਾ ਸੀ ਅਤੇ ਉਸ ਵੇਲੇ ਉਸਦੀ ‘ਖਾਸ ਗੱਲ’ ਸੁਣਨ ਲਈ ਸਹਿਮਤ ਨਹੀਂ ਹੋਇਆਉਸਦੇ ਵਾਰ-ਵਾਰ ਜ਼ਿੱਦ ਕਰਨ ਅਤੇ ਪੋਲਿੰਗ ਪਾਰਟੀ ਦੇ ਕਹਿਣ ’ਤੇ ਮੈਂ ਉੱਠ ਖੜ੍ਹਿਆ ਅਤੇ ਇੰਨੀ ਕੁ ਵਿੱਥ ਤੇ ਖੜ੍ਹੋ ਗਿਆ, ਜਿੱਥੋਂ ਉਸ ਨਾਲ ਕੀਤੀ ਗੱਲਬਾਤ ਦੀ ਆਵਾਜ਼ ਪੋਲਿੰਗ ਪਾਰਟੀ ਦੇ ਮੈਂਬਰਾਂ ਨੂੰ ਵੀ ਸੁਣ ਸਕੇਮੈਂ ਕੋਈ ਸ਼ੱਕ ਦੀ ਗੁੰਜਾਇਸ ਨਹੀਂ ਸੀ ਰੱਖਣੀ ਚਾਹੁੰਦਾਬੈਠੀ ਜਿਹੀ ਆਵਾਜ਼ ਵਿੱਚ ਉਸ ਬੰਦੇ ਨੇ ਗੱਲ ਤੋਰੀ,”ਮੈਂ ਜੀ, ਜਿਹੜਾ ਕੇਹਰ ਸਿਹੁੰ ਸਰਪੰਚੀ ਦੀ ਚੋਣ ਲੜ ਰਿਹੈ, ਉਹਦਾ ਖਾਸ ਬੰਦਾ ਹਾਂਆਪਾਂ ਓਹਨੂੰ ਜਿਤਾਉਣੈਬੱਸ ਤੁਸੀਂ 2 ਕੁ ਸੋ ਵੋਟਾਂ ਦਾ ਹੇਰ-ਫਿਰ ਕਰ ਦਿਓਥੋਡੀ ‘ਸੇਵਾ-ਪਾਣੀ ‘ਕੰਨੀਉਂ ਕੋਈ ਕਸਰ ਨਹੀਂ ਰਹੂਗੀ‘ਮੇਰੇ ਨਾਂਹ ਵਿੱਚ ਜਵਾਬ ਦੇਣ ਤੇ ਉਹ ‘ਸੇਵਾ-ਪਾਣੀ’ ਵਾਲੀ ਰਾਸ਼ੀ ਵਧਾਉਂਦਾ ਗਿਆ ਅਤੇ ਅਖ਼ੀਰ ਵਿੱਚ 5000 ਰੁਪਏ ਨਕਦ ਦੇਣ ਦਾ ਚੋਗਾ ਉਸ ਵੱਲੋਂ ਸੁੱਟਿਆ ਗਿਆ(ਉਸ ਸਮੇਂ ਦਾ 5000 ਹੁਣ ਅੰਦਾਜ਼ਨ 5 ਲੱਖ ਰੁਪਏ ਦੇ ਬਰਾਬਰ ਹੈ।) ਕੋਰਾ ਜਵਾਬ ਦੇਣ ਉਪਰੰਤ ਮੈਂ ਆਪਣੇ ਸਾਥੀਆਂ ਵਿੱਚ ਬਹਿ ਗਿਆ ਅਤੇ ਕੀਤੀ ਗੱਲ ਫਿਰ ਉਨ੍ਹਾਂ ਕੋਲ ਦੁਹਰਾ ਦਿੱਤੀ

ਅਗਲੇ ਦਿਨ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂਵੋਟਾਂ ਦੇ ਰੁਝਾਨ ਤੋਂ ਕੇਹਰ ਸਿੰਘ ਦੀ ਥਾਂ ਦੂਜੇ ਵਿਅਕਤੀ ਦੇ ਜਿੱਤਣ ਦੀ ਸਥਿਤੀ ਸਪਸ਼ਟ ਹੋ ਰਹੀ ਸੀਕੇਹਰ ਸਿੰਘ ਦਾ ‘ਖਾਸ ਬੰਦਾ’ ਵੋਟ ਪਾਉਣ ਲਈ ਕਤਾਰ ਵਿੱਚ ਖੜੋਤਾ ਸੀਉਨ੍ਹਾਂ ਦਿਨਾਂ ਵਿੱਚ ਵੋਟਾਂ ਵਾਲੀ ਪੀਪੀ ਵਿੱਚ ਤੇਜ਼ਾਬ ਸੁੱਟਣ ਜਿਹੀਆਂ ਘਟਨਾਵਾਂ ਆਮ ਹੋ ਰਹੀਆਂ ਸਨਕੇਹਰ ਸਿੰਘ ਦੇ ਹਾਰਨ ਵਾਲੀ ਸਥਿਤੀ ਵੇਖ ਕੇ ਮੈਂਨੂੰ ਵੀ ਸ਼ੰਕਾ ਹੋ ਗਈ ਕਿ ਕਿਤੇ ਕੇਹਰ ਸਿੰਘ ਦਾ ‘ਖਾਸ ਬੰਦਾ’ ਸਰਪੰਚੀ ਦੀ ਚੋਣ ਜਿੱਤ ਰਹੇ ਵਿਅਕਤੀ ਦੀ ਪੀਪੀ ਵਿੱਚ ਤੇਜ਼ਾਬ ਸੁੱਟ ਕੇ ਗੜਬੜੀ ਨਾ ਕਰ ਦੇਵੇਅਜਿਹੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਮੈਂ ਟੀਮ ਨਾਲ ਆਏ ਪੁਲਿਸ ਕਰਮਚਾਰੀ ਨੂੰ ਬੁਲਾ ਕੇ ਲਾਈਨ ਵਿੱਚ ਖੜ੍ਹੇ ਉਸ ਬੰਦੇ ਉੱਤੇ ਬਾਜ਼ ਅੱਖ ਰੱਖਣ ਲਈ ਕਿਹਾ ਅਤੇ ਨਾਲ ਹੀ ਆਪ ਵੀ ਅਲਰਟ ਹੋ ਗਿਆਜਦੋਂ ਪੀਪੀ ਦੇ ਨੇੜੇ ਉਹ ‘ਖਾਸ ਬੰਦਾ’ ਪਹੁੰਚ ਗਿਆ ਤਾਂ ਸਾਡੀ ਦੋਨਾਂ ਦੀ ਬਾਜ਼ ਅੱਖ ਉਸ ਉੱਪਰ ਸੀਉਸ ਵੇਲੇ ਮੈਂ ਸੁੰਨ ਹੋ ਗਿਆ ਜਦੋਂ ਉਸ ‘ਖਾਸ ਬੰਦੇ’ ਨੇ ਆਪਣੀ ਵੋਟ ਕੇਹਰ ਸਿੰਘ ਦੀ ਥਾਂ ਦੂਜੇ ਉਮੀਦਵਾਰ ਦੀ ਪੀਪੀ ਵਿੱਚ ਪਾ ਦਿੱਤੀਵੋਟਾਂ ਦੀ ਗਿਣਤੀ ਹੋਈ, ਕੇਹਰ ਸਿੰਘ ਸਰਪੰਚੀ ਦੀ ਚੋਣ ਵਿੱਚ ਹਾਰ ਗਿਆ ਅਤੇ ਦੂਜਾ ਵਿਅਕਤੀ ਭਾਰੀ ਬਹੁਮਤ ਨਾਲ ਪਿੰਡ ਦੀ ਸਰਪੰਚੀ ਹਥਿਆਉਣ ਵਿੱਚ ਕਾਮਯਾਬ ਹੋ ਗਿਆਜਿੱਤ ਦੇ ਜਸ਼ਨ ਮਨਾਉਣ, ਜਿੰਦਾਬਾਦ ਦੇ ਬੈਠੀ ਆਵਾਜ਼ ਵਿੱਚ ਨਾਅਰੇ ਲਾਉਣ ਅਤੇ ਤਾੜੀਆਂ ਮਾਰਨ ਵਾਲਿਆਂ ਵਿੱਚ ਕੇਹਰ ਸਿੰਘ ਦਾ ‘ਖਾਸ ਬੰਦਾ’ ਹੁਣ ਸਰਪੰਚ ਦੇ ਪਾਲੇ ਵਿੱਚ ਸਭ ਤੋਂ ਅੱਗੇ ਸੀਪਿੱਛੋਂ ਪਤਾ ਲੱਗਿਆ ਕਿ ਸਰਪੰਚੀ ਦੀ ਚੋਣ ਜਿੱਤਣ ਵਾਲੇ ਨੇ ਹਰ ਤਰ੍ਹਾਂ ਦੇ ਲਾਲਚ ਨਾਲ ਕੇਹਰ ਸਿੰਘ ਦੇ ‘ਖਾਸ ਬੰਦੇ’ ਨੂੰ ਖਰੀਦਿਆ ਹੋਇਆ ਸੀ ਅਤੇ 5000 ਰੁਪਏ ਵਿੱਚ ਪੋਲਿੰਗ ਪਾਰਟੀ ਨੂੰ ਖਰੀਦਣ ਵਾਲੀ ਗੱਲ ਛੇੜ ਕੇ ਉਹ ਵੇਖਣਾ ਚਾਹੁੰਦੇ ਸਨ ਕਿ ਵੋਟਾਂ ਪਵਾਉਣ ਵਾਲੇ ‘ਵਿਕਾਊ ਮਾਲ’ ਹਨ ਜਾਂ ਹੱਕ ਸੱਚ ਦੀ ਗੱਲ ਕਰਨ ਵਾਲੇਭਲਾ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਫਿਰ ਖੇਤ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ?

ਵਰਤਮਾਨ ਸਿਆਸਤ ਵਿੱਚ ਅਜਿਹੇ ‘ਖਾਸ ਬੰਦਿਆਂ’ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਹੁਣ ਉਹ ਚੋਲਾ ਬਦਲ ਕੇ ਰਾਜ ਸਤਾ ਭੋਗਣ ਵਾਲੀ ਪਾਰਟੀ ਵਿੱਚ ਘੁਸਪੈਠ ਕਰਨ ਲਈ ਪਰ ਤੋਲ ਰਹੇ ਹਨਅਜਿਹੇ ਜ਼ਮੀਰ-ਵਿਹੂਣੇ ਵਿਅਕਤੀ ਸਮਾਜ, ਪ੍ਰਾਂਤ ਅਤੇ ਦੇਸ਼ ਲਈ ਧੱਬਾ ਹੀ ਹੁੰਦੇ ਹਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1540)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author