“ਇੱਕ ਨੰਬਰ ਦੇ ਦੋ ਸਕੂਟਰ ਵੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਦੋਸਤ ਨੂੰ ...”
(23 ਜਨਵਰੀ 2023)
ਮਹਿਮਾਨ: 73.
ਸਾਡੇ ਵੇਲੇ ਦੀ ਸਕੂਲੀ ਪੜ੍ਹਾਈ ਤੇ ਅੱਜ ਦੀ ਸਕੂਲੀ ਪੜ੍ਹਾਈ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਪੰਜਾਬ ਦੇ ਤਕਰੀਬਨ ਹਰੇਕ ਪਿੰਡ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਬਣੇ ਹੋਏ ਹਨ। ਮੇਰਾ ਨਹੀਂ ਖਿਆਲ ਅੱਜ ਕੋਈ ਵਿਦਿਆਰਥੀ ਸਾਈਕਲ ’ਤੇ ਸਕੂਲ, ਕਾਲਜ ਜਾਂਦਾ ਹੋਵੇਗਾ। ਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਸਵੇਰੇ ਵਿਦਿਆਰਥੀਆਂ ਨੂੰ ਘਰੋਂ ਲੈ ਜਾਂਦੀਆਂ ਹਨ ਤੇ ਸ਼ਾਮ ਨੂੰ ਛੱਡ ਕੇ ਜਾਂਦੀਆਂ ਹਨ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਾਣ ਵਾਲੇ ਤਕਰੀਬਨ ਸਾਰੇ ਵਿਦਿਆਰਥੀ ਮੋਟਰ ਸਾਈਕਲਾਂ ਜਾਂ ਕਾਰਾਂ ਰਾਹੀਂ ਜਾਂਦੇ ਹਨ। ਕਿਤਾਬਾਂ ਤੇ ਬਸਤੇ ਆਦਿ ਭਾਵੇਂ ਨਾ ਲੈਣ ਪਰ ਪਿਉ ਦੀ ਸੰਘੀ ਘੁੱਟ ਕੇ ਬੁਲੇਟ (ਉਹ ਵੀ ਪੁੱਠੇ ਗੇਅਰਾਂ ਵਾਲਾ) ਅਤੇ ਲੇਟੈਸਟ ਮੋਬਾਇਲ ਜ਼ਰੂਰ ਲਿਆ ਜਾਂਦਾ ਹੈ। ਪਹਿਲਾਂ ਸਮਾਰਟ ਫੋਨ ਅੱਯਾਸ਼ੀ ਸਮਝੇ ਜਾਂਦੇ ਸਨ, ਪਰ ਹੁਣ ਕਰੋਨਾ ਤੋਂ ਬਾਅਦ ਤਾਂ ਸਾਰੀ ਪੜ੍ਹਾਈ ਹੀ ਔਨਲਾਈਨ ਹੋ ਗਈ ਹੈ। ਵੈਸੇ ਵੀ ਸਮਾਰਟ ਫੋਨ ਦੀ ਵਰਤੋਂ ਪੜ੍ਹਾਈ ਵਾਸਤੇ ਘੱਟ ਤੇ ਸੋਸ਼ਲ ਮੀਡੀਆ ’ਤੇ ਦੋਸਤੀਆਂ ਪਾਉਣ ਲਈ ਜ਼ਿਆਦਾ ਕੀਤੀ ਜਾਂਦੀ ਹੈ। ਸਵੇਰੇ ਉੱਠ ਕੇ ਰੱਬ ਨਾ ਨਾਮ ਲੈਣ ਦੀ ਬਜਾਏ ਨਵਾਂ ਸਟੇਟਸ ਤੇ ਪੋਸਟ ਪਾਉਣੀ ਧਾਰਮਿਕ ਕਿਰਿਆ ਬਣ ਗਈ ਹੈ।
ਪਰ ਸਾਡੇ ਸਮੇਂ ਪੜ੍ਹਨ ਲਈ ਸਕੂਲ ਕਾਲਜ ਜਾਣਾ ਕਿਸੇ ਯੁੱਧ ਤੋਂ ਘੱਟ ਨਹੀਂ ਸੀ ਹੁੰਦਾ। ਪਿੰਡਾਂ ਵਿੱਚੋਂ ਸ਼ਹਿਰਾਂ ਦੇ ਸਕੂਲਾਂ ਵਿੱਚ ਜਾਣ ਲਈ ਕੋਈ ਵੈਨਾਂ ਨਹੀਂ ਸੀ ਆਉਂਦੀਆਂ, ਬਲਕਿ ਸਾਈਕਲ ਜਾਂ ਨਜ਼ਦੀਕੀ ਬੱਸ ਅੱਡੇ ਤਕ ਤੁਰ ਕੇ ਜਾਣਾ ਪੈਂਦਾ ਸੀ। ਮੇਰਾ ਪਿੰਡ ਪੰਡੋਰੀ ਸਿੱਧਵਾਂ ਅੰਮ੍ਰਿਤਸਰ ਤੋਂ ਕਰੀਬ 15-16 ਕਿ.ਮੀ. ਅਤੇ ਤਰਨ ਤਾਰਨ ਤੋਂ 8-10 ਕਿ.ਮੀ. ਪੈਂਦਾ ਹੈ। ਭਾਵੇਂ ਕਈ ਸਾਲ ਪਹਿਲਾਂ ਸਾਡਾ ਜ਼ਿਲ੍ਹਾ ਤਰਨ ਤਾਰਨ ਬਣ ਗਿਆ ਹੈ, ਪਰ ਅੱਜ ਵੀ ਸਾਡੇ ਇਲਾਕੇ ਦੇ ਲੋਕਾਂ ਦਾ ਬਹੁਤਾ ਕਾਰ ਵਿਹਾਰ ਅਤੇ ਅਨਾਜ ਤੇ ਸਬਜ਼ੀ ਮੰਡੀ ਅੰਮ੍ਰਿਤਸਰ ਹੀ ਹੈ। ਜੇ ਸਾਡੇ ਪਿੰਡ ਕੋਈ ਇਹ ਕਹੇ ਕਿ ਮੈਂ ਸ਼ਹਿਰ ਚੱਲਿਆ ਹਾਂ ਤਾਂ ਉਸ ਦਾ ਮਤਲਬ ਅੰਮ੍ਰਿਤਸਰ ਹੀ ਹੁੰਦਾ ਹੈ। ਮੈਂ 8ਵੀਂ ਕਰਨ ਤੋਂ ਬਾਅਦ 9ਵੀਂ ਤੇ 10ਵੀਂ ਜਮਾਤ ਗਿਆਨ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਚਾਟੀਵਿੰਡ ਗੇਟ ਤੋਂ ਕੀਤੀ ਸੀ ਤੇ ਬੀ.ਏ., ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੋਂ ਕੀਤੀ ਸੀ। ਸਕੂਲ ਦੇ ਸਮੇਂ ਸਾਈਕਲ ਤਰਨ ਤਾਰਨ - ਅੰਮ੍ਰਿਤਸਰ ਰੋਡ ’ਤੇ ਸਥਿਤ ਅੱਡਾ ਗੋਹਲਵੜ ਦੀ ਇੱਕ ਦੁਕਾਨ ’ਤੇ ਲਗਾ ਕੇ ਜਾਂਦਾ ਸੀ ਤੇ ਕਾਲਜ ਸਮੇਂ ਝਬਾਲ ਅੰਮ੍ਰਿਤਸਰ ਰੋਡ ’ਤੇ ਸਥਿਤ ਅੱਡਾ ਮੰਨਣ ਦੀ ਇੱਕ ਦੁਕਾਨ ’ਤੇ ਲਗਾ ਕੇ ਜਾਂਦਾ ਸੀ।
ਦੋਵੇਂ ਦੁਕਾਨਾਂ ਸਾਈਕਲ ਰਿਪੇਅਰ ਦੀਆਂ ਸਨ। ਉਹਨਾਂ ਦੁਕਾਨਦਾਰਾਂ ਨੂੰ ਸਾਈਕਲ ਲਗਵਾਉਣ ਦਾ ਇਹ ਫਾਇਦਾ ਹੁੰਦਾ ਸੀ ਕਿ ਸਾਈਕਲ ਰਿਪੇਅਰ ਦੇ ਪੱਕੇ ਗਾਹਕ ਮਿਲ ਜਾਂਦੇ ਸਨ। ਮੰਨਣ ਬੱਸ ਅੱਡੇ ਵਾਲੇ ਦੁਕਾਨਦਾਰ ਦੋ ਸਕੇ ਭਰਾ ਸਨ ਜੋ ਬਹੁਤ ਹੀ ਸ਼ਰੀਫ ਸਨ ਪਰ ਗੋਹਲਵੜ ਵਾਲਾ ਦੁਕਾਨਦਾਰ ਮੰਗਲ ਪੱਕਾ ਬਦਮਾਸ਼ ਸੀ। ਉਸ ਦੀ ਦੁਕਾਨ ’ਤੇ ਖੜ੍ਹਨ ਵਾਲਾ ਹਰ ਸਾਈਕਲ ਹਫਤੇ ਵਿੱਚ ਇੱਕ ਦੋ ਵਾਰ ਜ਼ਰੂਰ ਹੀ ਪੈਂਚਰ ਹੋ ਜਾਂਦਾ ਸੀ ਜੋ ਉਸ ਤੋਂ ਹੀ ਲਗਵਾਉਣਾ ਪੈਂਦਾ ਸੀ। ਉਸ ਦੀ ਦੁਕਾਨ ਤੋਂ ਇਲਾਵਾ ਉਸ ਸਮੇਂ ਉੱਥੇ ਹੋਰ ਕੋਈ ਦੁਕਾਨ ਨਹੀਂ ਸੀ। ਇਸਦਾ ਉਹ ਨਜਾਇਜ਼ ਫਾਇਦਾ ਉਠਾਉਂਦਾ ਸੀ। ਵੈਸੇ ਉਸ ਸਮੇਂ ਸਾਈਕਲ ਦਾ ਚੇਨ ਕਵਰ ਜਾਂ ਮਡਗਾਰਡ ਦਾ ਨਾ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਸਮਝੀ ਜਾਂਦੀ। ਪੈਡਲ ਮਾਰਨ ਲੱਗਿਆਂ ਪੈਂਟ ਦਾ ਸੱਜਾ ਪਹੁੰਚਾ ਉਤਾਂਹ ਟੰਗ ਲਈਦਾ ਸੀ। ਕਈ ਵਿਦਿਆਰਥੀਆਂ ਕੋਲ ਸਾਈਕਲ ਨਹੀਂ ਸੀ ਹੁੰਦੇ ਤੇ ਉਹ ਦੂਸਰੇ ਨਾਲ ਲਿਫਟ ਮੰਗ ਕੇ ਜਾਂਦੇ ਸਨ। ਜਿਸ ਵਿਦਿਆਰਥੀ ਕੋਲ ਸਾਈਕਲ ਨਹੀਂ ਸੀ ਹੁੰਦਾ, ਸਾਈਕਲ ਚਲਾਉਣਾ ਉਸ ਦੀ ਡਿਊਟੀ ਸਮਝੀ ਜਾਂਦੀ ਸੀ। ਬੱਸ ਅੱਡੇ ’ਤੇ ਪਹੁੰਚ ਕੇ ਅਸਲ ਮਹਾਂ ਯੱਧ ਸ਼ੁਰੂ ਹੁੰਦਾ ਸੀ, ਬੱਸ ਵਿੱਚ ਬੈਠਣ ਦਾ। ਵਿਦਿਆਰਥੀਆਂ ਦਾ ਬੱਸ ਪਾਸ ਪ੍ਰਾਈਵੇਟ ਅਤੇ ਸਰਕਾਰੀ, ਦੋਵਾਂ ਬੱਸਾਂ ਵਿੱਚ ਚੱਲਦਾ ਸੀ। ਪਰ ਸਵੇਰੇ ਸਵੇਰ ਵਿਦਿਆਰਥੀਆਂ ਦਾ ਜਮਘਟਾ ਵੇਖ ਕੇ ਉਹ ਅੱਡੇ ਤੋਂ ਅੱਗੇ ਜਾਂ ਪਿੱਛੇ ਬੱਸ ਰੋਕ ਕੇ ਸਵਾਰੀਆਂ ਉਤਾਰ ਕੇ ਭੱਜ ਜਾਂਦੇ ਸਨ। ਜੇ ਬੱਸ ਰੁਕ ਵੀ ਜਾਵੇ ਤਾਂ ਹਾੜ੍ਹ ਸਿਆਲ ਗੈਲਰੀ (ਛੱਤ) ’ਤੇ ਹੀ ਬੈਠਣਾ ਪੈਂਦਾ ਸੀ। ਕਈ ਵਿਚਾਰਿਆਂ ਦੀਆਂ ਪੱਗਾਂ ਰਾਹ ਵਿੱਚ ਰੁੱਖਾਂ ਦੀ ਟਾਹਣੀਆਂ ਵਿੱਚ ਫਸਣ ਕਾਰਨ ਗੁੰਮ ਹੋ ਜਾਂਦੀਆਂ ਸਨ।
ਸਰਦੀਆਂ ਦੀ ਬਨਿਸਬਤ ਗਰਮੀਆਂ ਵਿੱਚ ਸਾਈਕਲ ਚਲਾਉਣਾ ਕੁਝ ਸੌਖਾ ਲਗਦਾ ਸੀ। ਸਰਦੀਆਂ ਵਿੱਚ ਤਾਂ ਠੰਢ ਕਾਰਨ ਹੱਥ ਨੀਲੇ ਹੋ ਜਾਂਦੇ ਸਨ। ਇੱਕ ਹੱਥ ਜੇਬ ਵਿੱਚ ਤੇ ਦੂਸਰੇ ’ਤੇ ਪਤਲਾ ਜਿਹਾ ਰੁਮਾਲ ਵਲੇਟਿਆ ਹੁੰਦਾ ਸੀ। ਉਹਨਾਂ ਠਰੇ ਹੋਏ ਹੱਥਾਂ ’ਤੇ ਗਿਆਨ ਆਸ਼ਰਮ ਸਕੂਲ ਵਾਲੇ ਹਿਸਟਰੀ ਦੇ ਮਾਸਟਰ ਕਾਲੀਏ ਵੱਲੋਂ ਵੱਟ ਵੱਟ ਕੇ ਮਾਰੇ ਡੰਡਿਆਂ ਦੀ ਚੀਸ ਮੈਨੂੰ ਅਜੇ ਵੀ ਯਾਦ ਹੈ। ਹੁਣ ਤਾਂ ਮਾਸਟਰ ਕਿਸੇ ਬੱਚੇ ਨੂੰ ਕੁੱਟ ਦੇਵੇ ਤਾਂ ਅਖਬਾਰਾਂ ਵਿੱਚ ਰੌਲਾ ਪੈ ਜਾਂਦਾ ਹੈ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ ਚਾਟੀਵਿੰਡ ਗੇਟ ਤੋਂ ਲੈ ਕੇ ਚਾਟੀਵਿੰਡ ਨਹਿਰ ਤਕ ਸੀਵਰੇਜ ਪੈ ਰਿਹਾ ਸੀ ਜਿਸਦਾ ਕੰਮ ਦੋ ਤਿੰਨ ਸਾਲ ਤਕ ਚਲਦਾ ਰਿਹਾ ਸੀ। ਇਸ ਕਾਰਨ ਅੰਮ੍ਰਿਤਸਰ ਤੋਂ ਤਰਨ ਤਾਰਨ ਜਾਣ ਵਾਲੀਆਂ ਬੱਸਾਂ ਜਾਂ ਤਾਂ ਨਹਿਰ ਤੋਂ ਚੱਲਦੀਆਂ ਸਨ, ਜਾਂ ਜੰਡਿਆਲੇ ਗੁਰੂ ਵੱਲ ਦੀ ਘੁੰਮ ਕੇ ਜਾਂਦੀਆਂ ਸਨ। ਇਸ ਲਈ ਮੈਨੂੰ ਦੋ ਸਾਲ ਸਾਈਕਲ ’ਤੇ ਹੀ ਸਕੂਲ ਜਾਣਾ ਪਿਆ ਸੀ। ਸਾਡੇ ਪਿੰਡ ਤੋਂ ਇੱਕ ਨਹਿਰੀ ਸੂਆ ਅੰਮ੍ਰਿਤਸਰ ਨੂੰ ਜਾਂਦਾ ਹੈ। ਉਸ ਦੀ ਪਟੜੀ ਉਸ ਵੇਲੇ ਐਨੀ ਸਾਫ ਤੇ ਪੱਧਰੀ ਹੁੰਦੀ ਸੀ ਜਿੰਨੀ ਹੁਣ ਕਿਤੇ ਕੋਈ ਟੋਲ ਟੈਕਸ ਰੋਡ ਵੀ ਨਹੀਂ ਹੈ। ਬੇਲਦਾਰ ਪਟੜੀ ਨੂੰ ਸ਼ੀਸ਼ੇ ਵਾਂਗ ਲਿਸ਼ਕਾ ਕੇ ਰੱਖਦੇ ਸਨ। ਪਟੜੀਆਂ ’ਤੇ ਗੇਟ ਲੱਗੇ ਹੁੰਦੇ ਸਨ ਤੇ ਕਿਸੇ ਪਸ਼ੂ ਡੰਗਰ ਜਾਂ ਚਾਰ ਪਹੀਆ ਵਾਹਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਡੀ.ਏ.ਵੀ. ਕਾਲਜ ਦੀ ਪੜ੍ਹਾਈ ਵੇਲੇ ਦੋ ਸਭ ਤੋਂ ਵਧੀਆ ਪ੍ਰੋਫੈਸਰਾਂ ਦੇ ਨਾਮ ਮੈਨੂੰ ਅਜੇ ਤਕ ਯਾਦ ਹਨ, ਇੰਗਲਿਸ਼ ਦਾ ਪ੍ਰੋਫੈਸਰ ਨਰਿੰਦਰ ਕੁਮਾਰ ਉਬਰਾਏ ਅਤੇ ਦੂਰਦਰਸ਼ਨ ਦੇ ਪ੍ਰੋਗਰਮਾ ਬੀਸ ਸਵਾਲ ਦਾ ਸਵਾਲ ਬੁੱਝਣ ਵਾਲਾ ਹਿਸਟਰੀ ਦਾ ਪ੍ਰੋਫੈਸਰ ਜੋਸ਼ੀ।
ਜਦੋਂ ਮੈਂ ਐੱਲ.ਐੱਲ.ਬੀ. ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾਖਲਾ ਲਿਆ, ਉਦੋਂ ਮੈਨੂੰ ਸਕੂਟਰ ਮਿਲਆ ਸੀ। ਮੈਨੂੰ ਅਜੇ ਤਕ ਯਾਦ ਹੈ ਕਿ ਉਸ ਬਜਾਜ ਚੇਤਕ ਸਕੂਟਰ ਦਾ ਨੰਬਰ ਪੀ. ਸੀ. ਜੂ. 406 ਸੀ। ਉਹ ਅੱਤਵਾਦ ਦੇ ਦਿਨ ਸਨ ਤੇ ਕਿਸੇ ਨੂੰ ਕੋਈ ਸਕੂਟਰ ਮੋਟਰ ਸਾਈਕਲ ਮੰਗਵਾਂ ਨਹੀਂ ਸੀ ਦਿੰਦਾ ਕਿ ਕੀ ਪਤਾ ਅਗਲਾ ਬੈਂਕ ਲੁੱਟਣ ਹੀ ਨਾ ਚਲਾ ਜਾਵੇ। ਇੱਕ ਦਿਨ ਮੇਰੇ ਇੱਕ ਸਾਥੀ ਵਿਦਿਆਰਥੀ ਨੇ ਮੇਰਾ ਸਕੂਟਰ ਮੰਗ ਲਿਆ। ਮੈਂ ਉਸ ਨੂੰ ਚਾਬੀ ਦੇ ਕੇ ਸਕੂਟਰ ਦਾ ਨੰਬਰ ਦੱਸ ਦਿੱਤਾ ਪਰ ਉਹ ਦਸ ਕੁ ਮਿੰਟਾਂ ਬਾਅਦ ਹੀ ਮੈਨੂੰ ਆ ਕੇ ਕਹਿਣ ਲੱਗਾ ਕਿ ਤੇਰੇ ਸਕੂਟਰ ਨੂੰ ਚਾਬੀ ਨਹੀਂ ਲੱਗ ਰਹੀ। ਜਦੋਂ ਮੈਂ ਉਸ ਦੇ ਨਾਲ ਗਿਆ ਤਾਂ ਵੇਖਿਆ ਕਿ ਜਿਹੜੇ ਸਕੂਟਰ ਨੂੰ ਉਹ ਚਾਬੀ ਲੱਗਾ ਰਿਹਾ ਸੀ, ਉਸ ਦਾ ਨੰਬਰ ਵੀ ਪੀ.ਸੀ.ਜੂ. 406 ਸੀ ਤੇ ਉਹ ਮੇਰੇ ਸਕੂਟਰ ਤੋਂ ਕੁਝ ਦੂਰੀ ’ਤੇ ਖੜ੍ਹਾ ਸੀ। ਇੱਕ ਨੰਬਰ ਦੇ ਦੋ ਸਕੂਟਰ ਵੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਦੋਸਤ ਨੂੰ ਸਕੂਟਰ ਦੇ ਕੇ ਤੋਰਨ ਤੋਂ ਬਾਅਦ ਕੁਝ ਦੂਰ ਖੜ੍ਹ ਕੇ ਵੇਖਣ ਲੱਗਾ ਕਿ ਇਹ ਸਕੂਟਰ ਕਿਸਦਾ ਹੈ। ਅੱਧੇ ਕੁ ਘੰਟੇ ਬਾਅਦ ਕਿਸੇ ਹੋਰ ਡਿਪਾਰਟਮੈਂਟ ਵਿੱਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਉਸ ਸਕੂਟਰ ਨੂੰ ਕਿੱਕ ਮਾਰ ਕੇ ਲੈ ਗਿਆ। ਉਹ ਵਿਦਿਆਰਥੀ ਪਹਿਲਾਂ ਹੀ ਚੰਗੇ ਮਾੜੇ ਕੰਮ ਕਰਨ ਲਈ ਬਹੁਤ ਬਦਨਾਮ ਸੀ ਤੇ ਉਸ ਦੀ ਕਈ ਵਾਰ ਥਾਣੇ ਛਿਤਰੌਲ ਵੀ ਹੋ ਚੁੱਕੀ ਸੀ। ਡਰ ਦਾ ਮਾਰਾ ਮੈਂ ਕਈ ਹਫਤੇ ਆਪਣਾ ਸਕੂਟਰ ਲੈ ਕੇ ਯੂਨੀਵਰਸਿਟੀ ਨਾ ਗਿਆ ਕਿ ਕਿਤੇ ਮੇਰੀ ਜਾਅਲੀ ਨੰਬਰ ਪਲੇਟ ਵਾਲੇ ਸਕੂਟਰ ’ਤੇ ਇਹ ਕੋਈ ਵਾਰਦਾਤ ਨਾ ਕਰ ਦੇਵੇ ਤੇ ਪੁਲੀਸ ਤੋਂ ਕੁੱਟ ਮੈਨੂੰ ਪੈ ਜਾਵੇ। ਬਾਅਦ ਵਿੱਚ ਉਹ ਵਿਦਿਆਰਥੀ ਸਕੂਟਰ ਚੋਰੀ ਕਰਨ ਦੇ ਇਲਜ਼ਾਮ ਹੇਠ ਪਕੜਿਆ ਗਿਆ ਤੇ ਪੀ.ਸੀ.ਜੂ. 406 ਨੰਬਰ ਵਾਲੇ ਸਕੂਟਰ ਸਮੇਤ ਉਸ ਕੋਲੋਂ ਕਈ ਵਾਹਨ ਬਰਾਮਦ ਹੋਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3755)
(ਸਰੋਕਾਰ ਨਾਲ ਸੰਪਰਕ ਲਈ: