“ਕੌਣ ਕਹਿੰਦਾ ਹੈ ਕੁੜੀਆਂ ਕਮਜ਼ੋਰ ਹਨ? ਉਨ੍ਹਾਂ ਨੂੰ ਸਹੀ ਸੇਧ ਮਿਲੇ ਤਾਂ ਉਹ ...”
(4 ਅਗਸਤ 2019)
ਮੇਰੇ ਪਿੰਡ ਚਕਰ ਦੀ ਜੰਮਪਲ ਹੈ ਸਿਮਰਨਜੀਤ ਕੌਰ ਬਾਠ। ਨਿੱਕ ਨੇਮ ‘ਸਿਮਰ ਚਕਰ।’ ਨਿਮਨ ਕਿਸਾਨ ਦੀ ਹੋਣਹਾਰ ਧੀ। ਮੇਰੇ ਮੋਏ ਮਿੱਤਰ ਮਹਿੰਦਰ ਸਿੰਘ ਚਕਰ ਦੀ ਪੋਤਰੀ। ਮਹਿੰਦਰ ਮੈਥੋਂ ਇੱਕ ਜਮਾਤ ਅੱਗੇ ਸੀ। ਉਹ ਲੇਖਕ ਸੀ ਅਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ। ਉਸ ਨੂੰ ‘ਮਹਿੰਦਰ ਸੈਕਟਰੀ’ ਕਿਹਾ ਜਾਂਦਾ ਸੀ। ਉਸ ਦਾ ਪਹਿਲਾ ਨਾਵਲ ‘ਕੱਲਰ ਦੇ ਕੰਵਲ’ ਸੀ। ਉਸ ਦੀ ਪੋਤਰੀ ਸੱਚਮੁੱਚ ਕੱਲਰ ਦਾ ਕੰਵਲ ਸਾਬਤ ਹੋ ਰਹੀ ਹੈ। ਕਾਮਰੇਡ ਮਹਿੰਦਰ ਸਿੰਘ ਚਕਰ ਨੂੰ ਦਹਿਸ਼ਤੀ ਦੌਰ ਵਿੱਚ ਦੋ ਪਾਗ਼ਲ ਬੰਦਿਆਂ ਨੇ ਏ. ਕੇ. 47 ਦਾ ਬ੍ਰਸਟ ਮਾਰ ਕੇ ਮਾਰ ਕਰ ਦਿੱਤਾ ਸੀ। ਉਸ ਦਿਨ ਮੈਂ ਉਹਦੇ ਨਾਲ ਨਹੀਂ ਸਾਂ। ਕੁਦਰਤੀ ਮੇਰਾ ਬਚਾਅ ਹੋ ਗਿਆ। ਨਾਲ ਹੁੰਦਾ ਤਾਂ ਸੰਭਵ ਸੀ ਉਹ ਬਚ ਜਾਂਦਾ ਜਾਂ ਮੈਂ ਹੀ ਉਹਦੇ ਨਾਲ ਤੁਰ ਜਾਂਦਾ। ਵੇਰਵਾ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਦੇ ਕਾਂਡ ‘ਮੌਤ ਦਾ ਪਹਿਰਾ’ ਵਿੱਚ ਦਰਜ ਹੈ।
ਅੱਜ ਮੈਂ ਸੋਚਦਾਂ, ਮਹਿੰਦਰ ਜਿਊਂਦਾ ਹੁੰਦਾ ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੇਖਦਾ। ਹੁਣ ਤਾਂ ਸਿਮਰਨਜੀਤ ਦਾ ਪਿਤਾ ਕਮਲਜੀਤ ਵੀ ਜੱਗ ’ਤੇ ਨਹੀਂ ਰਿਹਾ। ਹਾਂ, ਉਹਦੀ ਮਾਂ ਰਾਜਪਾਲ ਕੌਰ ਜ਼ਰੂਰ ਜੱਗ ’ਤੇ ਹੈ ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲ ਰਹੀ ਹੈ। ਦਾਦੀ ਵਿਚਾਰੀ ਬੁਢਾਪਾ ਕੱਟ ਰਹੀ ਹੈ। ਘਰੋਗੀ ਗੱਲਾਂ ਬਹੁਤ ਹਨ ਜੋ ਕਦੇ ਫਿਰ ਕਰਾਂਗਾ। ਅੱਜ ਸਿਮਰਨ ਦੇ ਗੋਲਡ ਮੈਡਲ ਜਿੱਤਣ ਦੀ ਗੱਲ ਕਰਦੇ ਹਾਂ। ਉਸ ਨੇ ਇੰਡੋਨੇਸ਼ੀਆ ਵਿੱਚ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਬੌਕਸਿੰਗ ਟੂਰਨਾਮੈਂਟ ਵਿੱਚੋਂ 28 ਜੁਲਾਈ ਨੂੰ ਗੋਲਡ ਮੈਡਲ ਜਿੱਤਿਆ ਹੈ। ਦੇਸ਼ ਵਾਸੀਆਂ ਵੱਲੋਂ ‘ਸਿਮਰ ਚਕਰ’ ਨੂੰ ਹਾਰਦਿਕ ਵਧਾਈਆਂ! ਉਹ ਉਚੇਰੀਆਂ ਮੰਜ਼ਲਾਂ ਵੱਲ ਵਧ ਰਹੀ ਹੈ। ਉਹਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ।
ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿੱਚ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਕਾਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿੱਚ ਲੈ ਆਂਦਾ ਸੀ। ਫਿਰ ਏਸ਼ੀਆ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਸੰਧੂ ਨੇ ਤੈਪਈ ਵਿੱਚ ਜੂਨੀਅਰ ਵਰਲਡ ਚੈਂਪੀਅਨ ਬਣ ਕੇ ਚਕਰ ਚਰਚਾ ਵਿੱਚ ਲਿਆਂਦਾ ਸੀ। ਦੋਵੇਂ ਲੜਕੀਆਂ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਦੇਣ ਹਨ। ਉਨ੍ਹਾਂ ਨੂੰ ਬਚਪਨ ਤੋਂ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇਣ ਵਾਲੀ ਚਕਰ ਦੀ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ।
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਕੋਈ ਲੜਕੀ ਵਿਸ਼ਵ ਵੋਮਿਨ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤ ਮੰਚ ’ਤੇ ਚੜ੍ਹਨ ਵਿੱਚ ਕਾਮਯਾਬ ਹੋਈ। ਗ਼ਰੀਬ ਪਰਿਵਾਰ ਦੀ ਧੀ, ਚਕਰ ਦੇ ਸਰਕਾਰੀ ਸਕੂ਼ਲ ਵਿੱਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਦਾ ਵਿਸ਼ਵ ਦੀਆਂ ਉੱਪਰਲੀਆਂ ਚਾਰ ਮੁੱਕੇਬਾਜ਼ਾਂ ਵਿੱਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਹੈ। ਇਸ ਵੇਲੇ ਉਹ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਹੈ। ਪੜ੍ਹਾਈ ਵਿੱਚ ਵੀ ਹੁਸ਼ਿਆਰ ਇਸ ਪੇਂਡੂ ਲੜਕੀ ਤੋਂ ਸਤੰਬਰ 2019 ਦੀ ਵਿਸ਼ਵ ਵੋਮਿਨ ਚੈਂਪੀਅਨਸ਼ਿਪ ਅਤੇ ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਪੰਜਾਬ ਦੇ ਖੇਡ ਮੰਤਰੀ ਨੇ ਸਿਮਰਨਜੀਤ, ਉਹਦੇ ਮਾਪਿਆਂ ਅਤੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਨੂੰ ਵਧਾਈ ਦਿੱਤੀ ਹੈ। ਵੇਖਦੇ ਹਾਂ, ਹੁਣ ਤਕ ਸਰਕਾਰੀ ਇਮਦਾਦ ਤੋਂ ਬਿਨਾਂ ਚੱਲ ਰਹੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਨੂੰ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਿਹੋ ਜਿਹੀ ‘ਸਰਪ੍ਰਸਤੀ’ ਦਿੰਦੀਆਂ ਹਨ? ਭਾਰਤ ਸਰਕਾਰ ਇਸ ਅਕੈਡਮੀ ਨੂੰ ‘ਸਾਈ’ ਦਾ ਕੋਚਿੰਗ ਕੇਂਦਰ ਬਣਾਉਂਦੀ ਹੈ ਜਾਂ ਪੰਜਾਬ ਸਰਕਾਰ ਸਪੋਰਟਸ ਵਿਭਾਗ ਦਾ ਕੋਚਿੰਗ ਕੇਂਦਰ?
ਚਕਰ ਦਾ ਮਸੀਹਾ, ਚਕਰ ਅਕੈਡਮੀ ਦੀ ਜਿੰਦ ਜਾਨ ਸਵਰਗੀ ਅਜਮੇਰ ਸਿੰਘ ਸਿੱਧੂ ਜੇ ਅੱਜ ਜ਼ਿੰਦਾ ਹੁੰਦਾ ਤਾਂ ਬੇਹੱਦ ਖੁਸ਼ ਹੁੰਦਾ! ਉਸ ਦਾ ਜੌੜਾ ਭਰਾ ਬਲਦੇਵ ਸਿੰਘ ਸਿੱਧੂ ਆਪਣੇ ਭਰਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲੱਗਾ ਹੋਇਆ ਹੈ। ਸਾਰੇ ਚਕਰੀਏ ਹੀ ਬਣਦਾ ਸਰਦਾ ਯੋਗਦਾਨ ਪਾ ਰਹੇ ਹਨ। ਅਕੈਡਮੀ ਦਾ ਬੂਟਾ 2006 ਵਿੱਚ ਡਾ. ਬਲਵੰਤ ਸਿੰਘ ਸੰਧੂ ਨੇ ਲਾਇਆ ਸੀ ਜੋ ਹੁਣ ਬਰੋਟਾ ਬਣ ਚੁੱਕਾ ਹੈ। ਉਹ ਆਪਣੇ ਪਿੰਡ ਚਕਰ ਵਿੱਚ ਹੀ ਰਹਿੰਦਾ ਹੈ ਅਤੇ ਹੁਣ ਕਲਗੀਧਰ ਕਾਲਜ ਕਮਾਲਪੁਰੇ ਦਾ ਪ੍ਰਿੰਸੀਪਲ ਹੈ। ਸੰਤ ਸੀਚੇਵਾਲ, ਐੱਸ. ਪੀ. ਦੇਵਿੰਦਰ ਸਿੰਘ, ਬੌਕਸਿੰਗ ਕੋਚ ਗੁਰਬਖ਼ਸ਼ ਸਿੰਘ ਸੰਧੂ, ਪਿੰਡ ਵਾਸੀ ਤੇ ਪਰਵਾਸੀ ‘ਚਕਰ’ ਨੂੰ ਦੇਸ਼ ਦਾ ਮਾਡਲ ਪਿੰਡ ਬਣਾਉਣ ਲੱਗੇ ਹੋਏ ਹਨ। ਇਸਦੀ ਸਰਕਾਰਾਂ ਨੂੰ ਵੀ ਸਾਰ ਲੈਣੀ ਚਾਹੀਦੀ ਹੈ। ਗਰਕਦੇ ਜਾਂਦੇ ਪੰਜਾਬ ਵਿੱਚ ਜਿੱਥੇ ਕਿਤੇ ਅਜੇ ਵੀ ਚਾਨਣਾਂ ਦਾ ਛੱਟਾ ਦਿੱਤਾ ਜਾ ਰਿਹਹਾ ਹੈ, ਉਹਨਾਂ ਛੱਟਿਆਂ ਨੂੰ ਵੇਖਣਾ ਚਾਹੀਦਾ ਹੈ, ਰੀਸ ਕਰਨੀ ਚਾਹੀਦੀ ਹੈ। ਸਿਮਰਨ ਧੀਏ! ਕੁਝ ਵੀ ਹੋਵੇ, ਤੂੰ ਉਦੋਂ ਤਕ ਆਪਣਾ ਸੰਘਰਸ਼ ਜਾਰੀ ਰੱਖੀਂ ਜਦੋਂ ਤਕ ਮਿਥੀ ਮੰਜ਼ਿਲ ’ਤੇ ਨਹੀਂ ਪਹੁੰਚਦੀ।
ਕੌਣ ਕਹਿੰਦਾ ਹੈ ਕੁੜੀਆਂ ਕਮਜ਼ੋਰ ਹਨ? ਉਨ੍ਹਾਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਵਿਖਾ ਸਕਦੀਆਂ ਹਨ। ਚਕਰ ਦੀਆਂ ਧੀਆਂ ਦੀ ਮਿਸਾਲ ਸਭ ਦੇ ਸਾਹਮਣੇ ਹੈ। ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿੱਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਦਰਜਨਾਂ ਮੈਡਲ ਜਿੱਤੇ ਹਨ। ਚਕਰ ਅਕੈਡਮੀ ਦੀ ਪਹਿਲੀ ਮੁੱਕੇਬਾਜ਼ਨ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨ ਬਣੀ ਸੀ ਜੋ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬੌਕਸਿੰਗ ਕੱਪ ਖੇਡੀ। ਮਨਦੀਪ ਸੰਧੂ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੀ ਗਈ। ਚਕਰ ਅਕੈਡਮੀ ਦੀ ਇਹ ਲੜਕੀ 24 ਮਈ 2015 ਨੂੰ ਤੈਪਈ ਚੀਨ ਵਿੱਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ। ਉੱਥੇ 46 ਮੁਲਕਾਂ ਦੀਆਂ 441 ਮੁੱਕੇਬਾਜ਼ਨਾਂ ਨੇ ਭਾਗ ਲਿਆ ਸੀ। ਸੱਤ ਅਰਬ ਤੋਂ ਵਧ ਦੀ ਆਬਾਦੀ ਵਾਲੀ ਦੁਨੀਆ ਵਿੱਚੋਂ ਕਿਸੇ ਜੁਝਾਰੂ ਖੇਡ ਦੀ ਵਰਲਡ ਚੈਂਪੀਅਨ ਬਣਨਾ ਪੰਜਾਬ ਦੀ ਪੇਂਡੂ ਕੁੜੀ ਦੀ ਵੱਡੀ ਪ੍ਰਾਪਤੀ ਸੀ। ਉਸ ਨੇ ਇੰਗਲੈਂਡ, ਹੰਗਰੀ, ਫਰਾਂਸ ਤੇ ਆਇਰਲੈਂਡ ਦੀਆਂ ਚੈਂਪੀਅਨ ਮੁੱਕੇਬਾਜ਼ਨਾਂ ਨੂੰ ਹਰਾ ਕੇ ਗੁਰਜ ਜਿੱਤੀ ਸੀ।
ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਬੌਕਸਿੰਗ ਚੈਂਪੀਅਨ ਬਣਿਆ ਜੋ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ। ਉਹ ਭਾਰਤ ਵੱਲੋਂ ਅੰਤਰਰਾਸ਼ਟਰੀ ਮੁਕਾਬਲੇ ਲੜਦਾ ਰਿਹਾ ਅਤੇ ਹੁਣ ਕੈਨੇਡਾ ਵਿੱਚ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰ ਰਿਹਾ ਹੈ। ਉਸ ਦੀ ਭੈਣ ਪਰਮਿੰਦਰ ਕੌਰ ਇੰਟਰਵਰਸਿਟੀ ਚੈਂਪੀਅਨ ਬਣੀ ਜੋ ਕੌਮੀ ਪੱਧਰ ’ਤੇ ਮੈਡਲ ਜਿੱਤ ਰਹੀ ਹੈ। ਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿੱਚ ਜਿੱਤ ਮੰਚ ’ਤੇ ਚੜ੍ਹੀ। ਅਮਨਦੀਪ ਦੀ ਛੋਟੀ ਭੈਣ ਸਿਮਰਨਜੀਤ ਕੌਰ ਨੈਸ਼ਨਲ ਚੈਂਪੀਅਨ ਬਣਨ ਉਪਰੰਤ 2013 ਵਿੱਚ ‘ਦੂਜੀ ਗੋਲਡਨ ਗਲੱਵਜ਼ ਇੰਟਰਨੈਸ਼ਨਲ ਯੂਥ ਬੌਕਸਿੰਗ ਚੈਂਪੀਅਨਸ਼ਿਪ’ ਖੇਡਣ ਸਰਬੀਆ ਗਈ। ਫਿਰ ਸਤੰਬਰ 2013 ਵਿੱਚ ਉਸ ਨੇ ਬੁਲਗਾਰੀਆ ਵਿਖੇ ਹੋਈ ‘ਯੂਥ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ’ ਵਿੱਚੋਂ ਬਰਾਂਜ਼ ਮੈਡਲ ਜਿੱਤਿਆ। ਉੱਥੇ 33 ਦੇਸ਼ਾਂ ਦੀਆਂ ਮੁੱਕੇਬਾਜ਼ਨਾਂ ਪਹੁੰਚੀਆਂ ਸਨ। ਭਾਰਤ ਦੇ ਦੋ ਮੈਡਲਾਂ ਵਿੱਚੋਂ ਇੱਕ ਮੈਡਲ ਚਕਰ ਅਕੈਡਮੀ ਯਾਨੀ ਪੰਜਾਬ ਦਾ ਸੀ। 2016 ਵਿੱਚ ਹਰਦੁਆਰ ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ। 2017 ਵਿੱਚ ਆਇਰਲੈਂਡ ਤੋਂ ਚਾਂਦੀ ਦਾ ਤਗ਼ਮਾ, ਕਜ਼ਾਖਸਤਾਨ ਤੋਂ ਬਰਾਂਜ਼ ਮੈਡਲ, ਜੂਨ 17 ਵਿੱਚ ਓਪਨ ਨੈਸ਼ਨਲ ਨਵੀਂ ਦਿੱਲੀ ਵਿੱਚੋਂ ਤਾਂਬੇ ਦਾ ਤਗਮਾ ਤੇ ਸਤੰਬਰ ਨੈਸ਼ਨਲ ਰੋਹਤਕ ਤੋਂ ਚਾਂਦੀ ਦਾ ਅਤੇ ਸਤੰਬਰ 18 ਵਿੱਚ ਤੁਰਕੀ ਤੋਂ ਗੋਲਡ ਮੈਡਲ ਜਿੱਤਿਆ। ਨਵੰਬਰ 2018 ਵਿੱਚ ਹੋਈ ਦਿੱਲੀ ਦੀ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਬਰਾਂਜ਼ ਮੈਡਲ ਜਿੱਤਿਆ।
ਸਿਮਰਨਜੀਤ ਦਾ ਪਿਤਾ ਕਮਲਜੀਤ ਸਿੰਘ ਕਿਰਸਾਨੀ ਅਤੇ ਹੋਰ ਕਈ ਕੰਮਾਂ ਵਿੱਚ ਘਾਟਾ ਖਾ ਕੇ ਠੇਕੇ ਦਾ ਕਾਰਿੰਦਾ ਰਿਹਾ ਜੋ ਅਧਖੜ ਉਮਰੇ ਜੁਲਾਈ 2018 ਵਿੱਚ ਚਲਾਣਾ ਕਰ ਗਿਆ। ਵਿਧਵਾ ਰਾਜਪਾਲ ਕੌਰ ਦੋ ਕਮਰਿਆਂ ਦੇ ਨਿੱਕੇ ਘਰ ਵਿੱਚ, ਘਰ ਦੇ ਤੇ ਬਾਹਰ ਦੇ ਨਿੱਕੇ ਮੋਟੇ ਕੰਮ ਕਰਦੀ, ਆਪਣੇ ਚਾਰਾਂ ਬੱਚਿਆਂ ਨੂੰ ਪਾਲ ਰਹੀ ਤੇ ਪਿੰਡ ਦੀ ਅਕੈਡਮੀ ਵਿੱਚ ਮੁੱਕੇਬਾਜ਼ੀ ਕਰਵਾਉਂਦੀ ਰਹੀ। ਉਸ ਦੀਆਂ ਦੋਵੇਂ ਲੜਕੀਆਂ ਅਮਨਦੀਪ ਤੇ ਸਿਮਰਨਜੀਤ ਅਤੇ ਦੋਵੇਂ ਲੜਕੇ ਅਰਸ਼ਦੀਪ ਤੇ ਕੰਵਲਪ੍ਰੀਤ ਬੌਕਸਿੰਗ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਮੈਡਲ ਜਿੱਤਣ ਅਤੇ ਓਲੰਪਿਕ ਖੇਡਾਂ ਵਿੱਚੋਂ ਮੈਡਲ ਜਿੱਤਣ ਦੀ ਸੰਭਾਵਨਾ ਰੱਖਣ ਵਾਲੀ ਗਰੀਬ ਘਰ ਦੀ ਲੜਕੀ ਨੂੰ ਚੱਜ ਦੀ ਨੌਕਰੀ ਦੇ ਕੇ ਪੰਜਾਬ ਵਿੱਚ ਰੱਖ ਲੈਣ, ਨਹੀਂ ਤਾਂ ਹਰਿਆਣੇ ਵਾਲੇ ਜਾਂ ਕਿਸੇ ਹੋਰ ਸੂਬੇ ਵਾਲੇ ਲੈ ਜਾਣਗੇ। ਇਸ ਮੌਕੇ ਪੰਜਾਬ ਸਰਕਾਰ ਨੂੰ ਸਿਮਰਨਜੀਤ ਕੌਰ ਦਾ ਉਚੇਚਾ ਮਾਣ ਸਨਮਾਨ ਵੀ ਕਰਨਾ ਚਾਹੀਦਾ ਹੈ ਅਤੇ ਸ਼ੇਰੇ ਪੰਜਾਬ ਅਕੈਡਮੀ ਚਕਰ ਵੀ ਮਾਨ ਸਨਮਾਨ ਦੀ ਹੱਕਦਾਰ ਹੈ।
ਚਕਰ ਅਕੈਡਮੀ ਦਾ ਪ੍ਰੋਗਰਾਮ ਰੋਜ਼ਾਨਾ ਦੋ ਸੌ ਤੋਂ ਵਧ ਬੱਚੇ ਬੱਚੀਆਂ ਨੂੰ ਕਸਰਤਾਂ ਕਰਾਉਣਾ ਤੇ ਤਿੰਨ ਖੇਡਾਂ ਮੁੱਕੇਬਾਜ਼ੀ, ਫੁੱਟਬਾਲ ਤੇ ਕਬੱਡੀ ਦੀ ਟ੍ਰੇਨਿੰਗ ਦੇਣਾ ਹੈ। ਖੇਡਾਂ ਦਾ ਸਮਾਨ, ਟ੍ਰੈਕ ਸੂਟ, ਰਨਿੰਗ ਸ਼ੂਅ, ਲੋੜੀਂਦੀ ਰੈਫਰੈਸ਼ਮੈਂਟ, ਕੋਚਿੰਗ ਤੇ ਖੇਡ ਮੁਕਾਬਲਿਆਂ ਲਈ ਲਿਜਾਣ ਲਿਆਉਣ ਦੇ ਪ੍ਰਬੰਧ ਅਕੈਡਮੀ ਵੱਲੋਂ ਕੀਤੇ ਜਾਂਦੇ ਹਨ। ਵਿਸ਼ੇਸ਼ ਗੱਲ ਇਹ ਕਿ ਲੜਕੀਆਂ ਵੀ ਲੜਕਿਆਂ ਵਾਂਗ ਹੀ ਖੇਡਾਂ ਵਿੱਚ ਭਾਗ ਲੈਂਦੀਆਂ ਹਨ।
ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਮੈਡਲ ਜਿੱਤਣ ਵਾਲੀਆਂ ਚਕਰ ਦੀਆਂ ਧੀਆਂ ਸਿਮਰਨਜੀਤ, ਮਨਦੀਪ, ਸ਼ਵਿੰਦਰ, ਪ੍ਰਮਿੰਦਰ, ਅਮਨਦੀਪ, ਮਨਪ੍ਰੀਤ, ਮੁਸਕਾਨ ਤੇ ਹਰਪ੍ਰੀਤ ਹੋਰੀਂ ਬੜੀਆਂ ਹੋਣਹਾਰ ਮੁੱਕੇਬਾਜ਼ਨਾਂ ਹਨ ਜਿਨ੍ਹਾਂ ਤੋਂ ਵੱਡੀਆਂ ਆਸਾਂ ਹਨ। ਉਹ ਤੀਜੀ ਚੌਥੀ ਜਮਾਤ ਵਿੱਚ ਪੜ੍ਹਦਿਆਂ ਹੀ ਸ਼ੇਰੇ ਪੰਜਾਬ ਅਕੈਡਮੀ ਵਿੱਚ ਟ੍ਰੇਨਿੰਗ ਲੈਣ ਲੱਗ ਪਈਆਂ ਸਨ। ਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਹੋਰਨਾਂ ਖੇਡ ਅਕੈਡਮੀਆਂ ਲਈ ਮਾਡਲ ਕਹੀ ਜਾ ਸਕਦੀ ਹੈ। ਐੱਨ ਆਰ ਆਈ ਖੇਡ ਪ੍ਰਮੋਟਰਾਂ ਨੂੰ ਚਾਹੀਦਾ ਹੈ ਕਿ ਉਹ ਨਿਰੇ ਕਬੱਡੀ ਟੂਰਨਾਮੈਂਟ ਕਰਾਈ ਜਾਣ ਦੀ ਥਾਂ ਅਜਿਹੀਆਂ ਅਕੈਡਮੀਆਂ ਚਲਾਉਣ। ਪੰਜਾਬ ਸਰਕਾਰ ਨੂੰ ਵੀ ਐਸੀਆਂ ਅਕੈਡਮੀਆਂ ਦਾ ਸਾਥ ਦੇਣਾ ਚਾਹੀਦਾ ਹੈ। ਨਾਲੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਉਵੇਂ ਹੀ ਮਾਣ ਸਨਮਾਨ ਕਰਨਾ ਚਾਹੀਦਾ ਹੈ ਜਿਵੇਂ ਹਰਿਆਣੇ ਦੇ ਖਿਡਾਰੀਆਂ ਦਾ ਕੀਤਾ ਜਾ ਰਿਹਾ ਹੈ।
ਚਕਰ ਅਕੈਡਮੀ ਦੇ ਸਰਪ੍ਰਸਤ ਸਿੱਧੂ ਭਰਾਵਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਇਸ ਅਕੈਡਮੀ ਦਾ ਕੋਈ ਖਿਡਾਰੀ/ਖਿਡਾਰਨ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤੇ ਤਾਂ 50 ਲੱਖ ਰੁਪਏ, ਸਿਲਵਰ ਜਿੱਤੇ ਤਾਂ 30 ਲੱਖ, ਬਰਾਂਜ ਜਿੱਤੇ ਤਾਂ 20 ਲੱਖ ਅਤੇ ਜੇ ਓਲੰਪਿਕ ਖੇਡਾਂ ਲਈ ਚੁਣਿਆ ਹੀ ਜਾਵੇ ਤਾਂ 10 ਲੱਖ ਰੁਪਏ ਦੇ ਇਨਾਮ ਦੇਣਗੇ। ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਇਨਾਮ 10, 5 ਲੱਖ, 3 ਲੱਖ ਰੁਪਏ, ਯੂਥ ਵਿਸ਼ਵ ਚੈਂਪੀਅਨਸ਼ਿੱਪ ਦੇ 5 ਲੱਖ, 3 ਲੱਖ, 2 ਲੱਖ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ 2.5 ਲੱਖ, 2 ਲੱਖ, 1 ਲੱਖ ਰੁਪਏ ਦੇ ਹਨ। ਨੈਸ਼ਨਲ, ਸਟੇਟ, ਇੰਟਰਵਰਸਿਟੀ ਅਤੇ ਸਟੇਟ ਤੇ ਕੌਮੀ ਸਕੂਲ ਖੇਡਾਂ ਦੇ ਇਨਾਮ ਵੀ ਰੱਖੇ ਗਏ ਹਨ।
ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਇੱਕ ਵਾਰ ਚਕਰ ਆਇਆ ਤਾਂ ਉਸ ਨੇ ਖੇਡ ਅਕੈਡਮੀ ਵੇਖਣ ਪਿੱਛੋਂ ਕਿਸ਼ਤੀ ਉੱਤੇ ਝੀਲ ਦੀ ਸੈਰ ਵੀ ਕੀਤੀ। ਉਸ ਦਾ ਕਹਿਣਾ ਸੀ, “ਚਕਰ ਨੂੰ ਦੇਖ ਕੇ ਯਕੀਨ ਹੋ ਗਿਆ ਕਿ ਪੰਜਾਬ ਮਰਨ ਵਾਲਾ ਨਹੀਂ। ਚਕਰ ਵਿੱਚ ਜੋ ਮਾਹੌਲ ਦੇਖਿਆ, ਇਹ ਮੈਂਨੂੰ ਕਦੇ ਨਹੀਂ ਭੁੱਲ ਸਕਦਾ। ਚਕਰ ਦੇ ਖਿਡਾਰੀ, ਚਕਰ ਦੀਆਂ ਝੀਲਾਂ ਦੇ ਕੁਦਰਤੀ ਨਜ਼ਾਰੇ ਤੇ ਮੇਰੀ ਉਮਰ ਦੇ ਨੇੜ ਪਹੁੰਚੇ ਸਾਥੀਆਂ ਦਾ ਗਰਮਜੋਸ਼ੀ ਨਾਲ ਮਿਲਣਾ ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਬਣ ਗਈਆਂ ਹਨ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1687)
(ਸਰੋਕਾਰ ਨਾਲ ਸੰਪਰਕ ਲਈ: